ਗੁਰਬਚਨ ਸਿੰਘ ਭੁੱਲਰ

ਦੂਜੀ ਆਲਮੀ ਜੰਗ ਦੌਰਾਨ ਹੀਰੋਸ਼ੀਮਾ ਤੇ ਨਾਗਾਸਾਕੀ ’ਤੇ ਐਟਮ ਬੰਬ ਸੁੱਟਣ ਮਗਰੋਂ ਅਮਰੀਕੀ ਆਗੂਆਂ ਵਿਚ ਇਹ ਸੋਚ ਪੈਦਾ ਹੋ ਗਈ ਸੀ ਕਿ ਅਮਰੀਕਾ ਇਕ ਅਜਿੱਤ ਵਿਸ਼ਵ ਸ਼ਕਤੀ ਹੈ; ਉਹ ਹਰ ਦੇਸ਼ ਨੂੰ ਝੁਕਾ ਸਕਦਾ ਹੈ। ਅਮਰੀਕਾ ਨੇ ਇਸ ਸੋਚ ਤਹਿਤ ਏਸ਼ੀਆ ਦੇ ਦੋ ਮੁਲਕਾਂ ਕੋਰੀਆ ਤੇ ਵੀਅਤਨਾਮ ਵਿਚ ਦਖ਼ਲ ਦਿੱਤਾ। ਦੋਵਾਂ ਮੁਲਕਾਂ ਵਿਚ ਇਸ ਦਾ ਭਾਰੀ ਵਿਰੋਧ ਹੋਇਆ ਪਰ ਅਮਰੀਕਾ ਨੂੰ ਸਭ ਤੋਂ ਵੱਡੀ ਹਾਰ ਵੀਅਤਨਾਮ ਵਿਚ ਮਿਲੀ, ਜਦੋਂ 5 ਲੱਖ ਫ਼ੌਜੀ ਤਾਇਨਾਤ ਕਰਨ ਦੇ ਬਾਵਜੂਦ ਅਮਰੀਕਾ ਵੀਅਤਨਾਮ ਦੀ ਸੰਘਰਸ਼ਮਈ ਆਤਮਾ ਨੂੰ ਝੁਕਾ ਨਾ ਸਕਿਆ ਅਤੇ ਉਸ ਨੂੰ ਮੈਦਾਨ ਛੱਡ ਕੇ ਭੱਜਣਾ ਪਿਆ।

ਤਾਈ ਜਨਵਰੀ ਨੂੰ ਸਾਮਰਾਜੀ ਅਮਰੀਕਾ ਉੱਤੇ ਵੀਅਤਨਾਮ ਦੀ ਜਿੱਤ ਦੇ ਪੰਜਾਹ ਸਾਲ ਪੂਰੇ ਹੋ ਜਾਣਗੇ। ਵੀਅਤਨਾਮ ਦੀ ਆਜ਼ਾਦੀ ਦੀ ਲੜਾਈ ਨੇ ਦੁਨੀਆ ਭਰ ਦਾ ਧਿਆਨ ਖਿੱਚਿਆ ਹੋਇਆ ਸੀ। ਇਸ ਦਾ ਇਕ ਕਾਰਨ ਤਾਂ ਤਾਕਤਵਰ ਵਿਰੋਧੀਆਂ ਦੇ ਮੁਕਾਬਲੇ ਉਹਦਾ ਖੇਤੀ-ਪ੍ਰਧਾਨ ਗਰੀਬੜਾ ਦੇਸ ਹੋਣਾ ਸੀ। ਦੂਜਾ ਕਾਰਨ ਇਹ ਸੀ ਕਿ ਜਿਥੇ ਬਸਤੀਆਂ ਬਣਾਏ ਗਏ ਬਾਕੀ ਅਨੇਕ ਦੇਸਾਂ ਨੂੰ ਸਿਰਫ਼ ਆਪਣੇ ਬਸਤੀਵਾਦੀ ਹਾਕਮਾਂ ਵਿਰੁੱਧ ਲੜਨਾ ਪਿਆ, ਉਥੇ ਵੀਅਤਨਾਮੀ ਲੋਕਾਂ ਨੂੰ ਪਹਿਲਾਂ ਬਸਤੀਵਾਦੀ ਫ਼ਰਾਂਸ ਵਿਰੁੱਧ ਲੰਮਾ ਸੰਗਰਾਮ ਕਰਨਾ ਪਿਆ ਤੇ ਫੇਰ ਸਾਮਰਾਜੀ ਅਮਰੀਕਾ ਵਿਰੁੱਧ।

ਵੀਅਤਨਾਮ ਦੇ ਆਜ਼ਾਦੀ ਸੰਘਰਸ਼ ਦਾ ਆਗੂ ਹੋ ਚੀ ਮਿਨ੍ਹ।

ਆਜ਼ਾਦੀ-ਸੰਗਰਾਮ ਦੇ ਇਹਨਾਂ ਦੋਵਾਂ ਪੜਾਵਾਂ ਵਿਚ ਵੀਅਤਨਾਮ ਦੀ ਅਗਵਾਈ ਸਾਧਾਰਨ ਜਿਹੇ ਕੱਦ-ਕਾਠ, ਸਾਧਾਰਨ ਲਿਬਾਸ ਤੇ ਵੀਅਤਨਾਮੀ ਕਿਸਾਨਾਂ-ਮਜ਼ਦੂਰਾਂ ਵਰਗੀ ਸਾਧਾਰਨ ਜਿਹੀ ਦਿੱਖ ਵਾਲੇ ਆਗੂ ਹੋ ਚੀ ਮਿਨ੍ਹ ਦੇ ਹੱਥ ਸੀ ਜਿਸ ਨੂੰ ਵੀਅਤਨਾਮੀ ਲੋਕ ਪਿਆਰ ਤੇ ਸਤਿਕਾਰ ਨਾਲ ਚਾਚਾ ਹੋ ਆਖਦੇ ਸਨ। ਦੇਸ ਦਾ ਨਾਂ ਵੀਅਤਨਾਮ ਅਤੇ ਦੇਸ ਦੇ ਆਗੂ ਦਾ ਨਾਂ ਹੋ ਚੀ ਮਿਨ੍ਹ ਇਕ ਦੂਜੇ ਵਿਚ ਪੂਰੀ ਤਰ੍ਹਾਂ ਗੁੰਦੇ ਹੋਏ ਸਨ। ਹੋ ਚੀ ਮਿਨ੍ਹ ਨੇ ਜਿਸ ਤਰੀਕੇ ਨਾਲ ਪਹਿਲਾਂ ਫ਼ਰਾਂਸ ਨੂੰ ਤੇ ਫੇਰ ਅਮਰੀਕਾ ਨੂੰ ਬੇਆਬਰੂ ਕਰ ਕੇ ਵੀਅਤਨਾਮ ਵਿਚੋਂ ਕੱਢਿਆ, ਉਹ ਅਜਿਹਾ ਕਾਰਨਾਮਾ ਸੀ ਜਿਸ ਨੇ ਦੁਨੀਆ ਨੂੰ ਦੰਗ ਕਰ ਦਿੱਤਾ! ਇਸੇ ਕਰਕੇ ਉਹ ਵੀਹਵੀਂ ਸਦੀ ਦੇ ਸੰਸਾਰ ਦੇ ਸਭ ਤੋਂ ਵੱਧ ਸਤਿਕਾਰੇ ਜਾਂਦੇ ਅਤੇ ਪ੍ਰਭਾਵਸ਼ਾਲੀ ਆਗੂਆਂ ਵਿਚ ਗਿਣਿਆ ਜਾਂਦਾ ਹੈ। ਇਥੋਂ ਤੱਕ ਕਿ ਅਮਰੀਕਾ ਦੇ ਪ੍ਰਸਿੱਧ ਸਪਤਾਹਿਕ ‘ਟਾਈਮ’ ਨੂੰ ਵੀ ਉਹਨੂੰ ‘ਵੀਹਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ 100 ਵਿਅਕਤੀ’ ਨਾਂ ਦੀ ਆਪਣੀ ਸੂਚੀ ਵਿਚ ਸ਼ਾਮਲ ਕਰਨਾ ਪਿਆ। ਉਹਦੇ ਵਿਚਾਰ ਤੇ ਉਹਦਾ ਸੰਗਰਾਮ ਦੂਜੀ ਸੰਸਾਰ ਜੰਗ ਤੋਂ ਮਗਰੋਂ ਸ਼ੁਰੂ ਹੋਈ ਬਸਤੀਵਾਦ ਦੇ ਖ਼ਾਤਮੇ ਦੀ ਲਹਿਰ ਦੌਰਾਨ ਏਸ਼ੀਆ, ਅਫ਼ਰੀਕਾ ਤੇ ਲਾਤੀਨੀ ਅਮਰੀਕਾ ਦੇ ਦੇਸਾਂ ਦੇ ਅਨੇਕ ਆਗੂਆਂ ਤੇ ਲੋਕਾਂ ਵਾਸਤੇ ਪ੍ਰੇਰਨਾ ਬਣੇ।

ਉਹਦੇ ਬਾਰੇ ਦੋ ਗੱਲਾਂ ਪੜ੍ਹ-ਸੁਣ ਕੇ ਤੇ ਅਖ਼ਬਾਰਾਂ ਵਿਚ ਤਸਵੀਰਾਂ ਦੇਖ ਕੇ ਲੋਕ ਹੈਰਾਨ ਹੁੰਦੇ ਅਤੇ ਉਹਦਾ ਟਾਕਰਾ ਆਪਣੇ ਦੇਸ ਦੇ ਆਗੂਆਂ ਦੀ ਰਹਿਣੀ-ਬਹਿਣੀ ਤੇ ਸ਼ਾਨ-ਸ਼ੌਕਤ ਨਾਲ ਕਰਦੇ। ਇਕ ਤਾਂ ਉਹਦੇ ‘ਰਾਸ਼ਟਰਪਤੀ ਭਵਨ’ ਦੀਆਂ ਤਸਵੀਰਾਂ ਛਪਦੀਆਂ। ਉਹਦਾ ਨਿਵਾਸ ਆਮ ਵੀਅਤਨਾਮੀਆਂ ਵਾਂਗ ਚੁਫੇਰੇ ਵਾੜ ਵਾਲਾ ਛੱਪਰਦਾਰ ਘਰ ਸੀ। ਦੂਜੇ, ਉਹ ਸਾਧਾਰਨ ਕੱਪੜੇ ਦੇ ਝੱਗਾ-ਪਤਲੂਨ ਪਹਿਣਦਾ ਜਿਨ੍ਹਾਂ ਨੂੰ ਉਹ ਨ੍ਹਾਉਣ ਤੋਂ ਪਹਿਲਾਂ ਆਪਣੇ ਹੱਥੀਂ ਧੋ ਕੇ ਵਿਹੜੇ ਵਿਚ ਬੰਨ੍ਹੀ ਹੋਈ ਰੱਸੀ ਉੱਤੇ ਸੁੱਕਣੇ ਪਾ ਦਿੰਦਾ।

ਉਹਨੇ ਫ਼ਰਾਂਸ ਨਾਲ ਕਿਸੇ ਅਮਨ-ਸਮਝੌਤੇ ਉੱਤੇ ਪੁੱਜਣ ਦੀ ਸੁਹਿਰਦ ਕੋਸ਼ਿਸ਼ ਕੀਤੀ, ਪਰ ਜਦੋਂ ਸਪੱਸ਼ਟ ਹੋ ਗਿਆ ਕਿ ਜੰਗ ਤੋਂ ਬਿਨਾਂ ਫ਼ਰਾਂਸ ਨੂੰ ਕੱਢਣ ਦਾ ਹੋਰ ਕੋਈ ਰਾਹ ਨਹੀਂ, 19 ਦਸੰਬਰ 1945 ਨੂੰ ਉਹਨੇ ਜੰਗ ਦਾ ਐਲਾਨ ਕਰ ਦਿੱਤਾ। ਉਸੇ ਦਿਨ ਉਹਨੇ ਇਕ ਫ਼ਰਾਂਸੀਸੀ ਨੂੰ ਕਿਹਾ, “ਮੇਰੇ ਮਾਰੇ ਹੋਏ ਤੁਹਾਡੇ ਇਕ ਬੰਦੇ ਦੇ ਬਦਲੇ ਜੇ ਤੁਸੀਂ ਮੇਰੇ ਦਸ ਬੰਦੇ ਵੀ ਮਾਰ ਦਿਉਂ, ਇਸ ਚੰਦਰੀ ਹਾਲਤ ਵਿਚ ਵੀ ਹਾਰ ਤੁਹਾਡੀ ਹੋਵੇਗੀ ਤੇ ਜਿੱਤ ਮੇਰੀ!” ਉਹਦੀ ਭਵਿੱਖਬਾਣੀ ਸੱਚੀ ਸਿੱਧ ਹੋਈ; 1954 ਵਿਚ ਦੀਨ ਬੀਨ ਫੂ ਦੀ ਪ੍ਰਸਿੱਧ ਫੈਸਲਾਕੁਨ ਲੜਾਈ ਨੇ ਜੰਗ ਦਾ ਅੰਤ ਕਰ ਦਿੱਤਾ ਅਤੇ ਦਸ ਹਜ਼ਾਰ ਫ਼ਰਾਂਸੀਸੀ ਫ਼ੌਜੀਆਂ ਨੇ ਗੋਡੇ ਟੇਕ ਕੇ ਹਥਿਆਰ ਸੁੱਟ ਦਿੱਤੇ। ਪਰ ਜਾਂਦਾ ਹੋਇਆ ਫ਼ਰਾਂਸ, ਬਿਲਕੁਲ ਹਿੰਦੁਸਤਾਨ ਦੇ ਅੰਗਰੇਜ਼ਾਂ ਵਾਂਗ, ਦੇਸ ਦੇ ਦੋ ਟੋਟੇ ਕਰ ਗਿਆ। ਉੱਤਰੀ ਵੀਅਤਨਾਮ ਵਿਚ ਹੋ ਚੀ ਮਿਨ੍ਹ ਦੀ ਅਗਵਾਈ ਵਿਚ ਕਮਿਊਨਿਸਟ ਸਰਕਾਰ ਸੀ ਅਤੇ ਦੱਖਣੀ ਵੀਅਤਨਾਮ ਵਿਚ ਕਮਿਊਨਿਸਟ-ਵਿਰੋਧੀ ਸਰਕਾਰ ਜਿਸ ਨੇ ਆਪਣੇ ਇਲਾਕੇ ਵਿਚ ਦੇਸ ਨੂੰ ਇਕ ਕਰਨ ਲਈ ਲੜ ਰਹੇ ਵੀਅਤਕਾਂਗੀ ਗੁਰੀਲਿਆਂ ਦੇ ਟਾਕਰੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੇਵੱਸ ਦੇਖਿਆ। ਉਹਦੇ ਲਈ ਬਚ ਰਹਿਣ ਦਾ ਇਕੋ-ਇਕ ਰਾਹ ਅਮਰੀਕਾ ਦੇ ਮਦਦ ਦੇ ਸੁਨੇਹਿਆਂ ਨਾਲ ਸਹਿਮਤ ਹੋਣਾ ਸੀ।

ਅਮਰੀਕੀ ਫ਼ੌਜੀਆਂ ਵੱਲੋਂ ਵੀਅਤਨਾਮੀ ਘਰ ਨੂੰ ਲਾਈ ਅੱਗ।

ਅਮਰੀਕਾ ਨੇ ਸੋਚਿਆ ਸੀ ਕਿ ਉਹ ਹਥਿਆਰਾਂ ਦੇ ਲੱਦੇ ਸਮੁੰਦਰੀ ਜਹਾਜ਼ਾਂ ਨਾਲ ਗਿਣਤੀ ਦੇ ਜੰਗੀ ਮਾਹਿਰ ਭੇਜ ਕੇ ਦੱਖਣੀ ਵੀਅਤਨਾਮੀ ਫ਼ੌਜਾਂ ਨੂੰ ਗੁਰੀਲਿਆਂ ਉੱਤੇ ਫ਼ਤਿਹ ਦੁਆ ਦੇਵੇਗਾ। ਜਦੋਂ ਇਹ ਸੁਪਨਾ ਪੂਰਾ ਨਾ ਹੋਇਆ, ਉਹਨੇ ਹਵਾਈ ਅੱਡਿਆਂ ਤੇ ਹੋਰ ਅਹਿਮ ਟਿਕਾਣਿਆਂ ਦੀ ਰਾਖੀ ਆਪਣੇ ਜ਼ਿੰਮੇ ਲੈ ਲਈ। ਇਸ ਕਦਮ ਨਾਲ ਵੀ ਜਦੋਂ ਕੁਛ ਨਾ ਬਣਿਆ, ਉਹਨੇ ਦੱਖਣੀ ਵੀਅਤਨਾਮ ਅੰਦਰਲੀ ਲੜਾਈ ਵਿਚ ਸਿੱਧਾ ਕੁੱਦਣ ਦਾ ਐਲਾਨ ਕਰ ਦਿੱਤਾ। ਇਸ ਕਦਮ ਦੀ ਅਸਫਲਤਾ ਪਿੱਛੋਂ ਉਹ ਆਜ਼ਾਦ ਦੇਸ ਉੱਤਰੀ ਵੀਅਤਨਾਮ ਉੱਤੇ ਹਵਾਈ ਹਮਲਿਆਂ ਦੇ ਫ਼ੈਸਲੇ

ਨਾਲ ਜੰਗੀ ਦਲਦਲ ਵਿਚ ਫਸ ਗਿਆ। ਉਹਦੇ ਇਸ ਕਦਮ ਦਾ ਦੁਨੀਆ-ਭਰ ਵਿਚ ਤਾਂ ਵਿਰੋਧ ਹੋਇਆ ਹੀ, ਖ਼ੁਦ ਅਮਰੀਕਾ ਦੇ ਅੰਦਰ ਰੋਸ ਦੀ ਜ਼ਬਰਦਸਤ ਲਹਿਰ ਉੱਠ ਖਲੋਤੀ। ਸੱਚ ਪਛਾਨਣ ਦੀ ਥਾਂ ਉੱਤਰੀ ਵੀਅਤਨਾਮ ਵਿਰੁੱਧ ਪੂਰੀ ਤਾਕਤ ਝੋਕਣ ਦਾ ਫੈਸਲਾ ਕਰ ਕੇ ਅਮਰੀਕਾ ਘੋਰ ਘਿਣਾਉਣੇ ਰੂਪ ਵਿਚ ਸਾਹਮਣੇ ਆ ਗਿਆ।

ਕੋਈ ਜ਼ੁਲਮ ਨਹੀਂ ਸੀ ਜੋ ਅਮਰੀਕਾ ਨੇ ਉਥੇ ਢਾਹਿਆ ਨਾ ਹੋਵੇ ਤੇ ਕੋਈ ਗੁਨਾਹ ਨਹੀਂ ਸੀ ਜੋ ਅਮਰੀਕਾ ਨੇ ਉਥੇ ਕੀਤਾ ਨਾ ਹੋਵੇ। ਹਮਲੇ ਦੇ ਨਿਸ਼ਾਨਿਆਂ ਵਿਚ ਉਹਨੇ ਫ਼ੌਜੀ ਤੇ ਗ਼ੈਰ-ਫ਼ੌਜੀ ਟਿਕਾਣਿਆਂ ਦਾ ਫ਼ਰਕ ਕਰਨਾ ਛੱਡ ਦਿੱਤਾ। ਕੌਮਾਂਤਰੀ ਸਮਝੌਤਿਆਂ ਅਨੁਸਾਰ ਵਰਜਿਤ ਹਥਿਆਰ ਹੀ ਨਾ ਵਰਤੇ ਗਏ ਸਗੋਂ ਵੀਅਤਨਾਮ ਨੂੰ ਨਵੇਂ ਵਹਿਸ਼ੀ ਹਥਿਆਰਾਂ ਦੀ ਪਰਖ ਦਾ ਪਿੜ ਵੀ ਬਣਾ ਲਿਆ ਗਿਆ। ਵੱਡੇ ਇਲਾਕੇ ਵਿਚ ਅੱਗ ਨਾਲ ਸਭ ਕੁਛ ਨੂੰ ਸੁਆਹ ਕਰ ਦੇਣ ਵਾਲੇ ਬੰਬ, ਵੱਡੀ ਗਿਣਤੀ ਵਿਚ ਤਿੱਖੀਆਂ ਕਾਤਰਾਂ ਚੁਫੇਰੇ ਚਲਾ ਕੇ ਸਭ ਕੁਛ ਨੂੰ ਚੀਰ ਦੇਣ ਵਾਲੇ ਬੰਬ, ਹਵਾ ਵਿਚੋਂ ਆਕਸੀਜਨ ਖ਼ਤਮ ਕਰ ਕੇ ਮਨੁੱਖਾਂ ਸਮੇਤ ਸਭ ਜੀਵ-ਜੰਤ ਨੂੰ ਮਾਰ ਦੇਣ ਵਾਲੇ ਬੰਬ, ਬੂਟਿਆਂ, ਬਿਰਛਾਂ ਤੇ ਫ਼ਸਲਾਂ ਦੇ ਪੱਤੇ ਝਾੜ ਦੇਣ ਵਾਲੇ ਬੰਬ, ਘਾਤਕ ਰਸਾਇਣ ਬਖੇਰਨ ਵਾਲੇ ਬੰਬ ਅਤੇ ਹੋਰ ਜੋ ਕੁਛ ਵੀ ਵਰਤਿਆ ਜਾ ਸਕਦਾ ਸੀ, ਸਭ ਵਰਤਿਆ ਗਿਆ।

ਪਹਿਲਾਂ ਫ਼ਰਾਂਸੀਸੀਆਂ ਤੇ ਫੇਰ ਅਮਰੀਕੀਆਂ ਵਿਰੁੱਧ ਲੜਦਿਆਂ ਹੋ ਚੀ ਮਿਨ੍ਹ ਦੀ ਅਗਵਾਈ ਵਿਚ ਵੀਅਤਨਾਮੀ ਲੋਕਾਂ ਵੱਲੋਂ ਦਿਖਾਈ ਗਈ ਬਹਾਦਰੀ ਤੇ ਨਿਰਭੈਤਾ ਬੇਮਿਸਾਲ ਸੀ। ਵੀਅਤਨਾਮੀ ਦੇਸਭਗਤਾਂ ਕੋਲ ਹਥਿਆਰਾਂ, ਜੋ ਭਾਵੇਂ ਅਮਰੀਕੀ ਹਥਿਆਰਾਂ ਦੇ ਹਾਣ ਦੇ ਨਹੀਂ ਸਨ, ਦੇ ਨਾਲ-ਨਾਲ ਹੌਸਲਾ ਤੇ ਆਪਣੇ ਦੇਸ ਨੂੰ ਆਜ਼ਾਦ ਕਰਾਉਣ ਦਾ ਜਜ਼ਬਾ ਸੀ। ਉੱਤਰੀ ਵੀਅਤਨਾਮ ਦੀ ਸਾਰੀ ਵਸੋਂ ਲਾਮਬੰਦ ਹੋ ਗਈ। ਫ਼ੌਜੀ ਸਾਮਾਨ, ਹਥਿਆਰਾਂ ਤੇ ਖਾਣ-ਪੀਣ ਦੀਆਂ ਲੋੜਾਂ ਦੀ ਢੋ-ਢੁਆਈ ਲਈ ਹਰ ਥਾਂ ਆਮ ਲੋਕ ਹਾਜ਼ਰ ਦਿਸਦੇ। ਹਸਪਤਾਲਾਂ ਵਿਚ ਜ਼ਖ਼ਮੀਆਂ ਦੀ ਸੰਭਾਲ ਵਿਚ ਮਦਦ ਲਈ ਤਾਂ ਇਸਤਰੀਆਂ ਨੇ ਪਹੁੰਚਣਾ ਹੀ ਸੀ, ਬੰਬਾਂ ਨਾਲ ਹੁੰਦੀ ਢਾਹ-ਢੁਹਾਈ ਦੀ ਮੁਰੰਮਤ ਲਈ ਵੀ ਉਹਨਾਂ ਨੇ ਟੋਲੀਆਂ ਬਣਾ ਲਈਆਂ। ਆਮ ਲੋਕਾਂ ਦੇ ਕੰਮ ਦੀ ਫੁਰਤੀ ਦੇਖ ਕੇ ਅਮਰੀਕੀ ਦੰਗ ਰਹਿ ਜਾਂਦੇ ਸਨ।

ਹੋ ਚੀ ਮਿਨ੍ਹ ਦੀ ਸਿਹਤ ਕਾਫ਼ੀ ਚਿਰ ਤੋਂ ਡਿੱਗ ਰਹੀ ਸੀ। ਹੋਰ ਰੋਗਾਂ ਵਿਚ ਦਿਲ ਦਾ ਰੋਗ ਵੀ ਸ਼ਾਮਲ ਸੀ। 1969 ਦੇ ਸ਼ੁਰੂ ਵਿਚ ਦਿਲ ਦਾ ਦੌਰਾ ਪੈਣ ਮਗਰੋਂ ਉਹਦੀ ਸਿਹਤ ਲਗਾਤਾਰ ਖ਼ਰਾਬ ਰਹਿਣ ਲੱਗੀ, ਪਰ ਉਹ ਬੀਮਾਰੀ ਦੇ ਬਿਸਤਰੇ ਤੋਂ ਵੀ ਜੰਗ ਦੀ ਅਗਵਾਈ ਕਰਦਾ ਰਿਹਾ। ਆਖ਼ਰ 2 ਸਤੰਬਰ 1969 ਨੂੰ 79 ਸਾਲ ਦੀ ਉਮਰ ਵਿਚ ਉਹ ਚਲਾਣਾ ਕਰ ਗਿਆ। ਉਹਦੀਆਂ ਅੰਤਿਮ ਰਸਮਾਂ ਵੇਲੇ ਕੋਈ ਢਾਈ ਲੱਖ ਲੋਕ ਜੁੜੇ ਅਤੇ 40 ਦੇਸਾਂ ਤੇ ਕਈ ਕੌਮਾਂਤਰੀ ਸੰਸਥਾਵਾਂ ਤੋਂ 5,000 ਸਰਕਾਰੀ ਮਹਿਮਾਨ ਪਹੁੰਚੇ। 110 ਦੇਸਾਂ ਅਤੇ 20 ਜਥੇਬੰਦੀਆਂ ਤੋਂ 22,000 ਤੋਂ ਵੱਧ ਸੋਗ-ਸੁਨੇਹੇ ਮਿਲੇ। ਦੂਜੇ ਪਾਸੇ ਅਮਰੀਕਾ ਨੂੰ ਆਸ ਬਣੀ ਕਿ ਹੋ ਚੀ ਮਿਨ੍ਹ ਦੀ ਅਣਹੋਂਦ ਵਿਚ ਉੱਤਰੀ ਵੀਅਤਨਾਮੀ ਫ਼ੌਜਾਂ ਤੇ ਲੋਕਾਂ ਦਾ ਹੌਸਲਾ ਟੁੱਟ ਜਾਵੇਗਾ। ਪਰ ਉੱਤਰੀ ਵੀਅਤਨਾਮੀ ਦਸਤੇ ਪਹਿਲਾਂ ਵਾਂਗ ਹੀ ਰਣ-ਖੇਤਰ ਵਿਚ ਅੱਗੇ ਵਧਦਿਆਂ ਗਾਉਂਦੇ: ਚਾਚਾ ਹੋ/ ਅੱਗੇ ਲੱਗ ਕੇ ਹੁਣ ਵੀ ਸਾਡੇ/ ਮਾਰਚ ਕਰਦਾ ਵਧਦਾ ਜਾਵੇਂ!

ਇਧਰ ਦੱਖਣੀ ਵੀਅਤਨਾਮੀ ਫ਼ੌਜਾਂ ਦੇ ਹੌਸਲੇ ਏਨੇ ਪਸਤ ਹੋ ਚੁੱਕੇ ਸਨ ਕਿ ਲੜਾਈ ਦਾ ਸਮੁੱਚਾ ਭਾਰ ਅਮਰੀਕੀ ਫ਼ੌਜਾਂ ਉੱਤੇ ਆ ਪਿਆ। ਉਧਰ ਮਹਿੰਗੀ ਨਿਹਫਲ ਬਿਗਾਨੀ ਲੜਾਈ ਦਾ ਮਰਿਆ ਹੋਇਆ ਸੱਪ ਗਲ਼ ਪੈਣ ਨੇ ਅਮਰੀਕੀ ਲੋਕਾਂ ਵਿਚ ਆਪਣੀ ਸਰਕਾਰ ਵਿਰੁੱਧ ਗੁੱਸੇ ਦਾ ਤੂਫ਼ਾਨ ਖੜ੍ਹਾ ਕਰ ਦਿੱਤਾ। ਬੰਦ ਗਲ਼ੀ ਵਿਚ ਫਸ ਚੁੱਕੇ ਅਮਰੀਕਾ ਨੇ 27 ਜਨਵਰੀ 1973 ਨੂੰ ਪੈਰਿਸ ਸਮਝੌਤੇ ਉੱਤੇ ਦਸਖ਼ਤ ਕਰ ਕੇ ਆਪਣੀ ਮੁਕੰਮਲ ਹਾਰ ਪਰਵਾਨ ਕਰ ਲਈ ਅਤੇ ਉਹ ਪੂਰਾ ਬੋਰੀਆ-ਬਿਸਤਰਾ ਸਮੇਟ ਕੇ ਵੀਅਤਨਾਮ ਵਿਚੋਂ ਨਿੱਕਲ ਗਿਆ। ਜਦੋਂ ਜੇਤੂ ਉੱਤਰੀ ਵੀਅਤਨਾਮੀ ਫ਼ੌਜਾਂ ਨੇ 30 ਅਪਰੈਲ 1975 ਨੂੰ ਦੱਖਣੀ ਵੀਅਤਨਾਮ ਦੀ ਰਾਜਧਾਨੀ ਸਾਇਗਾਨ ਵਿਚ ਪ੍ਰਵੇਸ਼ ਕੀਤਾ, ਉਹ ਪੂਰੇ ਉਤਸਾਹ ਤੇ ਜੋਸ਼ ਨਾਲ ‘ਚਾਚਾ ਹੋ/ ਅੱਗੇ ਲੱਗ ਕੇ ਹੁਣ ਵੀ ਸਾਡੇ/ ਮਾਰਚ ਕਰਦਾ ਵਧਦਾ ਜਾਵੇਂ’ ਗਾ ਰਹੇ ਸਨ। ਇਸੇ ਕਰਕੇ ਅਗਲੇ ਦਿਨ, ਇਕ ਮਈ ਦੇ ਅਖ਼ਬਾਰਾਂ ਵਿਚ ਪ੍ਰਸਿੱਧ ਆਸਟਰੇਲੀਅਨ ਪੱਤਰਕਾਰ, ਡੈਨਿਸ ਵਾਰਨਰ ਦਾ ਇਹ ਦਿਲਚਸਪ ਕਥਨ ਛਪਿਆ: “ਕੱਲ੍ਹ ਜਦੋਂ ਉੱਤਰੀ ਵੀਅਤਨਾਮੀ ਦਸਤੇ ਸਾਇਗਾਨ ਦੇ ਅੰਦਰ ਪਹੁੰਚੇ, ਉਹਨਾਂ ਦੀ ਅਗਵਾਈ ਉਹ ਆਦਮੀ ਕਰ ਰਿਹਾ ਸੀ ਜੋ ਉਥੇ ਹੈ ਨਹੀਂ ਸੀ!” 1954 ਦਾ ਪਾੜਿਆ ਹੋਇਆ ਦੇਸ ਫੇਰ ਇਕ ਹੋ ਗਿਆ। ਦੱਖਣੀ ਵੀਅਤਨਾਮ ਦੀ ਰਾਜਧਾਨੀ ਵਾਲੇ ਸ਼ਹਿਰ ਸਾਇਗਾਨ ਨੂੰ ਲੋਕਾਂ ਨੇ ਆਪਣੇ ਆਗੂ ਲਈ ਪਿਆਰ-ਸਤਿਕਾਰ ਦਿਖਾਉਂਦਿਆਂ ਹੋ ਚੀ ਮਿਨ੍ਹ ਸਿਟੀ ਦਾ ਨਾਂ ਦੇ ਦਿੱਤਾ।

ਹੋ ਚੀ ਮਿਨ੍ਹ ਦਾ ਨਾਂ ਲਿਆਂ ਮਨ ਵਿਚ ਉਹਦੀ ਤਸਵੀਰ ਰਾਜਨੀਤੀ ਦੇ ਲੇਖੇ ਲੱਗੇ ਹੋਏ ਮਨੁੱਖ ਦੇ ਰੂਪ ਵਿਚ ਉੱਭਰਨੀ ਕੁਦਰਤੀ ਹੈ। ਪਰ ਕਟਾਰ ਦੀ ਸ਼ਕਤੀ ਦੇ ਨਾਲ ਹੀ ਉਹਨੇ ਕਲਮ ਦੀ ਸ਼ਕਤੀ ਵੀ ਬਹੁਤ ਪਹਿਲਾਂ ਪਛਾਣ ਲਈ ਸੀ। ਸ਼ੁਰੂਆਤੀ ਦਿਨਾਂ ਵਿਚ ਹੀ ਉਹ ਆਪਣੇ ਦੇਖੇ-ਮਹਿਸੂਸੇ ਨੂੰ ਪੱਤਰਕਾਰੀ, ਵਾਰਤਿਕ ਤੇ ਕਹਾਣੀਆਂ ਦਾ ਰੂਪ ਦੇਣ ਲੱਗ ਪਿਆ ਸੀ। ਉਹਨੇ ਸਮੇਂ-ਸਮੇਂ ਕਈ ਲੋਕ-ਪੱਖੀ ਅਖ਼ਬਾਰਾਂ-ਰਸਾਲਿਆਂ ਦੇ ਪੱਤਰਕਾਰ ਜਾਂ ਸੰਪਾਦਕ ਵਜੋਂ ਵੀ ਕੰਮ ਕੀਤਾ। ਅੱਗੇ ਚੱਲ ਕੇ ਉਹਨੇ ਕਵੀ ਵਜੋਂ ਤਾਂ ਪ੍ਰਸਿੱਧੀ ਖੱਟੀ ਹੀ। ਇਸ ਪੁਸਤਕ ਦੀਆਂ ਹੋਰ ਲਿਖਤਾਂ ਵਿਚ ਸ਼ਾਮਲ ਉਹਦੀਆਂ ਕਵਿਤਾਵਾਂ ਤੋਂ ਇਲਾਵਾ ਬਾਰਾਂ ਕਵਿਤਾਵਾਂ ਦਾ ਵੱਖਰਾ ਭਾਗ ਸ਼ਾਮਲ ਹੈ।

ਵੀਅਤਨਾਮ ਦੇ ਲੋਕਾਂ ਦੇ ਸੰਗਰਾਮ ਨੇ ਦੁਨੀਆ-ਭਰ ਦੇ ਲੇਖਕਾਂ ਨੂੰ ਪ੍ਰੇਰਿਆ। ਅਨੇਕ ਪੰਜਾਬੀ ਲੇਖਕਾਂ ਨੇ ਵੀਅਤਨਾਮ ਦੇ ਪੱਖ ਵਿਚ ਲਿਖਿਆ। ਗਿਆਰਾਂ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਇਸ ਵਰਤਾਰੇ ਦੀ ਪ੍ਰਤੀਨਿਧਤਾ ਕਰਦੀਆਂ ਹਨ।

ਮਹਾਤਮਾ ਗਾਂਧੀ

ਇਸ ਅਨੋਖੇ ਮਹਾਂਪੁਰਸ਼ ਦੀ ਜੀਵਨੀ ਲਿਖਦਿਆਂ ਮੇਰੇ ਸਾਹਮਣੇ ਮੁਸ਼ਕਿਲ ਇਹ ਸੀ ਕਿ 17 ਸਾਲ ਦੀ ਉਮਰ ਵਿਚ ਕਿਸਾਨੀ ਬਗ਼ਾਵਤ ਦਾ ਅੰਗ ਬਣਨ ਪਿੱਛੋਂ ਦੇ 62 ਸਾਲਾਂ ਦਾ ਕੋਈ ਦਿਨ ਅਜਿਹਾ ਨਹੀਂ ਸੀ ਜੋ ਉਹਨੇ ਲੋਕਾਂ ਦੇ ਲੇਖੇ ਨਾ ਲਾਇਆ ਹੋਵੇ। ਅਜਿਹੇ ਸੰਘਣੇ ਜੀਵਨ ਨੂੰ ਕਾਗ਼ਜ਼ ਉੱਤੇ ਉਤਾਰਨ ਲਈ ਸੈਂਕੜੇ ਪੰਨੇ ਵੀ ਘੱਟ ਸਨ। ਇਸ ਲਈ ਪੰਨਿਆਂ ਦੀ ਗੁੰਜਾਇਸ਼ ਦੇਖਦਿਆਂ ਵਿਸਤਾਰਾਂ ਨੂੰ ਤਿਆਗ ਕੇ ਅਹਿਮ ਪੜਾਵਾਂ ਦਾ ਜ਼ਿਕਰ ਕਰ ਦੇਣਾ ਵਾਜਬ ਸਮਝਿਆ ਗਿਆ।

ਇਹ 1966-67 ਦੀ ਗੱਲ ਹੈ ਜਦੋਂ ਮੈਨੂੰ ਰਾਜਨੀਤੀ ਦੀ ਜਾਗ ਲੱਗ ਚੁੱਕੀ ਸੀ ਅਤੇ ਵੀਅਤਨਾਮ ਦੀ ਲੜਾਈ ਨੇ ਭਿਅੰਕਰ ਰੂਪ ਧਾਰਿਆ ਹੋਇਆ ਸੀ। ਪੰਜਾਬ ਵਿਚ ਵੀ ‘ਤੇਰਾ ਨਾਮ, ਮੇਰਾ ਨਾਮ, ਵੀਅਤਨਾਮ!’ ਦਾ ਨਾਅਰਾ ਗੂੰਜ ਰਿਹਾ ਸੀ। ਮੇਰੇ ਮਨ ਵਿਚ ਵੀਅਤਨਾਮ ਦੇ ਪੱਖ ਵਿਚ ਇਸ ਨਾਅਰੇ ਤੋਂ ਵੱਧ ਕੁਛ ਕਰਨ ਦੀ ਰੀਝ ਸੀ। ਸੋਚ-ਸੋਚ ਕੇ ਮੈਂ ‘ਵੀਅਤਨਾਮ ਦੀ ਡਾਇਰੀ’ ਲਿਖਣੀ ਸ਼ੁਰੂ ਕਰ ਦਿੱਤੀ। ਉਸ ਸਮੇਂ ਪੰਜਾਬ ਵਿਚ ਪ੍ਰਾਪਤ ਇਕੋ-ਇਕ ਅੰਗਰੇਜ਼ੀ ਅਖ਼ਬਾਰ, ‘ਦਿ ਟ੍ਰਿਬਿਊਨ’ ਵੀਅਤਨਾਮ ਬਾਰੇ ਖ਼ਬਰਾਂ ਤੇ ਲਿਖਤਾਂ ਵਿਸਤਾਰ ਵਿਚ ਛਾਪਦਾ ਸੀ। ਮੈਂ ਹਫ਼ਤੇ ਦਾ ਰਸ ਨਿਚੋੜਦਾ ਤੇ ‘ਨਵਾਂ ਜ਼ਮਾਨਾ’ ਦੇ ਐਤਵਾਰੀ ਅੰਕ ਲਈ ਭੇਜ ਦਿੰਦਾ। ਉਹਨਾਂ ਵਿਚੋਂ 14 ਚੋਣਵੀਆਂ ਲਿਖਤਾਂ ਵੱਖਰਾ ਭਾਗ ਬਣ ਗਈਆਂ ਹਨ। ਉਹ ਅਮਰੀਕੀ ਵਹਿਸ਼ੀਪੁਣੇ ਦੀ ਅਤੇ ਵੀਅਤਨਾਮੀ ਸੂਰਬੀਰਤਾ ਦੀ ਮੂੰਹ-ਬੋਲਦੀ ਤਸਵੀਰ ਹਨ।

ਹਿੰਦੁਸਤਾਨ ਦੇ ਸੁਤੰਤਰਤਾ ਸੰਗਰਾਮ ਵਿਚ ਹੋ ਚੀ ਮਿਨ੍ਹ ਨੂੰ ਅਤੇ ਵੀਅਤਨਾਮ ਦੇ ਸੰਗਰਾਮ ਵਿਚ ਹਿੰਦੁਸਤਾਨ ਦੇ ਕਰੋੜਾਂ ਲੋਕਾਂ ਨੂੰ ਡੂੰਘੀ ਦਿਲਚਸਪੀ ਸੀ। ਇਕ ਵਾਰ ਉਹਨੇ ਕੁਛ ਹਿੰਦੁਸਤਾਨੀਆਂ ਨਾਲ ਦੋਵਾਂ ਦੇਸਾਂ ਦੇ ਸੰਗਰਾਮਾਂ ਬਾਰੇ ਗੱਲਬਾਤ ਕਰਦਿਆਂ ਮੁਸਕਰਾ ਕੇ ਕਿਹਾ ਸੀ, “ਤੁਹਾਡੀ ਅਗਵਾਈ ਤੁਹਾਡਾ ਮਹਾਤਮਾ ਗਾਂਧੀ ਕਰ ਰਿਹਾ ਹੈ, ਇਥੇ ਮੈਂ ਮਹਾਤਮਾ ਗਾਂਧੀ ਹਾਂ!” 1942 ਵਿਚ ਚੀਨ ਵਿਚ ਹੋ ਰਹੇ ਇਕ ਸਮਾਗਮ ਵਿਚ ਹਿੱਸਾ ਲੈਣ ਜਾ ਰਹੇ ਹੋ ਚੀ ਮਿਨ੍ਹ ਨੂੰ ਚੀਨ ਦੀ ਤਤਕਾਲੀ ਕਥਿਤ ਕੌਮਵਾਦੀ ਸਰਕਾਰ ਨੇ ਜਾਸੂਸ ਆਖ ਕੇ ਕੈਦ ਵਿਚ ਸੁੱਟ ਦਿੱਤਾ। ਕੈਦ ਵਿਚ ਉਹਨੇ ਅਨੇਕ ਕਵਿਤਾਵਾਂ ਲਿਖੀਆਂ ਜਿਨ੍ਹਾਂ ਵਿਚੋਂ ਇਕ ਓਦੋਂ ਤੱਕ ਅਣਮਿਲੇ ਜਵਾਹਰਲਾਲ ਨਹਿਰੂ ਨੂੰ ਸੰਬੋਧਿਤ ਸੀ। 1954 ਵਿਚ ਫ਼ਰਾਂਸ ਉੱਤੇ ਵੀਅਤਨਾਮ ਦੀ ਜਿੱਤ ਮਗਰੋਂ ਜਵਾਹਰਲਾਲ ਨਹਿਰੂ ਉਸ ਦੇਸ ਦਾ ਦੌਰਾ ਕਰਨ ਵਾਲੇ ਪਹਿਲਿਆਂ ਵਿਚੋਂ ਸੀ। ਫ਼ਰਵਰੀ 1958 ਵਿਚ ਹੋ ਚੀ ਮਿਨ੍ਹ ਭਾਰਤ ਦੇ ਸਰਕਾਰੀ ਦੌਰੇ ਲਈ ਆਇਆ ਤਾਂ ਨਹਿਰੂ ਦੀ ਅਗਵਾਈ ਵਿਚ ਭਾਰਤ ਨੇ ਉਹਦਾ ਬੇਮਿਸਾਲ ਸਵਾਗਤ ਕੀਤਾ। ਇਕ ਕਾਂਡ ਇਸ ਨਿੱਘੇ ਨਾਤੇ ਨੂੰ ਸਮਰਪਿਤ ਹੈ।

ਗੁਰਬਚਨ ਸਿੰਘ ਭੁੱਲਰ ਦੁਆਰਾ ਲਿਖੀ ਪੁਸਤਕ ‘ਸਾਕਾ ਵੀਅਤਨਾਮ’ ਪੀਪਲਜ਼ ਫ਼ੋਰਮ, ਬਰਗਾੜੀ ਨੇ ਪ੍ਰਕਾਸ਼ਿਤ ਕੀਤੀ ਹੈ।)

ਸੰਪਰਕ: 80763-63058

ਥਲ ਸੈਨਾ ਦਾ ਹਮਲਾ

ਤੇ ਕਿਸ ਤਰ੍ਹਾਂ ਲਗਾਤਾਰ ਗੋਲੀਆਂ ਚਲਾਉਂਦਿਆਂ

ਉਸ ਨੇ ਲਾਸ਼ਾਂ ਨੂੰ ਨਚਾਇਆ

ਕਿ ਲਾਸ਼ਾਂ ਦੇ ਚਿਹਰਿਆਂ ਤੋਂ ਚਮੜੀ ਉੱਧੜ ਗਈ

ਜਿਵੇਂ ਉਹ ਕੋਈ ਨਕਾਬ ਹੋਵੇ

ਕਿਉਂਕਿ ਖੋਪੜੀ ਚਕਨਾਚੂਰ ਹੋ ਗਈ ਸੀ

ਮਗਜ਼ ਬਾਹਰ ਆ ਗਿਆ ਸੀ

ਪਰ ਉਹ ਲਾਸ਼ ਨੂੰ ਕੋਹਣੋਂ ਨਾ ਹਟਿਆ

ਤੇ ਕਿਵੇਂ ਉਨ੍ਹਾਂ ਇਕ ਬੰਦੇ ਨੂੰ

ਨਹਿਰ ’ਚੋਂ ਬਾਹਰ ਘੜੀਸਿਆ

ਟੋਟੇ ਟੋਟੇ ਕੀਤੇ

ਨਦੀ ਲਾਸ਼ਾਂ ਨਾਲ ਲਾਲ ਹੋ ਗਈ

ਤੇ ਕਿਵੇਂ ਕੈਪਟਨ ਨੇ ਉਨ੍ਹਾਂ ਨੂੰ ਮਨ੍ਹਾ ਨਾ ਕੀਤਾ

ਉਸ ਦੀ ਚੁੱਪ ਕਹਿ ਰਹੀ ਸੀ

ਕਿਸ ਨੂੰ ਕੈਦੀ ਨਹੀਂ ਬਣਾਉਣਾ*

ਤੇ ਕਿਵੇਂ

ਵੀਅਤਨਾਮੀਆਂ ਨੂੰ ਕਤਾਰ ਵਿਚ ਖੜ੍ਹੇ ਕਰ ਕਰ ਕੇ

ਮਾਰਿਆ ਗਿਆ

ਉਹ ਉਨਤਾਲੀ ਜਣੇ ਸਨ

ਤੇ ਸਾਡੇ ਫ਼ੌਜੀਆਂ ਨੂੰ ਸੂਰਾਂ ਵਾਂਗ ਕੰਮ ਕਰਨਾ ਪਿਆ

ਤੇ ਅਖੀਰ ਵਿਚ

ਝੌਂਪੜੀ ਨੂੰ ਅੱਗ ਲਾਈ ਗਈ

ਤੇ ਪਿੰਡ ਸਾਰਾ ਸਾੜਿਆ

ਤੇ ਵਾਪਸ ਆਉਂਦੇ ਸਮੇਂ

ਅਸੀਂ ਕਿਵੇਂ ਚੁੱਪ ਸਾਂ

ਵਡੇਰੇ ਕਾਲੇ ਨਾਗ ਨੂੰ

ਪਿੰਡ ਉੱਪਰ ਕਾਲੇ ਛੱਲੇ ਬਣਾਉਂਦੇ ਹੋਏ ਵੇਖਦੇ

ਤੇ ਕਿਵੇਂ ਸਾਡੀਆਂ ਹੱਡੀਆਂ ਨੂੰ ਪਤਾ ਲੱਗਿਆ

ਕਿ ਅਸੀਂ ਕੀ ਕਰ ਕੇ ਆਏ ਸਾਂ।

– ਡਗ ਐਂਡਰਸਨ

* ‘ਕਿਸੇ ਨੂੰ ਕੈਦੀ ਨਹੀਂ ਬਣਾਉਣਾ’ ਹੁਕਮ ਦੇ ਅਰਥ ਇਹ ਹੁੰਦੇ ਹਨ ਕਿ ਸਭ ਨੂੰ ਮਾਰ ਦੇਣਾ ਹੈ।

ਚੜ੍ਹਦੀ ਕਲਾ

ਕਵੀ ਕਹਾਵਾਂ, ਕਵਿਤਾ ਸਿਰਜਾਂ

ਕਦੀ ਨਾ ਬਹੁਤੀ ਇੱਛਾ ਹੋਈ

ਸੰਗਲਾਂ ਵਿਚ ਪਰ ਬੰਨ੍ਹਿਆ ਹਾਂ ਜਦ

ਕਿਹੜਾ ਆਹਰ ਹੋਰ ਰਹਿ ਜਾਵੇ!

ਮੁੱਕਣ ਵਿਚ ਸਮੇਂ ਨਾ ਆਉਣਾ

ਮੈਂ ਗੀਤਾਂ ਦੀ ਡਾਰ ਲਿਖਾਂਗਾ

ਜਦੋਂ ਤੱਕ ਨਾ ਮਿਲੇ ਆਜ਼ਾਦੀ

ਆਪਣੇ ਗੀਤ ਮੈਂ ਗਾਉਂਦੇ ਰਹਿਣਾ!

ਮੈਂ ਹਾਂ ਹਠੀ, ਕਦੇ ਝੁਕਾਂ ਨਾ

ਸਿਦਕ-ਸਿਰੜ ਦਾ ਮੈਂ ਹਾਂ ਭਰਿਆ

ਇਕ ਇੰਚ ਨਾ ਹਟਣਾ ਪਿੱਛੇ

ਤਨ ਮੇਰਾ ਸੌ ਦੁੱਖ ਪਿਆ ਭੋਗੇ

ਮਨ ਮੇਰਾ ਪਰ ਕਦੀ ਨਾ ਡੋਲੇ!

ਤਨ ਮੇਰਾ ਹੈ ਸੀਖਾਂ ਪਿੱਛੇ

ਮਨ ਮੇਰਾ ਨਾ ਬੱਝਣ ਵਾਲਾ

ਆਪਣੇ ਟੀਚੇ ਪਹੁੰਚਣ ਖ਼ਾਤਰ

ਸਦਾ ਹੈ ਚੜ੍ਹਦੀ ਕਲਾ ’ਚ ਰਹਿਣਾ!

– ਹੋ ਚੀ ਮਿਨ੍ਹ

ਅਨੁਵਾਦ: ਗ. ਭੁੱਲਰ

ਘਟਨਾਕ੍ਰਮ

1954 ਵਿਚ ਫਰਾਂਸੀਸੀ ਸਾਮਰਾਜ ਦੇ ਖ਼ਾਤਮੇ ਬਾਅਦ ਵੀਅਤਨਾਮ ਦੋ ਹਿੱਸਿਆਂ ਵਿਚ ਵੰਡਿਆ ਗਿਆ: ਉੱਤਰੀ ਵੀਅਤਨਾਮ ਅਤੇ ਦੱਖਣੀ ਵੀਅਤਨਾਮ। ਉੱਤਰੀ ਵੀਅਤਨਾਮ ਨੂੰ ਸੋਵੀਅਤ ਯੂਨੀਅਨ ਅਤੇ ਚੀਨ ਦੀ ਹਮਾਇਤ ਹਾਸਿਲ ਸੀ ਅਤੇ ਦੱਖਣੀ ਵੀਅਤਨਾਮ ਨੂੰ ਅਮਰੀਕਾ ਦੀ। ਦੱਖਣੀ ਵੀਅਤਨਾਮ ਵਿਚ ਅਮਰੀਕੀ ਦਖ਼ਲ ਤੇ ਫ਼ੌਜਾਂ ਦੀ ਤਾਇਨਾਤੀ 1954 ਤੋਂ ਹੀ ਸ਼ੁਰੂ ਹੋ ਗਈ ਅਤੇ 1964 ਵਿਚ ਉੱਥੇ 23 ਹਜ਼ਾਰ ਅਮਰੀਕੀ ਫ਼ੌਜੀ ਤਾਇਨਾਤ ਕੀਤੇ ਗਏ ਸਨ। 1969 ਵਿਚ ਇਹ ਗਿਣਤੀ 5 ਲੱਖ ਤੋਂ ਵਧ ਗਈ। ਅਮਰੀਕਾ, ਆਸਟਰੇਲੀਆ ਅਤੇ ਅਮਰੀਕਾ ਦੇ ਹੋਰ ਪਿੱਠੂ ਦੇਸ਼ਾਂ ਦੇ ਫ਼ੌਜੀ ਵੀ ਉੱਥੇ ਤਾਇਨਾਤ ਕੀਤੇ ਗਏ। ਉੱਤਰੀ ਵੀਅਤਨਾਮ ਦੀ ਫ਼ੌਜ ਅਤੇ ਦੱਖਣੀ ਵੀਅਤਨਾਮ ਦੇ ਦੇਸ਼ਭਗਤ ਅਦੁੱਤੀ ਬਹਾਦਰੀ ਨਾਲ ਲੜੇ। ਅਮਰੀਕਾ ਵਿਚ ਵੀ ਇਸ ਜੰਗ ਦਾ ਵੱਡਾ ਵਿਰੋਧ ਹੋਇਆ। ਪੰਜਾਹ ਸਾਲ ਪਹਿਲਾਂ 27 ਜਨਵਰੀ 1973 ਨੂੰ ਪੈਰਿਸ ਵਿਚ ਹੋਈ ਸੰਧੀ ਤਹਿਤ ਅਮਰੀਕਾ ਦਾ ਸਿੱਧਾ ਦਖ਼ਲ ਖ਼ਤਮ ਹੋ ਗਿਆ ਅਤੇ ਅਮਰੀਕੀ ਫ਼ੌਜਾਂ ਵਾਪਸ ਆਉਣੀਆਂ ਸ਼ੁਰੂ ਹੋ ਗਈਆਂ। ਪੂਰੀ ਵਾਪਸੀ 1975 ਵਿਚ ਹੋਈ। 30 ਅਪਰੈਲ 1975 ਨੂੰ ਸਾਇਗਨ ਦੀ ਜਿੱਤ ਨਾਲ ਵੀਅਤਨਾਮ ਜੰਗ ਦਾ ਅੰਤ ਹੋ ਗਿਆ ਅਤੇ ਉੱਤਰੀ ਤੇ ਦੱਖਣੀ ਹਿੱਸਿਆਂ ਦੇ ਮੁੜ ਇਕੱਠੇ ਹੋਣ ਨਾਲ ਵੀਅਤਨਾਮ ਇਕ ਮੁਲਕ ਬਣ ਗਿਆ।

ਪੰਜਾਬ ਵਿਚ ਵੀਅਤਨਾਮੀਆਂ ਦੇ ਸੰਘਰਸ਼ ਦੀ ਗੂੰਜ ਬਹੁਤ ਉੱਚੀ ਹੋਈ। ਪੰਜਾਬ ਦੇ ਲੋਕਾਂ ਨੇ ਵੀਅਤਨਾਮ ਦੇ ਸੰਘਰਸ਼ ਕਰਦੇ ਲੋਕਾਂ ਨਾਲ ਸਾਂਝ ਪਾਈ ਤੇ ਪੰਜਾਬ ਵਿਚ ‘ਮੇਰਾ ਨਾਮ ਤੇਰਾ ਨਾਮ ਵੀਅਤਨਾਮ’ ਦਾ ਨਾਅਰਾ ਗੂੰਜਿਆ। ਇਸ ਨਾਮ ਦੀ ਕਿਤਾਬ ਅਮਰਜੀਤ ਚੰਦਨ ਨੇ ਸੰਪਾਦਿਤ ਕੀਤੀ। ਇਸ ਵਿਚ ਅੰਮ੍ਰਿਤਾ ਪ੍ਰੀਤਮ, ਸੁਰਿੰਦਰ ਰਾਮਪੁਰੀ, ਮਦਨ ਲਾਲ ਦੀਦੀ, ਅਰਚਨਾ ਆਦਿ ਵੱਲੋਂ ਅਨੁਵਾਦਿਤ ਕਵਿਤਾਵਾਂ ਸ਼ਾਮਿਲ ਸਨ। ਪੰਜਾਬੀ ਕਵੀਆਂ ਨੇ ਵੀ ਵੀਅਤਨਾਮ ਦੇ ਹੱਕ ਵਿਚ ਕਵਿਤਾਵਾਂ ਲਿਖੀਆਂ। 

ਅਧੂਰੀ ਕਵਿਤਾ

ਵੀਅਤਨਾਮ ਦੀ ਜੰਗ ਬਾਰੇ ਕਵਿਤਾਵਾਂ ਦੀ ਪੁਸਤਕ ‘ਮੇਰਾ ਨਾਮ ਤੇਰਾ ਨਾਮ ਵੀਅਤਨਾਮ’ ਦਾ ਸਰਵਰਕ।

ਦਾਓ ਦੁੰਗ

ਐ ਪਿਆਰੇ ਅੱਬਾ ਜਾਨ

ਜਾਨਸਨ ਕਿੰਨਾ ਮੱਕਾਰ ਸੀ,

ਪਿਛਲੇ ਦਿਨ ਉਹਨੇ ਸਾਡੇ

ਸਕੂਲ ਤੇ ਬੰਬ ਵਰ੍ਹਾਏ

ਅਤੇ ਦਰਖ਼ਤ ਲੂਹ ਛੱਡੇ

ਮੈਂ ਉਸ ਵਹਿਸ਼ੀ ਵਿਰੁੱਧ ਜੂਝਣ ਲਈ

ਫ਼ੌਜ ’ਚ ਭਰਤੀ ਹੋਵਣ ਲਈ

ਬੜਾ ਬੇਤਾਬ ਹਾਂ।

ਪਰ ਮਿਸ ਹੋਆ, ਮੇਰੀ ਦੀਦੀ ਕਹਿੰਦੀ ਹੈ:

‘‘ਤੂੰ ਹਾਲੀ ਇੰਨਾ ਨਿੱਕਾ ਏਂ

ਕਿ ਸਿਪਾਹੀ ਬਣ ਨਹੀਂ ਸਕਦਾ।’’

ਸਾਡਾ ਸਕੂਲ ਸਾਨੂੰ ਕਿੰਨਾ ਪਿਆਰਾ ਹੈ

ਕਿ ਇਸ ਨੂੰ ਜਾਨਸਨ ਰਾਹੀਂ 

ਤਬਾਹ ਹੁੰਦਿਆਂ ਅਸੀਂ ਤੱਕ ਨਹੀਂ ਸਕਦੇ,

ਉਹਨੂੰ ਗੋਲੀ ਮਾਰ ਦਿਓ,

ਅੱਬਾ, ਤੇ ਚਿੱਤ ਕਰ ਦਿਓ,

ਧਾੜਵੀ ਨੂੰ ਮਾਰ ਘੱਤੋ

ਤਾਂ ਜੁ ਮੈਂ…

ਇਸ ਕਵਿਤਾ ਦਾ ਰਚਨਹਾਰਾ ਇਕ ਨਿੱਕਾ ਬੱਚਾ ਦਾਓ ਦੁੰਗ ਸੀ ਜੋ ਅਮਰੀਕੀ ਧਾੜਵੀਆਂ ਦੀ ਬੰਬਾਰੀ ਕਾਰਨ ਆਪਣੇ ਸਕੂਲ ਵਿਚ ਮਾਰਿਆ ਗਿਆ। ਜਦੋਂ ਇਸ ਨੂੰ ਮਲਬੇ ਵਿਚੋਂ ਕੱਢਿਆ ਗਿਆ ਤਾਂ ਦੁੰਗ ਦੇ ਠੰਢੇ ਪਏ ਹੱਥ ਨੇ ਨਿੱਕੀ ਕਾਪੀ ਹਾਲੇ ਵੀ ਫੜੀ ਹੋਈ ਸੀ… ਜਿਵੇਂ ਉਹਦੀ ਇੰਨੀ ਸਾਦੀ ਤੇ ਸੁੱਚੀ ਇੱਛਾ ਨੂੰ ਕੋਈ ਬੰਬ ਵੀ ਨਹੀਂ ਸੀ ਮਾਰ ਸਕਿਆ… ਇਹ ਕਵਿਤਾ ਨਿੱਕੇ ਕਵੀ ਨੇ ਆਪਣੇ ਪਿਤਾ ਨੂੰ ਸਮਰਪਿਤ ਕੀਤੀ ਸੀ ਜੋ ਹਵਾਮਾਰ-ਫ਼ੌਜ ਦਾ ਅਫ਼ਸਰ ਸੀ।

ਰੂਪਾਂਤਰ: ਅਮਰਜੀਤ ਚੰਦਨ

ਹੋ ਚੀ ਮਿਨ੍ਹ ਦੀ ਜਵਾਹਰਲਾਲ ਨਹਿਰੂ ’ਤੇ ਲਿਖੀ ਕਵਿਤਾ 

ਨਹਿਰੂ ਦੇ ਨਾਂ

ਜਵਾਹਰਲਾਲ ਨਹਿਰੂ ਅਤੇ ਹੋ ਚੀ ਮਿਨ੍ਹ।

ਮੈਂ ਵੀ ਜੱਦੋਜਹਿਦ ’ਚ ਪਿਆ ਹਾਂ

ਤੂੰ ਵੀ ਰਣ ਵਿਚ ਉੱਤਰਿਆ ਹੋਇਆ

ਤੂੰ ਵੀ ਕੈਦ ’ਚ ਡੱਕਿਆ ਹੋਇਆ

ਮੈਂ ਵੀ ਸੀਖਾਂ ਪਿੱਛੇ ਬੈਠਾ।

ਮਿਲ ਬਹਿੰਦੇ ਤੇ ਗੱਲਾਂ ਕਰਦੇ

ਅਜਿਹਾ ਕਦੀ ਸਬੱਬ ਨਾ ਬਣਿਆ

ਵਿਚਕਾਰ ਅਸਾਡੇ ਵਿਛੇ ਹੋਏ ਨੇ

ਸੈ ਕੋਹਾਂ ਦੇ ਪੰਧ ਲੰਮੇਰੇ

ਇਕ ਦੂਜੇ ਤੱਕ ਬੋਲ ਨਾ ਪਹੁੰਚਣ

ਬਿਨ ਸ਼ਬਦੋਂ ਅਸੀਂ ਗੱਲਾਂ ਕਰੀਏ।

ਤੇਰਾ ਮੇਰਾ ਨਾਤਾ ਜੋੜੇ

ਸਾਂਝ ਜੋ ਸਾਡੀਆਂ ਸੋਚਾਂ ਦੀ ਹੈ

ਭਾਵੇਂ ਮੌਕਾ ਕਦੀ ਨਾ ਆਇਆ

ਦੋਵੇਂ ਚਰਚਾ ਕਰਦੇ ਬਹਿੰਦੇ

ਹੱਥਾਂ ਦੇ ਵਿਚ ਹੱਥ ਘੁੱਟ ਕੇ

ਇਕ ਦੂਜੇ ਨੂੰ ਦਿਲ ਦੀ ਕਹਿੰਦੇ।

ਮੈਨੂੰ ਕੈਦ ’ਚ ਧੱਕਣ ਵਾਲਾ

ਮੇਰੇ ਦੇਸ ਦਾ ਗੁਆਂਢੀ ਮਿੱਤਰ

ਦੇਸ ਤੇਰੇ ਦੇ ਦੁਸ਼ਮਣ ਨੇ ਹੈ

ਤੈਨੂੰ ਸੀਖਾਂ ਪਿੱਛੇ ਸੁੱਟਿਆ!

– ਅਨੁਵਾਦ: ਗੁਰਬਚਨ ਸਿੰਘ ਭੁੱਲਰ

Source link