ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ

ਸਾਹਿਤ ਅਤੇ ਮਨੁੱਖ ਦਾ ਰਿਸ਼ਤਾ ਬੜਾ ਪੁਰਾਣਾ ਹੈ। ਸਾਹਿਤ ਮਨੁੱਖ ਦੀ ਰੂਹ ਦੀ ਖੁਰਾਕ ਹੁੰਦੀ ਹੈ। ਇਸੇ ਕਰਕੇ ਸਾਹਿਤ ਰਸੀਆ ਹਰ ਪਲ ਨਵੇਂ ਤੋਂ ਨਵੇਂ ਸਾਹਿਤ ਦੀ ਤਲਾਸ਼ ਵਿੱਚ ਰਹਿੰਦਾ ਹੈ। ਸਾਹਿਤ ਸਾਨੂੰ ਇਕੱਲਾ ਗਿਆਨ ਹੀ ਨਹੀਂ ਦੇਂਦਾ ਸਗੋਂ ਸਾਡੇ ਜੀਵਨ ਨਾਲ ਜੁੜੇ ਹਰ ਤਰ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਰਾਹ ਵੀ ਦੱਸਦਾ ਹੈ।

ਇਸੇ ਕਰਕੇ ਅਕਸਰ ਆਖਿਆ ਜਾਂਦਾ ਹੈ ਕਿ ਸਾਹਿਤ ਮਨੁੱਖ ਦਾ ਸਭ ਤੋਂ ਕਰੀਬੀ ਤੇ ਹਿਤੈਸ਼ੀ ਹੈ। ਜ਼ਿੰਦਗੀ ਵਿੱਚ ਦੁਨਿਆਵੀ ਰਿਸ਼ਤੇ ਵਕਤ ਪੈਣ ਉੱਤੇ ਮੁੱਖ ਮੋੜ ਜਾਂਦੇ ਹਨ ਪਰ ਸਾਹਿਤ ਸਦਾ ਹੀ ਮਨੁੱਖ ਦਾ ਮਿੱਤਰ ਬਣਿਆ ਰਹਿੰਦਾ ਹੈ।

ਅਸੀਂ ਜਿਸ ਧਰਤੀ ਦੇ ਵਾਸੀ ਹਾਂ, ਇਸ ਧਰਤੀ ਉੱਤੇ ਵੇਦ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਬਹੁਤ ਸਾਰਾ ਅਜਿਹਾ ਸਾਹਿਤ ਰਚਿਆ ਗਿਆ ਹੈ ਜਿਹੜਾ ਸਾਡੇ ਲਈ ਹਰ ਪਲ ਰਾਹ ਦਿਖਾਉਣ ਦਾ ਯਤਨ ਕਰਦਾ ਹੈ। ਸਾਡਾ ਸ਼ਬਦ ਗੁਰੂ ਹੈ। ਇਸੇ ਕਰਕੇ ਅਸੀਂ ਮਨੁੱਖ ਨਾਲੋਂ ਸ਼ਬਦ ਨੂੰ ਪਹਿਲ ਦਿੰਦੇ ਹਾਂ। ਸ਼ਬਦ ਗੁਰੂ ਸਦਾ ਹੀ ਸਾਨੂੰ ਨਵੇਂ ਦਿਸਹੱਦਿਆਂ ਵੱਲ ਤੋਰਦਾ ਹੈ।

ਜਦੋਂ ਤੋਂ ਅਸੀਂ ਸ਼ਬਦ ਗੁਰੂ ਵੱਲ ਪਿੱਠ ਮੋੜੀ ਹੈ, ਅਸੀਂ ਦੁੱਖਾਂ, ਕਲੇਸ਼ਾਂ ਵਿੱਚ ਉਲਝਦੇ ਜਾ ਰਹੇ ਹਾਂ। ਅਸੀਂ ਕੁਝ ਅਜਿਹੀਆਂ ਵਸਤੂਆਂ ਨੂੰ ਆਪਣਾ ਗੁਰੂ ਬਣਾ ਲਿਆ ਹੈ ਜਿਹੜੀਆਂ ਸਾਨੂੰ ਸੁਖ ਸਹੂਲਤਾਂ ਦੇਣ ਦੀ ਥਾਂ ਅਜਿਹੇ ਝਮੇਲਿਆਂ ਵਿੱਚ ਫਸਾ ਰਹੀਆਂ ਹਨ ਕਿ ਅਸੀਂ ਜ਼ਿੰਦਗੀ ਨਾਲ ਜੁੜੀਆਂ ਕਦਰਾਂ ਕੀਮਤਾਂ ਵੱਲ ਪਿੱਠ ਕਰ ਕੇ ਖੜ੍ਹ ਗਏ ਹਾਂ। ਇਸੇ ਕਰਕੇ ਅਸੀਂ ਕਈ ਅਜਿਹੀਆਂ ਅਲਾਮਤਾਂ ਆਪਣੇ ਗਲ ਪਾ ਲਈਆਂ ਹਨ ਜਿਨ੍ਹਾਂ ਦਾ ਕਿਧਰੇ ਵੀ ਕੋਈ ਹੱਲ ਨਜ਼ਰ ਨਹੀਂ ਆਉਂਦਾ।

ਇਸ ਸਮੇਂ ਅਸੀਂ ਵਿਗਿਆਨ ਤੇ ਤਕਨੀਕ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਵਿਗਿਆਨ ਤੇ ਤਕਨੀਕ ਨੇ ਸਾਰੇ ਸੰਸਾਰ ਨੂੰ ਇੱਕ ਪਿੰਡ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਵਿਸ਼ਵ ਪਿੰਡ ਵਿੱਚ ਅਸਲ ਤੇ ਬੁਨਿਆਦੀ ਪਿੰਡ ਖ਼ਤਮ ਹੋ ਗਿਆ ਜਾਪਦਾ ਹੈ। ਪਿੰਡਾਂ ਨੂੰ ਖ਼ਤਮ ਕਰਕੇ ਅਜਿਹੇ ਵਿਸ਼ਵ ਪਿੰਡ ਨੂੰ ਹੋਂਦ ਵਿੱਚ ਲਿਆਂਦਾ ਜਾ ਰਿਹਾ ਹੈ ਜਿਹੜਾ ਆਮ ਮਨੁੱਖ ਦੀਆਂ ਬੁਨਿਆਦੀ ਲੋੜਾਂ ਨੂੰ ਨਾ ਤਾਂ ਪੂਰਾ ਕਰ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਪੇਸ਼ ਕਰ ਰਿਹਾ ਹੈ।

ਸਾਹਿਤ ਦੀ ਵਗਦੀ ਕੂਲ ਜਦੋਂ ਦੀ ਸਮੁੰਦਰ ਬਣੀ ਹੈ, ਉਦੋਂ ਤੋਂ ਮਨੁੱਖ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਉਹ ਸਮੁੰਦਰ ਵਿੱਚ ਫਿਰਦਾ ਹੈ ਪਰ ਉਸ ਨੂੰ ਆਪਣੀ ਪਿਆਸ ਬੁਝਾਉਣ ਲਈ ਇੱਕ ਘੁੱਟ ਦੀ ਤਲਾਸ਼ ਲਈ ਥਾਂ-ਥਾਂ ਭਟਕਣਾ ਪੈ ਰਿਹਾ ਹੈ।

ਸਾਹਿਤ ਦੇ ਇਸ ਸਮੁੰਦਰ ਵਿੱਚ ਵੱਖ ਵੱਖ ਵੰਨਗੀਆਂ ਦੀਆਂ ਨਹਿਰਾਂ, ਦਰਿਆ ਆ ਕੇ ਜਜ਼ਬ ਹੋ ਰਹੇ ਹਨ। ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿੱਚ ਸਾਹਿਤ ਦੀਆਂ ਪੁਸਤਕਾਂ ਛਪ ਰਹੀਆਂ ਹਨ। ਇਹ ਪੁਸਤਕਾਂ ਆਪਣੇ ਕੋਲੋਂ ਪੈਸੇ ਦੇ ਕੇ ਜਾਂ ਫਿਰ ਵੱਡੇ ਵੱਡੇ ਪ੍ਰਕਾਸ਼ਕਾਂ ਕੋਲੋਂ ਪੈਸੇ ਦੇ ਕੇ ਛਪਵਾ ਰਹੇ ਹਨ। ਇਸ ਛਪ ਰਹੇ ਸਾਹਿਤ ਵਿੱਚ ਮਨੁੱਖ, ਖ਼ਾਸਕਰ ਆਮ ਮਨੁੱਖ ਨਾਲ ਜੁੜੀਆਂ ਤਕਲੀਫ਼ਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਸੇ ਕਰਕੇ ਜ਼ਿੰਦਗੀ ਨਾਲ ਦੋ ਚਾਰ ਹੋ ਰਹੇ ਮਨੁੱਖ ਦੇ ਦੁੱਖਾਂ ਦੀ ਗਾਥਾ ਸਾਹਿਤ ਵਿੱਚੋਂ ਮਨਫ਼ੀ ਹੁੰਦੀ ਜਾ ਰਹੀ ਹੈ। ਸਾਹਿਤ ਅੰਦਰ ਧੜਾ-ਧੜ ਕਵਿਤਾ, ਕਹਾਣੀ, ਨਾਵਲ, ਵਾਰਤਕ ਤੇ ਹਰ ਸਾਹਿਤਕ ਵੰਨਗੀਆਂ ਦੀਆਂ ਕਿਤਾਬਾਂ ਛਪ ਰਹੀਆਂ ਹਨ। ਇਨ੍ਹਾਂ ਵਿੱਚ ਪਿਆਰ, ਜਿਣਸੀ ਸਬੰਧਾਂ, ਆਲਮੀ ਜਾਂ ਫਿਰ ਕੁਝ ਅਜਿਹੇ ਮਸਲਿਆਂ ’ਤੇ ਆਧਾਰਿਤ ਰਚਨਾਵਾਂ ਹੁੰਦੀਆਂ ਹਨ ਜੋ ਮਨੁੱਖ ਨੂੰ ਸ਼ੇਧ ਦੇਣ ਦੀ ਬਜਾਏ ਭੰਬਲਭੂਸੇ ਖੜ੍ਹੇ ਕਰ ਰਹੀਆਂ ਹਨ। ਆਮ ਮਨੁੱਖ ਦੀ ਹਾਲਤ ਚੁਰਾਹੇ ਵਿੱਚ ਖੜ੍ਹੇ ਉਸ ਮਨੁੱਖ ਜਿਹੀ ਹੋ ਜਾਂਦੀ ਹੈ ਜਿੱਥੇ ਮਨੁੱਖ ਤਾਂ ਹਜ਼ਾਰਾਂ ਹਨ ਪਰ ਉਸ ਦੇ ਦੁੱਖਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ। ਉਹ ਚੁਰਾਹੇ ਵਿੱਚ ਪਿਆ ਤੜਫ਼ ਰਿਹਾ ਹੈ। ਉਸ ਕੋਲ ਦੀ ਵੱਡੀਆਂ ਵੱਡੀਆਂ ਮੋਟਰ ਕਾਰਾਂ ਵਿੱਚ ਲੋਕ ਲੰਘੀ ਜਾ ਰਹੇ ਹਨ।

ਸਾਹਿਤ ਅੰਦਰ ਭੀੜ ਇੰਨੀ ਵਧ ਗਈ ਹੈ ਕਿ ਹਰ ਕੋਈ ਆਪਣੇ ਆਪ ਨੂੰ ਮਹਾਨ ਤੇ ਦੁਨੀਆ ਦਾ ਸਭ ਤੋਂ ਵੱਡਾ ਸਾਹਿਤਕਾਰ ਮਹਿਸੂਸ ਕਰਦਾ ਨਜ਼ਰ ਆਉਂਦਾ ਹੈ। ਆਪਣੇ ਪੱਲਿਓਂ ਪੈਸੇ ਦੇ ਕੇ ਕਿਤਾਬਾਂ ਲਿਖਵਾਉਣ, ਛਪਵਾਉਣ ਤੇ ਰਿਲੀਜ਼ ਕਰਨ ਵਾਲਿਆਂ ਦੀ ਇੰਨੀ ਵੱਡੀ ਕਤਾਰ ਲੱਗ ਗਈ ਹੈ, ਕਈ ਵਾਰ ਤਾਂ ਇੰਝ ਲੱਗਦਾ ਹੈ ਜਿਵੇਂ ਮਨੁੱਖ ਨੇ ਹੋਰ ਸਾਰੇ ਕਿੱਤੇ ਛੱਡ ਕੇ ਸਾਹਿਤਕ ਕਿੱਤਾ ਹੀ ਆਪਣਾ ਲਿਆ ਹੋਵੇ।

ਸਾਹਿਤ ਦੇ ਸਿਰਜਕ ਆਪਣੇ ਅਹੁਦਿਆਂ, ਮਾਣ ਸਨਮਾਨ ਜਾਂ ਫਿਰ ਸਾਹਿਤਕ ਸੰਸਥਾਵਾਂ ਉਪਰ ਕਾਬਜ਼ ਹੋਣ ਲਈ ‘ਸਿਰਜਕਾਂ’ ਦੀ ਟੋਲੀ ਬਣਾ ਰਹੇ ਹਨ। ਧੜਾਧੜ ਕਿਤਾਬਾਂ ਛਪ ਰਹੀਆਂ, ਰਿਲੀਜ਼ ਹੋ ਰਹੀਆਂ ਹਨ। ਉਨ੍ਹਾਂ ਨੂੰ ਇਨਾਮ, ਸਨਮਾਨ, ਪੁਰਸਕਾਰ ਮਿਲ ਰਹੇ ਹਨ ਪਰ ਜਦੋਂ ਉਨ੍ਹਾਂ ਕਿਤਾਬਾਂ ਨੂੰ ਕੋਈ ਸਾਹਿਤਕ ਪਾਠਕ ਪੜ੍ਹਦਾ ਹੈ ਤਾਂ ਉਹ ਮੱਥੇ ਉੱਤੇ ਹੱਥ ਮਾਰਦਾ ਹੈ ਕਿ ਉਹ ਕੀ ਪੜ੍ਹ ਰਿਹਾ ਹੈ। ਜ਼ਿਆਦਾਤਰ ਲੇਖਕਾਂ ਨੇ ਲੋਕ ਪੱਖੀ ਸਾਹਿਤ ਲਿਖਣਾ ਹੀ ਛੱਡ ਦਿੱਤਾ ਹੈ। ਜ਼ਿੰਦਗੀ ਨਾਲ ਖਹਿ ਕੇ ਲੰਘਣ ਵਾਲਾ ਸਾਹਿਤ ਗੁਆਚ ਗਿਆ ਹੈ। ਹੁਣ ਬਹੁਤਾ ਕਰਕੇ ਜਿਣਸੀ ਸਬੰਧਾਂ ਦੇ ਮਸਲਿਆਂ ਜਾਂ ਫੇਰ ਅਨੈਤਿਕ ਰਿਸ਼ਤਿਆਂ ਨਾਲ ਜੁੜਿਆ ਸਾਹਿਤ ਹੀ ਸਿਰਜਿਆ ਜਾ ਰਿਹਾ ਹੈ। ਇਸੇ ਕਰਕੇ ਸਾਹਿਤ ਦੇ ਖੇਤਰ ਵਿੱਚ ਕੋਈ ਵੀ ਅਜਿਹੀ ਲਹਿਰ ਨਹੀਂ ਬਣ ਰਹੀ ਜਿਹੜੀ ਲੋਕ ਮਸਲਿਆਂ ਦੀ ਗੱਲ ਕਰਦੀ ਹੋਵੇ। ਸੱਚ ਇਹ ਹੈ ਕਿ ਲੋਕ ਦੁੱਖਾਂ, ਦਰਦਾਂ, ਬਿਮਾਰੀਆਂ ਤੇ ਅਦਾਲਤੀ ਚੱਕਰਾਂ ਵਿੱਚ ਉਲਝੇ ਪਏ ਹਨ। ਆਮ ਮਨੁੱਖ ਦੇ ਹੱਥੋਂ ਰੋਟੀ ਤੱਕ ਖੋਹ ਲਈ ਹੈ। ਇਸ ਦੇ ਸਿਰ ਦੀ ਛੱਤ ਗੁਆਚ ਰਹੀ ਹੈ। ਮਾਲਵਾ ਪੱਟੀ ਕਈ ਨਾਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋਈ ਪਈ ਹੈ। ਉੱਥੋਂ ਦੇ ਲੋਕ ਕਿਵੇਂ ਜ਼ਿੰਦਗੀ ਜੀਅ ਰਹੇ ਹਨ, ਕਿਵੇਂ ਜ਼ਿੰਦਗੀ ਨਾਲ ਦੋ-ਚਾਰ ਹੋ ਰਹੇ ਹਨ, ਉਨ੍ਹਾਂ ਸਬੰਧੀ ਅਖ਼ਬਾਰੀ ਰਿਪੋਰਟਾਂ ਤੋਂ ਇਲਾਵਾ ਕਿਧਰੇ ਕੋਈ ਵੀ ਅਜਿਹਾ ਸਾਹਿਤ ਨਹੀਂ ਮਿਲਦਾ ਜਿਹੜਾ ਉਨ੍ਹਾਂ ਲੋਕਾਂ ਦੀ ਗੱਲ ਕਰਦਾ ਹੋਵੇ।

ਸਾਹਿਤ ਦੇ ਇਸ ਸਮੁੰਦਰ ਵਿੱਚ ਆਮ ਮਨੁੱਖ ਪੀਣਯੋਗ ਪਾਣੀ ਦੀ ਤਲਾਸ਼ ਵਿੱਚ ਥਾਂ ਥਾਂ ਭਟਕ ਰਿਹਾ ਹੈ। ਉਸ ਦੀ ਇਹ ਭਟਕਣਾ ਕਦੋਂ ਤੇ ਕਿੱਥੇ ਖ਼ਤਮ ਹੋਵੇਗੀ?

ਇਹ ਤਾਂ ਸਮਾਂ ਹੀ ਦੱਸੇਗਾ ਕਿ ਅਸੀਂ ਦਿੱਲੀ ਦੀਆਂ ਸਰਹੱਦਾਂ ਉੱਤੇ ਬਹਿ ਕੇ ਕੀ ਗਵਾਇਆ ਤੇ ਖੱਟਿਆ ਹੈ? ਜ਼ਰੂਰ ਹਿਸਾਬ ਲਗਾਉਣਾ ਤਾਂ ਜੋ ਕੁਝ ਸਮਝ ਲੱਗੇ। ਸਾਹਿਤ ਦੇ ਸਮੁੰਦਰੋਂ ਕੋਈ ਹੀਰਾ ਤੇ ਮੋਤੀ ਬਣ ਸਕੇ!

ਸੰਪਰਕ: 94643-70823

Source link