ਜੌਹਰ(ਮਲੇਸ਼ੀਆ): ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਰਾਊਂਡ ਰੌਬਿਨ ਗੇੜ ਵਿੱਚ ਦੂਜੀ ਥਾਵੇਂ ਰਹਿ ਕੇ ਸੁਲਤਾਨ ਜੌਹਰ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਦਾਖ਼ਲ ਹੋ ਗਈ ਹੈ। ਖਿਤਾਬੀ ਮੁਕਾਬਲੇ ’ਚ ਉਸ ਦਾ ਟਾਕਰਾ ਆਸਟਰੇਲੀਆ ਨਾਲ ਹੋਵੇਗਾ। ਭਾਰਤ ਨੇ ਅੱਜ ਟੂਰਨਾਮੈਂਟ ਦਾ ਆਪਣਾ ਆਖਰੀ ਰਾਊਂਡ ਰੌਬਿਨ ਲੀਗ ਮੈਚ ਗ੍ਰੇਟ ਬ੍ਰਿਟੇਨ ਨਾਲ 5-5 ਦੇ ਸਕੋਰ ਨਾਲ ਡਰਾਅ ਖੇਡਿਆ। ਭਾਰਤੀ ਟੀਮ ਦੇ ਪੰਜ ਮੈਚਾਂ ਵਿੱਚ ਅੱਠ ਅੰਕ ਸਨ ਤੇ ਟੀਮ, ਆਸਟਰੇਲੀਆ (ਪੰਜ ਮੈਚਾਂ ਵਿੱਚ 13 ਅੰਕ) ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਭਾਰਤ ਵੱਲੋਂ ਪੂਵੰਨਾ ਸੀਬੀ (7ਵੇਂ ਮਿੰਟ), ਅਮਨਦੀਪ (50ਵੇਂ ਮਿੰਟ), ਅਰਿਜੀਤ ਸਿੰਘ ਹੁੰਦਲ (53ਵੇਂ ਮਿੰਟ) ਤੇ ਸ਼ਾਰਦਾ ਨੰਦ ਤਿਵਾੜੀ (56ਵੇਂ ਤੇ 58ਵੇਂ ਮਿੰਟ) ਵਿੱਚ ਜਦੋਂਕਿ ਗ੍ਰੇਟ ਬ੍ਰਿਟੇਨ ਲਈ ਮੈਕਸ ਐਂਡਰਸਨ (ਪਹਿਲੇ ਤੇ 10ਵੇਂ), ਹੈਰੀਸਨ ਸਟੋਨ (42ਵੇਂ ਮਿੰਟ) ਤੇ ਜਾਮੀ ਗੋਲਡਨ (54ਵੇਂ ਤੇ 56ਵੇਂ) ਨੇ ਗੋਲ ਕੀਤੇ। ਆਸਟਰੇਲੀਆ ਨੇ ਵੀ ਅੱਜ ਆਪਣੇ ਆਖਰੀ ਲੀਗ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ 6-1 ਦੀ ਸ਼ਿਕਸਤ ਦਿੱਤੀ ਸੀ। -ਪੀਟੀਆਈ

Source link