ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 21 ਨਵੰਬਰ

ਪੰਜਾਬ ਸਰਕਾਰ ਨੇ ਸੁੱਚਾ ਸਿੰਘ ਖੱਟੜਾ, ਪ੍ਰੋ. ਭੀਮ ਇੰਦਰ ਸਿੰਘ ਅਤੇ ਆਨੰਦ ਪ੍ਰਕਾਸ਼ ਸ਼ਰਮਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਕਾਦਮਿਕ ਕੌਂਸਲ ਦੇ ਮੈਂਬਰ ਨਾਮਜ਼ਦ ਕੀਤਾ ਹੈ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਸੁੱਚਾ ਸਿੰਘ ਖੱਟੜਾ ਰੂਪਨਗਰ ਜ਼ਿਲ੍ਹੇ ਦੇ ਆਨੰਦਪੁਰ ਸਾਹਿਬ ਬਲਾਕ ਦੇ ਸਰਕਾਰੀ ਹਾਈ ਸਕੂਲ ਦਸਗਰਾਈ ਤੋਂ ਸਮਾਜਿਕ ਸਿੱਖਿਆ ਅਧਿਆਪਕ ਵਜੋਂ ਸੇਵਾਮੁਕਤ ਹੋਏ ਹਨ ਜੋ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ 12 ਸਾਲ ਜਨਰਲ ਸਕੱਤਰ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਇਜ਼ ਯੂਨੀਅਨ ਦੇ ਵਾਈਸ ਚੇਅਰਮੈਨ ਵੀ ਰਹੇ ਹਨ। ਪ੍ਰੋ. ਭੀਮ ਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਉਣ ਦੇ ਨਾਲ-ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਚੇਅਰਮੈਨ ਵੀ ਹਨ। ਤੀਜੇ ਮੈਂਬਰ ਆਨੰਦ ਪ੍ਰਕਾਸ਼ ਸ਼ਰਮਾ ਪਿਛਲੇ 30 ਸਾਲਾਂ ਤੋਂ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਹਨ। ਉਹ ਕੁੰਦਨ ਵਿਦਿਆ ਮੰਦਿਰ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾਅ ਰਹੇ ਹਨ ਜਿਨ੍ਹਾਂ ਨੂੰ ਸੀਬੀਐੱਸਈ, ਯੂਨੈਸਕੋ, ਦਿੱਲੀ ਕਮਿਸ਼ਨ ਫ਼ਾਰ ਵਿਮੈਨ ਤੇ ਰਾਸ਼ਟਰਪਤੀ ਕੋਲੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਐਵਾਰਡ ਮਿਲ ਚੁੱਕੇ ਹਨ।

Source link