ਅਸ਼ੋਕ ਸੋਨੀ

ਸੋਸ਼ਲ ਮੀਡੀਆ, ਇੰਟਰਨੈੱਟ ਕ੍ਰਾਂਤੀ ਰਾਹੀਂ ਇੰਨਾ ਤਾਕਤਵਰ ਅਤੇ ਆਮ ਹੋ ਗਿਆ ਹੈ ਕਿ ਅੱਜ ਮੰਤਰੀਆਂ, ਪਾਰਟੀ ਪ੍ਰਧਾਨਾਂ ਦੇ ਅਸਤੀਫੇ ਤੋਂ ਲੈ ਕੇ ਪਿੰਡ ’ਚ ਪਾਣੀ ਆਲੀ ਟੂਟੀ ਆਉਣ ਦੇ ਟਾਈਮ ਤੀਕ ਦਸ ਰਿਹਾ ਹੈ। ਖਬਰਾਂ ਦੇ ਖੇਤਰ ’ਚ ਜਿੱਥੇ ਅੱਜ ਸੋਸ਼ਲ ਮੀਡੀਆ ਸਭ ਤੋਂ ਤਾਕਤਵਰ ਹਥਿਆਰ ਬਣ ਚੁੱਕਾ ਏ, ਉੱਥੇ ਹੀ ਸਿੱਖਿਆ, ਵਿਚਾਰ, ਸੂਚਨਾ, ਜਾਣਕਾਰੀਆਂ ਤੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਦਾ ਵੀ ਅਦਭੁੱਤ ਸੋਮਾ ਬਣ ਗਿਆ ਹੈ। ਮਨੋਰੰਜਨ ਹੀ ਨਹੀਂ ਲੱਖਾਂ ਲੋਕਾਂ ਦੇ ਰੁਜ਼ਗਾਰ ਦਾ ਵੀ ਸਾਧਨ ਏ, ਲੋਕਡਾਊਨ ’ਚ ਪੂਰੀ ਦੁਨੀਆ ਦੇ ਵਿਦਿਆਰਥੀਆਂ ਨੇ, ਸੋਸ਼ਲ ਮੀਡੀਆ ਰਾਹੀਂ ਜਿਸ ਤਰਾਂ ਆਪਣੀ ਪੜ੍ਹਾਈ ਜਾਰੀ ਰੱਖੀ, ਉਹ ਬਾਕਮਾਲ ਸੀ। ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਤੇ ਧੱਕੇਸ਼ਾਹੀ ਵਿਰੁੱਧ ਲੋਕਲਹਿਰ ਬਣਾਉਣ ’ਚ, ਵੱਡੇ-ਵੱਡੇ ਵਪਾਰਾਂ ਤੇ ਕਾਰੋਬਾਰਾਂ ’ਚ, ਸਰਕਾਰੀ ਤੇ ਪ੍ਰਾਈਵੇਟ ਵਿਭਾਗਾਂ ਦਾ ਸੁਚਾਰੂ ਕੰਮਕਾਜ ਚਲਾਉਣ ’ਚ, ਸੋਸ਼ਲ ਮੀਡੀਆ ਮੋਹਰੀ ਭੂਮਿਕਾ ਨਿਭਾਉਣ ਦੇ ਨਾਲ-ਨਾਲ, ਅਣਗਿਣਤ ਛਿਪੀਆਂ ਹੋਈਆਂ ਪ੍ਰਤਿਭਾਵਾਂ ਨੂੰ ਫਰਸ਼ ਤੋਂ ਅਰਸ਼ ਤੀਕ ਪਹੁੰਚਾ ਰਿਹਾ ਹੈ।

ਇਸ ਦੇ ਬਾਵਜੂਦ ਸੋਸ਼ਲ ਮੀਡੀਆ ਨੇ ਨੈਤਿਕ ਕਦਰਾਂ-ਕੀਮਤਾਂ ਦਾ ਵੱਡੇ ਪੱਧਰ ’ਤੇ ਘਾਣ ਵੀ ਕੀਤਾ ਹੈ। ਦੇਸ਼ ਵਿੱਚ ਅਫਵਾਹਾਂ ਰਾਹੀਂ ਨਫਰਤ ਫੈਲਾਉਣ ਵਿੱਚ ਸਭ ਤੋਂ ਵੱਡਾ ਰੋਲ ਸੋਸ਼ਲ ਮੀਡੀਆ ਦਾ ਹੀ ਹੈ। ਸੌੜੇ ਹਿੱਤਾਂ ਲਈ ਦੇਸ਼ ਵਿਰੋਧੀ ਲੋਕ ਇਸ ਨੂੰ ਹਥਿਆਰ ਦੇ ਰੂਪ ’ਚ ਵਰਤਦੇ ਨੇ। ਖੁੰਭਾਂ ਦੀ ਤਰ੍ਹਾਂ ਪੈਦਾ ਹੋਏ ਵੈਬ-ਚੈਨਲ ਤੇ ਅਖੌਤੀ ਕੱਚੇ-ਪਿੱਲੇ ਪੱਤਰਕਾਰਾਂ ਰਾਹੀਂ ਬਿਨਾਂ ਸਿਰ ਪੈਰ ਦੀਆਂ ਝੂਠੀਆਂ ਖਬਰਾਂ ਦੀ ਹਨੇਰੀ ਚੱਲ ਰਹੀ ਏ, ਜਿਸ ਨੇ ਮੁਲਕ ਦੀ ਫਿਜ਼ਾ ਬੇਭਰੋਸਗੀ ਦੇ ਮਾਹੌਲ ਦੀ ਸਿਰਜਣਾ ਕਰ ਦਿੱਤੀ ਹੈ। ਵਿਡੰਬਨਾ ਹੈ ਕਿ ਸੱਚ ਲੋਕਾਂ ਤੀਕ ਅਪੜਨ ਤੋਂ ਪਹਿਲਾਂ ਹੀ ਦਮ ਤੋੜ ਜਾਂਦਾ ਏ। ਸੋਸ਼ਲ ਮੀਡੀਆ, ਜਿੱਥੇ ਪੋਰਨੋਗਰਾਫੀ ਤੇ ਅਸ਼ਲੀਲ ਸੱਮਗਰੀ ਫੈਲਾਉਣ ਦਾ ਸਭ ਤੋਂ ਵੱਡਾ ਸੋਮਾ ਹੈ, ਉੱਥੇ ਹੀ ਇਸ ਰਾਹੀਂ ਨਿੱਜੀ ਜਾਣਕਾਰੀਆਂ ਚੋਰੀ ਕਰਨ ਦੇ ਵੱਡੇ ਪੱਧਰ ਤੇ ਇਲਜ਼ਾਮ ਲੱਗ ਰਹੇ ਹਨ। ਪਿੱਛੇ ਜਿਹੇ ਸਰਕਾਰ ਨਾਲ ਇਸ ਸਬੰਧੀ ਵੱਡਾ ਵਿਵਾਦ ਵੀ ਲੰਮਾ ਸਮਾਂ ਜਾਰੀ ਰਿਹਾ ਸੀ। ਬਾਕੀ ਪੈਸੇ ਨਾਲ ਖਰੀਦੇ ਝੂਠੇ ਲਾਈਕ-ਵਿਊਜ਼ ਦੇ ਵਿਵਾਦ ਵੀ ਜਗਜ਼ਾਹਰ ਹੀ ਨੇ। ਅੱਜਕੱਲ੍ਹ ਵੱਡੇ ਪੱਧਰ ’ਤੇ ਜਿੱਥੇ ਸੋਸ਼ਲ ਮੀਡੀਆ ਰਾਹੀਂ ਸਾਈਬਰ ਠੱਗੀਆਂ ਤੇ ਬਲੈਕਮੇਲਿੰਗ ਕਰਨ ਵਾਲੇ ਗਰੋਹ ਵੀ ਸਰਗਰਮ ਹਨ, ਉੱਥੇ ਹੀ ਜਾਅਲੀ ਆਈਡੀਜ਼ ਰਾਹੀਂ ਕਿੰਨੇ ਹੀ ਲੋਕਾਂ ਨੂੰ ਰਗੜਾ ਲੱਗ ਚੁੱਕਾ ਏ, ਸੋਸ਼ਲ ਮੀਡੀਆ ਤੇ ਫੋਨ ਕਾਲ ਰਿਕਾਰਡ ਦੀ ਪੇਚੀਦਗੀ ਕਾਰਨ ਅਪਰਾਧਿਕ ਗਤੀਵਿਧੀਆਂ ਨੂੰ ਹੱਲ ਕਰਨ ’ਚ ਪੁਲੀਸ ਵੀ ਕਈ ਵਾਰ ਨਾਕਾਮ ਹੋ ਜਾਂਦੀ ਏ।

ਸੋਸ਼ਲ ਮੀਡੀਆ ਕਾਰਨ, ਹਰ ਕੋਈ ਹਉਮੈ ਦੀ ਬੀਮਾਰੀ ਤੋਂ ਇਸ ਤਰਾਂ ਗ੍ਰਸਤ ਏ ਕਿ ਜੇ ਕੋਈ ਵੀ ਸਾਥੀ, ਤੁਹਾਡੀ ਗੱਲ ਸੋਸ਼ਲ ਮੀਡੀਆ ’ਤੇ ਕੱਟਦਾ ਏ ਤਾਂ ਸਿਰਫ ਆਪਣੇ-ਆਪ ਨੂੰ ਜ਼ਿਆਦਾ ਸਿਆਣਾ ਤੇ ਸਹੀ ਸਾਬਤ ਕਰਨ ਹਿੱਤ ਤੁਸੀਂ, ਬਹਿਸ ਜਿੱਤਣ ਲਈ ਪੂਰੀ ਵਾਹ ਲਾ ਦਿੰਦੇ ਹੋ, ਹਾਲਾਂਕਿ ਬਹਿਸ ਤਾਂ ਤੁਸੀਂ ਭਾਵੇਂ ਜਿੱਤ ਜਾਂਦੇ ਓ ਪਰ ਉਸ ਸਾਥੀ ਨੂੰ ਹਮੇਸ਼ਾ ਲਈ ਗਵਾ ਦਿੰਦੇ ਓ। ਹਾਲਾਤ ਇਹ ਹਨ ਕਿ ਸੋਸ਼ਲ ਮੀਡੀਆ ਦੇ ਝਗੜੇ ਅਕਸਰ ਡਾਂਗਾਂ-ਤਲਵਾਰਾਂ, ਥਾਣਿਆਂ ਤੇ ਅਦਾਲਤਾਂ ਤੀਕ ਅੱਪੜ ਜਾਂਦੇ ਨੇ, ਜਿੰਨਾਂ ਵਿੱਚ ਆਮ ਲੋਕ ਹੀ ਨਹੀਂ ਬਹੁਤ ਵੱਡੀਆਂ ਹਸਤੀਆਂ ਵੀ ਸ਼ਾਮਲ ਨੇ। ਸਾਡੇ ਵਿੱਚੋਂ ਜ਼ਿਆਦਾਤਰ ਲੋਕ, ਸੋਸ਼ਲ ਮੀਡੀਆ ਰੂਪੀ ਨਸ਼ੇ ਦੀ ਲਗਾਤਾਰ ਹੱਦੋਂ ਵੱਧ ਵਰਤੋਂ ਕਰਕੇ ਅਮਲੀ ਬਣ ਚੁੱਕੇ ਨੇ। ਸੋਸ਼ਲ ਮੀਡੀਆ ਕਾਰਨ ਅੱਜ ਸਿਰੇ ਦੇ ਵਿਹਲੇ ਬੰਦੇ ਵੀ ਇੰਨੇ ਕੁ ਮਸਰੂਫ਼ ਹਨ ਕਿ ਚੱਲਦੇ ਮੋਟਰਸਾਈਕਲਾਂ ਤੱਕ ’ਤੇ ਸਟੇਟਸ ਅਪਡੇਟ ਕਰਦੇ ਰਹਿੰਦੇ ਹਨ। ਇਸ ਖ਼ਬਤ ਕਾਰਨ ਪਰਿਵਾਰ ਦੇ ਮੈਂਬਰਾਂ ’ਚ ਦੂਰੀ ਲਗਾਤਾਰ ਬਹੁਤ ਜ਼ਿਆਦਾ ਵਧ ਰਹੀ ਹੈ।

ਆਖ਼ਰ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਸਾਨੂੰ ਸੋਸ਼ਲ ਮੀਡੀਆ ਦੀ ਵਰਤੋਂ ਬੰਦ ਈ ਕਰ ਦੇਣੀ ਚਾਹੀਦੀ ਹੈ? ਨਹੀਂ। ਦੁਨੀਆ ਦੇ ਨਾਲ ਚੱਲਣ ਲਈ ਇਹ ਸਮੇਂ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ ਪਰ ਇਸ ਦੀ ਹੱਦੋਂ ਵੱਧ, ਅਨੈਤਿਕ ਤੇ ਲਾਪ੍ਰਵਾਹੀ ਨਾਲ ਕੀਤੀ ਵਰਤੋਂ/ਦੁਰਵਰਤੋਂ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਸਬੰਧੀ ਜਿੱਥੇ ਸਰਕਾਰ ਨੂੰ ਹੋਰ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ, ਉਥੇ ਹੀ ਸਾਨੂੰ ਵੀ ਆਪਣੇ ਸਮਝ ਤੇ ਚੌਕਸੀ ਨਾਲ ਸਾਇੰਸ ਦੀ ਇਸ ਲਾਸਾਨੀ ਕਾਢ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਆਓ, ਅੱਜ ਤੋਂ ਹੀ ਸੋਸ਼ਲ ਮੀਡੀਆ ਦੀ ਸੀਮਤ ਤੇ ਬਾਜ਼ਬਤ ਵਰਤੋਂ ਦਾ ਪ੍ਰਣ ਲਈਏ।

*ਪਿੰਡ ਖੂਈ ਖੇੜਾ, ਫਾਜ਼ਿਲਕਾ।
ਸੰਪਰਕ: 98727-05078

Source link