ਦਰਬਾਰਾ ਸਿੰਘ ਕਾਹਲੋਂ

ਭਾਰਤ ਅੰਦਰ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਵੱਲੋਂ ਲੰਮੀਆਂ ਯਾਤਰਾਵਾਂ ਦਾ ਵਰਨਣ ਮਿਲਦਾ ਹੈ। ਇਨ੍ਹਾਂ ਯਾਤਰਾਵਾਂ ਪਿੱਛੇ ਹਮੇਸ਼ਾ ਇਨ੍ਹਾਂ ਨੂੰ ਕੱਢਣ ਵਾਲੀਆਂ ਮਹਾਨ, ਨਾਮਵਰ ਅਤੇ ਸਿਰੜੀ ਸ਼ਖ਼ਸੀਅਤਾਂ ਦਾ ਮਹੱਤਵਪੂਰਨ ਮੰਤਵ ਰਿਹਾ ਹੈ। ਇਨ੍ਹਾਂ ਦੀ ਸਫਲਤਾ-ਅਸਫਲਤਾ ਸਬੰਧਿਤ ਸ਼ਖ਼ਸੀਅਤਾਂ ਦੇ ਮਜ਼ਬੂਤ ਫਲਸਫੇ, ਦ੍ਰਿਸ਼ਟੀਕੋਣ, ਦੂਰਦ੍ਰਿਸ਼ਟੀ, ਵਚਨਬੱਧਤਾ, ਸਿਰੜ ਅਤੇ ਭਰਭੂਰ ਇੱਛਾ ਸ਼ਕਤੀ ’ਤੇ ਨਿਰਭਰ ਹੁੰਦੀ ਤੱਕੀ ਗਈ ਹੈ।

ਵਿਸ਼ਵ ਦੀ ਸਭ ਤੋਂ ਮਹੱਤਵਪੂਰਨ, ਸਫਲ, ਸਦੀਵੀ, ਸਜੀਵ ਯਾਤਰਾ ਜੋ ਹਮੇਸ਼ਾ ਇਸ ਲੋਕਾਈ ਲਈ ਵਧੀਆ ਜੀਵਨ ਜਾਚ ਅਤੇ ਰੂਹਾਨੀਅਨ ਦੀ ਮਾਰਗ ਦਰਸ਼ਕ ਬਣੀ ਰਹੇਗੀ, ਉਹ ਹੈ ਮਹਾਨ ਅਧਿਆਤਮਕ, ਇਨਕਲਾਬੀ ਅਤੇ ਸਰਬ-ਸਾਂਝੀਵਾਲਤਾ ਦੇ ਅਲਮ-ਬਰਦਾਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਵੱਲੋਂ। ਉਨ੍ਹਾਂ 4 ਉਦਾਸੀਆਂ ਆਧਾਰਿਤ ਕਰੀਬ 28000 ਕਿਲੋਮੀਟਰ ਤੋਂ ਵੱਧ ਲੰਮਾ ਪੈਂਡਾ ਕੀਤਾ।

ਵਿਸ਼ਵ ਦੀ ਸਫਲ ਕ੍ਰਾਂਤੀਕਾਰੀ ਚੀਨੀ ਕਮਿਊਨਿਸਟ ਪਾਰਟੀ ਦੀ ‘ਲੌਂਗ ਮਾਰਚ’ ਅਕਤੂਬਰ 1934 ਤੋਂ ਅਕਤੂਬਰ 1935 ਦਰਮਿਆਨ ਮਾਉ ਜ਼ੇ ਤੁੰਗ ਦੀ ਅਗਵਾਈ ਵਿਚ 369 ਦਿਨਾਂ ਵਿਚ ਪੂਰੀ ਕੀਤੀ ਗਈ। ਇਸ ਵਿਚ ਇੱਕ ਲੱਖ ਤੋਂ ਵੱਧ ਕ੍ਰਾਂਤੀਕਾਰੀ ਹਥਿਆਰਬੰਦ ‘ਰੈੱਡ ਆਰਮੀ ਦੇ ਜਾਂਬਾਜ਼ਾਂ ਨੇ 9700 ਕਿਲੋਮੀਟਰ ਪੰਧ ਸਰ ਕੀਤਾ। ਇਸ ਨੇ ਚੀਨ ਦਾ ਇਤਿਹਾਸ ਬਦਲ ਕੇ ਰਖ ਦਿਤਾ।

ਬ੍ਰਿਟਿਸ਼ ਹਕੂਮਤ ਵੇਲੇ ਮਹਾਤਮਾ ਗਾਂਧੀ ਨੇ ਲੂਣ ਅਤੇ ਲੱਕ ਤੋੜਵਾਂ ਟੈਕਸ ਲਾਉਣ ਵਿਰੁੱਧ ਸਾਬਰਮਤੀ ਆਸ਼ਰਮ (ਗੁਜਰਾਤ) ਤੋਂ ਡਾਂਡੀ (ਅਰਬ ਸਾਗਰ ਕਿਨਾਰੇ ਸੂਰਤ ਨੇੜੇ) ਤੱਕ 12 ਮਾਰਚ 1930 ਨੂੰ ਚਲੀ। 385 ਕਿਲੋਮੀਟਰ ਪੰਧ 6 ਅਪਰੈਲ 1930 ਨੂੰ ਸਰ ਕਰਨ ਬਾਅਦ ਗਾਂਧੀ ਜੀ ਨੇ ਬ੍ਰਿਟਿਸ਼ ਸਾਲਟ ਐਕਟ ਤੋੜਦਿਆਂ ਲੂਣ ਇਕੱਤਰ ਕੀਤਾ। ਇਸ ਯਾਤਰਾ ਨੇ ਸਿਵਲ ਨਾ ਫਰਮਾਨੀ ਸਤਿਆਗ੍ਰਹਿ ਦਾ ਰੂਪ ਧਾਰਨ ਕੀਤਾ।

ਦੇਸ਼ ਆਜ਼ਾਦੀ ਬਾਅਦ ‘ਤੁਰਕ ਟੋਲੇ’ ਦੇ ਮਸ਼ਹੂਰ ਆਗੂ ਵਜੋਂ ਜਾਣੇ ਜਾਂਦੇ ਚੰਦਰਸ਼ੇਖਰ ਨੇ ਸੰਨ 1983 ਵਿਚ 6 ਮਹੀਨੇ ਵਿਚ 4000 ਕਿਲੋਮੀਟਰ ਲੰਬੀ ਪੈਦਲ ਯਾਤਰਾ ਕੰਨਿਆਕੁਮਾਰੀ ਤੋਂ ਦਿੱਲੀ ਤੱਕ ਕੀਤੀ। ਲੋਕਾਂ ਉਸ ਨੂੰ ‘ਮਾਰਸ਼ਲਮੈਨ’ ਵਜੋਂ ਗਰਦਾਨਿਆ। ਇਹ ਯਾਤਰਾ ਰਾਜਨੀਤਕ ਤੌਰ ’ਤੇ ਅਸਫਲ ਸਿੱਧ ਹੋਈ। ਦਸੰਬਰ,1984 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਖੁਦ ਹਾਰ ਗਏ।

ਭਾਰਤ ਦੀ ਰਾਜਨੀਤੀ ਵਿਚ ਹਿੰਦੂਤਵੀ ਸ਼ਕਤੀਆਂ ਨੂੰ ਸੱਤਾ ਤੱਕ ਪਹੁੰਚਾਉਣ ਵਿਚ ਵੱਡਾ ਰੋਲ ਅਦਾ ਕਰਨ ਵਾਲੀ ‘ਰਾਮ ਰੱਥ ਯਾਤਰਾ’ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਸੋਮਨਾਥ ਤੋਂ ਅਯੁਧਿਆ ਤੱਕ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਰ ਦੀ ਸਥਾਪਤੀ ਦਾ ਹੋਕਾ ਦਿੰਦੇ ਕੱਢੀ। ਇਸ ਨੇ 25 ਸਤੰਬਰ 1990 ਤੋਂ 30 ਅਕਤੂਬਰ ਤੱਕ 10 ਰਾਜਾਂ ਵਿਚੋਂ ਲੰਘਦੇ 10 ਹਜ਼ਾਰ ਕਿਲੋਮੀਟਰ ਪੰਧ ਤੈਅ ਕਰਨਾ ਸੀ। ਜਿਸ ਜਿਸ ਸੂਬੇ ਵਿਚੋਂ ਲੰਘੀ, ਸੰਘ ਪਰਿਵਾਰ ਵਿਚ ਵੱਡੇ ਉਤਸ਼ਾਹ ਦੇ ਨਾਲ ਨਾਲ ਵੱਡੀ ਫਿਰਕੂ ਹਿੰਸਾ ਦਾ ਕਾਰਨ ਬਣੀ।

ਪਿਛਲੇ ਡੇਢ-ਦੋ ਦਹਾਕਿਆਂ ਤੋਂ ਲਗਾਤਾਰ ਕਾਂਗਰਸ ਦੀਆਂ ਪਾਰਲੀਮੈਂਟਰੀ ਅਤੇ ਰਾਜ ਵਿਧਾਨ ਸਭਾ ਚੋਣਾਂ ਵਿਚ ਹਾਰਨ ਬਾਅਦ ਇਸ ਪਾਰਟੀ ਨੇ ਇਸ ਤੇ ਕਾਬਜ਼ ਨਹਿਰੂ-ਗਾਂਧੀ ਪਰਿਵਾਰ ਦੇ 52 ਸਾਲਾ ਰਾਹੁਲ ਗਾਂਧੀ ਦੀ ਅਗਵਾਈ ਵਿਚ 135 ਰੋਜ਼ਾ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3570 ਕਿਲੋਮੀਟਰ ‘ਭਾਰਤ ਜੋੜੋ ਯਾਤਰਾ’ ਕੱਢਣ ਦਾ ਫੈਸਲਾ ਕੀਤਾ। ਇਹ ਯਾਤਰਾ 7 ਸਤੰਬਰ 2022 ਤੋਂ ਸ਼ੁਰੂ ਕੀਤੀ ਗਈ ਸੀ ਅਤੇ 26 ਜਨਵਰੀ ਨੂੰ 12 ਰਾਜਾਂ ਵਿਚੋਂ ਹੁੰਦੀ ਹੋਈ ਸ੍ਰੀਨਗਰ ਪੁੱਜੇਗੀ।

ਕਾਂਗਰਸ ਦੇ ਲਗਾਤਾਰ ਰਾਜਨੀਤਕ ਪਤਨ ਨੂੰ ਗਾਂਧੀ ਪਰਿਵਾਰ ਸਬੰਧਿਤ ਪ੍ਰਧਾਨ ਸੋਨੀਆ ਗਾਂਧੀ, ਕੁਝ ਸਮਾਂ ਪ੍ਰਧਾਨ ਰਹੇ ਰਾਹੁਲ ਗਾਂਧੀ, ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ (ਭੈਣ) ਆਦਿ ਰੋਕਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੇ। ਗਾਂਧੀ ਪਰਿਵਾਰ ਇਲਾਵਾ ਕਿਸੇ ਹੋਰ ਵਧੀਆ ਆਗੂ ਨੂੰ ਪ੍ਰਧਾਨਗੀ ਸੌਂਪਣ ਦੇ ਪ੍ਰਸ਼ਨ ਤੇ 23 ਤਾਕਤਵਰ ਕਾਂਗਰਸ ਆਗੂਆਂ ਦਾ ਵਿਰੋਧ ਵੀ ਨਾਕਾਮ ਰਿਹਾ। ਕਈ ਨਾਮਵਰ ਆਗੂ ਕਿਨਾਰ ਕਰ ਗਏ। ਆਖ਼ਰ ਬਜ਼ੁਰਗ ਆਗੂ ਮਲਕ ਅਰਜੁਨ ਖੜਗੇ ਨੂੰ ਪ੍ਰਧਾਨ ਵਜੋਂ ਗਾਂਧੀ ਪਰਿਵਾਰ ਦੇ ਅਸ਼ੀਰਵਾਦ ਨਾਲ ਚੁਣਿਆ ਗਿਆ। ਬਾਵਜੂਦ ਯਾਤਰਾ ਦੀ ਅਗਵਾਈ ਰਾਹੁਲ ਨੂੰ ਸੌਂਪੀ ਗਈ।

ਇਹ ਯਾਤਰਾ ਪੰਜਾਬ ਵਿਚੋਂ ਹੁੰਦੀ ਹੋਈ ਜੰਮੂ ਕਸ਼ਮੀਰ ਅੰਦਰ ਅੰਤਿਮ ਪੜਾਅ ਵੱਲ ਵਧ ਰਹੀ ਹੈ ਲੇਕਿਨ ਕਾਂਗਰਸ ਪਾਰਟੀ 12 ਰਾਜਾਂ ਜਿੱਥੋਂ ਦੀ ਇਹ ਗੁਜ਼ਰੀ ਅਤੇ ਪੂਰੇ ਦੇਸ਼ ਨੂੰ ਇਹ ਨਹੀਂ ਦਸ ਸਕੀ ਕਿ ਇਸ ਦਾ ਅਸਲ ਮੰਤਵ ਕੀ ਸੀ? ਕੀ ਇਹ ਉਸ ਮੰਤਵ ਦੀ ਪ੍ਰਾਪਤੀ ਲਈ ਸਫਲ ਹੋ ਸਕੀ? ਕੀ ਇਸ ਨਾਲ ਪੂਰਾ ਦੇਸ਼ ਕਵਰ ਹੋ ਗਿਆ ਜਾਂ ਅਜੇ ਇੱਕ ਐਸੀ ਹੋਰ ਯਾਤਰਾ ਕਾਹੋ (ਆਖ਼ਰੀ ਪਿੰਡ ਅਰੁਨਾਚਲ ਪ੍ਰਦੇਸ਼ ਦਾ ਚੀਨ ਸਰਹੱਦ ਨੇੜੇ) ਤੋਂ ਲੈ ਕੇ ਲਖਪਤ (ਆਖ਼ਰੀ ਪਿੰਡ ਗੁਜਰਾਤ ਦਾ ਪਾਕਿਸਤਾਨ ਸਰਹੱਦ ਨੇੜੇ) ਤੱਕ ਪੂਰਬ ਤੋਂ ਪੱਛਮੀ ਭਾਰਤ ਅੰਦਰ ਦੇਸ਼ ਨੂੰ ਜੋੜਨ ਲਈ ਕਢਣਗੇ ਇਸੇ ਸਾਲ ਸੰਨ 2023 ਵਿਚ?

ਇਸ ਯਾਤਰਾ ਦੇ ਸੰਚਾਰ ਵਿੰਗ ਦੇ ਮੁਖੀ ਤੇ ਸੀਨੀਅਰ ਕਾਂਗਰਸ ਆਗੂ ਜੈ ਰਾਮ ਰਮੇਸ਼ ਦਾ ਕਹਿਣਾ ਕਿ ਇਹ ਵਿਅਕਤੀਗਤ ਅਤੇ ਵਿਅਕਤੀਵਾਦੀ ਯਾਤਰਾ ਨਹੀਂ। ਇਹ ਚੋਣਾਂ ਪ੍ਰਭਾਵਿਤ ਕਰਨ ਵਾਲੀ ਯਾਤਰਾ ਨਹੀਂ। ਇਹ ਰਾਹੁਲ ਗਾਂਧੀ ਨੂੰ ਭਵਿੱਖੀ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਨ ਵਾਲੀ ਯਾਤਰਾ ਨਹੀਂ। ਇਹ ਯਾਤਰਾ ਆਰਐੱਸਐੱਸ ਅਤੇ ਭਾਜਪਾ ਦੀ ਰਾਸ਼ਟਰੀ ਅਤੇ ਫਿਰਕੂ ਏਕੇ ਵਿਰੁੱਧ ਵਿਚਾਰਧਾਰਾ ਨੂੰ ਭਾਰਤੀਆਂ ਸਾਹਮਣੇ ਨੰਗਾ ਕਰਨ ਵਾਲੀ ਯਾਤਰਾ ਹੈ ਸੱਤਾ ਜੋ ਰਾਸ਼ਟਰ ਅੰਦਰ ਜ਼ਹਿਰ ਵਾਂਗ ਫੈਲ ਰਹੀ ਹੈ, ਉਸ ਦੇ ਏਕਾਧਿਕਾਰਵਾਦ ਕਾਰਪੋਰੇਟ ਕਰਨਵਾਦ ਅਤੇ ਕਰੋਨੀਕਰਨ ਨੂੰ ਖਤਮ ਕਰਨ ਵਾਲੀ ਯਾਤਰਾ ਹੈ। ਦੇਸ਼ ਅੰਦਰ ਆਰਥਿਕ ਨਾ-ਬਰਾਬਰੀ, ਸਮਾਜਿਕ ਵੰਡ, ਰਾਜਨੀਤਕ ਏਕਾਧਿਕਾਰ, ਧਾਰਮਿਕ ਭੇਦਭਾਵ ਨੂੰ ਦੂਰ ਕਰਨ ਵਾਲੀ ਯਾਤਰਾ ਹੈ।

ਭਾਜਪਾ ਅਤੇ ਆਰਐੱਸਐੱਸ ਵੱਲੋਂ ਕਾਰਪੋਰੇਟਵਾਦ ਅਤੇ ਕਰੋਨੀ ਪੂੰਜੀਵਾਦ ਨੂੰ ਸਥਾਪਿਤ ਕਰਨ, ਹਰ ਸੰਵਿਧਾਨਕ ਸੰਸਥਾ ਜਿਵੇਂ ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ ਚੋਣ, ਵਿੱਤੀ ਕਮਿਸ਼ਨ ਅੰਦਰ ਪ੍ਰਭਾਵਸ਼ਾਲੀ ਘੁਸਪੈਠ, ਘੱਟ-ਗਿਣਤੀਆਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਬਣਾਉਣ ਦਾ ਬੋਲਬਾਲਾ ਸਥਾਪਿਤ ਕਰਨ ਦਾ ਪ੍ਰਚਾਰ ਕੀਤਾ ਗਿਆ ਪਰ ਕੀ ਕਾਂਗਰਸ ਕਾਰਪੋਰੇਟਵਾਦ, ਕਰੋਨੀ ਪੂੰਜੀਵਾਦ, ਸੰਵਿਧਾਨਕ ਸੰਸਥਾਵਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ਾਂ ਤੋਂ ਮੁਕਤ ਹੈ? ਦਿੱਲੀ ਅੰਦਰ ਸੰਨ 2020 ਅੰਦਰ ਦੰਗਾਗਘਸ਼ਤ ਘੱਟ-ਗਿਣਤੀ ਸਬੰਧਿਤ ਖੇਤਰਾਂ ਜਿਵੇਂ ਮੌਜਪੁਰ, ਸੀਲਮ ਜਫ਼ਰਾਬਾਦ ਆਦਿ ਵਿਖੇ ‘ਨਫਰਤ ਛੋੜੋ – ਭਾਰਤ ਜੋੜੋ’ ਨਾਅਰਾ ਲਾਉਂਦੀ ਯਾਤਰਾ ਗੁਜ਼ਰੀ ਪਰ ਨਵੰਬਰ 84 ਸਿੱਖ ਕਤਲ-ਏ-ਆਮ ਖੇਤਰਾਂ ਵਿਚ ਕਿਉਂ ਨਹੀਂ ਗਈ? ਪੰਜਾਬ ਵਿਚ ਦਰਬਾਰ ਸਾਹਿਬ ਨਤਮਸਤਕ ਹੋਣ ਵੇਲੇ ਜੂਨ 84 ਨੀਲਾ ਤਾਰਾ ਅਪਰੇਸ਼ਨ ਅਤੇ ਨਵੰਬਰ 84 ਕਤਲੇ-ਏ-ਆਮ ਲਈ ਰਾਹੁਲ ਗਾਂਧੀ ਨੇ ਆਪਣੇ ਦੋਸ਼ੀ ਪਰਿਵਾਰ ਅਤੇ ਕਾਂਗਰਸ ਪਾਰਟੀ ਵੱਲੋਂ ਮੁਆਫੀ ਕਿਉਂ ਨਹੀਂ ਮੰਗੀ? ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਨਾਲ ਰਾਜਧਾਨੀ, ਪਾਣੀਆਂ, ਸਿੱਖ ਫੌਜੀਆਂ ਨੂੰ ਟੋਪ ਦੇਣ ਬਾਰੇ ਕਿਉਂ ਨਾ ਕੀਤੀ? ਕੀ ਇਹ ਭਾਰਤ ਜੋੜਨ ਨਾਲ ਸਬੰਧਿਤ ਮੁੱਦੇ ਨਹੀਂ ਹਨ?

ਕਾਂਗਰਸ ਬਾਰੇ ਨੋਬੇਲ ਪੁਰਸਕਾਰ ਜੇਤੂ ਡਾਕਟਰ ਅਮਰਤਿਆ ਸੇਨ ਨੇ ਸਪੱਸ਼ਟ ਕਿਹਾ ਕਿ ਇਹ ਬਹੁਤ ਕਮਜ਼ੋਰ ਹੋ ਚੁੱਕੀ ਹੈ। ਠੀਕ ਹੈ ਕਿ ਇਹ ਸੰਪੂਰਨ ਭਾਰਤ ਦਾ ਵਿਜ਼ਨ ਪੇਸ਼ ਕਰਦੀ ਹੈ ਪਰ ਹਰ ਥਾਂ ਇਸ ਦੇ ਵਰਕਰ ਹੋਣ ਕਰ ਕੇ। ਉਂਝ, ਇਹ ਬੁਰੀ ਤਰ੍ਹਾਂ ਵੰਡੀ ਹੋਈ ਪਾਰਟੀ ਹੈ। ‘ਭਾਰਤ ਛੋੜੋ ਯਾਤਰਾ’ ਦੇ ਆਖ਼ਰੀ ਮਰਹਲੇ ’ਤੇ ਡਾ. ਸੇਨ ਇਹ ਬਿਆਨ ਕਮਜ਼ੋਰ ਅਤੇ ਪਾਟੀ ਹੋਈ ਕਾਂਗਰਸ ਦਾ ਪੋਲ ਖੋਲ੍ਹ ਕੇ ਰੱਖ ਦਿੰਦਾ ਹੈ।

ਸੰਪਰਕ: +1-289-829-2929

Source link