ਪਰਵਿੰਦਰ ਸਿੰਘ ਢੀਂਡਸਾ

ਗੋਆ ਦਾ ਸਮਾਜਿਕ, ਧਾਰਮਿਕ, ਰਾਜਨੀਤਿਕ ਤਾਣਾ-ਬਾਣਾ ਹਮੇਸ਼ਾਂ ਤੋਂ ਹੀ ਦਿਲਚਸਪੀ ਦਾ ਕੇਂਦਰ ਰਿਹਾ ਹੈ। ਗੋਆ ਨੇ ਆਪਣੀ ਵਿਸ਼ੇਸ਼ ਸਥਿਤੀ ਕਰਕੇ ਹਮੇਸ਼ਾਂ ਤੋਂ ਹੀ ਦੂਰ-ਦੁਰਾਡੇ ਦੇ ਲੋਕਾਂ ਦਾ ਮਨ ਮੋਹਿਆ ਹੈ। ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਕੋਈ ਵਪਾਰ ਦੇ ਮਕਸਦ ਨਾਲ ਗੋਆ ਆਇਆ ਹੋਵੇ ਜਾਂ ਸੈਰ-ਸਪਾਟੇ ਦੇ ਮਕਸਦ ਨਾਲ, ਇਸ ਅਨੋਖੇ ਖੇਤਰ ਨੇ ਉਸ ਦੀ ਬਾਕੀ ਜ਼ਿੰਦਗੀ ਲਈ ਉਸ ਦੇ ਮਨ ਵਿੱਚ ਕਦੇ ਨਾ ਭੁੱਲਣ ਯੋਗ ਯਾਦ ਛੱਡਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਗੋਆ ਦੇ ਇਤਿਹਾਸ ਦੀ ਗੱਲ ਤੁਰਦੀ ਹੈ ਤਾਂ ਉਸ ਵਿੱਚ ਅਜੋਕੇ ਗੋਆ ਦੇ ਨਾਲ ਨਾਲ ਨਾਲ ਅਜੋਕਾ ਕੇਰਲਾ, ਲਗਭਗ ਅੱਧਾ ਕਰਨਾਟਕ, ਦਮਨ ਤੇ ਦਿਊ, ਦਾਦਰਾ ਤੇ ਨਗਰ ਹਵੇਲੀ ਵੀ ਆਉਂਦੇ ਸਨ। ਇਉਂ ਇਹ ਅਜੋਕੇ ਗੋਆ ਵਰਗਾ ਛੋਟਾ ਜਿਹਾ ਭੂ-ਭਾਗ ਨਾ ਹੋ ਕੇ ਵਿਸ਼ਾਲ ਖਿੱਤਾ ਸੀ।

ਲਗਭਗ 15ਵੀਂ ਸਦੀ ਵਿੱਚ ਯੂਰਪ ਦੇ ਵੱਖ ਵੱਖ ਮੁਲਕਾਂ ਵਿੱਚ ਨਵੇਂ ਮੁਲਕ ਲੱਭਣ ਦੀ ਦੌੜ ਜਿਹੀ ਲੱਗੀ ਹੋਈ ਸੀ। ਇਹ ਕੁਝ ਹੱਦ ਤੱਕ ਦੁਨੀਆਂ ਦੇ ਨਕਸ਼ੇ ’ਤੇ ਆਪਣੇ ਦੇਸ਼ ਦੀ ਵਿਲੱਖਣ ਸਥਿਤੀ ਦਰਸਾਉਣ ਲਈ ਉਨ੍ਹਾਂ ਦੀ ਮਹੱਤਵਕਾਂਖਿਆ ਵੀ ਹੋ ਸਕਦੀ ਹੈ ਅਤੇ ਕੁਝ ਹੱਦ ਤੱਕ ਯੂਰਪ ਦੇ ਦੇਸ਼ ਉਸ ਵੇਲੇ ਤੱਕ ਉਦਯੋਗਿਕ ਵਿਕਾਸ ਪੱਖੋਂ ਦੁਨੀਆਂ ਦੇ ਬਾਕੀ ਮੁਲਕਾਂ ਨਾਲੋਂ ਬਹੁਤ ਅੱਗੇ ਸਨ, ਇਸ ਲਈ ਵਪਾਰਕ ਖ਼ਾਤਰ ਨਵੀਆਂ ਮੰਡੀਆਂ ਦੀ ਤਲਾਸ਼ ਕਰਨਾ ਉਨ੍ਹਾਂ ਦੀ ਮਜਬੂਰੀ ਵੀ ਸੀ। ਯੂਰਪ ਦੇ ਪੱਛਮੀ ਕਿਨਾਰੇ ’ਤੇ ਵਸਿਆ ਪੁਰਤਗਾਲ ਛੋਟਾ ਜਿਹਾ ਦੇਸ਼ ਹੈ। ਯੂਰਪ ਦੇ ਹੋਰ ਦੇਸ਼ਾਂ ਇੰਗਲੈਂਡ, ਸਪੇਨ, ਹਾਲੈਂਡ ਜਾਂ ਡੈਨਮਾਰਕ ਵਾਂਗ ਪੁਰਤਗਾਲ ਵਿੱਚ ਵੀ ਅਜਿਹੀ ਪ੍ਰਵਿਰਤੀ ਭਾਰੂ ਸੀ। ਉਦਯੋਗਿਕ ਮੁਲਕ ਹੋਣ ਕਾਰਨ ਦੂਸਰੇ ਯੂਰਪੀਅਨ ਦੇਸ਼ਾਂ ਵਾਂਗ ਪੁਰਤਗਾਲ ਨੂੰ ਵੀ ਆਪਣੇ ਉਦਯੋਗਾਂ ਲਈ ਲੋੜੀਂਦਾ ਕੱਚਾ ਮਾਲ ਲੱਭਣ ਅਤੇ ਤਿਆਰ ਮਾਲ ਦੂਸਰੇ ਦੇਸ਼ਾਂ ਵਿੱਚ ਜਾ ਕੇ ਵੇਚਣ ਲਈ ਮੰਡੀਆਂ ਦੀ ਤਲਾਸ਼ ਰਹਿੰਦੀ ਸੀ। ਇਸ ਦਿਸ਼ਾ ਵਿੱਚ ਪੁਰਤਗਾਲ ਦੇ ਹੁਕਮਰਾਨਾਂ ਨੇ ਕਈ ਕਦਮ ਚੁੱਕੇ ਜਿਨ੍ਹਾਂ ਤਹਿਤ ਹਿੰਦੋਸਤਾਨ ਨਾਲ ਵਪਾਰ ਦੀਆਂ ਨਵੀਂਆਂ ਸੰਭਾਵਨਾਵਾਂ ਤਲਾਸ਼ਣ ਲਈ 1497 ਈਸਵੀ ਵਿੱਚ ‘ਪੁਰਤਗੀਜ਼ ਈਸਟ ਇੰਡੀਆ ਕੰਪਨੀ’ ਦਾ ਗਠਨ ਕੀਤਾ ਗਿਆ। ਉਨ੍ਹਾਂ ਦਿਨਾਂ ਵਿੱਚ ਸਮੁੰਦਰੀ ਰਸਤੇ ਪੁਰਤਗਾਲ ਤੋਂ ਹਿੰਦੋਸਤਾਨ ਆਉਣ ਲਈ ਅਫਰੀਕਾ ਮਹਾਂਦੀਪ ਦਾ ਚੱਕਰ ਕੱਟ ਕੇ ਆਉਣਾ ਪੈਂਦਾ ਸੀ (ਜੋ ਬਾਅਦ ਵਿੱਚ ਸਵੇਜ਼ ਨਹਿਰ ਬਣਨ ਨਾਲ ਸੁਖਾਲਾ ਹੋ ਗਿਆ)। ਇਸ ਲਈ ਪੁਰਤਗਾਲ ਤੋਂ ਹਿੰਦੋਸਤਾਨ ਤੱਕ ਆਉਣ ਲਈ ਨਵਾਂ ਅਤੇ ਕੋਈ ਛੋਟਾ ਰਸਤਾ ਖੋਜਣ ਲਈ 8 ਜੁਲਾਈ 1997 ਨੂੰ ਪੁਰਤਗਾਲੀ ਮੱਲਾਹ ਵਾਸਕੋ-ਡੀ-ਗਾਮਾ ਨੂੰ ਭੇਜਿਆ ਗਿਆ। ਲਗਭਗ 11 ਮਹੀਨੇ ਦਾ ਸਮੁੰਦਰੀ ਸਫ਼ਰ ਕਰਨ ਤੋਂ ਬਾਅਦ 17 ਮਈ 1498 ਨੂੰ ਵਾਸਕੋ-ਡੀ-ਗਾਮਾ ਭਾਰਤ ਦੇ ਪੱਛਮੀ ਹਿੱਸੇ ’ਤੇ ਸਥਿਤ ਇੱਕ ਬੰਦਰਗਾਹ ਕਾਲੀਕੱਟ ਵਿਖੇ ਪਹੁੰਚਿਆ ਜੋ ਕਿ ਅਜੋਕੇ ਕੇਰਲਾ ਰਾਜ ਵਿੱਚ ਸਥਿਤ ਹੈ। ਉਸ ਦਾ ਸਵਾਗਤ ਕਾਲੀਕੱਟ ਦੇ ਤਤਕਾਲੀ ਹਿੰਦੂ ਸ਼ਾਸਕ ਜ਼ੈਮੋਰਿਨ ਨੇ ਕੀਤਾ। ਵਾਸਕੋ ਦਾ ਵਪਾਰਕ ਮੰਤਵਾਂ ਤੋਂ ਬਿਨਾਂ ਕੋਈ ਹੋਰ ਉਦੇਸ਼ ਨਹੀਂ ਸੀ, ਇਸ ਲਈ ਉਸ ਨੇ ਆਪਣੇ ਆਪ ਨੂੰ ਇੱਥੋਂ ਤੱਕ ਹੀ ਸੀਮਿਤ ਰੱਖਿਆ ਪਰ ਉਸ ਨੇ ਪੁਰਤਗਾਲ ਜਾਂ ਯੂਰਪ ਨੂੰ ਹਿੰਦੋਸਤਾਨ ਤੱਕ ਪਹੁੰਚਣ ਲਈ ਇੱਕ ਨਵਾਂ ਸਮੁੰਦਰੀ ਰਸਤਾ ਲੱਭ ਕੇ ਦੇ ਦਿੱਤਾ ਸੀ। ਇਸ ਘਟਨਾ ਨੇ ਅੱਗੇ ਚੱਲ ਕੇ ਗੋਆ ਦੇ ਨਾਲ ਨਾਲ ਪੂਰੇ ਹਿੰਦੋਸਤਾਨ ਦੇ ਇਤਿਹਾਸ ਵਿੱਚ ਵਰਣਨਯੋਗ ਭੂਮਿਕਾ ਨਿਭਾਈ। ਪੁਰਤਗਾਲੀਆਂ ਨੇ ਗੋਆ ਦੇ ਲੋਕਾਂ ਦਾ ਸਮਾਜਿਕ ਪੱਛੜਿਆਪਣ ਦੇਖਦਿਆਂ ਇੱਥੇ ਰਾਜਨੀਤਿਕ ਬਸਤੀ ਵਸਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ ਜਿਸਦੇ ਤਹਿਤ ਫਰਾਂਸਿਸਕੋ ਡੀ ਅਲਮੀਡਾ ਨੂੰ 1505 ਵਿੱਚ ਗੋਆ ਦਾ ਪਹਿਲਾ ਪੁਰਤਗਾਲੀ ਗਵਰਨਰ ਨਿਯੁਕਤ ਕੀਤਾ ਗਿਆ। ਫਰਾਂਸਿਸਕੋ ਡੀ ਅਲਮੀਡਾ ਨੇ ਸਮਝ ਲਿਆ ਸੀ ਕਿ ਗੋਆ ਵਿੱਚ ਨਵੇਂ ਕਿਲ੍ਹੇ ਉਸਾਰਨ ਤੇ ਉਨ੍ਹਾਂ ਦਾ ਸੁਯੋਗ ਪ੍ਰਬੰਧ ਕਰਨ ਲਈ ਪੁਰਤਗਾਲ ਕੋਲ ਲੋੜੀਂਦੀ ਮਾਤਰਾ ਵਿੱਚ ਮਨੁੱਖੀ ਸਾਧਨ ਨਹੀਂ ਹਨ। ਇਸ ਲਈ ਉਸ ਨੇ ਮਹਿਸੂਸ ਕੀਤਾ ਕਿ ਗੋਆ ਦੇ ਭੂ-ਭਾਗ ਵਿੱਚ ਨਵੇਂ ਕਿਲ੍ਹਿਆਂ ਦੀ ਉਸਾਰੀ ਕਰਨ ਨਾਲੋਂ ਗੋਆ ਦੇ ਨਾਲ ਲੱਗਦੇ ਸਮੁੰਦਰੀ ਇਲਾਕੇ ਵਿੱਚ ਆਪਣੀ ਸਥਿਤੀ ਮਜ਼ਬੂਤ ਕੀਤੀ ਜਾਵੇ, ਇਸ ਨੂੰ ਫਰਾਂਸਿਸਕੋ ਦੀ ‘ਨੀਲੇ ਪਾਣੀ ਦੀ ਨੀਤੀ’ ਵੀ ਕਿਹਾ ਜਾਂਦਾ ਹੈ। ਇਸ ਨੀਤੀ ਵਿੱਚ ਉਸ ਨੇ ਕਾਫ਼ੀ ਹੱਦ ਤੱਕ ਸਫਲਤਾ ਵੀ ਹਾਸਲ ਕੀਤੀ। ‘ਨੀਲੇ ਪਾਣੀ ਦੀ ਨੀਤੀ’ ’ਤੇ ਚੱਲਦਿਆਂ ਫਰਾਂਸਿਸਕੋ ਨੇ 1509 ਤੱਕ ਹਿੰਦ ਮਹਾਂਸਾਗਰ ਵਿੱਚ ਪੁਰਤਗਾਲੀ ਸ਼ਕਤੀ ਨੂੰ ਪੱਕੇ ਪੈਰੀਂ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ।

ਅਲਫਾਂਸੋ ਡੀ ਅਲਬਰਕਿਊ 1509 ਵਿੱਚ ਦੂਜਾ ਪੁਰਤਗਾਲੀ ਗਵਰਨਰ ਬਣਿਆ। ਉਸ ਨੇ ਬਸਤੀਵਾਦੀ ਨੀਤੀਆਂ ’ਤੇ ਚੱਲਦਿਆਂ 1510 ਵਿੱਚ ਬੀਜਾਪੁਰ ਦੇ ਸ਼ਾਸਕ ਕੋਲੋਂ ਗੋਆ ਹਥਿਆ ਲਿਆ। ਅਲਫਾਂਸੋ ਨੇ 1510 ਵਿੱਚ ਹੀ ਇਲਹਾਸ (ਤਿਸਵੱਢੀ) ’ਤੇ ਕਬਜ਼ਾ ਕੀਤਾ (ਇਹ ਬਾਕੀ ਯੂਰਪੀਅਨ ਸ਼ਕਤੀਆਂ ਦੇ ਭਾਰਤ ਵਿੱਚ ਆਉਣ ਤੋਂ ਬਹੁਤ ਪਹਿਲਾਂ ਦੀ ਗੱਲ ਹੈ)। 19ਵੀਂ-20ਵੀਂ ਸਦੀ ਵਿੱਚ ਜਦੋਂ ਬਾਕੀ ਸ਼ਕਤੀਆਂ ਇੱਕ ਇੱਕ ਕਰ ਕੇ ਭਾਰਤ ਵਿੱਚੋਂ ਜਾ ਰਹੀਆਂ ਸਨ ਤਾਂ ਪੁਰਤਗਾਲੀ 1961 ਤੱਕ ਭਾਰਤ ਵਿੱਚ ਟਿਕੇ ਰਹੇ। ਇਸ ਤਰ੍ਹਾਂ ਪੁਰਤਗਾਲੀ ਬਾਕੀ ਯੂਰਪੀਅਨ ਸ਼ਕਤੀਆਂ ਦੇ ਮੁਕਾਬਲੇ ਸਭ ਤੋਂ ਪਹਿਲਾਂ ਭਾਰਤ ਵਿੱਚ ਆਏ ਤੇ ਉਨ੍ਹਾਂ ਨੇ ਸਭ ਤੋਂ ਬਾਅਦ ਤੱਕ ਭਾਰਤ ਵਿੱਚ ਪੈਰ ਜਮਾਈ ਰੱਖੇ।

ਸ਼ੁਰੂ ਵਿੱਚ ਪੁਰਤਗਾਲੀਆਂ ਨੇ ਕੇਰਲਾ ਦੇ ਸ਼ਹਿਰ ਕੋਚੀਨ ਨੂੰ ਆਪਣੀ ਰਾਜਧਾਨੀ ਬਣਾਇਆ ਪਰ 1530 ਵਿੱਚ ਨੀਨੋ ਡਾ ਕੁਨਹਾ ਨੇ ਕੋਚੀਨ ਤੋਂ ਬਦਲ ਕੇ ਗੋਆ ਨੂੰ ਆਪਣੀ ਰਾਜਧਾਨੀ ਬਣਾ ਲਿਆ। ਨੀਨੋ ਨੇ ਗੁਜਰਾਤ ਦੇ ਸ਼ਾਸਕ ਕੋਲੋਂ 1534 ਵਿੱਚ ਦਿਊ ਅਤੇ ਬੈਸੀਨ ਵੀ ਜਿੱਤ ਲਏ। 1542 ਵਿੱਚ ਮਾਰਫਿਨ ਅਲਫਾਂਸੋ ਡੀ ਸੂਜ਼ਾ ਦੇ ਨਾਲ ਯੂਰਪ ਤੋਂ ਇੱਕ ਇਸਾਈ ਸੰਤ ਫਰਾਂਸਿਸਕੋ ਜ਼ੇਵੀਅਰ ਵੀ ਗੋਆ ਆਇਆ ਜਿਸ ਨੇ ਗੋਆ ਵਿੱਚ ਇੱਕ ਖ਼ਾਸ ਅਧਿਆਤਮਕ ਸਥਿਤੀ ਹਾਸਲ ਕਰ ਲਈ ਸੀ। ਉਸ ਤੋਂ ਪਹਿਲਾਂ ਤੱਕ ਗੋਆ ਮੁਸਲਿਮ ਬਹੁਗਿਣਤੀ ਵਾਲਾ ਰਾਜ ਸੀ ਪਰ ਹੁਣ ਇਸਾਈ ਮੱਤ ਨੇ ਉੱਥੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ। 16ਵੀਂ ਸਦੀ ਦੇ ਅੰਤ ਤੱਕ ਪੁਰਤਗਾਲੀਆਂ ਨੂੰ ਵੀ ਗੋਆ ਵਿੱਚ ਰਾਜਨੀਤਿਕ ਟੱਕਰ ਮਿਲਣੀ ਸ਼ੁਰੂ ਹੋ ਗਈ ਸੀ। 1631 ਵਿੱਚ ਮੁਗਲ ਸ਼ਾਸਕ ਸ਼ਾਹਜਹਾਂ ਦੇ ਇੱਕ ਵਫ਼ਾਦਾਰ ਕਾਸਿਮ ਖ਼ਾਨ ਨੇ ਪੁਰਤਗਾਲੀਆਂ ਨੂੰ ਹੁਗਲੀ ਵਿਖੇ ਭਾਂਜ ਦਿੱਤੀ ਜਿਸ ਕਰਕੇ ਇਸ ਖਿੱਤੇ ਵਿੱਚ ਉਨ੍ਹਾਂ ਦੇ ਪ੍ਰਭਾਵ ਨੂੰ ਕਾਫ਼ੀ ਸੱਟ ਵੱਜੀ। 1661 ਵਿੱਚ ਪੁਰਤਗਾਲ ਦੇ ਰਾਜੇ ਨੇ ਇੰਗਲੈਂਡ ਦੇ ਮਹਾਰਾਜਾ ਚਾਰਲਸ ਦੋਇਮ ਨੂੰ ਬੰਬੇ ਦਾ ਇਲਾਕਾ ਦਾਜ ਵਿੱਚ ਦੇ ਦਿੱਤਾ ਕਿਉਂਕਿ ਪੁਰਤਗਾਲ ਦੇ ਸ਼ਾਸਕ ਦੀ ਭੈਣ ਦੀ ਸ਼ਾਦੀ ਇੰਗਲੈਂਡ ਦੇ ਚਾਰਲਸ ਦੋਇਮ ਨਾਲ ਹੋਈ ਸੀ। 1739 ਵਿੱਚ ਮਰਾਠਿਆਂ ਨੇ ਪੁਰਤਗਾਲੀਆਂ ਤੋਂ ਸੈਲਸਟ ਅਤੇ ਬੈਸੀਨ ਦੇ ਇਲਾਕੇ ਵੀ ਜਿੱਤ ਲਏ। 1600 ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੇ 1602 ਵਿੱਚ ਹਾਲੈਂਡ ਦੀ ਡੱਚ ਈਸਟ ਇੰਡੀਆ ਕੰਪਨੀ ਦੇ ਹੋਂਦ ਵਿੱਚ ਆਉਣ ਨਾਲ ਭਾਰਤ ਵਿੱਚ ਪੁਰਤਗਾਲੀਆਂ ਦੇ ਸਿਆਸੀ ਸ਼ਰੀਕ ਵੀ ਪੈਦਾ ਹੋ ਗਏ ਸਨ। 1664 ਵਿੱਚ ਫਰੈਂਚ ਈਸਟ ਇੰਡੀਆ ਕੰਪਨੀ ਦੇ ਹੋਂਦ ਵਿੱਚ ਆਉਣ ਨਾਲ ਪੁਰਤਗਾਲੀਆਂ ਦੀ ਸਾਖ ਨੂੰ ਹੋਰ ਜ਼ਿਆਦਾ ਖੋਰਾ ਲੱਗਾ। ਇਨ੍ਹਾਂ ਸਭ ਕਾਰਨਾਂ ਦੇ ਚੱਲਦਿਆਂ ਪੁਰਤਗਾਲੀਆਂ ਨੂੰ ਆਪਣੇ ਆਪ ਨੂੰ ਗੋਆ, ਕੇਰਲਾ, ਦਮਨ ਅਤੇ ਦਿਊ ਤੱਕ ਸੀਮਿਤ ਰੱਖਣ ਲਈ ਮਜਬੂਰ ਹੋਣਾ ਪਿਆ। ਅਖੀਰ ਇਨ੍ਹਾਂ ਸਭ ਹਿੰਦੋਸਤਾਨੀ ਅਤੇ ਯੂਰਪੀਅਨ ਸ਼ਕਤੀਆਂ ਦੀ ਖਿੱਚੋਤਾਣ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਪੁਰਤਗੀਜ਼ ਈਸਟ ਇੰਡੀਆ ਕੰਪਨੀ ਹੀ ਭਾਰਤ ਦੇ ਇਤਿਹਾਸ ਵਿੱਚ ਵਰਣਨਯੋਗ ਥਾਂ ਬਣਾਈ ਰੱਖਣ ਵਿੱਚ ਕਾਮਯਾਬ ਰਹੀਆਂ।

ਅਲਫਾਂਸੋ ਨੇ ਫਰਵਰੀ-ਮਾਰਚ 1510 ਵਿੱਚ ਗੋਆ ’ਤੇ ਕਬਜ਼ਾ ਕੀਤਾ ਸੀ ਪਰ ਛੇਤੀ ਹੀ ਉਸ ਨੂੰ ਉੱਥੋਂ ਖਦੇੜ ਦਿੱਤਾ ਗਿਆ ਪਰ ਅਲਫਾਂਸੋ ਨੇ ਪਲਟਵਾਰ ਕਰਦਿਆਂ ਨਵੰਬਰ 1510 ਵਿੱਚ ਹੀ ਇਸ ’ਤੇ ਮੁੜ ਕਬਜ਼ਾ ਕਰ ਲਿਆ। 1543 ਤੱਕ ਸੈਲਸਟ ਅਤੇ ਬਰਡੇਜ਼ ਦੇ ਇਲਾਕੇ ਵੀ ਪੁਰਤਗਾਲੀਆਂ ਦੇ ਅਧਿਕਾਰ ਵਿੱਚ ਆ ਗਏ ਸਨ ਅਤੇ 1781 ਤੱਕ ਲਗਭਗ ਸਾਰੇ ਗੋਆ (ਜਿਸ ਵਿੱਚ ਗੋਆ, ਕੇਰਲਾ, ਅੱਧਾ ਮੈਸੂਰ ਰਾਜ, ਦਮਨ ਅਤੇ ਦਿਊ, ਦਾਦਰਾ ਤੇ ਨਗਰ ਹਵੇਲੀ ਸ਼ਾਮਲ ਸਨ) ’ਤੇ ਪੁਰਤਗਾਲੀਆਂ ਦਾ ਸ਼ਾਸਨ ਸੀ।

ਪੁਰਤਗਾਲੀਆਂ ਦਾ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ’ਤੇ ਨਾ ਚੱਲਣਾ ਅਤੇ ਮੂਲ ਨਿਵਾਸੀਆਂ ਨਾਲ ਸਮਾਜਿਕ ਅਤੇ ਰਾਜਨੀਤਿਕ ਤੌਰ ’ਤੇ ਭੇਦਭਾਵ ਨੇ ਜਲਦੀ ਹੀ ਪੁਰਤਗਾਲੀ ਸ਼ਾਸਨ ਨੂੰ ਆਮ ਲੋਕਾਂ ਦੀ ਨਜ਼ਰ ਵਿੱਚ ਨੀਵਾਂ ਦਿਸਣ ਲਾ ਦਿੱਤਾ। ਪੁਰਤਗਾਲੀਆਂ ਦੀਆਂ ਵਿਸਥਾਰਵਾਦੀ ਨੀਤੀਆਂ ਵੀ ਇਸ ਦਾ ਇੱਕ ਕਾਰਨ ਸਨ। ਕੁਝ ਸਥਾਨਕ ਲੋਕ, ਜਿਨ੍ਹਾਂ ਨੇ ਧਰਮ ਪਰਿਵਰਤਨ ਕਰ ਕੇ ਇਸਾਈ ਮੱਤ ਧਾਰਨ ਕਰ ਲਿਆ ਸੀ ਅਤੇ ਪੁਰਤਗਾਲੀਆਂ ਦੇ ਚਹੇਤੇ ਬਣਨ ਦੀ ਕੋਸ਼ਿਸ਼ ਕੀਤੀ ਸੀ, ਕੁਝ ਦੇਰ ਤੱਕ ਤਾਂ ਪੁਰਤਗਾਲੀ ਹੁਕਮਰਾਨਾਂ ਦੀ ਛਤਰ ਛਾਇਆ ਹੇਠ ਰਹੇ ਪਰ ਜਲਦੀ ਹੀ ਰਾਜਸੱਤਾ ’ਤੇ ਕਾਬਜ਼ ਲੋਕਾਂ ਨੇ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਸਮਝਣਾ ਸ਼ੁਰੂ ਕਰ ਦਿੱਤਾ। ਇਸ ਨਾਲ ਪੁਰਤਗਾਲ ਸ਼ਾਸਨ ਖਿਲਾਫ਼ ਆਵਾਜ਼ ਉੱਠਣੀ ਸੁਭਾਵਿਕ ਸੀ। 1543 ਵਿੱਚ ਪੁਰਤਗਾਲੀਆਂ ਦੀ ਭੇਦਭਾਵ ਦੀ ਨੀਤੀ ਵਿਰੁੱਧ ਪਹਿਲੀ ਆਵਾਜ਼ ਸੁਣਨ ਨੂੰ ਮਿਲੀ ਜਦ ਕਾਕੋਲਿਆਂ ਨੇ ਟੈਕਸ ਨਾ ਦੇਣ ਦੀ ਠਾਣ ਲਈ ਅਤੇ ਅਗਲੇ ਲਗਭਗ ਅੱਠ ਸਾਲ ਪੁਰਤਗਾਲੀ ਹਾਕਮਾਂ ਦੇ ਨੱਕ ਵਿੱਚ ਦਮ ਕਰੀ ਰੱਖਿਆ। ਇਹ ਵਿਰੋਧ ਦੀ ਚੰਗਿਆੜੀ ਛੇਤੀ ਹੀ ਨਾਲ ਲੱਗਦੇ ਪਿੰਡਾਂ ਵਿੱਚ ਫੈਲ ਗਈ। ਇਸ ਦੇ ਜਵਾਬ ਵਿੱਚ ਬਸਤੀਵਾਦੀ ਸਰਕਾਰ ਨੇ ਬਹੁਤ ਸਾਰੇ ਸਥਾਨਕ ਨੇਤਾਵਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ। 1654 ਵਿੱਚ ਸਥਾਨਕ ਮੂਲ ਨਿਵਾਸੀ ਤੋਂ ਇਸਾਈ ਮਿਸ਼ਨਰੀ ਬਣੇ ਕੈਸਟਰੋ ਮਹਿਲੇ ਨੇ ਸਮਾਜਿਕ ਭੇਦਭਾਵ ਖਿਲਾਫ਼ ਆਵਾਜ਼ ਬੁਲੰਦ ਕੀਤੀ। ਕੈਸਟਰੋ ਨੇ ਪੁਰਤਗਾਲੀ ਰਾਜਨੀਤਿਕ ਨੀਤੀ ਦੇ ਖਿਲਾਫ਼ ਵੀ ਪਰਚਮ ਉਠਾਇਆ। ਬਾਅਦ ਵਿੱਚ ਪੁਰਤਗੀਜ਼ ਸਰਕਾਰ ਨੇ ਕੈਸਟਰੋ ਨੂੰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ। ਸਤਾਰੀਮਹਿਲ ਵਿੱਚ ਰਾਣੇ ਨਾਂ ਦਾ ਸਮਾਜਿਕ ਸਮੂਹ ਨਿਵਾਸ ਕਰਦਾ ਸੀ। ਰਾਣੇ ਲੋਕਾਂ ਨੇ ਦੀਪਾਜੀ ਰਾਣੇ ਦੀ ਅਗਵਾਈ ਵਿੱਚ ਵਿਦਰੋਹ ਕਰ ਦਿੱਤਾ ਅਤੇ ਦੇਰ ਨਾਲ ਹੀ ਸਹੀ ਪਰ 1852 ਤੱਕ ਪੁਰਤਗਾਲੀਆਂ ਨੂੰ ਆਪਣੇ ਇਲਾਕੇ ਤੋਂ ਖਦੇੜਨ ਵਿੱਚ ਸਫ਼ਲ ਰਹੇ। ਪੁਰਤਗਾਲੀਆਂ ਨੇ ਸਤਾਰੀਮਹਿਲ ’ਤੇ ਦੁਬਾਰਾ ਕਬਜ਼ਾ ਕਰ ਲਿਆ। ਫਿਰ 1895 ਵਿੱਚ ਡੋਡਾ ਰਾਣੇ ਤੇ ਉਸ ਦੇ ਸਾਥੀਆਂ ਨੇ ਸਰਕਾਰੀ ਨੀਤੀਆਂ ਤੋਂ ਤੰਗ ਆ ਕੇ ਵਿਦਰੋਹ ਕਰ ਦਿੱਤਾ ਜਿਸ ਨੂੰ ਪੁਰਤਗਾਲੀ ਹਾਕਮਾਂ ਨੇ ਦਬਾ ਦਿੱਤਾ। 1787 ਵਿੱਚ ਗੋਆ ਦੇ ਕੁਝ ਸਥਾਨਕ ਮਿਸ਼ਨਰੀਆਂ ਨੇ ਗੋਰੇ ਮਿਸ਼ਨਰੀਆਂ ਖਿਲਾਫ਼ ਆਵਾਜ਼ ਉਠਾਈ ਸੀ। ਦਰਅਸਲ, ਸਥਾਨਕ ਮਿਸ਼ਨਰੀਆਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਬਾਵਜੂਦ ਅਣਗੌਲਿਆਂ ਕੀਤਾ ਜਾਂਦਾ ਸੀ। ਇਸ ਦੀ ਅਗਵਾਈ ਦੋ ਸਥਾਨਕ ਮਿਸ਼ਨਰੀਆਂ ਫਰਾਂਸਿਸਕੋ ਡੀ ਕੋਟੋ ਅਤੇ ਜੋਸ਼ ਐਨਟੋਨੀਓ ਗੋਂਸਲਵੇਜ਼ ਨੇ ਕੀਤੀ। ਇੱਕ ਹੋਰ ਇਸਾਈ ਮਿਸ਼ਨਰੀ, ਫਾਦਰ ਪਿੰਟੋ ਨੇ ਆਪਣਾ ਘਰ ਇਨ੍ਹਾਂ ਮਿਸ਼ਨਰੀਆਂ ਨੂੰ ਲੁਕਣਗਾਹ ਵਜੋਂ ਮੁਹੱਈਆ ਕਰਵਾਇਆ ਜਿੱਥੇ ਇਨ੍ਹਾਂ ਬਗ਼ਾਵਤੀ ਮਿਸ਼ਨਰੀਆਂ ਦੀਆਂ ਮੀਟਿੰਗਾਂ ਹੁੰਦੀਆਂ ਸਨ।

ਪਹਿਲਾਂ ਵੀ ਕਿਹਾ ਜਾ ਚੁੱਕਾ ਹੈ ਕਿ ਭਾਰਤ ਵਿੱਚ ਪਹਿਲੇ ਪੁਰਤਗਾਲੀ ਗਵਰਨਰ ਨੇ ਮੌਕਾ ਭਾਂਪਦਿਆਂ ‘ਨੀਲੇ ਪਾਣੀ ਦੀ ਨੀਤੀ’ ਨੂੰ ਅਮਲੀ ਰੂਪ ਦਿੱਤਾ, ਪਰ ਬਾਅਦ ਦੇ ਪੁਰਤਗਾਲੀ ਸ਼ਾਸਕਾਂ ਨੇ ਬਸਤੀਵਾਦੀ ਨੀਤੀਆਂ ਦਾ ਸਮਰਥਨ ਕਰਦਿਆਂ ਵੱਧ ਤੋਂ ਵੱਧ ਭੂ-ਭਾਗ ’ਤੇ ਕਬਜ਼ਾ ਕਰਨ ਦੀ ਨੀਤੀ ਅਪਣਾਈ। ਇਸ ਤਰ੍ਹਾਂ ਭਾਰਤ ਵਿੱਚ ਪੁਰਤਗਾਲ ਕਾਲ ਕਈ ਪੜਾਵਾਂ ਵਿਚਦੀ ਲੰਘਿਆ। 1820 ਈਸਵੀ ਤੱਕ ਨਿਰੰਕੁਸ਼ ਸੱਤਾ ਰਹੀ। ਇਸ ਸਮੇਂ ਪੁਰਤਗਾਲੀਆਂ ਨੇ ਗੋਆ ਨੂੰ ਸਿੱਧੇ ਸ਼ਾਸਨ ਅਧੀਨ ਰੱਖਣ ਦੀ ਕੋਸ਼ਿਸ਼ ਕੀਤੀ। ਧਾਰਮਿਕ ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਸੀ ਅਤੇ ਜਬਰੀ ਧਰਮ ਬਦਲਾਉਣ ਦੀ ਨੀਤੀ ਇਸ ਸਮੇਂ ਜ਼ੋਰਾਂ ’ਤੇ ਸੀ, ਪਰ ਫਰਾਂਸ ਦੀ ਕ੍ਰਾਂਤੀ ਦੇ ਉਦਾਰਵਾਦੀ ਪ੍ਰਚਾਰ ਨੇ ਸੀਮਿਤ ਰਾਜਤੰਤਰ ਜਾਂ ਸੰਵਿਧਾਨਕ ਰਾਜਤੰਤਰ ਜੋ ਇੱਕ ਪਾਰਲੀਮੈਂਟ ਦੇ ਅਧੀਨ ਸੀ, ਗੋਆ ਵਿੱਚ 1820 ਈਸਵੀ ਵਿੱਚ ਸਥਾਪਿਤ ਕੀਤਾ। ਹਾਲਾਂਕਿ ਪਾਰਲੀਮੈਂਟ ਨੇ ਉਦਾਰਵਾਦੀਆਂ ਵੱਲੋਂ ਨਿਰੰਕੁਸ਼ਤਾਵਾਦੀਆਂ ’ਤੇ ਪੂਰੀ ਤਰ੍ਹਾਂ ਫ਼ਤਹਿ ਪ੍ਰਾਪਤ ਕਰ ਲੈਣ ਮਗਰੋਂ ਪ੍ਰਭਾਵਸ਼ਾਲੀ ਤਰੀਕੇ ਨਾਲ 1833 ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਸ ਸਮੇਂ ਦੌਰਾਨ ਪੁਰਤਗੀਜ਼ ਪਾਰਲੀਮੈਂਟ ਵਿੱਚ ਗੋਆ ਨੂੰ ਪ੍ਰਤੀਨਿਧਤਾ ਮਿਲਦੀ ਰਹੀ। 1910 ਵਿੱਚ ਪੁਰਤਗਾਲ ਵਿੱਚ ਸਥਾਪਤ ਹੋਏ ਗਣਤੰਤਰ ਨੇ ਗੋਆ ਦੇ ਆਧੁਨਿਕ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ। ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਰਾਜਤੰਤਰ ਖ਼ਤਮ ਹੋ ਗਿਆ। ਚਰਚ ਨੂੰ ਰਾਜ ਤੋਂ ਅਲੱਗ ਕਰ ਦਿੱਤਾ ਗਿਆ। ਇਸ ਨਾਲ ਗੋਆ ਦੇ ਹਿੰਦੂਆਂ ਨੂੰ ਵੀ ਆਜ਼ਾਦੀ ਦੀ ਆਸ ਬੱਝ ਗਈ, ਪਰ 1926 ਵਿੱਚ ਪੁਰਤਗਾਲ ਦੀ ਸੱਤਾ ਸਲੇਜ਼ਰ ਦੇ ਹੱਥਾਂ ਵਿੱਚ ਆਉਣ ਨਾਲ ਗੋਆ ਵਿੱਚ ਗਣਤੰਤਰ ਸਥਾਪਤ ਹੋਣ ਦਾ ਸੁਪਨਾ ਕੁਝ ਦੇਰ ਲਈ ਹੋਰ ਲਟਕ ਗਿਆ। ਸਲੇਜ਼ਰ ਅੱਗੇ ਚੱਲ ਕੇ ਨਿਰੰਕੁਸ਼ ਸ਼ਾਸਕ ਸਿੱਧ ਹੋਇਆ। ਉਸ ਨੇ ਆਮ ਨਾਗਰਿਕਾਂ ’ਤੇ ਅਣਗਿਣਤ ਬੰਦਿਸ਼ਾਂ ਅਤੇ ਪ੍ਰੈਸ ਦੀ ਆਜ਼ਾਦੀ ’ਤੇ ਕਈ ਰੋਕਾਂ ਲਾ ਦਿੱਤੀਆਂ। ਆਮ ਲੋਕਾਂ ਦੇ ਇਕੱਠ ਕਰਨ ’ਤੇ ਵੀ ਰੋਕ ਸੀ। ਸਲੇਜ਼ਰ ਉਨ੍ਹਾਂ ਜ਼ਾਲਮ ਸ਼ਾਸਕਾਂ ਵਿੱਚੋਂ ਸਭ ਤੋਂ ਅਖੀਰਲਾ ਸੀ ਜਿਸ ਨੇ ਗੋਆ ਨੂੰ ਪੁਰਤਗਾਲ ਦਾ ਅੰਗ ਬਣਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ।

ਟ੍ਰਿਸਟੋ ਡੀ ਕੁਨਹਾ ਨੂੰ ਆਮ ਕਰਕੇ ਗੋਆ ਦੇ ਰਾਸ਼ਟਰਵਾਦ ਦਾ ਪਿਤਾਮਾ ਮੰਨਿਆ ਜਾਂਦਾ ਹੈ। 1926 ਵਿੱਚ ਉਸ ਨੇ ਗੋਆ ਕਾਂਗਰਸ ਕਮੇਟੀ ਬਣਾਈ ਜਿਸ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਲਕੱਤਾ ਸੈਸ਼ਨ ਦੌਰਾਨ ਮਾਨਤਾ ਮਿਲ ਗਈ ਸੀ। 1946 ਵਿੱਚ ਉਹ ਮਾਰਮਾਗੋਆ ਵਿੱਚ ਇੱਕ ਭੀੜ ਨੂੰ ਸੰਬੋਧਿਤ ਹੋ ਰਿਹਾ ਸੀ ਕਿ ਉਸ ਨੂੰ ਪੁਰਤਗਾਲ ਸਰਕਾਰ ਵੱਲੋਂ ਗ੍ਰਿਫ਼ਤਾਰ ਕਰ ਕੇ ਐਗੂਆਡਾ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ। ਉਸ ਨੂੰ ਅੱਠ ਸਾਲ ਕੈਦ ਦੀ ਸਜ਼ਾ ਹੋਈ ਤੇ ਉਸ ਨੂੰ ਲਿਸਬਨ, ਪੁਰਤਗਾਲ ਦੇ ਇੱਕ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ ਸੀ। ਦੋ ਸਾਲ ਬਾਅਦ ਉਸ ਨੂੰ ਮੁਆਫ਼ੀ ਦੇ ਕੇ ਰਿਹਾਅ ਕਰ ਦਿੱਤਾ ਗਿਆ। ਹਿੰਦੋਸਤਾਨ ਵਾਪਸ ਆਉਣ ’ਤੇ ਉਸ ਨੇ ਬੰਬੇ ਵਿੱਚ ਗੋਆ ਐਕਸ਼ਨ ਕਮੇਟੀ ਬਣਾਈ ਅਤੇ 26 ਸਤੰਬਰ 1958 ਨੂੰ ਆਪਣੀ ਮੌਤ ਤੱਕ ‘ਆਜ਼ਾਦ ਗੋਆ’ ਨਾਂ ਦਾ ਇੱਕ ਰਸਾਲਾ ਕੱਢਦਾ ਰਿਹਾ।

1822 ਵਿੱਚ ਗੋਆ ’ਚ ਸੰਵਿਧਾਨਕ ਰਾਜਤੰਤਰ ਸਮੇਂ ਤਿੰਨ ਪਾਰਲੀਮੈਂਟ ਮੈਂਬਰਾਂ ਨੂੰ ਗੋਆ ਤੋਂ ਲਿਸਬਨ ਭੇਜਿਆ ਗਿਆ। ਇਨ੍ਹਾਂ ਵਿੱਚ ਬਰਨਾਰਡੋ ਡੀ ਸਿਲਵਾ ਵੀ ਸਨ। 1834 ਵਿੱਚ ਦੇਸ਼ ਵਾਪਸੀ ’ਤੇ ਉਸ ਨੂੰ ਗੋਆ ਦਾ ਗਵਰਨਰ ਜਨਰਲ ਲਾਇਆ ਗਿਆ। ਉਹ 1835 ਤੱਕ ਇਸ ਅਹੁਦੇ ’ਤੇ ਰਿਹਾ।

1920 ਤੋਂ ਬਾਅਦ ਗੋਆ ਵਿੱਚ ਨਿਰੰਕੁਸ਼ ਸੱਤਾ ਦੀ ਸਥਾਪਨਾ ਹੋਈ ਜੋ 1933 ਤੱਕ ਆਪਣੇ ਸਿਖਰ ’ਤੇ ਪਹੁੰਚ ਗਈ। ਇਸ ਲਈ ਇਸ ਨਿਰੰਕੁਸ਼ ਸ਼ਾਸਨ ਦੌਰਾਨ ਗੋਆ ਵਿੱਚ ਅਲੱਗ ਅਲੱਗ ਵਿਚਾਰਾਂ ਵਾਲੇ ਦੇਸ਼ਭਗਤਾਂ ਨੇ ਜਨਮ ਲਿਆ। ਸੁਰੱਖਿਆ ਦੇ ਲਿਹਾਜ਼ ਤੋਂ ਪੁਰਤਗਾਲੀ ਹਾਕਮਾਂ ਨੇ ਗੋਆ ਵਿੱਚ ਕੁਝ ਕਿਲ੍ਹਿਆਂ ਦਾ ਨਿਰਮਾਣ ਵੀ ਕੀਤਾ ਜਿਹਨਾਂ ਨੂੰ ਬਾਅਦ ਵਿੱਚ ਜੇਲ੍ਹਾਂ ਵਿੱਚ ਬਦਲ ਦਿੱਤਾ ਗਿਆ। ਅੱਜਕੱਲ੍ਹ ਇਨ੍ਹਾਂ ਕਿਲ੍ਹਿਆਂ ਨੂੰ ਅਜਾਇਬਘਰਾਂ ਦਾ ਰੂਪ ਦਿੱਤਾ ਗਿਆ ਹੈ ਜੋ ਗੋਆ ਦੇ ਵਿਲੱਖਣ ਇਤਿਹਾਸ ਦਾ ਮਹੱਤਵਪੂਰਣ ਸੋਮਾ ਬਣ ਗਏ ਹਨ। ਇਨ੍ਹਾਂ ਕਿਲ੍ਹਿਆਂ ਵਿੱਚ ਐਗੂਆਡਾ ਅਤੇ ਰੀਸ ਮੋਗੋਸ ਦਾ ਕਿਲ੍ਹਾ ਮੁੱਖ ਹਨ।

1961 ਵਿੱਚ ਪੁਰਤਗਾਲ ਪ੍ਰਸ਼ਾਸਨ ਤੇ ਭਾਰਤ ਸਰਕਾਰ ਵਿੱਚ ਕੁਝ ਮਾਮਲਿਆਂ ਨੂੰ ਲੈ ਕੇ ਹੋਈ ਖਿੱਚੋਤਾਣ ਗੰਭੀਰ ਰੂਪ ਲੈ ਗਈ ਤੇ ਭਾਰਤੀ ਸਰਕਾਰ ਨੂੰ ਫ਼ੌਜੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਤੇ ਰੱਖਿਆ ਮੰਤਰੀ ਵੀ.ਕੇ. ਕ੍ਰਿਸ਼ਨਾਮੈਨਨ ਦੀ ਅਗਵਾਈ ਵਿੱਚ ਭਾਰਤੀ ਫ਼ੌਜ ਨੇ ਗੋਆ ਨੂੰ ਵਿਦੇਸ਼ੀ ਸ਼ਾਸਨ ਤੋਂ ਮੁਕਤ ਕਰਵਾਉਣ ਲਈ ‘ਆਪਰੇਸ਼ਨ ਵਿਜੈ’ ਦੇ ਨਾਂ ਹੇਠ ਫ਼ੌਜੀ ਕਾਰਵਾਈ ਕੀਤੀ। ਮੇਜਰ ਜਨਰਲ ਕੇ.ਪੀ. ਕੈਂਡਥ ਨੂੰ ਆਪਰੇਸ਼ਨ ਸਫ਼ਲ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਹਮਲੇ ਲਈ ਦੋ ਰਸਤਿਆਂ ਦੀ ਚੋਣ ਕੀਤੀ ਗਈ। ਪਹਿਲੇ ਰਸਤੇ ਤਹਿਤ ਪੂਰਬ ਵੱਲੋਂ ਅਮੋਡੇ-ਮੋਲਮ-ਪਾਂਡਾ ਤੇ ਦੂਜੇ ਰਸਤੇ ਤਹਿਤ ਉੱਤਰ ਵੱਲੋਂ ਡੋਡਾਮਾਰਗ-ਐਸੋਨਾਰਾ-ਬਿਚੋਲਿਮ ਰਾਹੀਂ ਗੋਆ ਵਿੱਚ ਦਾਖਲ ਹੋਣਾ ਸੀ। ਪੁਰਤਗਾਲੀਆਂ ਨੂੰ ਭੁਲੇਖਾ ਪਾਉਣ ਲਈ ਦੱਖਣ ਵੱਲੋਂ ਕਾਰਵਰ ਰਾਹੀਂ ਇੱਕ ਫ਼ੌਜੀ ਟੁਕੜੀ ਭੇਜੀ ਗਈ। ਪੁਰਤਗਾਲੀ ਇਸ ਚਾਲ ਵਿੱਚ ਫਸ ਗਏ ਅਤੇ ਪੂਰਬ ਤੇ ਉੱਤਰ ਵੱਲੋਂ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ। 36 ਘੰਟਿਆਂ ਦੀ ਲੜਾਈ ਤੋਂ ਬਾਅਦ ਗੋਆ ਦੇ ਪੁਰਤਗਾਲੀ ਗਵਰਨਰ ਜਨਰਲ ਐਨਟੋਨੀਓ ਵਾਸਲੋ ਡੀ ਸਿਲਵਾ ਨੇ ਆਤਮ-ਸਮਰਪਣ ਕਰ ਦਿੱਤਾ ਤੇ ਗੋਆ ਨੂੰ ਭਾਰਤੀ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤਰ੍ਹਾਂ 19 ਦਸੰਬਰ ਦੀ ਸਵੇਰ ਤੱਕ ਗੋਆ ਭਾਰਤ ਦਾ ਅੰਗ ਬਣ ਗਿਆ।

ਸੰਪਰਕ: 98148-29005

Source link