ਪੱਤਰ ਪ੍ਰੇਰਕ

ਨਵੀਂ ਦਿੱਲੀ, 4 ਅਕਤੂਬਰ

InterServer Web Hosting and VPS

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਲੰਘੇ ਕੱਲ੍ਹ ਕਿਸਾਨਾਂ ਉੱਪਰ ਗੱਡੀਆਂ ਚੜ੍ਹਾਉਣ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਸਿੰਘੂ ਬਾਰਡਰ ਉੱਪਰ ਮੌਨ ਮਾਰਚ ਕੱਢਿਆ ਗਿਆ। ਮਾਰਚ ਵਿੱਚ ਸੀਨੀਅਰ ਕਿਸਾਨ ਆਗੂਆਂ ਤੋਂ ਇਲਾਵਾ ਇਲਾਕੇ ਦੇ ਕਿਸਾਨ ਸ਼ਾਮਲ ਹੋਏ। ਮਾਰਚ ਕੇਐੱਫਸੀ ਤੋਂ ਸ਼ੁਰੂ ਹੋਇਆ ਤੇ ਸਿੰਘੂ ਬਾਰਡਰ ਦੇ ਮੁੱਖ ਮੰਚ ਤੱਕ ਪਹੁੰਚਿਆ। ਇਸ ਮਗਰੋਂ ਕਿਸਾਨ ਆਗੂਆਂ ਨੇ ਭਖ਼ਵੀਆਂ ਤਕਰੀਰਾਂ ਕੀਤੀਆਂ ਤੇ ਲਖੀਮਪੁਰ ਖੀਰੀ ਦੀ ਘਟਨਾ ਨੂੰ ਭਾਜਪਾ ਦੀਆਂ ਚੂਲ਼ਾਂ ਹਿਲਾਉਣ ਵਾਲਾ ਕਰਾਰ ਦਿੱਤਾ। ਜਗਜੀਤ ਸਿੰਘ ਡੱਲੇਵਾਲ, ਕੰਵਲਜੀਤ ਸਿੰਘ ਤੇ ਹੋਰ ਆਗੂਆਂ ਨੇ ਉੱਤਰ ਪ੍ਰਦੇਸ਼ ਸਰਕਾਰ ਤੇ ਕੇਂਦਰ ਸਰਕਾਰ ਦੀ ਸਖ਼ਤ ਨਿੰਦਾ ਕੀਤੀ। ਕਿਸਾਨ ਆਗੂ ਜਗਮੋਹਨ ਸਿੰਘ ਤੇ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਵਾਪਰੀਆਂ ਘਟਨਾਵਾਂ ਲਈ ਕੇਂਦਰੀ ਰਾਜ ਮੰਤਰੀ ਦਾ ਪੁੱਤਰ ਤੇ ਸਾਥੀ ਜ਼ਿੰਮੇਵਾਰ ਹਨ। ਮੋਨ ਮਾਰਚ ਦੌਰਾਨ ਕਿਸਾਨਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਸ਼ਮੂਲੀਅਤ ਕੀਤੀ ਤੇ ਆਪਣਾ ਰੋਸ ਪ੍ਰਗਟਾਇਆ।

Source link