ਅਸ਼ਵਨੀ ਕੁਮਾਰ ਪੰਡੋਰੀ

ਸਾਡੇ ਆਲੇ ਦੁੁਆਲੇ ਕਈ ਖ਼ੂਬਸੂਰਤ ਇਮਾਰਤਾਂ ਸਦੀਆਂ ਪਹਿਲਾਂ ਵਰਤੀ ਤਕਨੀਕ ਬਾਰੇ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ। ਸਦੀਆਂ ਬੀਤਣ ਦੇ ਬਾਵਜੂਦ ਅਡੋਲ ਖੜ੍ਹੀਆਂ ਇਨ੍ਹਾਂ ਇਮਾਰਤਾਂ ਨੂੰ ਦੇਖ ਕੇ ਕੁਦਰਤ ਅਤੇ ਕਲਾ ਨੂੰ ਪਿਆਰ ਕਰਨ ਵਾਲੇ ਲੋਕ ਅਚੰਭਿਤ ਹੋ ਜਾਂਦੇ ਹਨ। ਬਾਥੂ ਦੀ ਲੜੀ ਦੇ ਮੰਦਿਰ ਅਜਿਹੀ ਇਮਾਰਤਸਾਜ਼ੀ ਦੀ ਮਿਸਾਲ ਹਨ। ਬਾਥੂ ਦੇ ਪੱਥਰਾਂ ਤੋਂ ਬਣੀ ਇਹ ਲੜ੍ਹੀ ਪਾਣੀ ਦੇ ਪੈਂਦੇ ਝਲਕਾਰੇ ਨਾਲ ਮਨ ਨੂੰ ਪੁਰਾਤਨ ਸਭਿਅਤਾ ਵੱਲ ਖਿਚਦੀ ਹੈ।

InterServer Web Hosting and VPS

ਹੈਰਾਨੀ ਦੀ ਗੱਲ ਹੈ ਕਿ ਇਸ ਲੜੀ ਦਾ ਮਕਸਦ ਭਾਵੇਂ ਜੋ ਵੀ ਹੋਵੇ, ਪਰ ਇਸ ਨੂੰ ਉਸਾਰਨ ਲਈ ਵਰਤੀ ਗਈ ਸਮੱਗਰੀ ਅਤੇ ਤਕਨੀਕ ਲੂ ਕੰਡੇ ਖੜ੍ਹੀ ਕਰਦੀ ਹੈ। ਕਈ ਸਦੀਆਂ ਦੇ ਤੂਫ਼ਾਨ, ਭੁਚਾਲ ਅਤੇ ਹੋਰ ਕੁਦਰਤੀ ਕਹਿਰਾਂ ਨੂੰ ਝਲਦੀ ਇਹ ਖ਼ੂਬਸੂਰਤ ਲੜੀ ਅਜੇ ਵੀ ਕਾਇਮ ਹੈ। ਬੰਨ੍ਹ ਬਣਨ ਨਾਲ ਇਸ ਦੇ ਆਲੇ-ਦੁਆਲੇ ਬਣੇ ਜਜ਼ੀਰੇ ਇਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ।

ਬਾਥੂ ਦਾ ਸਾਗ ਪੰਜਾਬ ਦੇ ਪਿੰਡਾਂ ਵਿਚ ਦੇਖਣ ਨੂੰ ਮਿਲਦਾ ਹੈ। ਬਾਥੂ ਦੀ ਖੀਰ, ਬਾਥੁੂ ਦਾ ਹਲਵਾ ਅਤੇ ਬਾਥੂ ਦੇ ਪਕੌੜੇ ਕਾਂਗੜਾ ਜ਼ਿਲ੍ਹੇ ਦੇ ਜਵਾਲੀ ਇਲਾਕੇ ਵਿਚ ਆਮ ਮਿਲ ਜਾਣਗੇ। ਬਾਥੂ ਦੀ ਲੜੀ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿਚ ਜਸੂਰ ਤੋਂ ਸਤਾਈ ਕਿਲੋਮੀਟਰ ਦੂਰ, ਜਵਾਲੀ ਤੋਂ ਸੱਤ ਕਿਲੋਮੀਟਰ ਅਤੇ ਪੌਂਗ ਬੰਨ੍ਹ ਪਿੱਛੇ ਇਕੱਠੇ ਕੀਤੇ ਪਾਣੀ ਰਾਹੀਂ ਬਣੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿਚ ਫਰਵਰੀ ਤੋਂ ਮਈ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਤਕ ਦਿਖਾਈ ਦਿੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੌਂਗ ਡੈਮ ਬਣਨ ਤੋਂ ਲੈ ਕੇ ਹੁਣ ਤੱਕ ਸਾਲ ਦੇ ਜ਼ਿਆਦਤਰ ਮਹੀਨੇ ਪਾਣੀ ਵਿਚ ਰਹਿਣ ਦੇ ਬਾਵਜੂਦ ਇਨ੍ਹਾਂ ਸਮਾਰਕਾਂ ਨੂੰ ਕੋਈ ਖ਼ਾਸ ਨੁਕਸਾਨ ਨਹੀਂ ਹੋਇਆ। ਬਰਸਾਤ ਦੇ ਦਿਨਾਂ ਵਿਚ ਜਾਂ ਜਦੋਂ ਝੀਲ ਲਬਾਲਬ ਭਰੀ ਹੁੰਦੀ ਹੈ ਤਾਂ ਇਨ੍ਹਾਂ ਦਾ ਕੁਝ ਕੁ ਉਪਰਲਾ ਹਿੱਸਾ ਹੀ ਦਿਖਾਈ ਦਿੰਦਾ ਹੈ।

ਇਹ ਮੰਦਿਰਾਂ ਦੀ ਲੜੀ ਕਈ ਸਦੀਆਂ ਪੁਰਾਣੀ ਹੈ। ਕੁਝ ਮੁਕਾਮੀ ਲੋਕ ਇਸ ਨੂੰ ਪਾਂਡਵਾਂ ਨਾਲ ਵੀ ਜੋੜਦੇ ਹਨ। ਕਿਹਾ ਜਾਂਦਾ ਹੈ ਕਿ ਜਦੋਂ ਪਾਂਡਵ ਆਪਣੇ ਅੰਤਿਮ ਪੜਾਅ ਵੱਲ ਵਧ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਨੇ ਇੱਥੇ ਇਸ ਮੰਦਿਰ ਸਮੂਹ ਦਾ ਨਿਰਮਾਣ ਕਰਵਾਇਆ ਸੀ। ਸਭ ਤੋਂ ਉੱਚੇ ਸਤੰਭ ਦੀਆਂ ਪੌੜੀਆਂ ਉਪਰ ਵੱਲ ਜਾਂਦੀਆਂ ਹਨ। ਦੰਦਕਥਾ ਮੁਤਾਬਿਕ ਇਹ ਸ਼ਾਇਦ ਸਵਰਗ ਪੁੱਜਣ ਲਈਦ ਬਣਾਈਆਂ ਗਈਆਂ ਹੋਣ, ਪਰ ਇਸ ਵਿਚ ਨਾਕਾਮ ਰਹਿਣ ਕਾਰਨ  ਇਸ ਨੂੰ ਇੱਥੇ ਹੀ ਛੱਡ ਦਿੱਤਾ ਗਿਆ ਹੋਵੇ। ਹਰ ਇਕ ਪਾਂਡਵ ਦੇ ਪੂਜਾ ਕਰਨ ਲਈ ਅਲੱਗ ਮੰਦਿਰ ਹੈ। ਮੁੱਖ ਮੰਦਿਰ ਸ਼ਿਵ ਅਤੇ ਪਾਰਵਤੀ ਜੀ ਦਾ ਹੈ। ਇਸ ਤੋਂ ਇਲਾਵਾ ਬ੍ਰਹਮਾ ਅਤੇ ਸ਼ੇਸ਼ਨਾਗ ’ਤੇ ਬੈਠੇ ਭਗਵਾਨ ਵਿਸ਼ਨੂੰ ਦੀ ਮੂਰਤੀ ਹੈ। ਮੰਦਿਰਾਂ ਦੇ ਬਾਹਰ ਕਾਲੀ ਮਾਤਾ, ਗਣੇਸ਼ ਅਤੇ ਹੋਰ ਦੇਵਤਿਆਂ ਦੀਆਂ ਮੂਰਤੀਆਂ ਵੀ ਹਨ। ਖ਼ਾਸ ਗੱਲ ਇਹ ਹੈ ਕਿ ਇਸ ਬਾਥੂ ਦੀ ਲੜੀ ਦੇ ਮੰਦਿਰਾਂ ਦੇ ਬਹੁਤ ਸਾਰੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅਜੇ ਵੀ ਸਹੀ ਹਾਲਤ ਵਿਚ ਬਰਕਰਾਰ ਦਿਖਾਈ ਦਿੰਦੀਆਂ ਹਨ। ਦੂਜੇ ਪਾਸੇ ਕੁਝ ਲੋਕ ਕਹਿੰਦੇ ਹਨ ਕਿ ਇਹ ਮੰਦਿਰ ਲੜੀ ਇੱਥੋਂ ਦੇ ਸਥਾਨਕ ਰਾਜੇ ਨੇ ਸਦੀਆਂ ਪਹਿਲਾਂ ਤਿਆਰ ਕਰਵਾਈ ਸੀ। ਪੌੜੀਆਂ ਵਾਲਾ ਸਤੰਭ ਇਸ ਦੀ ਦੇਖ-ਰੇਖ ਲਈ ਬਣਾਇਆ ਸੀ। ਬੰਨ੍ਹ ਬਣਨ ਤੋਂ ਪਹਿਲਾਂ ਵੀ ਇਹ ਇਲਾਕਾ ਜੰਗਲੀ ਬਾਥੂ ਅਤੇ ਹੋਰ ਜੜ੍ਹੀ ਬੂਟੀਆਂ ਨਾਲ ਹਰਿਆ ਭਰਿਆ ਨਜ਼ਰ ਆਉਂਦਾ ਸੀ।

ਪਾਣੀ ਦਾ ਪੱਧਰ ਨੀਵਾਂ ਹੋਣ ’ਤੇ ਇੱਥੇ ਰੌਣਕ ਪਰਤ ਆਉਂਦੀ ਹੈ। ਕਰੀਬ ਕਰੀਬ ਪੰਜ ਕਿਲੋਮੀਟਰ ਕੱਚੇ ਰਸਤੇ ਰਾਹੀਂ ਇੱਥੇ ਪਹੁੰਚਿਆ ਜਾ ਸਕਦਾ ਹੈ। ਬਾਂਸ ਦੇ ਜੰਗਲ ਇਸ ਦੀ ਖ਼ੂਬਸੂਰਤੀ ਵਧਾਉਂਦੇ ਹਨ। ਸਥਾਨਕ ਲੋਕ ਪਾਣੀ ਘਟਣ ਉਪੰਰਤ ਕੁਝ ਮਹੀਨੇ ਖੇਤੀਬਾੜੀ ਵੀ ਕਰ ਲੈਂਦੇ ਹਨ।

ਰੈਨੇਸਰ ਟਾਪੂ ਤੋਂ ਕਿਸ਼ਤੀ ਰਾਹੀਂ ਇੱਥੇ ਪਹੁੰਚਿਆ ਜਾ ਸਕਦਾ ਹੈ। ਤੁਸੀਂ ਕੁਦਰਤ ਦੇ ਨੇੜੇ ਹੋ ਕੇ ਇੱਥੇ ਬਣੀਆਂ ਦੋ ਤਿੰਨ ਦੁਕਾਨਾਂ ਤੋਂ ਚਾਹ ਨਾਸ਼ਤੇ ਦਾ ਲੁਤਫ਼ ਵੀ ਲੈ ਸਕਦੇ ਹੋ। ਹਿਮਾਚਲ ਸਰਕਾਰ ਦਾ ਰੈਸਟ ਹਾਊਸ ਰਹਿਣ ਲਈ ਮਿਲ ਜਾਂਦਾ ਹੈ। ਝੀਲ ਵਿਚੋਂ ਦਿਖਾਈ ਦਿੰਦੀ ਇਹ ਲੜੀ ਮਨ ਨੂੰ ਮੋਹ ਲੈਂਦੀ ਹੈ।

ਦੂਰ ਦੂਰ ਤੱਕ ਫੈਲਿਆ ਝੀਲ ਦਾ ਪਾਣੀ ਸੋਹਣਾ ਦ੍ਰਿਸ਼ ਪੇਸ਼ ਕਰਦਾ ਹੈ। ਤਲਵਾੜੇ ਤੋਂ ਵਾਇਆ ਟੈਰਸ, ਪੌਂਗ ਬੰਨ੍ਹ, ਇਸ ਦੀ ਦੂਰੀ ਮਹਿਜ਼ ਚਾਲੀ 42 ਕਿਲੋਮੀਟਰ ਹੈ। ਪੌਂਗ ਬੰਨ੍ਹ ਤੋਂ ਝੀਲ ਦਾ ਨਜ਼ਾਰਾ ਵੀ ਮੰਤਰ ਮੁਗਧ ਕਰਦਾ ਹੈ। ਬਿਆਸ ਦਰਿਆ ’ਤੇ ਬਣੇ ਇਸ ਬੰਨ੍ਹ ਦੀ ਆਪਣੀ ਮਹੱਤਤਾ ਹੈ। ਪੌਂਗ ਬੰਨ੍ਹ ਬਣਨ ਕਾਰਟ ਹੀ ਇਹ ਲੜੀ ਪਾਣੀ ਵਿਚ ਸਮਾਈ ਹੈ। 133 ਮੀਟਰ ਉੱਚਾ ਅਤੇ 1951 ਮੀਟਰ ਲੰਬਾ ਇਹ ਬੰਨ੍ਹ ਭਾਰਤ ਵਿਚ ਆਪਣੀ ਤਰ੍ਹਾਂ ਦਾ ਇਕੋ ਇਕ ਮਿੱਟੀ ਵਾਲਾ, ਜਿਸ ਨੂੰ ਕੱਚਾ ਬੰਨ੍ਹ ਵੀ ਕਹਿੰਦੇ ਨੇ, ਬਿਆਸ ਦਰਿਆ ’ਤੇ ਬਣਿਆ ਮਨੁੱਖ ਨਿਰਮਿਤ ਅਜੂਬਾ ਹੈ। ਇਸ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ਼ ਵਿਚ ਬਾਥੂ ਦੀ ਲੜੀ ਤੋਂ ਇਲਾਵਾ ਤਕਰੀਬਨ 339 ਪਿੰਡ ਵੀ ਸਮਾਏ ਹੋਏ ਹਨ। 1974 ਵਿਚ ਬਣੇ ਇਸ ਬੰਨ੍ਹ ਨੇ ਉਜਾੜੇ ਦੇ ਨਾਲ ਨਾਲ ਕਈ ਕੁਝ ਨਵਾਂ ਵੀ ਸਿਰਜ ਦਿੱਤਾ ਹੈ। ਕੁਦਰਤ ਪ੍ਰੇਮੀਆਂ ਅਤੇ ਪੰਛੀ ਪ੍ਰੇਮੀਆਂ ਲਈ ਇਹ ਥਾਂ ਮਨ ਨੂੰ ਸਕੂਨ ਪ੍ਰਦਾਨ ਕਰਨ ਲਈ ਬਿਲਕੁਲ ਢੁਕਵੀਂ ਹੈ ਕਿਉਂਕਿ ਇਹ ਝੀਲ ਪਰਵਾਸੀ ਪੰਛੀਆਂ ਦੇ ਰਾਹ ਵਿਚ ਹੋਣ ਕਾਰਨ ਉਹ ਇੱਥੇ ਕਈ ਕਈ ਦਿਨ ਰੁਕ ਕੇ ਅੱਗੇ ਜਾਂਦੇ ਹਨ। ਤਕਰੀਬਨ 200 ਪ੍ਰਜਾਤੀਆਂ ਦੇ ਪੰਛੀ ਇਸ ਝੀਲ ਦੇ ਪਾਣੀ ਵਿਚ ਅਠਖੇਲੀਆਂ ਕਰਦੇ ਦੇਖੇ ਜਾ ਸਕਦੇ ਹਨ। ਇਹ ਪੰਛੀਆਂ ਦੀ ਰੱਖ ਵਜੋਂ ਵੀ ਜਾਣਿਆ ਜਾਂਦਾ ਹੈ।

ਇੱਥੋਂ ਥੋੜ੍ਹੀ ਦੂਰ ਇਕ ਹੋਰ ਖ਼ੂਬਸੂਰਤ ਮੰਦਿਰ ਹੈ। ਇਸ ਤੋਂ ਇਲਾਵਾ ਇਸ ਇਲਾਕੇ ਵਿਚ ਹੋਰ ਵੀ ਕਈ ਥਾਵਾਂ ਦੇਖਣਯੋਗ ਹਨ।

ਸੰਪਰਕ: 94179-48146

Source link