ਸਰਬਜੀਤ ਸਿੰਘ ਭੰਗੂ

ਪਟਿਆਲਾ, 22 ਨਵੰਬਰ

ਪੰਜਾਬੀ ਯੂਨੀਵਰਸਿਟੀ ਵਿਚ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਸਬੰਧੀ ਚਾਰ ਰੋਜ਼ਾ ਜਸ਼ਨ ਸਮਾਗਮ ਅੱਜ ਸ਼ੁਰੂ ਹੋਏ। ਇਸ ਮੌਕੇ ‘ਵਾਰਿਸ ਸ਼ਾਹ: ਸੁਖਨ ਦੇ ਵਾਰਿਸ ਦਾ ਸਮਾਂ ਅਤੇ ਅਜੋਕੀ ਸਾਰਥਿਕਤਾ’ ਵਿਸ਼ੇ ’ਤੇ ਕੌਮਾਂਤਰੀ ਕਾਨਫ਼ਰੰਸ ਕਰਵਾਈ ਗਈ ਜਿਸ ਦੌਰਾਨ ਬੁਲਾਰਿਆਂ ਨੇ ਮੁਕੰਮਲ ਅਤੇ ਤਰੱਕੀਪਸੰਦ ਪੰਜਾਬ ਦੀ ਕਲਪਨਾ ਕਰਨ ਲਈ ਵਾਰਿਸ ਸ਼ਾਹ ਨੂੰ ਸਭ ਤੋਂ ਅਹਿਮ ਕਵੀ ਅਤੇ ਵਾਰਿਸ ਦੀ ਹੀਰ ਨੂੰ ਪੰਜਾਬ ਦੀ ਟਕਸਾਲੀ ਲਿਖਤ ਕਰਾਰ ਦਿੱਤਾ।

ਡਾ. ਗੁਰਮੁਖ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਸ਼ੁਰੂ ਹੋਈ ਅੰਤਰਰਾਸ਼ਟਰੀ ਕਾਨਫ਼ਰੰਸ ਦੀ ਸ਼ੁਰੂਆਤੀ ਰੂਪਰੇਖਾ ਡਾ. ਰਾਜਿੰਦਰਪਾਲ ਸਿੰਘ ਬਰਾੜ ਵਲੋਂ ਪੇਸ਼ ਕੀਤੀ ਗਈ। ਇਸ ਮੌਕੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਨੇ ਹੀਰ ਵਾਰਿਸ ਦੀ ਅਜੋਕੀ ਸਾਰਥਿਕਤਾ ਅਤੇ ਮੁਕਾਮ ਨੂੰ ਵੱਖ ਵੱਖ ਵਿਦਵਾਨਾਂ ਦੀਆਂ ਧਾਰਨਾਵਾਂ ਰਾਹੀਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਵਾਰਿਸ ਸ਼ਾਹ ਲਈ ਲਿਖਣਾ ਜੀਵਨ ਸੀ। ਉਨ੍ਹਾਂ ਵਾਰਿਸ ਦੀ ਰਚਨਾ ਦੇ ਹਵਾਲੇ ਨਾਲ਼ ਕਿਹਾ ਕਿ ਵਾਰਿਸ ਨੇ ਜਨੂੰਨੀ ਧਾਰਮਿਕਤਾ, ਔਰਤਾਂ ਨਾਲ ਪੱਖਪਾਤ, ਜਬਰ-ਜ਼ੁਲਮ, ਵੱਢੀਖੋਰੀ, ਜ਼ਮੀਨੀ ਵਿਵਾਦ, ਇਸ਼ਕ, ਪਿਆਰ, ਮੋਹ-ਮੁਹੱਬਤ ਤੇ ਨਫਰਤ ਸਮੇਤ ਸਮੁੱਚੇ ਪੰਜਾਬ, ਪੰਜਾਬੀਅਤ ਅਤੇ ਹੋਰ ਰੀਤੀ ਰਿਵਾਜਾਂ ਅਤੇ ਰਿਸ਼ਤਿਆਂ ਦਾ ਪੁਣਛਾਣ ਕਰਨ ਵਰਗੇ ਹਵਾਲਿਆਂ ਨੂੰ ਵੀ ਆਪਣੀ ਇਸ ਰਚਨਾ ਦਾ ਸ਼ਿੰਗਾਰ ਬਣਾਇਆ ਹੈ। ਪ੍ਰੋ. ਈਸ਼ਵਰ ਦਿਆਲ ਗੌੜ ਨੇ ਵਾਰਿਸ ਸ਼ਾਹ ਦੀ ਹੀਰ ਨੂੰ ਪੰਜਾਬ ਦੇ ਸਭਿਆਚਾਰ ਅਤੇ ਤਵਾਰੀਖ ਦੀ ਅਹਿਮ ਲਿਖਤ ਕਰਾਰ ਦਿੱਤਾ। ਉਨ੍ਹਾਂ ਨੇ ਹੀਰ ਵਾਰਿਸ ਨੂੰ ਪੰਜਾਬ ਦੇ ਇਤਿਹਾਸ ਤੇ ਸਭਿਆਚਾਰ ਨੂੰ ਚਿਤਰਨ ਵਾਲੀ ਬਹੁਅਰਥੀ ਪੋਥੀ ਦੱਸਿਆ। ਇਸੇ ਦੌਰਾਨ ਪਾਕਿਸਤਾਨ ਸਥਿਤ ਲਹਿੰਦੇ ਪੰਜਾਬ ਤੋਂ ਝੰਗ ਸਥਿਤ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨਬੀਲਾ ਰਹਿਮਾਨ ਤੇ ਹਰਿਆਣਾ ਤੋਂ ਗੁਰਵਿੰਦਰ ਸਿੰਘ ਧਮੀਜਾ ਨੇ ਆਨਲਾਈਨ ਪ੍ਰਣਾਲੀ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਨਬੀਲਾ ਰਹਿਮਾਨ ਨੇ ਦੱਸਿਆ ਕਿ ਝੰਗ ਵਿਚ ਹੀਰ ਜ਼ਿਆਦਾ ਗਾਈ ਨਹੀਂ ਜਾਂਦੀ। ਨਬੀਲਾ ਅਨੁਸਾਰ ਹੀਰ ਔਰਤਾਂ ਦੀ ਆਜ਼ਾਦੀ ਦੀ ਪ੍ਰਤੀਕ ਹੈ। ਕਾਨਫਰੰਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕੀਤੀ। ਉਨ੍ਹਾਂ ਜੀਤ ਸਿੰਘ ਸੀਤਲ ਦੀ 1963 ਵਿਚ ਸੰਪਾਦਿਤ ਹੀਰ ਵਾਰਿਸ ਸ਼ਾਹ ਨੂੰ ਬੁਨਿਆਦ ਮੰਨ ਕੇ ਵਾਰਿਸ ਸ਼ਾਹ ਦੀ ਹੀਰ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਕੌਫ਼ੀ ਟੇਬਲ ਬੁਕ ਵਜੋਂ ਛਾਪਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਵਾਰਿਸ ਸ਼ਾਹ ਉਸ ਪੰਜਾਬ ਦਾ ਨੁਮਾਇੰਦਾ ਹੈ, ਜਿਸ ਨੂੰ ਮੁਲਕਾਂ, ਮਜ਼੍ਹਬਾਂ, ਬੋਲੀਆਂ ਅਤੇ ਲਿੱਪੀਆਂ ਦੀਆਂ ਹੱਦਾਂ ਵਿੱਚ ਰੱਖ ਕੇ ਨਹੀਂ ਸਮਝਿਆ ਜਾ ਸਕਦਾ। ਇਸ ਮੌਕੇ ਡਾ. ਸੁਮੇਲ ਸਿੰਘ ਸਿੱਧੂ, ਡਾ. ਰਾਜਵਿੰਦਰ ਢੀਂਡਸਾ, ਗੁਰਸੇਵਕ ਲੰਬੀ, ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ, ਡਾ.ਜਸਵਿੰਦਰ ਸਿੰਘ ਸੈਣੀ, ਚਰਨਜੀਤ ਕੌਰ ਬਰਾੜ, ਡਾ. ਗੁਰਜੰਟ ਸਿੰਘ ਅਤੇ ਡਾ. ਜਸਬੀਰ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਡਾ.ਸੁਮਨਪ੍ਰੀਤ ਦੀ ਅਗਵਾਈ ਹੇਠ ਤਿਆਰ ਕੀਤਾ ਵਾਰਿਸ ਸ਼ਾਹ ਡਿਜੀਟਲ ਪ੍ਰਸੰਗ ਕੋਸ਼ ਦਾ ਅਜ਼ਮਾਇਸ਼ੀ ਰੂਪ ਵੀ ਜਾਰੀ ਕੀਤਾ ਗਿਆ। ਇਸ ਦੌਰਾਨ ਪ੍ਰੋ. ਗੁਰਸੇਵਕ ਸਿੰਘ ਲੰਬੀ ਦੀ ਪੁਸਤਕ ‘ਭੱਖੜਾ’ ਰਿਲੀਜ਼ ਕੀਤੀ ਗਈ।

Source link