ਮੋਗਾ (ਮਹਿੰਦਰ ਸਿੰਘ ਰੱਤੀਆਂ): ਅੰਮ੍ਰਿਤਸਰ ਇਲਾਕੇ ਦੇ ਸਰਹੱਦੀ ਪਿੰਡ ਡਾਲੇਕੇ ’ਚੋਂ ਟਿਫਿਨ ਬੰਬ ਬਰਾਮਦ ਹੋਣ ਮਗਰੋਂ ਸੂਬੇ ਵਿੱਚ ਪੁਲੀਸ ਚੌਕਸ ਹੋ ਗਈ ਹੈ। ਆਜ਼ਾਦੀ ਦਿਹਾੜੇ ਸਬੰਧੀ ਸਮਾਗਮਾਂ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਦੇ ਪੁਲੀਸ ਕਮਿਸ਼ਨਰਾਂ ਅਤੇ ਸੂਬੇ ਭਰ ’ਚ ਸਾਰੇ ਜ਼ਿਲ੍ਹਾ ਪੁਲੀਸ ਮੁਖੀਆਂ ਨਾਲ ਐੱਸਪੀ ਪੱਧਰ ਦੇ 22 ਹੋਰ ਨਵੇਂ ਅਧਿਕਾਰੀ ਲਗਾ ਦਿੱਤੇ ਗਏ ਹਨ। ਧਰਮਕੋਟ ਦੇ ਡੀਐੱਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਕਿ ਡੀਜੀਪੀ ਦਿਨਕਰ ਗੁਪਤਾ ਅਤੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਦੀਆਂ ਹਦਾਇਤਾਂ ’ਤੇ ਵਿਸ਼ੇਸ਼ ਨਾਕੇ ਲਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਅਹਿਮ ਸਥਾਨਾਂ ’ਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਡੀਐੱਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਨੇ ਕਿਹਾ ਕਿ ਬੱਸ ਅੱਡੇ ਅਤੇ ਹੋਰ ਜਨਤਕ ਥਾਵਾਂ ’ਤੇ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਵਿਭਾਗ ਅਤੇ ਖੁਫੀਆ ਏਜੰਸੀਆਂ ਸੁਚੇਤ ਹਨ। 15 ਅਗਸਤ ਨੂੰ ਹੋਣ ਵਾਲੇ ਸਮਾਗਮਾਂ  ਦੇ ਸੁਰੱਖਿਆ ਪ੍ਰਬੰਧਾਂ ਲਈ ਡੀਜੀਪੀ ਦਿਨਕਰ ਗੁਪਤਾ ਨੇ ਐੱਸਪੀ ਪੱਧਰ ਦੇ 22 ਅਧਿਕਾਰੀਆਂ ਨੂੰ ਅੱਜ ਸ਼ਾਮ ਚਾਰ ਵਜੇ ਸਬੰਧਤ ਜ਼ਿਲ੍ਹੇ ’ਚ ਰਿਪੋਰਟ ਕਰਨ ਦਾ ਹੁਕਮ ਦਿੱਤਾ ਹੈ।

Source link