ਬੀ.ਐੱਸ. ਚਾਨਾ

ਸ੍ਰੀ ਆਨੰਦਪੁਰ ਸਾਹਿਬ, 17 ਅਪਰੈਲ

ਇੱਥੇ ਅੱਜ ਸੁਪਰ ਸਿੱਖਸ ਵੱਲੋਂ ਮੈਰਾਥਨ ਕਰਵਾਈ ਗਈ ਜਿਸ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ 111 ਸਾਲਾ ਫੌਜਾ ਸਿੰਘ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਵੱਖ-ਵੱਖ ਸੂਬਿਆਂ ਤੋਂ ਆਏ ਇਕ ਹਜ਼ਾਰ ਦੇ ਕਰੀਬ ਦੌੜਾਕਾਂ ਨੇ ਮੈਰਾਥਨ ਵਿੱਚ ਹਿੱਸਾ ਲਿਆ। ਸੁਪਰ ਸਿੱਖਸ ਵੱਲੋਂ ਕਰਵਾਈ ਗਈ ਇਸ ਮੈਰਾਥਨ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਸਭ ਤੋਂ ਪਹਿਲਾਂ 42 ਕਿਲੋਮੀਟਰ, ਫਿਰ 21, 10 ਤੇ ਪੰਜ ਕਿਲੋਮੀਟਰ ਦੀ ਦੌੜ ਕਰਵਾਈ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੁਪਰ ਸਿੱਖਸ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਗੁਰੂ ਨਗਰੀ ਵਿੱਚ ਅਜਿਹੀ ਵੱਡੀ ਪੱਧਰ ਦੀ ਮੈਰਾਥਨ ਕਰਵਾਉਣੀ ਕਾਫੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਅਲਾਮਤਾਂ ਤੋਂ ਬਚਾਉਣ ਲਈ ਅਜਿਹੀਆਂ ਦੌੜਾਂ ਕਰਵਾਈਆਂ ਜਾਣ ਤਾਂ ਜੋ ਤੰਦਰੁਸਤ ਸਮਾਜ ਬਣਾਇਆ ਜਾ ਸਕੇ। ਕੈਬਨਿਟ ਮੰਤਰੀ ਨੇ ਕਿਹਾ, ‘‘111 ਸਾਲਾ ਫੌਜਾ ਸਿੰਘ ’ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਤੋਂ ਸੇਧ ਲੈ ਕੇ ਸਾਨੂੰ ਵੀ ਅਜਿਹੀਆਂ ਮੱਲਾਂ ਮਾਰਨੀਆਂ ਚਾਹੀਦੀਆਂ ਹਨ।’’

ਇਸ ਦੌਰਾਨ ਕਰਵਾਈ ਗਈ 42 ਕਿਲੋਮੀਟਰ ਦੀ ਦੌੜ ਨਿਸ਼ੂ ਕੁਮਾਰ ਨੇ 2 ਘੰਟੇ 38 ਮਿੰਟ 44 ਸਕਿੰਟ ਵਿੱਚ ਪੂਰੀ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਵਿੱਚੋਂ ਤਾਮਿਲਾ ਬਾਸੂ ਨੇ 3 ਘੰਟੇ 55 ਮਿੰਟ ਤੇ ਛੇ ਸਕਿੰਟ ਵਿੱਚ ਦੌੜ ਪੂਰੀ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਹਾਫ ਮੈਰਾਥਨ 10 ਕਿਲੋਮੀਟਰ ਦੀ ਦੌੜ 34 ਮਿੰਟ 41 ਸਕਿੰਟ ਵਿੱਚ ਪੂਰੀ ਕਰ ਕੇ ਬਾਦਲ ਚੌਧਰੀ ਪਹਿਲੇ ਸਥਾਨ ’ਤੇ ਰਿਹਾ।

ਇਸੇ ਤਰਾਂ ਲੜਕੀਆਂ ਵਿੱਚੋਂ ਨੰਦਨੀ ਨੇ ਇਹ ਦੌੜ 50 ਮਿੰਟ 22 ਸਕਿੰਟ ਵਿੱਚ ਪੂਰੀ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਪੰਜ ਕਿਲੋਮੀਟਰ ਦੀ ਦੌੜ ਅੰਮ੍ਰਿਤ ਕੌਰ ਨੇ 22 ਮਿੰਟ 33 ਸਕਿੰਟ ਵਿੱਚ ਪੂਰੀ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਵਿੱਚੋਂ ਹਰਸ਼ ਮਲਕ ਨੇ 18 ਮਿੰਟ 47 ਸਕਿੰਟ ਵਿੱਚ ਦੌੜ ਪੂਰੀ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਮੈਰਾਥਨ ਵਿੱਚ ਭਾਗ ਲੈਣ ਵਾਲੇ ਸਾਰੇ ਦੌੜਾਕਾਂ ਨੂੰ ਸੁਪਰ ਸਿੱਖਸ ਵੱਲੋਂ ਸ਼ਾਨਦਾਰ ਕਿੱਟ, ਤਗ਼ਮੇ, ਟੀ-ਸ਼ਰਟ ਦਿੱਤੀ ਗਈ ਅਤੇ ਰਿਫਰੈਸ਼ਟਮੈਂਟ ਦਾ ਵੀ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ।

Source link