ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਫਰਵਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੇੜਲੇ ਪਿੰਡ ਗੋਰਸੀਆਂ ਖਾਨ ਮੁਹੰਮਦ ਵਿੱਚ ਰੇਤੇ ਦੀ ਸਰਕਾਰੀ ਖੱਡ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਸੂਬੇ ਅੰਦਰ 16 ਜਨਤਕ ਖੱਡਾਂ ਦਾ ਆਗਾਜ਼ ਹੋ ਗਿਆ ਹੈ ਜਿੱਥੋਂ ਲੋਕ ਟਰੈਕਟਰ-ਟਰਾਲੀ ਲਿਜਾ ਕੇ 5.50 ਰੁਪਏ ਕਿਊਬਿਕ ਫੁੱਟ ਦੇ ਭਾਅ ਰੇਤ ਭਰ ਸਕਣਗੇ। ਉਨ੍ਹਾਂ ਕਿਹਾ ਕਿ ਮੋਬਾਈਲ ਐਪ ਰਾਹੀਂ ਸਭ ਤੋਂ ਨੇੜਲੀ ਖੱਡ ਬਾਰੇ ਜਾਣਕਾਰੀ ਮਿਲ ਜਾਵੇਗੀ। ਲੋਕਾਂ ਨੂੰ ਟਰੈਕਟਰ-ਟਰਾਲੀ ਦੇ ਨਾਲ ਲੇਬਰ ਲਿਜਾਣੀ ਹੋਵੇਗੀ ਅਤੇ ਲੇਬਰ ਨਾ ਹੋਣ ’ਤੇ ਖੱਡਾਂ ’ਤੇ ਵੀ ਲੇਬਰ ਮੁਹੱਈਆ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੱਡਾਂ ’ਚ ਟਿੱਪਰਾਂ ਅਤੇ ਜੇਸੀਬੀ ਨੂੰ ਲਿਜਾਣ ਦੀ ਆਗਿਆ ਨਹੀਂ ਹੋਵੇਗੀ। ਸਰਕਾਰ ਦਾ ਕੋਈ ਮੰਤਰੀ, ਵਿਧਾਇਕ, ਨੁਮਾਇੰਦਾ ਜਾਂ ਪਾਰਟੀ ਆਗੂ ਇਸ ਕੰਮ ’ਚ ਦਖ਼ਲ ਨਹੀਂ ਦੇਵੇਗਾ। ਇਸ ਸਮੇਂ ਹਲਕਾ ਜਗਰਾਉਂ ਦੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੀ ਮੌਜੂਦ ਸਨ।