ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 19 ਦਸੰਬਰ

ਖੇਲੋ ਹਰਿਆਣਾ ਦੀ ਸੂਬਾ ਪੱਧਰੀ ਹਾਕੀ ਪ੍ਰਤੀਯੋਗਤਾ ਵਿਚ ਕੁਰੂਕਸ਼ੇਤਰ ਨੇ ਹਿਸਾਰ ਨੂੰ ਹਰਾ ਕੇ ਖੇਲੋ ਹਰਿਆਣਾ ਦਾ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ। ਪ੍ਰਤੀਯੋਗਤਾ ਦਾ ਫਾਈਨਲ ਮੁਕਾਬਲਾ ਮੇਜ਼ਬਾਨ ਕੁਰੂਕਸ਼ੇਤਰ ਤੇ ਹਿਸਾਰ ਦੀ ਟੀਮ ਵਿਚ ਖੇਡਿਆ ਗਿਆ। ਕੁਰੂਕਸ਼ੇਤਰ ਦੀ ਟੀਮ ਨੇ ਹਿਸਾਰ ਦੀ ਟੀਮ ਨੂੰ 4-1 ਗੋਲ ਦੇ ਫਰਕ ਨਾਲ ਹਰਾਇਆ। ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਲੈਫਟੀਨੈਂਟ ਵਿਕਰਮਜੀਤ ਸਿੰਘ ਨੇ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਜ਼ਿਲ੍ਹਾ ਖੇਲ ਤੇ ਯੁਵਾ ਪ੍ਰੋਗਰਾਮ ਅਧਿਕਾਰੀ ਅਮਰਜੀਤ ਸਿੰਘ ਨੇ ਖਿਡਾਰੀਆਂ ਦੀ ਜਾਣ ਪਛਾਣ ਕਰਵਾ ਕੇ ਮੁਕਾਬਲੇ ਸ਼ੁਰੂ ਕਰਵਾਏ। ਲੈਫਟੀਨੈਂਟ ਵਿਕਰਮਜੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਸਰਕਾਰ ਨੇ ਖਿਡਾਰੀਆਂ ਦੀ ਖੁਰਾਕ ਵਿਚ ਵਾਧਾ ਕਰ ਕੇ ਹੁਣ ਖਿਡਾਰੀਆਂ ਨੂੰ 400 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਖੁੁਰਾਕ ਮੁਹੱਈਆ ਕਰਾਈ ਜਾ ਰਹੀ ਹੈ ਜੋ ਦੇਸ਼ ਦੇ ਸਾਰੇ ਸੂਬਿਆਂ ਤੋਂ ਵਧੇਰੇ ਹੈ। ਖੇਲੋ ਹਰਿਆਣਾ ਦੀ ਸੂਬਾ ਪੱਧਰੀ ਹਾਕੀ ਪ੍ਰਤੀਯੋਗਤਾ ਦੇ ਅੰਤਿਮ ਦਿਨ ਸ਼ਾਹਬਾਦ ਮਾਰਕੰਡਾ ਹਾਕੀ ਸਟੇਡੀਅਮ ਵਿਚ ਕਵਾਟਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਖੇਡੇ ਗਏ। ਜ਼ਿਲ੍ਹਾ ਖੇਡ ਤੇ ਯੁਵਾ ਪ੍ਰੋਗਰਾਮ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਸੈਮੀਫਾਈਨਲ ਵਿਚ ਹਿਸਾਰ ਦੀ ਟੀਮ ਨੇ ਜੀਂਦ ਨੂੰ 1-0 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ। ਦੂਜੇ ਸੈਮੀਫਾਈਨਲ ਵਿਚ ਕੁਰੂਕਸ਼ੇਤਰ ਤੇ ਕੈਥਲ ਨੂੰ 1-0 ਨਾਲ ਹਰਾਇਆ। ਤੀਜੇ ਸਥਾਨ ਲਈ ਕੈਥਲ ਨੇ ਜੀਂਦ ਨੂੰ 2-1 ਦੇ ਫਰਕ ਨਾਲ ਹਰਾਇਆ। ਪ੍ਰਤੀਯੋਗਤਾ ਵਿਚ ਕੁਰੂਕਸ਼ੇਤਰ ਨੇ ਪਹਿਲਾ, ਹਿਸਾਰ ਨੇ ਦੂਜਾ ਤੇ ਜੀਂਦ ਨੇ ਤੀਜਾ ਸਥਾਨ ਹਾਸਲ ਕੀਤਾ।

Source link