ਹਰਜੀਤ ਸਿੰਘ

ਜ਼ੀਰਕਪੁਰ, 4 ਅਗਸਤ

ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ’ਤੇ ਬਲਟਾਣਾ ਪੁਲੀਸ ਚੌਕੀ ਦੇ ਸਾਬਕਾ ਇੰਚਾਰਜ ਸਹਾਇਕ ਇੰਸਪੈਕਟਰ ਬਰਮਾ ਸਿੰਘ ਕੋਲੋਂ ਆਪਣੇ ਪੀਏ ਰਾਹੀਂ ਇੱਕ ਲੱਖ ਰੁਪਏ ਮੰਗਣ ਦੇ ਕਥਿਤ ਦੋਸ਼ ਲੱਗੇ ਹਨ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋੋੋੋਂ ਬਲਟਾਣਾ ਦੇ ਸਾਬਕਾ ਚੌਕੀ ਇੰਚਾਰਜ ਆਪਣੀ ਬਦਲੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ-4 ਤੋਂ ਇੰਚਾਰਜ ਵਿਕਰਮ ਧਵਨ ਨਾਲ ਫੋਨ ’ਤੇ ਗੱਲਬਾਤ ਰਾਹੀਂ ਆਪਣਾ ਰੋਸ ਜ਼ਾਹਿਰ ਕਰ ਰਹੇ ਸਨ। ਇਸ ਗੱਲਬਾਤ ਵਿੱਚ ਪੁਲੀਸ ਅਧਿਕਾਰੀ ਆਪਣੀ ਬਦਲੀ ਪਿੱਛੇ ਹਲਕਾ ਵਿਧਾਇਕ ਵੱਲੋਂ ਆਪਣੇ ਪੀਏ ਰਾਹੀਂ ਲੱਖ ਰੁਪਏ ਮੰਗਣ ਦਾ ਦੋਸ਼ ਲਾ ਰਹੇ ਹਨ। ਇਸ ਮਾਮਲੇ ਨੇ ਉਸ ਵੇਲੇ ਤੂਲ ਫੜ ਲਿਆ ਜਦ ਬਰਮਾ ਸਿੰਘ ਨਾਲ ਗੱਲਬਾਤ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਵਿਕਰਮ ਧਵਨ ਨੇ ਮਾਮਲੇ ਦੀ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਉਸ ਨੇ ਮਾਮਲੇ ਦੀ ਸ਼ਿਕਾਇਤ ਮੁੱਖ ਮੰਤਰੀ ਦੇ ਹੈਲਪਲਾਈਨ ਨੰਬਰ ’ਤੇ ਦਰਜ ਕਰਵਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਾਮਲਾ ਤੂਲ ਫੜਦੇ ਹੀ ਚੌਕੀ ਇੰਚਾਰਜ ਆਡੀਓ ਰਿਕਾਰਡਿੰਗ ਵਿੱਚ ਗੱਲਬਾਤ ਦੌਰਾਨ ਲਾਏ ਦੋਸ਼ਾਂ ਤੋਂ ਮੁੱਕਰ ਗਿਆ।ਸ਼ਿਕਾਇਤਕਰਤਾ ਵਿਕਰਮ ਧਵਨ ਨੇ ਦੱਸਿਆ ਕਿ ਉਸ ਦਾ ਬਲਟਾਣਾ ਚੌਕੀ ਵਿੱਚ ਇਕ ਕੇਸ ਚਲ ਰਿਹਾ ਹੈ। ਇਸ ਸਬੰਧੀ ਉਸ ਵੱਲੋਂ ਬਰਮਾ ਸਿੰਘ ਨੂੰ ਫੋਨ ਕੀਤਾ ਗਿਆ ਸੀ। ਬਰਮਾ ਸਿੰਘ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਵਿਧਾਇਕ ਸ੍ਰੀ ਰੰਧਾਵਾ ਵੱਲੋਂ ਪੈਸੇ ਨਾ ਮਿਲਣ ਕਾਰਨ ਉਸ ਦੀ ਬਦਲੀ ਕਰਵਾ ਦਿੱਤੀ ਗਈ ਹੈ। ਗੱਲਬਾਤ ਵਿੱਚ ਚੌਕੀ ਇੰਚਾਰਜ ਰੋਸ ਪ੍ਰਗਟ ਕਰ ਰਿਹਾ ਹੈ ਕਿ ਕਿ ਲੰਘੇ ਦਿਨੀਂ ਚੌਕੀ ਵਿੱਚ ਵਿਧਾਇਕ ਦਾ ਪੀਏ ਨਿਤਿਨ ਲੂਥਰਾ ਆ ਕੇ ਕਹਿੰਦਾ ਹੈ, ‘‘ਤੁਹਾਨੂੰ ਸ੍ਰੀ ਰੰਧਾਵਾ ਦਾ ਫੋਨ ਆਇਆ ਹੋਣਾ ਜੋ ਇਕ ਲੱਖ ਰੁਪਏ ਦੀ ਮੰਗ ਕਰ ਰਹੇ ਹਨ।’’ ਚੌਕੀ ਇੰਚਾਰਜ ਨੇ ਕਿਹਾ ਕਿ ਉਹ ਐਨੇ ਜੋਗੇ ਨਹੀਂ ਹਨ ਜਿਸ ਤੋਂ ਬਾਅਦ ਵਿਧਾਇਕ ਵੱਲੋਂ ਉਸ ਦੀ ਕਥਿਤ ਬਦਲੀ ਕਰਵਾ ਦਿੱਤੀ ਗਈ। ਉਧਰ ਬਰਮਾ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਵੀ ਵਿਅਕਤੀ ਨਾਲ ਵਿਧਾਇਕ ਦੇ ਪੈਸੇ ਮੰਗਣ ਬਾਰੇ ਕੋਈ ਗੱਲ ਨਹੀਂ ਕਹੀ ਗਈ। ਨਿਤਿਨ ਲੂਥਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿਸੇ ਤੋਂ ਵੀ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਗਈ। ਜੇ ਅਜਿਹਾ ਹੈ ਤਾਂ ਇਸ ਦਾ ਕੋਈ ਸਬੂਤ ਦਿਖਾਇਆ ਜਾਏ।

ਧਵਨ ਦਾ ਦਿਮਾਗੀ ਸੰਤੁਲਨ ਠੀਕ ਨਹੀਂ: ਵਿਧਾਇਕ ਰੰਧਾਵਾ

ਹਲਕਾ ਵਿਧਾਇਕ ਸ੍ਰੀ ਰੰਧਾਵਾ ਨੇ ਆਖਿਆ ਕਿ ਨਿਤਿਨ ਲੂਥਰਾ ਉਸ ਦਾ ਪੀਏ ਨਹੀਂ ਸਗੋਂ ਪਾਰਟੀ ਵਰਕਰ ਹੈ, ਜਦਕਿ  ਪੀਏ ਸੁਮਿਤ ਗਰਗ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਿਵਕਰਮ ਧਵਨ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਹ ਅਜਿਹੀਆਂ ਝੂਠੀਆਂ ਸ਼ਿਕਾਇਤਾਂ ਕਰਦਾ ਰਿਹਾ ਹੈ। ਉਨ੍ਹਾਂ ਪੁਲੀਸ ਨੂੰ ਖ਼ੁਦ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ ਕਿ ਬਲਟਾਣਾ ਚੌਕੀ ਦਾ ਸਾਬਕਾ ਇੰਚਾਰਜ ਜੇ ਅਜਿਹਾ ਕਹਿ ਰਿਹਾ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਜੇ ਉਨ੍ਹਾਂ ਦੀ ਪਾਰਟੀ ਦਾ ਕੋਈ ਆਗੂ ਜਾਂ ਵਿਅਕਤੀ ਉਨ੍ਹਾਂ ਦਾ ਨਾਂ ਲੈ ਕੇ ਪੈਸੇ ਦੀ ਮੰਗ ਕਰਦਾ ਹੈ ਤਾਂ ਉਹ ਖ਼ੁਦ ਉਸ ਖ਼ਿਲਾਫ਼ ਕੇਸ ਦਰਜ ਕਰਵਾਉਣਗੇ। 

ਰੰਧਾਵਾ ਸਾਹਿਬ ਨੂੰ ਹੁਣ ਮੇਰਾ ਦਿਮਾਗੀ ਸੰਤੁਲਨ ਖਰਾਬ ਲੱਗਣ ਲੱਗ ਪਿਆ: ਧਵਨ

ਸ਼ਿਕਾਇਤਕਰਤਾ ਵਿਕਰਮ ਧਵਨ ਨੇ ਹਲਕਾ ਵਿਧਾਇਕ ਵੱਲੋਂ ਦਿਮਾਗੀ ਸੰਤੁਲਨ ਖ਼ਰਾਬ ਹੋਣ ਦੇ ਦੋਸ਼ ਦੇ ਜਵਾਬ ਵਿਚ ਕਿਹਾ ਕਿ ਚੋਣਾਂ ਦੇ ਸਮੇਂ ਉਨ੍ਹਾਂ (ਅਸੀਂ) ਵਿਧਾਇਕ ਲਈ 18-18 ਘੰਟੇ ਕੰਮ ਕੀਤਾ। ਜਿੱਤਣ ਤੋਂ ਬਾਅਦ ਹੁਣ ਤੱਕ ਮੇਰੀ ਵਿਧਾਇਕ ਨਾਲ ਗੱਲ ਹੁੰਦੀ ਰਹੀ ਜਿਸ ਦੀ ਉਸ ਕੋਲ ਕਈ ਫੋਨ ਰਿਕਾਰਡਿੰਗ ਮੌਜੂਦ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਸ ਦੀ (ਮੇਰੀ) ਪਤਨੀ ਨੂੰ ਉਹ ਆਪਣੀ ਭੈਣ ਕਹਿੰਦੇ ਰਹੇ, ਉਦੋਂ ਮੇਰਾ ਦਿਮਾਗੀ ਸੰਤੁਲਨ ਖਰਾਬ ਨਹੀਂ ਸੀ। ਉਨ੍ਹਾਂ ਕਿਹਾ ਕਿ ਹੁਣ ਜਦ ਫੋਨ ਰਿਕਾਰਡਿੰਗ ਵਿੱਚ ਸਾਬਕਾ ਚੌਕੀ ਇੰਚਾਰਜ ਬਲਟਾਣਾ ਉਸ ਦੇ ਪੁੱਛੇ ਬਗੈਰ ਉਸ (ਮੈਨੂੰ) ਨੂੰ ਇਹ ਕਹਿ ਰਹੇ ਹਨ ਕਿ ਉਨ੍ਹਾਂ ਨਾਲ ਧੱਕਾ ਹੋਇਆ ਹੈ ਤੇ ਪੈਸੇ ਮੰਗੇ ਗਏ ਹਨ ਤਾਂ ਰੰਧਾਵਾ ਸਾਹਿਬ ਨੂੰ ਮੇਰਾ ਦਿਮਾਗੀ ਸੰਤਲੁਨ ਖ਼ਰਾਬ ਲੱਗਣ ਲੱਗ ਪਿਆ। ਉਨ੍ਹਾਂ ਕਿਹਾ ਕਿ ਉਸ ਨੇ ਆਡੀਓ ਵਾਇਰਲ ਤਾਂ ਕੀਤੀ ਹੈ ਕਿਉਂਕਿ ਥਾਣੇਦਾਰ ਬਰਮਾ ਸਿੰਘ ਸ਼ਰੀਫ ਇਨਸਾਨ ਹਨ, ਜਿਨ੍ਹਾਂ ਨਾਲ ਪੈਸੇ ਨਾ ਦੇਣ ਤੇ ਧੱਕਾ ਕੀਤਾ ਗਿਆ ਹੈ।

Source link