ਮਨਮੋਹਨ ਸਿੰਘ ਢਿੱਲੋਂ

ਅੰਮ੍ਰਿਤਸਰ, 16 ਅਪਰੈਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇਥੇ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਇਕੱਤਰਤਾ ਕੀਤੀ, ਜਿਸ ਵਿੱਚ ਸ਼੍ਰੋਮਣੀ ਕਮੇਟੀ ਨੇ ਕਈ ਅਹਿਮ ਫੈ਼ਸਲੇ ਲਏ। ਇਨ੍ਹਾਂ ਫ਼ੈਸਲਿਆਂ ਤਹਿਤ 30 ਅਕਤੂਬਰ 1922 ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿੱਚ ਵਾਪਰੇ ਸ਼ਹੀਦੀ ਸਾਕੇ ਦੇ ਸੌ ਸਾਲ ਪੂਰੇ ਹੋਣ ਮੌਕੇ ਕੀਤੇ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਦੌਰਾਨ ਸਾਕੇ ਦੇ ਆਗੂ ਸ਼ਹੀਦ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਦੌਰਾਨ ਸਾਕੇ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਸਬੰਧੀ ਖੋਜ ਕਾਰਜ ਕਰਵਾ ਕੇ ਇਕ ਸੰਗ੍ਰਿਹ ਤਿਆਰ ਕੀਤਾ ਜਾਵੇਗਾ। ਕਮੇਟੀ ਨੇ ਇਹ ਵੀ ਫੈ਼ਸਲਾ ਕੀਤਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਿੱਖਾਂ ਦੇ ਯੋਗਦਾਨ ਨੂੰ ਇਕੱਠਿਆਂ ਕਰਕੇ ਇੱਕ ਸੰਗ੍ਰਹਿ ਤਿਆਰ ਕਰਵਾਇਆ ਜਾਵੇਗਾ। 

ਅੱਜ ਇਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਪੰਜਾ ਸਾਹਿਬ ਸਾਕੇ ਦੀ ਪਹਿਲੀ ਸ਼ਤਾਬਦੀ 30 ਅਕਤੂਬਰ ਨੂੰ ਮਨਾਈ ਜਾਵੇਗੀ, ਜਿਸ ਨਾਲ ਸਬੰਧਤ ਸਮਾਗਮ ਭਾਰਤ ਤੇ ਪਾਕਿਸਤਾਨ ਵਿੱਚ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਗੁਰੂ ਕੇ ਬਾਗ ਦੇ ਮੋਰਚੇ ਦੀ ਸ਼ਤਾਬਦੀ ਵੀ ਇਸ ਵਰ੍ਹੇ ਅੱਠ ਅਗਸਤ ਨੂੰ ਮਨਾਈ ਜਾਵੇਗੀ, ਜਿਸ ਸਬੰਧੀ ਅੰਮ੍ਰਿਤਸਰ ਨੇੜਲੇ ਗੁਰਦੁਆਰਾ ਗੁਰੂ ਕਾ ਬਾਗ ਘੁੱਕੇਵਾਲੀ ਵਿੱਚ ਸਮਾਗਮ ਕਰਵਾਏ ਜਾਣਗੇ। 

ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮ ਹੋਣਗੇ ਯਾਦਗਾਰੀ

ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਧਾਮੀ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸੰਪੂਰਨਤਾ ਸਮਾਗਮ ਖ਼ਾਲਸਈ ਜਾਹੋ-ਜਲਾਲ ਨਾਲ ਮਨਾਏ ਜਾਣਗੇ। ਉਨ੍ਹਾਂ ਕਿਹਾ ਕਿ 21 ਅਪਰੈਲ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਮੁੱਖ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਸਿੰਘ ਸਾਹਿਬਾਨ ਤੇ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ। ਇਸ ਤੋਂ ਪਹਿਲਾਂ 20 ਅਪਰੈਲ ਨੂੰ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਗੁਰਦੁਆਰਾ ਪ੍ਰਕਾਸ਼ ਅਸਥਾਨ ਗੁਰੂ ਕੇ ਮਹਿਲ ਵਿੱਚ ਕੀਰਤਨ ਦਰਬਾਰ ਕਰਵਾਇਆ ਜਾਵੇਗਾ। 

Source link