ਅਲ ਵਾਕਰਾਹ (ਕਤਰ), 24 ਨਵੰਬਰ

ਸਵਿਟਜ਼ਰਲੈਂਡ ਨੇ ਅੱਜ ਇੱਥੇ ਫੀਫਾ ਵਿਸ਼ਵ ਕੱਪ ਦੇ ਗਰੁੱਪ ਜੀ ਦੇ ਮੁਕਾਬਲੇ ਵਿੱਚ ਕੈਮਰੂਨ ਨੂੰ 1-0 ਨਾਲ ਹਰਾ ਦਿੱਤਾ। ਸਵਿਸ ਟੀਮ ਲਈ ਇਕਲੌਤਾ ਤੇ ਫੈਸਲਾਕੁਨ ਗੋਲ ਬ੍ਰੀਲ ਐਂਬੋਲੋ ਨੇ ਕੀਤਾ। ਐਂਬੋਲੋ ਦਾ ਜਨਮ ਕੈਮਰੂਨ ਵਿੱਚ ਹੋਇਆ ਸੀ, ਜਿਸ ਕਰਕੇ ਉਸ ਨੇ ਆਪਣੀ ਜਨਮ ਭੋਇੰ ਖਿਲਾਫ਼ ਕੀਤੇ ਗੋਲ ਦਾ ਜਸ਼ਨ ਨਹੀਂ ਮਨਾਇਆ। ਐਂਬੋਲੋ ਨੇ ਮੈਚ ਦੇ 48ਵੇਂ ਮਿੰਟ ਵਿੱਚ ਗੋਲ ਦੇ ਬਿਲਕੁਲ ਸਾਹਮਣੇ ਮਿਲੇ ਸ਼ੈਰਡਨ ਸ਼ਕੀਰੀ ਦੇ ਪਾਸ ਨੂੰ ਸੱਜੇ ਪੈਰ ਨਾਲ ਸ਼ਾਟ ਮਾਰ ਕੇ ਗੋਲ ਵਿੱਚ ਤਬਦੀਲ ਕੀਤਾ। ਐਂਬੋਲੋ ਨੇ ਗੋਲ ਕਰਨ ਤੋਂ ਬਾਅਦ ਆਪਣੀਆਂ ਦੋਵੇਂ ਬਾਹਾਂ ਖੋਲ੍ਹ ਲਈਆਂ ਅਤੇ ਜਦੋਂ ਟੀਮ ਦੇ ਸਾਥੀ ਜਸ਼ਨ ਮਨਾਉਣ ਲਈ ਉਸ ਵੱਲ ਦੌੜੇ ਤਾਂ ਉਸ ਨੇ ਆਪਣੇ ਦੋਵੇਂ ਹੱਥ ਮੂੰਹ ’ਤੇ ਰੱਖ ਲਏ। ਉਸ ਨੇ ਅਲ ਜੈਨਬ ਸਟੇਡੀਅਮ ਵਿੱਚ ਗੋਲ ਦੇ ਪਿੱਛੇ ਮੌਜੂਦ ਸਵਿਟਜ਼ਰਲੈਂਡ ਦੇ ਪ੍ਰਸ਼ੰਸਕਾਂ ਅਤੇ ਫਿਰ ਵਿਰੋਧੀ ਗੋਲ ਦੇ ਪਿੱਛੇ ਮੌਜੂਦ ਕੈਮਰੂਨ ਦੇ ਪ੍ਰਸ਼ੰਸਕਾਂ ਵੱਲ ਇਸ਼ਾਰਾ ਕੀਤਾ।

ਸਵਿਸ ਟੀਮ ਦੇ ਫਾਰਵਰਡ ਐਂਬੋਲੋ(25) ਨੇ ਪੰਜ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਕੈਮਰੂਨ ਛੱਡ ਦਿੱਤਾ ਸੀ। ਉਸ ਦਾ ਪਰਿਵਾਰ ਪਹਿਲਾਂ ਫਰਾਂਸ ਵਿੱਚ ਰਿਹਾ ਪਰ ਬਾਅਦ ਵਿੱਚ ਸਵਿਟਜ਼ਰਲੈਂਡ ਵਿੱਚ ਰਹਿਣ ਲੱਗ ਪਿਆ। ਉਹ ਦੂਜੀ ਵਾਰ ਵਿਸ਼ਵ ਕੱਪ ਵਿੱਚ ਸਵਿਟਜ਼ਰਲੈਂਡ ਦੀ ਨੁਮਾਇੰਦਗੀ ਕਰ ਰਿਹਾ ਹੈ।

ਅਫਰੀਕਾ ਵਿੱਚ ਜਨਮੇ ਖਿਡਾਰੀ ਨੇ ਭਾਵੇਂ ਗੋਲ ਕੀਤਾ ਹੋਵੇ, ਪਰ ਅਫਰੀਕਾ ਦੀਆਂ ਟੀਮਾਂ ਚਾਰ ਮੈਚ ਖੇਡਣ ਦੇ ਬਾਵਜੂਦ ਹੁਣ ਤੱਕ ਮੌਜੂਦਾ ਵਿਸ਼ਵ ਕੱਪ ਵਿੱਚ ਕੋਈ ਗੋਲ ਨਹੀਂ ਕਰ ਸਕੀਆਂ ਹਨ। ਇਨ੍ਹਾਂ ਸਾਰੀਆਂ ਟੀਮਾਂ ਨੇ ਆਪਣੇ ਨਾਲੋਂ ਬਿਹਤਰ ਰੈਂਕਿੰਗ ਵਾਲੀਆਂ ਟੀਮਾਂ ਖ਼ਿਲਾਫ਼ ਮੁਕਾਬਲੇ ਖੇਡੇ ਹਨ। ਮੋਰੱਕੋ ਅਤੇ ਟਿਊਨੀਸ਼ੀਆ ਨੇ ਤਾਂ ਕ੍ਰਮਵਾਰ ਕ੍ਰੋਏਸ਼ੀਆ ਅਤੇ ਡੈਨਮਾਰਕ ਨੂੰ ਗੋਲ ਰਹਿਤ ਬਰਾਬਰੀ ’ਤੇ ਰੋਕਿਆ। -ਏਪੀ

Source link