ਜਗਮੋਹਨ ਸਿੰਘ

ਘਨੌਲੀ, 24 ਨਵੰਬਰ

ਨੇੜਲੇ ਪਿੰਡ ਸਿੰਘਪੁਰਾ ਤੇ ਥਲੀ ਕਲਾਂ ਦੀਆਂ ਪੰਚਾਇਤਾਂ ਸ਼ਮਸ਼ਾਨਘਾਟ ਦੇ ਮੁੱਦੇ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਈਆਂ ਹਨ। ਇਹ ਮੁੱਦਾ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਪ੍ਰਸਾਸ਼ਨ ਲਈ ਵੀ ਸਿਰਦਰਦੀ ਬਣ ਰਿਹਾ ਹੈ। ਅੱਜ ਪਿੰਡ ਸਿੰਘਪੁਰਾ ਦੀ ਸਰਪੰਚ ਮਨਿੰਦਰ ਕੌਰ ਅਤੇ ਹੋਰ ਪੰਚਾਇਤ ਮੈਂਬਰਾਂ ਕਮਲਜੀਤ ਕੌਰ, ਭੁਪਿੰਦਰ ਕੌਰ, ਗੁਰਪਾਲ ਕੌਰ ਤੇ ਅਮਰਜੀਤ ਕੌਰ ਆਦਿ ਨੇ ਦੋਸ਼ ਲਾਇਆ ਕਿ ਪਿੰਡ ਥਲੀ ਕਲਾਂ ਦੀ ਸਰਪੰਚ ਕੁਲਵੰਤ ਕੌਰ ਨੇ ਉਨ੍ਹਾਂ ਦੇ ਪਿੰਡ (ਸਿੰਘਪੁਰਾ) ਦੀ ਪੰਚਾਇਤ ਵੱਲੋਂ ਬਣਾਈ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਉਨ੍ਹਾਂ ਨੂੰ ਬਿਨਾਂ ਕੋਈ ਸੂਚਨਾ ਦਿੱਤੇ ਜਾਂ ਕਿਸੇ ਮਹਿਕਮੇ ਦੀ ਪ੍ਰਵਾਨਗੀ ਲਏ ਜੇ.ਸੀ.ਬੀ. ਮਸ਼ੀਨ ਨਾਲ ਢਹਾ ਦਿੱਤੀ। ਉਨ੍ਹਾਂ ਅਨੁਸਾਰ ਪਿੰਡ ਥਲੀ ਕਲਾਂ ਦੇ ਇੱਕ ਵਿਅਕਤੀ ਨੇ ਆਪਣੀ ਜ਼ਮੀਨ ਵਿੱਚੋਂ 9 ਮਰਲੇ ਜ਼ਮੀਨ ਪਿੰਡ ਸਿੰਘਪੁਰਾ ਦੀ ਪੰਚਾਇਤ ਨੂੰ ਜਦਕਿ 3 ਮਰਲੇ 6 ਸਰਸਾਹੀ ਜ਼ਮੀਨ ਥਲੀ ਕਲਾਂ ਦੀ ਪੰਚਾਇਤ ਨੂੰ ਸ਼ਮਸ਼ਾਨਘਾਟ ਬਣਾਉਣ ਲਈ ਦਿੱਤੀ ਹੋਈ ਹੈ। ਸਿੰਘਪੁਰਾ ਦੀ ਪੰਚਾਇਤ ਨੇ ਕਾਫੀ ਲੰਬਾ ਸਮਾਂ ਪਹਿਲਾਂ ਕੁੱਝ ਜਗ੍ਹਾ ਵਿੱਚ ਚਾਰਦੀਵਾਰੀ ਕਰਕੇ ਟੀਨਾਂ ਪਾਈਆਂ ਹੋਈਆਂ ਸਨ ਤੇ ਹੁਣ ਉਨ੍ਹਾਂ ਦੀ ਪੰਚਾਇਤ ਵੱਲੋਂ ਸਮਸ਼ਾਨਘਾਟ ’ਤੇ ਲੈਂਟਰ ਪਾਉਣ ਦੇ ਕੰਮ ਨੂੰ ਪਿੰਡ ਥਲੀ ਕਲਾਂ ਦੀ ਸਰਪੰਚ ਨੇ ਪੁਲੀਸ ਬੁਲਾ ਕੇ ਜਬਰਦਸਤੀ ਉਨ੍ਹਾਂ ਦਾ ਕੰਮ ਰੁਕਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਥਲੀ ਕਲਾਂ ਦੀ ਪੰਚਾਇਤ ਵੱਲੋਂ ਉਨ੍ਹਾਂ ਦੀ ਜ਼ਮੀਨ ਵਿੱਚੋਂ ਦੀ ਧੱਕੇ ਨਾਲ ਰਸਤਾ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਗ਼ੈਰਕਾਨੂੰਨੀ ਢੰਗ ਨਾਲ ਚਾਰਦੀਵਾਰੀ ਢਾਹ ਕੇ ਉਨ੍ਹਾਂ ਦੀ ਪੰਚਾਇਤ ਦਾ ਵਿੱਤੀ ਨੁਕਸਾਨ ਕੀਤਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸਾਸ਼ਨ ਤੇ ਪੰਚਾਇਤ ਮਹਿਕਮੇ ਤੋਂ ਸਰਪੰਚ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਥਲੀ ਕਲਾਂ ਦੀ ਸਰਪੰਚ ਨੇ ਦੋਸ਼ ਨਕਾਰੇ

ਪਿੰਡ ਥਲੀ ਕਲਾਂ ਦੀ ਸਰਪੰਚ ਕੁਲਵੰਤ ਕੌਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਪਿੰਡ ਸਿੰਘਪੁਰਾ ਦੀ ਪੰਚਾਇਤ ਨੂੰ ਸ਼ਮਸ਼ਾਨਘਾਟ ਨੂੰ ਪੱਕਾ ਕਰਵਾਉਣ ਤੋਂ ਰੋਕਿਆ ਹੈ ਅਤੇ ਨਾ ਹੀ ਚਾਰਦੀਵਾਰੀ ਢਾਹੀ ਹੈ। ਉਨ੍ਹਾਂ ਦੀ ਪੰਚਾਇਤ ਵੱਲੋਂ ਦਾਨੀ ਸੱਜਣਾਂ ਦੁਆਰਾ ਦਾਨ ਕੀਤੇ ਰਸਤੇ ਨੂੰ ਪੱਕਾ ਕਰਵਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਇਸੇ ਦੌਰਾਨ ਪਹਿਲਾਂ ਹੀ ਆਪਣੇ ਆਪ ਡਿੱਗੀ ਹੋਈ ਦੀਵਾਰ ਦਾ ਮਲਬਾ ਜੇ.ਸੀ.ਬੀ. ਮਸ਼ੀਨ ਨਾਲ ਥੋੜ੍ਹਾ ਪਾਸੇ ਕਰਵਾਇਆ ਗਿਆ ਸੀ ਤਾਂ ਕਿ ਰਸਤਾ ਬਣਾਉਣ ਵਿੱਚ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਸਿੰਘਪੁਰਾ ਦੀ ਪੰਚਾਇਤ ਜਾਣਬੁੱਝ ਕੇ ਵਿਵਾਦ ਖੜ੍ਹਾ ਕਰ ਰਹੀ ਹੈ।

 

Source link