ਪੱਤਰ ਪ੍ਰੇਰਕ

ਅੰਮ੍ਰਿਤਸਰ, 12 ਅਕਤੂਬਰ

InterServer Web Hosting and VPS

ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਅੱਜ ਇੱਥੇ ਦੱਸਿਆ ਕਿ ਪੰਜ ਲੱਖ ਰੁਪਏ ਸਾਲਾਨਾ ਦੇ ਮੁਫਤ ਇਲਾਜ ਲਈ 15 ਲੱਖ ਹੋਰ ਪਰਿਵਾਰਾਂ ਨੂੰ ਸਰਕਾਰ ਦੀ ਸਿਹਤ ਬੀਮਾ ਯੋਜਨਾ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰ ਪਹਿਲਾਂ ਇਸ ਸਕੀਮ ਨਾਲ ਨਹੀਂ ਜੁੜ ਸਕੇ ਸਨ ਹੁਣ ਉਹ ਇਸ ਸਕੀਮ ਦਾ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਧਿਆਨ ਸਮਾਜ ਦੀ ਸਿੱਖਿਆ ਅਤੇ ਸਿਹਤ ਉਤੇ ਕੇਂਦਰਿਤ ਹੈ ਅਤੇ ਇਸ ਵਿਚ ਵੱਡੇ ਸੁਧਾਰ ਕੀਤੇ ਗਏ ਹਨ। ਉਨ੍ਹਾਂ ਆਈਐੱਮਏ ਦੇ ਵਫ਼ਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਰੱਬ ਦਾ ਦੂਸਰਾ ਰੂਪ ਮੰਨੇ ਗਏ ਹਨ, ਸੋ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੀਮਾ ਰਾਸ਼ੀ ਵੇਖ ਕੇ ਨਹੀਂ, ਸਗੋਂ ਉਸ ਦੀ ਬਿਮਾਰੀ ਨੂੰ ਧਿਆਨ ਵਿਚ ਰੱਖ ਕੇ ਇਲਾਜ ਕਰਨ।ਸਰਕਾਰ ਲੋਕਾਂ ਨੂੰ ਸਹੂਲਤ ਲਈ ਪੈਸੇ ਦੇ ਸਕਦੀ ਹੈ, ਪਰ ਇਸ ਲਈ ਕੰਮ ਡਾਕਟਰਾਂ ਤੇ ਸਿਹਤ ਅਮਲੇ ਨੇ ਹੀ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਨੇਕ ਨੀਅਤ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਬੀਮਾ ਕੰਪਨੀ ਦੀ ਤਬਦੀਲੀ ਕਾਰਨ ਹਸਪਤਾਲਾਂ ਨੂੰ ਕੁਝ ਸਮੱਸਿਆ ਆਈ ਹੈ। ਇਸ ਮੌਕੇ ਸਿਹਤ ਵਿਭਾਗ ਦੇ ਸਕੱਤਰ ਵਿਕਾਸ ਗਰਗ ਤੇ ਹੋਰ ਸਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਕਾਇਆ ਕਲਪ ਐਵਾਰਡ ਤਹਿਤ ਰਾਸ਼ੀ ਵੰਡੀ

ਉੱਪ ਮੁੱਖ ਮੰਤਰੀ ਓਪੀ ਸੋਨੀ ਨੇ ਸਰਕਾਰੀ ਹਸਪਤਾਲਾਂ ਨੂੰ ਸਾਫ ਸਫਾਈ ਦੇ ਆਧਾਰ ’ਤੇ ਕੀਤੇ ਕੰਮਾਂ ਲਈ ‘ਕਾਇਆ ਕਲਪ ਐਵਾਰਡ’ ਤਹਿਤ ਅੱਜ ਰਾਜ ਪੱਧਰੀ ਸਮਾਗਮ ਦੌਰਾਨ 2.12 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਇਨ੍ਹਾਂ ਇਨਾਮਾਂ ਵਿਚ ਗੁਰਦਾਸਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਪਹਿਲੇ, ਅੰਮ੍ਰਿਤਸਰ ਦੂਸਰੇ ਅਤੇ ਪਠਾਨਕੋਟ ਜ਼ਿਲ੍ਹਾ ਤੀਸਰੇ ਸਥਾਨ ’ਤੇ ਰਿਹਾ।

Source link