ਸੰਜੀਵ ਹਾਂਡਾ/ਜਸਵੰਤ ਸਿੰਘ ਥਿੰਦ

ਫ਼ਿਰੋਜ਼ਪੁਰ/ਮਮਦੋਟ, 28 ਅਕਤੂਬਰ

ਬੀਐੱਸਐੱਫ ਦੀ 136 ਬਟਾਲੀਅਨ ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ’ਤੇ ਹਥਿਆਰਾਂ ਦੀ ਖੇਪ ਬਰਾਮਦ ਕਰਕੇ ਪਾਕਿਸਤਾਨ ਵੱਲੋਂ ਭਾਰਤ ਵਿੱਚ ਦਹਿਸ਼ਤ ਫੈਲਾਉਣ ਦੇ ਇਰਾਦੇ ਨੂੰ ਨਾਕਾਮ ਕਰ ਦਿੱਤਾ ਹੈ। ਫ਼ਿਰੋਜ਼ਪੁਰ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਕੋਲੋਂ ਬੀਐੱਸਐੱਫ਼ ਦੇ ਜਵਾਨਾਂ ਨੇ ਇੱਕ ਖੇਤ ਵਿਚ ਪਏ ਬੈਗ ਵਿਚੋਂ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। ਬੀਐੱਸਐੱਫ਼ ਦੀ 136 ਬਟਾਲੀਅਨ ਦੇ ਜਵਾਨਾਂ ਨੇ ਇਸ ਬੈਗ ਵਿਚੋਂ ਤਿੰਨ ਏਕੇ-47 ਰਾਈਫ਼ਲਾਂ ਅਤੇ ਛੇ ਖਾਲੀ ਮੈਗਜ਼ੀਨ, ਤਿੰਨ ਮਿੰਨੀ ਏਕੇ-47 ਰਾਈਫ਼ਲਾਂ ਅਤੇ ਛੇ ਖਾਲੀ ਮੈਗਜ਼ੀਨਾਂ ਦੇ ਨਾਲ ਤਿੰਨ ਪਿਸਤੌਲ ਅਤੇ 200 ਕਾਰਤੂਸ ਬਰਾਮਦ ਕੀਤੇ ਹਨ। ਇਹ ਸਾਰੇ ਹਥਿਆਰ ਜ਼ੀਰੋ ਲਾਈਨ ਦੇ ਨਜ਼ਦੀਕ ਸਥਿਤ ਬੀਐੱਸਐੱਫ਼ ਦੀ ਜਗਦੀਸ਼ ਚੌਕੀ ਨੇੜਿਉਂ ਬਰਾਮਦ ਹੋਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਥਿਆਰ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੇ ਗਏ ਹਨ। ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਇਲਾਕੇ ਅੰਦਰ ਕੁਝ ਹਿਲ-ਜੁਲ ਹੋ ਰਹੀ ਸੀ ਤਾਂ ਚੌਕਸ ਜਵਾਨਾਂ ਨੇ ਸਰਚ ਮੁਹਿੰਮ ਚਲਾਈ ਤਾਂ ਉਥੋਂ ਇਹ ਹਥਿਆਰ ਬਰਾਮਦ ਹੋਏ। ਖੁਫ਼ੀਆ ਏਜੰਸੀਆਂ ਨੂੰ ਇਤਲਾਹ ਮਿਲੀ ਸੀ ਕਿ ਸਰਹੱਦ ਪਾਰ ਤੋਂ ਆਈਐੱਸਆਈ ਏਜੰਟਾਂ ਵੱਲੋਂ ਹਥਿਆਰਾਂ ਦਾ ਜ਼ਖੀਰਾ ਭੇਜਿਆ ਜਾ ਸਕਦਾ ਹੈ। ਬੀਐੱਸਐੱਫ਼ ਪੰਜਾਬ ਫ਼ਰੰਟੀਅਰ ਦੇ ਡੀਆਈਜੀ ਨੇ ਕਿਹਾ ਕਿ ਸੂਬੇ ਨੂੰ ਦਹਿਲਾਉਣ ਦੀ ਪਾਕਿਸਤਾਨ ਦੀ ਸਾਜ਼ਿਸ਼ ਨੂੰ ਜਵਾਨਾਂ ਨੇ ਨਾਕਾਮ ਬਣਾ ਦਿੱਤਾ ਹੈ। ਅਧਿਕਾਰੀ ਨੇ ਦਾਅਵਾ ਕੀਤਾ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐੱਸਐੱਫ ਦੇ ਜਵਾਨ ਪੂਰੀ ਤਨਦੇਹੀ ਅਤੇ ਚੌਕਸੀ ਨਾਲ ਡਿਊਟੀ ਨਿਭਾ ਰਹੇ ਹਨ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

Source link