ਲਖਨਪਾਲ ਸਿੰਘ/ਰਾਜਨ ਮਾਨ
ਮਜੀਠਾ, 19 ਦਸੰਬਰ

ਅੰਮ੍ਰਿਤਸਰ-ਪਠਾਨਕੋਟ ਸੜਕ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਕੱਥੂਨੰਗਲ ਵਿੱਚ ਅੱਜ ਦੋ ਹਥਿਆਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਬੈਂਕ ਦੇ ਅਮਲੇ ਅਤੇ ਲੋਕਾਂ ਨੂੰ ਬੰਦੀ ਬਣਾ ਕੇ 17.72 ਲੱਖ ਰੁਪਏ ਲੁੱਟ ਲਏ।

ਪ੍ਰਾਪਤ ਜਾਣਕਾਰੀ ਅਨੁਸਾਰ ਐਕਟਿਵਾ ’ਤੇ ਸਵਾਰ ਦੋ ਅਣਪਛਾਤੇ ਵਿਅਕਤੀ ਅੱਜ ਬੈਂਕ ਦੀ ਉਕਤ ਸ਼ਾਖਾ ਵਿੱਚ ਆਏ। ਇਨ੍ਹਾਂ ਨੇ ਕੱਪੜੇ ਨਾਲ ਆਪਣੇ ਮੂੰਹ ਢਕੇ ਹੋਏ ਸਨ ਤੇ ਦੋਹਾਂ ਲੁਟੇਰਿਆਂ ਨੇ ਹੱਥਾਂ ਵਿੱਚ ਪਿਸਤੌਲ ਫੜੇ ਹੋਏ ਸਨ। ਬੈਂਕ ਦੇ ਸੀਨੀਅਰ ਮੈਨੇਜਰ ਰੋਹਿਨ ਬੱਬਰ ਨੇ ਦੱਸਿਆ ਕਿ ਬੈਂਕ ਵਿੱਚ ਦਾਖਲ ਹੋਣ ਮਗਰੋਂ ਉਕਤ ਲੁਟੇਰਿਆਂ ਵਿੱਚੋਂ ਇੱਕ ਨੇ ਪਿਸਤੌਲ ਦਿਖਾ ਕੇ ਬੈਂਕ ਦੇ ਅਮਲੇ ਅਤੇ ਉੱਥੇ ਮੌਜੂਦ ਖਾਤਾਧਾਰਕਾਂ ਨੂੰ ਬੰਦੀ ਬਣਾ ਲਿਆ ਅਤੇ ਦੂਜੇ ਲੁਟੇਰੇ ਨੇ ਕੈਸ਼ੀ ਕਾਊਂਟਰ ਤੋਂ 17.72 ਲੱਖ ਰੁਪਏ ਆਪਣੇ ਬੈਗ ਵਿੱਚ ਭਰ ਲਏ। ਇਸ ਮਗਰੋਂ ਦੋਵੇਂ ਲੁਟੇਰੇ ਫਰਾਰ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੀ ਵਾਰਦਾਤ ਬੈਂਕ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜ਼ਿਕਰਯੋਗ ਹੈ ਪਿਛਲੇ ਕਈ ਸਾਲਾਂ ਤੋਂ ਬੈਂਕ ਵਿੱਚ ਸੁਰੱਖਿਆ ਗਾਰਡ ਨਹੀਂ ਹੈ ਤੇ ਨਾ ਹੀ ਥਾਣਾ ਕੱਥੂਨੰਗਲ ਵੱਲੋਂ ਇਸ ਬੈਂਕ ਦੀ ਸੁਰੱਖਿਆ ਲਈ ਕੋਈ ਪੁਲੀਸ ਮੁਲਾਜ਼ਮ ਤਾਇਨਾਤ ਕੀਤਾ ਗਿਆ ਹੈ, ਜਦਕਿ ਇਸ ਬੈਂਕ ਵਿੱਚ ਕਾਫੀ ਲੈਣ-ਦੇਣ ਹੁੰਦਾ ਹੈ। ਮੌਕੇ ’ਤੇ ਪਹੁੰਚੀ ਪੁਲੀਸ ਦੀ ਟੀਮ ਨੇ ਮੌਕੇ ਦਾ ਜਾਇਜ਼ਾ ਲੈਣ ਮਗਰੋਂ ਕੇਸ ਦਰਜ ਕਰ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਜਾਂਚ ਆਰੰਭ ਦਿੱਤੀ ਹੈ।

Source link