ਜਲੰਧਰ: ਦੇਸ਼ ਦਾ ਵੱਕਾਰੀ 38ਵਾਂ ਸੁਰਜੀਤ ਹਾਕੀ ਟੂਰਨਾਮੈਂਟ 23 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ-ਕਮ-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 9 ਰੋਜ਼ਾ ਟੂਰਨਾਮੈਂਟ ਦਾ ਫਾਈਨਲ 31 ਅਕਤੂਬਰ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ਲੀਗ-ਕਮ-ਨਾਕਆਊਟ ਆਧਾਰ ’ਤੇ ਖੇਡਿਆ ਜਾਵੇਗਾ। 12 ਟੀਮਾਂ ਨੂੰ ਤਿੰਨ-ਤਿੰਨ ਟੀਮਾਂ ’ਤੇ ਆਧਾਰਿਤ ਚਾਰ ਪੂਲਾਂ ਵਿੱਚ ਵੰਡਿਆ ਗਿਆ ਹੈ। ਹਰੇਕ ਪੂਲ ਵਿੱਚੋਂ ਚੋਟੀ ਦੀਆਂ ਚਾਰ ਟੀਮਾਂ 30 ਅਕਤੂਬਰ ਨੂੰ ਹੋਣ ਵਾਲੇ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਸ੍ਰੀ ਥੋਰੀ ਨੇ ਦੱਸਿਆ ਕਿ ਟੂਰਨਾਮੈਂਟ ਆਰਮੀ ਐਸਟ੍ਰੋਟਰਫ ਹਾਕੀ ਮੈਦਾਨ ਕਟੋਚ ਸਟੇਡੀਅਮ, ਜਲੰਧਰ ਛਾਉਣੀ ਵਿੱਚ ਖੇਡਿਆ ਜਾਵੇਗਾ। ਨਵ-ਨਿਯੁਕਤ ਕੈਬਨਿਟ ਮੰਤਰੀ ਅਤੇ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਓਲੰਪੀਅਨ ਪ੍ਰਗਟ ਸਿੰਘ ਅਨੁਸਾਰ ਚੈਂਪੀਅਨ ਟੀਮ ਨੂੰ ਪੰਜ ਲੱਖ ਰੁਪਏ ਦਾ ਇਨਾਮ ਮਿਲੇਗਾ, ਜੋ ਪ੍ਰਸਿੱਧ ਖੇਡ ਪ੍ਰਮੋਟਰ, ਐੱਨਆਰਆਈ ਅਤੇ ਗਾਖਲ ਗਰੁੱਪ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਵੱਲੋਂ ਸਪਾਂਸਰ ਕੀਤਾ ਗਿਆ ਹੈ। ਇਸੇ ਤਰ੍ਹਾਂ ਉਪ ਜੇਤੂ ਟੀਮ ਨੂੰ ਢਾਈ ਲੱਖ ਰੁਪਏ ਦਾ ਇਨਾਮ ਮਿਲੇਗਾ, ਜੋ ਸੰਤ ਬਾਬਾ ਤਰਲੋਕ ਸਿੰਘ ਸਤਸੰਗ ਘਰ ਕਾਹਨਾਂ ਢੇਸੀਆਂ ਵੱਲੋਂ ਸਪਾਂਸਰ ਕੀਤਾ ਗਿਆ ਹੈ। ਟੂਰਨਾਮੈਂਟ ਦੇ ਸਰਬੋਤਮ ਖਿਡਾਰੀ ਨੂੰ ਮਹਿੰਦਰ ਸਿੰਘ ਟੁੱਟ ਮੈਮੋਰੀਅਲ ਐਵਾਰਡ ਦੇ ਨਾਲ 51,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਟੂਰਨਾਮੈਂਟ ਦੇ ਆਖ਼ਰੀ ਦਿਨ 31 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੇਤੂ ਟੀਮਾਂ ਨੂੰ ਇਨਾਮ ਵੰਡਣਗੇ। 30 ਅਕਤੂਬਰ ਨੂੰ ਸੈਮੀਫਾਈਨਲ ਵਾਲੇ ਦਿਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮਹਿਮਾਨ ਹੋਣਗੇ। -ਨਿੱਜੀ ਪੱਤਰ ਪ੍ਰੇਰਕ

InterServer Web Hosting and VPS

Source link