ਖੇਤਰੀ ਪ੍ਰਤੀਨਿਧ

ਪਟਿਆਲਾ, 5 ਫਰਵਰੀ

ਸਿੱਖਿਆ ਵਿਭਾਗ ਵਿੱਚ ਜਨਵਰੀ 2020 ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪ੍ਰੀਖਿਆ ਰਾਹੀਂ ਭਰਤੀ ਹੋਏ 672 ਹੈੱਡਮਾਸਟਰਾਂ ਵੱਲੋਂ ਸਿੱਖਿਆ ਵਿਭਾਗ ’ਤੇ ਉਨ੍ਹਾਂ ਦਾ ਪਰਖਕਾਲ ਪੂਰਾ ਹੋਣ ਵਿੱਚ ਅੜਿੱਕੇ ਖੜ੍ਹੇ ਕਰਨ ਦਾ ਦੋਸ਼ ਲਾਇਆ ਹੈ। ਜਾਣਕਾਰੀ ਅਨੁਸਾਰ ਪਰਖਕਾਲ ਕਲੀਅਰ ਕਰਕੇ ਸੇਵਾਵਾਂ ਦੀ ਪੁਸ਼ਟੀ ਕਰਨ ਦੇ ਅਧਿਕਾਰ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਸਿੱਖਿਆ) ਕੋਲ ਹੋਣ ਦੇ ਬਾਵਜੂਦ ਇਨ੍ਹਾਂ ਕੇਸਾਂ ਨੂੰ ਡੀਪੀਆਈ ਦਫ਼ਤਰ ਵਿੱਚ ਮੰਗਵਾਇਆ ਜਾ ਰਿਹਾ ਹੈ, ਜਿਸ ਕਾਰਨ ਮਾਮਲਾ ਲਟਕ ਗਿਆ ਹੈ। ਡੀਟੀਐੱਫ ਦੇ ਸੂਬਾਈ ਪ੍ਰਧਾਨ ਵਿਕਰਮਦੇਵ ਸਿੰਘ, ਮੁਕੇਸ਼ ਕੁਮਾਰ, ਅਸ਼ਵਨੀ ਅਵਸਥੀ ਤੇ ਪਵਨ ਕੁਮਾਰ ਨੇ ਇਸ ਵਰਤਾਰੇ ਨੂੰ ਗ਼ੈਰ ਜ਼ਿੰਮੇਵਾਰਾਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਭਰਤੀ ਸਿੱਖਿਆ ਵਿਭਾਗ ਵਿੱਚੋਂ ਹੀ ਹੋਈ ਸੀ ਤੇ ਹਰ ਹੈੱਡਮਾਸਟਰ ਨੇ ਘੱਟੋ-ਘੱਟ ਦਸ ਸਾਲ ਵਿਭਾਗ ’ਚ ਸੇਵਾ ਕੀਤੀ ਹੈ। ਇਸ ਦੇ ਬਾਵਜੂਦ ਕੀ ਹਾਲੇ ਤੱਕ ਵਿਭਾਗ ਇਨ੍ਹਾਂ ਦੀ ਪਰਖ ਨਹੀਂ ਕਰ ਸਕਿਆ ਹੈ।

ਇਸੇ ਪ੍ਰੀਖਿਆ ਰਾਹੀਂ ਭਰਤੀ ਹੋਏ ਪ੍ਰਿੰਸੀਪਲ, ਬੀਪੀਈਓ ਤੇ ਹੈੱਡ ਟੀਚਰਜ਼ ਦਾ ਪਰਖਕਾਲ ਪਹਿਲਾਂ ਹੀ ਪੂਰਾ ਕਰਵਾ ਦਿੱਤਾ ਗਿਆ ਹੈ। ਇਨ੍ਹਾਂ ਹੈੱਡ ਮਾਸਟਰਾਂ ਵਿੱਚੋਂ ਵੱਡੀ ਗਿਣਤੀ ਨੇ 16 ਜਨਵਰੀ 2020 ਨੂੰ ਮੁਹਾਲੀ ਮੁੱਖ ਦਫ਼ਤਰ ਵਿੱਚ ਜੁਆਇਨ ਕਰ ਲਿਆ ਸੀ, ਜਿਸ ਤਹਿਤ ਬੀਤੀ 16 ਜਨਵਰੀ ਨੂੰ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਪਰਖਕਾਲ ਮੁਕੰਮਲ ਕਰਵਾਉਣਾ ਬਣਦਾ ਸੀ, ਪਰ ਵਿਭਾਗ ਦੀ ਦਖਲਅੰਦਾਜ਼ੀ ਕਾਰਨ ਇਹ ਕੰਮ ਲਟਕਾ ਦਿੱਤਾ ਗਿਆ ਹੈ, ਜਿਸ ਦਾ ਅਸਰ ਸਾਲਾਨਾ ਤਰੱਕੀਆਂ ’ਤੇ ਵੀ ਪੈ ਰਿਹਾ ਹੈ। 

Source link