ਨਵੀਂ ਦਿੱਲੀ: ਉੜੀਸਾ ਵਿੱਚ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਲਈ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ 18 ਮੈਂਬਰੀ ਭਾਰਤੀ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਅਮਿਤ ਰੋਹੀਦਾਸ ਟੀਮ ਦਾ ਉਪ ਕਪਤਾਨ ਹੋਵੇਗਾ। ਹਾਲ ਹੀ ਵਿੱਚ ਆਸਟਰੇਲੀਆ ਨਾਲ ਖੇਡੀ ਗਈ ਪੰਜ ਮੈਚਾਂ ਦੀ ਲੜੀ ਵਿੱਚ ਵੀ ਹਰਮਨਪ੍ਰੀਤ ਹੀ ਟੀਮ ਦਾ ਕਪਤਾਨ ਸੀ, ਜਿਸ ਵਿੱਚ ਭਾਰਤੀ ਟੀਮ ਸਿਰਫ ਇੱਕ ਮੈਚ ਹੀ ਜਿੱਤ ਸਕੀ ਸੀ। ਟੋਕੀਓ ਓਲੰਪਿਕ ਵਿੱਚ ਇਤਿਹਾਸਕ ਕਾਂਸੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਕਪਤਾਨ ਰਿਹਾ ਮਨਪ੍ਰੀਤ ਸਿੰਘ ਬਤੌਰ ਖਿਡਾਰੀ ਟੀਮ ’ਚ ਸ਼ਾਮਲ ਹੋਵੇਗਾ। ਵਿਸ਼ਵ ਕੱਪ ਟੀਮ ਦੀ ਚੋਣ ਬੰਗਲੂਰੂ ਦੇ ਐੱਸਏਆਈ ਸੈਂਟਰ ’ਚ ਦੋ ਰੋਜ਼ਾ ਟਰਾਇਲ ਤੋਂ ਬਾਅਦ ਕੀਤੀ ਗਈ ਹੈ। ਕ੍ਰਿਸ਼ਨ ਬੀ ਪਾਠਕ ਅਤੇ ਪੀ.ਆਰ ਸ੍ਰੀਜੇਸ਼ ਗੋਲਕੀਪਰ ਹੋਣਗੇ। ਡਿਫੈਂਸ ਦੀ ਅਗਵਾਈ ਕਪਤਾਨ ਹਰਮਨਪ੍ਰੀਤ ਕਰੇਗਾ, ਜਦਕਿ ਉਸ ਦੇ ਨਾਲ ਉਪ ਕਪਤਾਨ ਰੋਹੀਦਾਸ, ਸੁਰੇਂਦਰ ਕੁਮਾਰ, ਵਰੁਣ ਕੁਮਾਰ, ਜਰਮਨਪ੍ਰੀਤ ਸਿੰਘ ਅਤੇ ਨੀਲਮ ਸੰਜੀਪ ਹੋਣਗੇ। ਮਿੱਡਫੀਲਡਰਾਂ ਵਿੱਚ ਵਿਵੇਕ ਸਾਗਰ ਪ੍ਰਸਾਦ, ਮਨਪ੍ਰੀਤ, ਹਾਰਦਿਕ ਸਿੰਘ, ਨੀਲਕਾਂਤਾ ਸ਼ਰਮਾ, ਸ਼ਮਸ਼ੇਰ ਸਿੰਘ ਅਤੇ ਆਕਾਸ਼ਦੀਪ ਸਿੰਘ ਸ਼ਾਮਲ ਹੋਣਗੇ। ਇਸੇ ਤਰ੍ਹਾਂ ਫਾਰਵਰਡ ਲਾਈਨ ਵਿੱਚ ਮਨਦੀਪ ਸਿੰਘ, ਲਲਿਤ ਉਪਾਧਿਆਏ, ਅਭਿਸ਼ੇਕ ਅਤੇ ਸੁਖਜੀਤ ਸਿੰਘ ਹੋਣਗੇ। -ਪੀਟੀਆਈ

Source link