ਜਸਬੀਰ ਸਿੰਘ ਸ਼ੇਤਰਾ/ਚਰਨਜੀਤ ਸਿੰਘ ਢਿੱਲੋਂ

ਜਗਰਾਉਂ, 5 ਫਰਵਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਗਰਾਉਂ ਨੇੜਲੇ ਪਿੰਡ ਗੋਰਸੀਆਂ ਖਾਨ ਮੁਹੰਮਦ ਵਿਚ ਰੇਤੇ ਦੀ ਸਰਕਾਰੀ ਜਨਤਕ ਖੱਡ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸੂਬੇ ਅੰਦਰ ਸੱਤ ਜ਼ਿਲ੍ਹਿਆਂ ’ਚ 16 ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਅਤੇ ਆਉਂਦੇ ਮਹੀਨੇ ਤੱਕ ਇਨ੍ਹਾਂ ਖੱਡਾਂ ਦੀ ਗਿਣਤੀ 50 ਕਰਨ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜਨਤਕ ਖੱਡਾਂ ਦਾ ਆਗਾਜ਼ ਹੋ ਗਿਆ ਹੈ ਜਿੱਥੋਂ ਲੋਕ ਟਰੈਕਟਰ-ਟਰਾਲੀ ਲਿਜਾ ਕੇ 5.50 ਰੁਪਏ ਕਿਊਬਿਕ ਫੁੱਟ ਦੇ ਭਾਅ ਰੇਤ ਭਰ ਸਕਣਗੇ। ਉਨ੍ਹਾਂ ਨੂੰ ਮੋਬਾਈਲ ਐਪ ਰਾਹੀਂ ਸਭ ਤੋਂ ਨੇੜਲੀ ਖੱਡ ਬਾਰੇ ਜਾਣਕਾਰੀ ਮਿਲ ਜਾਵੇਗੀ। ਇਨ੍ਹਾਂ ਖੱਡਾਂ ਵਿੱਚੋਂ ਇਕ ਅਪਰੈਲ ਤੋਂ 30 ਸਤੰਬਰ ਤੱਕ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਅਤੇ 1 ਅਕਤੂਬਰ ਤੋਂ 31 ਮਾਰਚ ਤੱਕ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਰੇਤ ਭਰੀ ਜਾ ਸਕਦੀ ਹੈ। ਲੋਕਾਂ ਨੂੰ ਟਰੈਕਟਰ-ਟਰਾਲੀ ਨਾਲ ਲੇਬਰ ਲਿਜਾਣੀ ਹੋਵੇਗੀ ਅਤੇ ਲੇਬਰ ਨਾ ਹੋਣ ’ਤੇ ਖੱਡਾਂ ’ਤੇ ਵੀ ਲੇਬਰ ਮੁਹੱਈਆ ਹੋਵੇਗੀ। ਰੇਤ ਮਾਮਲੇ ’ਚ ਅੱਜ ਤੋਂ ਪੰਜਾਬ ਅੰਦਰ ਪੁਰਾਣਾ ਸਿਸਟਮ ਬਹਾਲ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਨਤਕ ਖੱਡਾਂ ਦੀ ਸ਼ੁਰੂਆਤ ਕਰਨ ਨਾਲ ਰੇਤ ਮਾਫੀਆ ਦਾ ਅੱਜ ਅੰਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਆਪਣੀ ਇੱਕ ਹੋਰ ਗਾਰੰਟੀ ਪੂਰੀ ਕਰ ਦਿੱਤੀ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰਾ ਕੰਮ ਪਾਰਦਰਸ਼ੀ ਹੋਵੇਗਾ ਅਤੇ ਥਾਂ-ਥਾਂ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਾਏ ਗਏ ਹਨ। ਰੇਤੇ ਦੀਆਂ ਸਰਕਾਰੀ ਖੱਡਾਂ ’ਤੇ ਕੋਈ ਗੁੰਡਾ ਪਰਚੀ ਨਹੀਂ ਲੱਗੇਗੀ। ਉਨ੍ਹਾਂ ਦੱਸਿਆ ਕਿ ਅੱਜ ਜਿਸ ਖੱਡ ਦਾ ਉਦਘਾਟਨ ਕੀਤਾ ਗਿਆ ਹੈ, ਇੱਥੇ 10 ਲੱਖ ਮੀਟਰਿਕ ਟਨ ਰੇਤਾ ਹੈ ਜਦੋਂਕਿ ਬਾਕੀ ਖੱਡਾਂ ’ਚ 24 ਲੱਖ ਮੀਟਰਿਕ ਟਨ ਰੇਤਾ ਮੌਜੂਦ ਹੈ। ਇਨ੍ਹਾਂ ਜਨਤਕ ਖੱਡਾਂ ਦੇ ਸ਼ੁਰੂ ਹੋਣ ਨਾਲ ਪੇਂਡੂ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਕਿਉਂਕਿ ਵੱਡੀ ਗਿਣਤੀ ’ਚ ਨੌਜਵਾਨ ਅਤੇ ਮਜ਼ਦੂਰ ਇਸ ਕੰਮ ’ਚ ਲੱਗਣਗੇ ਜਿਸ ਨਾਲ ਉਨ੍ਹਾਂ ਦੀ ਆਮਦਨ ਵਧੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੱਡਾਂ ’ਚ ਟਿੱਪਰਾਂ ਅਤੇ ਜੇਸੀਬੀ ਲਿਜਾਣ ਦੀ ਆਗਿਆ ਨਹੀਂ ਹੋਵੇਗੀ। ਸਰਕਾਰ ਦਾ ਕੋਈ ਮੰਤਰੀ, ਵਿਧਾਇਕ, ਨੁਮਾਇੰਦਾ ਜਾਂ ਪਾਰਟੀ ਆਗੂ ਵੀ ਇਸ ਕੰਮ ’ਚ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ ਦੇਵੇਗਾ। ਪਿਛਲੇ ਸਮੇਂ ’ਚ ਰੇਤ ਮਾਫੀਆ ਦੀ ਲੁੱਟ ’ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਬਾਰੇ ਪੁੱਛਣ ’ਤੇ ਉਨ੍ਹਾਂ ਪੜਤਾਲ ਕਰਵਾਉਣ ਦੀ ਗੱਲ ਆਖੀ।

Source link