ਹਰਜੀਤ ਸਿੰਘ
ਜ਼ੀਰਕਪੁਰ, 21 ਅਪਰੈਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਪੁਰਬ ਮੌਕੇ ਪਟਿਆਲਾ ਰੋਡ ਸਥਿਤ ਗੁਰਦੁਆਰਾ ਨਾਭਾ ਸਾਹਿਬ ਵਿੱਚ ਮੱਥਾ ਟੇਕਿਆ ਤੇ ਸੰਗਤ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਮਗਰੋਂ ਉਨ੍ਹਾਂ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਗੁਰਦੁਆਰੇ ਦੇ ਹੈੱਡ ਗ੍ਰੰਥੀ ਦਲੇਰ ਸਿੰਘ ਤੇ ਮੈਨੇਜਰ ਰਣਜੀਤ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਮੈਨੇਜਰ ਰਣਜੀਤ ਸਿੰਘ ਦੇ ਕਮਰੇ ਵਿੱਚ ਜਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੁਝ ਸ਼ਰਾਰਤੀ ਅਨਸਰ ਸੂਬੇ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ, ਜਿਸ ਲਈ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਅਫਵਾਹਾਂ ਤੋਂ ਬਚਦੇ ਹੋਏ ਏਕਤਾ ਕਾਇਮ ਰੱਖੀ ਜਾਵੇ। ਸ੍ਰੀ ਮਾਨ ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਣ ਲੱਗੇ ਤਾਂ ਉਥੇ ਹਾਜ਼ਰ ਸੰਗਤ ਨੇ ਉਨ੍ਹਾਂ ਨਾਲ ਸੈਲਫੀ ਖਿਚਵਾਉਣ ਦੀ ਮੰਗ ਕੀਤੀ, ਜਿਸ ਮਗਰੋਂ ਸ੍ਰੀ ਮਾਨ ਨੇ ਸੰਗਤ ਨੂੰ ਨੇੜੇ ਬੁਲਵਾ ਕੇ ਸੈਲਫੀ ਖਿੱਚਵਾਈ। ਮੁੱਖ ਮੰਤਰੀ ਦੀ ਆਮਦ ਸਬੰਧੀ ਗੁਰਦੁਆਰੇ ਵਿੱਚ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਇਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਨੇ ਖ਼ੁਦ ਸੁਰੱਖਿਆ ਦੀ ਕਮਾਂਡ ਸੰਭਾਲੀ ਹੋਈ ਸੀ। ਇਸ ਮੌਕੇ ਪ੍ਰਸ਼ਾਸਨ ਵੱਲੋਂ ਡੀਸੀ ਮੁਹਾਲੀ ਅਮਿਤ ਤਲਵਾਰ, ਐੱਸਡੀਐੱਮ ਡੇਰਾਬੱਸੀ ਸਵਾਤੀ ਟਿਵਾਣਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਸੰਤ ਰਾਮ ਉਦਾਸੀ ਦੇ ਨਾਮ ’ਤੇ ਲਾਇਬ੍ਰੇਰੀ ਬਣਾਉਣ ਦਾ ਐਲਾਨ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਅੱਜ ਪੰਜਾਬ ਦੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਗਵੰਤ ਮਾਨ ਨੇ ਮਰਹੂਮ ਕਵੀ ਦੇ ਜੱਦੀ ਪਿੰਡ ਰਾਇਸਰ (ਮਹਿਲਕਲਾਂ) ਜ਼ਿਲ੍ਹਾ ਬਰਨਾਲਾ ਵਿੱਚ ਸੰਤ ਰਾਮ ਉਦਾਸੀ ਦੇ ਨਾਮ ’ਤੇ ਇਕ ਵਿਸ਼ਾਨ ਲਾਇਬ੍ਰੇਰੀ ਬਣਾਉਣ ਦਾ ਐਲਾਨ ਕੀਤਾ।

Source link