ਬਰਮਿੰਘਮ, 4 ਅਗਸਤ

ਸੁਨੈਨਾ ਕੁਰੂਵਿੱਲਾ ਤੇ ਅਨਾਹਤ ਸਿੰਘ ਦੀ ਜੋੜੀ ਰਾਸ਼ਟਰਮੰਡਲ ਖੇਡਾਂ ’ਚ ਸਕੁਐਸ਼ ਮਹਿਲਾ ਡਬਲਜ਼ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਸੁਨੈਨਾ ਤੇ 14 ਸਾਲਾ ਅਨਾਹਤ ਨੇ ਪਹਿਲੇ ਮੈਚ ’ਚ ਯੇਹੇਨੀ ਕੁਰੁੱਪੂ ਅਤੇ ਚਨਿਤਮਾ ਸਿਨਾਲੀ ਨੂੰ ਸਿੱਧੇ ਸੈੱਟਾਂ ’ਚ 11-9, 11-4 ਨਾਲ ਹਰਾਇਆ। ਦੂਜੇ ਪਾਸੇ ਅਭੈ ਸਿੰਘ ਅਤੇ ਵੇਲਾਵਨ ਸੇਂਥਿਲਕੁਮਾਰ ਨੇ ਵੀ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਦੇ ਲੁਕਾ ਰੀਚ ਤੇ ਜੋ ਚੈਪਮੈਨ ਨੂੰ ਹਰਾ ਕੇ ਪੁਰਸ਼ ਡਬਲਜ਼ ਪ੍ਰੀ ਕੁਆਰਟਰ ਫਾਈਨਲ ’ਚ ਥਾਂ ਬਣਾਈ ਹੈ। ਉੱਥੇ ਹੀ ਮਿਕਸਡ ਡਬਲਜ਼ ’ਚ ਜੋਸ਼ਨਾ ਚਿਨੱਪਾ ਤੇ ਹਰਿੰਦਰਪਾਲ ਸੰਧੂ ਦੀ ਤਜਰਬੇਕਾਰ ਜੋੜੀ ਆਸਟਰੇਲੀਆ ਦੇ ਡੋਨਾ ਲੋਬਾਨ ਤੇ ਕੈਮਰਨ ਪਿੱਲੈ ਤੋਂ 8-11, 9-11 ਨਾਲ ਹਾਰ ਕੇ ਬਾਹਰ ਹੋ ਗਈ। ਇਸੇ ਦੌਰਾਨ ਸਿਖਰਲਾ ਦਰਜਾ ਹਾਸਲ ਦੀਪਿਕਾ ਪੱਲੀਕਲ ਤੇ ਸੌਰਵ ਘੋਸ਼ਾਲ ਦੀ ਜੋੜੀ ਨੇ ਸਕੁਐਸ਼ ਦੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਇਨ੍ਹਾਂ ਵੇਲਸ ਦੇ ਪੀਟਰ ਕਰੀਡ ਤੇ ਐਮਿਲੀ ਵਿਟਲੌਕ ਨੂੰ 11-8, 11-4 ਨਾਲ ਹਰਾਇਆ। ਇਸ ਜੋੜੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਵਿਸ਼ਵ ਡਬਲਜ਼ ਦਾ ਖਿਤਾਬ ਜਿੱਤਿਆ ਸੀ ਤੇ ਉਹ ਇੱਥੇ ਸੋਨ ਤਗ਼ਮੇ ਦੇ ਮਜ਼ਬੂਤ ਦਾਅਵੇਦਾਰ ਹਨ। -ਪੀਟੀਆਈ

Source link