ਖੇਤਰੀ ਪ੍ਰਤੀਨਿਧ

ਪਟਿਆਲਾ, 14 ਮਈ

ਸਰਕਾਰੀ ਕਾਲਜਾਂ ਨਾਲ ਸਬੰਧਤ ‘1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ’ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਇੱਥੇ ਸਿਖਰ ਦੁਪਹਿਰੇ ਤਰਕਸ਼ੀਲ ਭਵਨ ਤੋਂ ਖੰਡਾ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਸੰਕੇਤਕ ਧਰਨਾ ਵੀ ਮਾਰਿਆ ਗਿਆ, ਜੋ ਮੰਗ ਪੱਤਰ ਦੇਣ ’ਤੇ ਸਮਾਪਤ ਕਰ ਦਿੱਤਾ ਗਿਆ। ਉਨ੍ਹਾਂ ਜਲਦੀ ਹੀ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕਰਦਿਆਂ ਪੱਕੇ ਮੋਰਚੇ ਦੀ ਚਿਤਾਵਨੀ ਵੀ ਦਿੱਤੀ।

ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਮੌਕੇ ਸਹਾਇਕ ਪ੍ਰੋਫੈਸਰਾਂ ਦੀਆਂ 1158 ਅਸਾਮੀਆਂ ਲਈ ਚੁਣੇ ਉਮੀਦਵਾਰਾਂ ਵਿੱਚੋਂ ਅੱਧਿਆਂ ਨੂੰ ਨਿਯੁਕਤੀ ਪੱਤਰ ਵੀ ਮਿਲੇ ਸਨ, ਜਿਨ੍ਹਾਂ ਵਿੱਚੋਂ ਸਵਾ ਸੌ ਨੇ ਜੁਆਇਨ ਵੀ ਕਰ ਲਿਆ ਸੀ ਪਰ ਹਾਈ ਕੋਰਟ ਦੀ ਸਟੇਅ ਲੱਗਣ ਕਾਰਨ ਇਹ ਭਰਤੀ ਲਟਕ ਗਈ ਹੈ। ਫਰੰਟ ਦੇ ਨੁਮਾਇੰਦੇ ਡਾ. ਸਵਾਮੀ ਸਰਬਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਜੁਆਇਨ ਕਰਨ ਵਾਲ਼ਿਆਂ ਨੂੰ ਪੰਜ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ। ਉਨ੍ਹਾਂ ਨੇ ਸਰਕਾਰ ਤੋਂ ਤਨਖ਼ਾਹਾਂ ਜਾਰੀ ਕਰਨ, ਨਿਯੁਕਤੀ ਪੱਤਰ ਵਾਲਿਆਂ ਨੂੰ ਜੁਆਇਨ ਕਰਵਾਉਣ ਅਤੇ ਬਾਕੀਆਂ ਨੂੰ ਵੀ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ। ਇੱਥੇ ਤਰਕਸ਼ੀਲ ਭਵਨ ਵਿੱਚ ਜ਼ੋਨ ਇੰਚਾਰਜ ਪ੍ਰੋ. ਕੁਲਦੀਪ ਸਿੰਘ ਬਾਵਾ ਤੇ ਡਾ. ਸਵਾਮੀ ਸਰਬਜੀਤ ਸਿੰਘ, ਪ੍ਰੋ. ਨਿਰਭੈ ਸਿੰਘ ਤੇ ਪ੍ਰੋ. ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਚਾਰ ਜ਼ਿਲ੍ਹਿਆਂ ਤੋਂ ਸਹਾਇਕ ਪ੍ਰ੍ਰੋਫੈਸਰਾਂ ਦੀ ਹੋਈ ਇਕੱਤਰਤਾ ਦੌਰਾਨ ਬੁਲਾਰਿਆਂ ਨੇ ਆਪੋ-ਆਪਣੇ ਸੁਝਾਅ ਰੱਖੇ। ਪ੍ਰੋ. ਸੁਖਪ੍ਰੀਤ ਸਿੰਘ, ਪ੍ਰੋ. ਨਿਰਭੈ ਸਿੰਘ ਨੇ ਪਟਿਆਲ਼ਾ ਤੋਂ ਖਟਕੜ ਕਲਾਂ ਤੱਕ ਸਾਈਕਲ ਮਾਰਚ ਕੱਢਣ ਦੀ ਜਾਣਕਾਰੀ ਦਿੱਤੀ।

Source link