ਅਮਰਜੀਤ ਸਿੰਘ ਫ਼ੌਜੀ

ਵਾਇਰਸ ਕੋਲੋਂ ਅਸੀਂ ਨਹੀਂ ਡਰਦੇ

ਰੋਜ਼ ਵਾਇਰਸਾਂ ਨਾਲ ਹੀ ਲੜਦੇ

ਇੱਕ ਵਾਇਰਸ ਹੈ ਢਿੱਡ ਦੀ ਭੁੱਖ

ਦੂਜਾ ਬੇਰੁਜ਼ਗਾਰੀ ਦੁੱਖ

ਤੀਜਾ ਨਾਲ ਗ਼ਰੀਬੀ ਲੜਨਾ

ਚੌਥਾ ਬਿਨਾਂ ਇਲਾਜੋਂ ਮਰਨਾ

ਪੰਜਵਾਂ ਵਾਇਰਸ ਬਹੁਤ ਹੀ ਮਾੜਾ

ਜੋ ਹੈ ਜਾਤ ਪਾਤ ਦਾ ਪਾੜਾ

ਛੇਵਾਂ ਵਾਇਰਸ ਕਾਣੀ ਵੰਡ

ਬੇਕਸੂਰ ਨੂੰ ਮਿਲਦਾ ਦੰਡ

ਨਸ਼ਾ ਜੋ ਘਰ ਘਰ ਵਾਇਰਸ ਆਇਆ

ਜਿਉਂਦੇ ਜੀਅ ਇਹਨੇ ਮਾਰ ਮੁਕਾਇਆ

ਸਕੂਲ ਸਰਕਾਰੀ ਵਾਇਰਸ ਵੜਿਆ

ਸਿੱਖਿਆ ਨੂੰ ਉਸ ਗਲ ਤੋਂ ਫੜਿਆ

ਕਹਿੰਦਾ ਏਥੇ ਕੰਮ ਕੀ ਤੇਰਾ

ਨਿੱਜੀ ਸਕੂਲ ਲਾ ਜਾ ਕੇ ਡੇਰਾ

ਮਾੜਾ ਪ੍ਰਬੰਧ ਵਾਇਰਸ ਦੀ ਮਾਂ

ਕਰਦੀ ਇਹਦੀ ਪੁਸ਼ਤਪਨਾਹ

‘ਫ਼ੌਜੀਆ’ ਰਲ ਕੇ ਪ੍ਰਬੰਧ ਬਦਲਾਈਏ

ਸੋਚ ਸਮਝ ਕੇ ਵੋਟਾਂ ਪਾਈਏ।

ਸੰਪਰਕ: 95011-27033

* * *

ਕਾਫ਼ਲੇ

ਜਸਵੰਤ ਗਿੱਲ ਸਮਾਲਸਰ

ਸਿਰ ਉੱਤੇ ਵਗਦੀਆਂ ਜ਼ੁਲਮ ਹਨੇਰੀਆਂ,

ਅਜੇ ਵੀ ਕਿਉਂ ਅੱਖਾਂ ਖੁੱਲ੍ਹੀਆਂ ਨਾ ਤੇਰੀਆਂ?

ਚੱਲ ਉੱਠ ਝੰਡੇ ਵਿਚ ਡੰਡਾ ਪਾ ਮਿੱਤਰਾ

ਸਾਡੇ ਕਦਮਾਂ ਨਾਲ ਕਦਮ ਮਿਲਾ ਮਿੱਤਰਾ

ਅਸੀਂ ਚੱਲਣਾ ਹੈ ਕਾਫ਼ਲੇ ਬਣਾ ਮਿੱਤਰਾ

ਸਾਡੇ ਕਦਮਾਂ ਨਾਲ ਕਦਮ…।

ਇਹ ਵਿਕਾਸ ਦੀਆਂ ਗੱਲਾਂ ਮੂਰਖ ਬਣਾਉਣ ਨੂੰ,

ਲੀਡਰ ਟੱਪੇ ਹੱਦਾਂ ਕੁਰਸੀ ਨੇ ਪਾਉਣ ਨੂੰ

ਮੇਰੀ ਘਰ ਘਰ ਗੱਲ ਤੂੰ ਪਹੁੰਚਾ ਮਿੱਤਰਾ

ਸਾਡੇ ਕਦਮਾਂ ਨਾਲ ਕਦਮ ਮਿਲਾ ਮਿੱਤਰਾ

ਅਸੀਂ ਚੱਲਣਾ ਹੈ ਕਾਫ਼ਲੇ ਬਣਾ ਮਿੱਤਰਾ

ਸਾਡੇ ਕਦਮਾਂ ਨਾਲ ਕਦਮ…।

ਮੁੱਢ ਤੋਂ ਹੀ ਸਾਡੇ ਲਹੂ ’ਚ ਬਗ਼ਾਵਤਾਂ

ਨੀਤੀਆਂ ਸਿਆਸੀ ਬਣ ਗਈਆਂ ਆਫ਼ਤਾਂ

ਉੱਠ ਹੋਰ ਜ਼ੁਲਮ, ਨਾ ਹੰਢਾ ਮਿੱਤਰਾ

ਸਾਡੇ ਕਦਮਾਂ ਨਾਲ ਕਦਮ ਮਿਲਾ ਮਿੱਤਰਾ

ਅਸੀਂ ਚੱਲਣਾ ਹੈ ਕਾਫ਼ਲੇ ਬਣਾ ਮਿੱਤਰਾ

ਸਾਡੇ ਕਦਮਾਂ ਨਾਲ ਕਦਮ…।

ਹੱਸਦਾ ਪਿਆ ਹੈ ਵੈਰੀ ਸਾਡਾ ਲਹੂ ਡੋਲ੍ਹ ਕੇ

ਜਿੱਤ ਕੇ ਮੁੜਾਂਗੇ, ਸੁਣੋ ਕੰਨ ਖੋਲ੍ਹ ਕੇ

ਲਈਏ ਆਪਣੀ ਜ਼ਮੀਰ ਜਗਾ ਮਿੱਤਰਾ

ਸਾਡੇ ਕਦਮਾਂ ਨਾਲ ਕਦਮ ਮਿਲਾ ਮਿੱਤਰਾ

ਅਸੀਂ ਚੱਲਣਾ ਹੈ ਕਾਫ਼ਲੇ ਬਣਾ ਮਿੱਤਰਾ

ਸਾਡੇ ਕਦਮਾਂ ਨਾਲ ਕਦਮ…।

ਸੰਪਰਕ: 97804-51878

* * *

ਵੇਦਨਾ ਪੰਜਾਬ ਦੀ

ਡਾ. ਅਮਨਦੀਪ ਕੌਰ ਬਰਾੜ

ਸੁਣੋ ਨੀ ਸਿਰਜਨਹਾਰੀਓ!

ਸਿਰਜੋ ਨਵੀਂ ਕਹਾਣੀ…

ਗੰਧਲਾ ਅੜੀਓ ਹੋ ਗਿਆ, ਪੰਜ ਦਰਿਆਵਾਂ ਦਾ ਪਾਣੀ…

ਗੁਰੂਆਂ ਦਾ ਪੰਜਾਬ ਸੀ ਆਲਮ ਤੋਂ ਨਿਰਾਲਾ

ਕਿਰਤ ਸਿਦਕ ਦੀ ਸੋਹਣੀ ਮੂਰਤ, ਅਣਖਾਂ ਦਾ ਰਖਵਾਲਾ

ਨਾ ਖੰਘਣ ਦਿੱਤੇ ਧਾੜਵੀ, ਹੱਕਾਂ ’ਤੇ ਦਿੱਤਾ ਪਹਿਰਾ

ਅੱਜ ਓਸ ਪੰਜਾਬ ਨੂੰ ਸਦਮਾ ਲੱਗਾ ਗਹਿਰਾ

ਅੱਜ ਹੁਬਕੀਂ ਹੁਬਕੀਂ ਰੋ ਰਹੇ

ਸਾਡੀ ਮਿੱਟੀ ਤੇ ਅੰਮ੍ਰਿਤ ਵਰਗਾ ਪਾਣੀ…

ਸਿਆਸਤ ਗਾਇਕੀ ਸਭ ਪ੍ਰਦੂਸ਼ਿਤ, ਨਸ਼ਿਆਂ ਦਾ ਜਾਲ ਵਿਛਾਇਆ

ਰੁੱਖ ਤੇ ਕੁੱਖ ਦੀ ਬੇਕਦਰੀ ਕਰ, ਜੜ੍ਹੋਂ ਪੰਜਾਬ ਹਿਲਾਇਆ

ਸੱਚ ਨਿਆਂ ਬਲੀਦਾਨ ਸਾਂਝ ਤੇ ਵਿਸਰੇ ਸਭਿਆਚਾਰ ਈਮਾਨ

ਪਹਿਰੇਦਾਰ ਪੰਜਾਬ ਦੇ, ਸੌਂ ਗਏ ਲੰਮੀ ਤਾਣ

ਭਗਤ ਸਿੰਘ, ਸਰਾਭਾ ਭੁੱਲ ਕੇ

ਬਦਹਾਲੀ ਵਿਚ ਜਕੜਤੀ, ਸਾਡੀ ਮਾਂ ਇਹ ਰਾਣੀ…

ਇਹ ਤਸਵੀਰ ਨਹੀਂ ਪੰਜਾਬ ਦੀ, ਤੁਸੀਂ ਉੱਠੋ ਹੰਭਲਾ ਮਾਰ

ਸਰਮਾਇਆ ਦੇਸ਼ ਪੰਜਾਬ ਦਾ ਜਾਣ ਦਿਓ ਨਾ ਬਾਹਰ

ਅਦਬ ਤਹਿਜ਼ੀਬ ਦੀ ਦੇ ਕੇ ਦੌਲਤ ਐਸਾ ਪਾਠ ਪੜ੍ਹਾਓ

ਰੁੱਖ ਕੁੱਖ ਤੇ ਕਿਰਤੀ ਕਾਮੇ ਰੌਸ਼ਨ ਹੋ ਜਾਣ, ਐਸਾ ਦੀਪ ਜਗਾਓ

ਰਾਗ ਬਦਲ ਦਿਓ ਸਾਜ਼ ਬਦਲ ਦਿਓ

ਇਹ ਕਦੇ ਸੀ ਪਾਕ ਪਵਿੱਤਰ, ਦੂਸ਼ਿਤ ਹੋਇਆ ਪਾਣੀ…

ਸੁਣੋ ਨੀ ਸਿਰਜਣਹਾਰੀਓ! ਸਿਰਜੋ ਨਵੀਂ ਕਹਾਣੀ…

ਘੋਲ ਸੁਗੰਧੀ ਮਿੱਟੀ ਦੇ ਵਿਚ ਸੰਦਲੀ ਕਰ ਦਿਓ ਪੌਣਾਂ

‘ਅਮਨ’ ਈਮਾਨ ਦੀ ਦੇਵੋ ਧੂਣੀ, ਨਿਰਮਲ ਹੋਵੇ ਢਾਣੀ ਢਾਣੀ…

ਸੰਪਰਕ: 88724-34512

* * *

ਬੜਾ ਮਸ਼ਹੂਰ

ਰਣਜੀਤ ਆਜ਼ਾਦ ਕਾਂਝਲਾ

ਘਾਵਾ ਰਾਮ ਪਟਿਆਲਾ ਦਾ ਸੁਰਮਾ ਮਸ਼ਹੂਰ ਸੀ!

ਅੱਖਾਂ ਵਿਚ ਪਾ ਮਟਕਾਉਣ ’ਤੇ ਚੜ੍ਹਦਾ ਸਰੂਰ ਸੀ!

ਪਟਿਆਲੇ ਦੇ ਰੇਸ਼ਮੀ ਨਾਲ਼ੇ ਪਾਏ ਨਾ ਦਿਸਦੇ ਨੇ!

ਕੂਲੇ ਕੂਲੇ ਲਿਬਾਸ ਚੋਂ ਦੇਖੋ ਕੇਹੇ ਰੰਗ ਖਿਲਦੇ ਨੇ!

ਨਿੱਕੀ ਸੁਨਾਮੀ ਇੱਟ ਵੀਰੋ ਜਿੱਥੇ ਲੱਗ ਜਾਂਦੀ ਹੈ!

ਐਸੀ ਪੱਕੀ ਪਕੜ ਕਰਦੀ ਜੋ ਖੁਰ ਨਾ ਪਾਂਦੀ ਹੈ!

ਜੁੱਤੀ ਪਹਿਣ ਸੁਨਾਮੀ ਕਦਮ ਪੁੱਟਦੇ ਜਾਈਏ ਜੀ!

ਧੌੜੀ-ਚਮੜਾ ਜੁੱਤੀ ਨੂੰ ਲਾ ਤੇਲ ਚਮਕਾਈਏ ਜੀ!

ਕੋਟਕਪੂਰੇ ਦਾ ਖਾ ਕੇ ਢੋਡਾ ਚੜ੍ਹਦਾ ਸਰੂਰ ਹੈ!

ਸਾਰੇ ਜਗਤ ਵਿਚ ਏਹ ਜੋ ਬੜਾ ਹੀ ਮਸ਼ਹੂਰ ਹੈ!

ਰੋਪੜੀ ਤਾਲਾ ਲਾ ਕੇ ਕੁੰਜੀ ਬਿਨਾਂ ਖੁੱਲ੍ਹਦਾ ਨਹੀਂ!

ਲੱਗ ਜਾਂਦੈ ਪੈਖੜ ਇੰਚ ਭਰ ਵੀ ਹਿਲਦਾ ਨਹੀਂ!

ਮੇਲਾ ਛਪਾਰ ਦਾ ਪੰਜ ਦਿਨ ਰਾਤ ਜੋ ਭਰਦਾ ਹੈ!

ਕੀੜੀ ਦਾ ਕਟਕ ’ਕੱਠ ਵੇਖ ਮਨ ਨਾ ਭਰਦਾ ਹੈ!

ਲੁਧਿਆਣੇ ਵਾਲੇ ਪੰਨੂ ਦੇ ਪਕੌੜੇ ਸੁਆਦ ਨੇ ਬੜੇ!

ਖਾ ਕੇ ਪਕੌੜੇ ਵੀਰ ਦੇ ਲੋਰ ’ਤੇ ਲੋਰ ਹੋਰ ਚੜ੍ਹੇ!

ਬੜੇ ਰੰਗਾਂ ਵਿਚ ਦੁਨੀਆ ਦਾ ਜੀਵਨ ਝਲਕਦਾ!

ਬਦਰੰਗ ਹੋਏ ਰੰਗਾਂ ਨੂੰ ਤੱਕ ‘ਅਜ਼ਾਦ’ ਮਚਲਦਾ!

ਸੰਪਰਕ: 094646-97781

* * *

ਬੁਝਾਰਤ

ਮਨਜੀਤ ਪਾਲ ਸਿੰਘ

ਫ਼ਿਜ਼ਾਵਾਂ ’ਚ ਲਿਖੀ ਸ਼ਾਇਦ, ਕੋਈ ਭੇਤ ਭਰੀ ਇਬਾਰਤ ਹੈ।

ਕੌਣ ਜਾਣੇ ਕਿਉਂ ਰੋਜ਼ ਹੁੰਦੀ, ਸ਼ਬਦਾਂ ਦੀ ਕਤਲੋਗਾਰਤ ਹੈ।

ਚਾਨਣ ਦੀ ਸਿੱਧੀ ਲੀਕ ਨੂੰ, ਕੀ ’ਨ੍ਹੇਰੇ ਵੀ ਰੋਕ ਲੈਂਦੇ ਨੇ?

ਹੋ ਜਾਣ ਕਾਲ਼ੇ, ਸੀਨੇ ’ਚ ਬਲ਼ ਰਹੇ ਸੂਰਜ, ਕੈਸੀ ਬੁਝਾਰਤ ਹੈ।

ਬਰਫ਼ ਜਿਹੇ ਅਹਿਸਾਸ ਵੀ, ਉੱਬਲ਼ ਜਾਂਦੇ ਨੇ ਪਾਣੀ ਵਾਂਗ

ਫ਼ੈਲ ਜਾਂਦੀ ਲਹੂ ਅੰਦਰ ਜਦੋਂ, ਕੋਈ ਗੁੱਝੀ ਹਰਾਰਤ ਹੈ।

ਕਿੰਨੇ ਕੁ ਛਲ ਨੇ ਕੌਣ ਜਾਣੇ, ਤੇ ਕਿੰਨੇ ਕੁ ਸ਼ਾਤਰ ਨੇ

ਸੱਯਾਦ ਦਬੋਚ ਲੈਂਦੀ ਕਿਸੇ ਨੂੰ, ਕਦੋਂ ਕੋਈ ਘੋਰ ਜ਼ਲਾਲਤ ਹੈ।

ਖਿੱਲਰ ਜਾਂਦੀ ਬਣ ਕੇ ਲੰਗਾਰ, ਉਲਝ ਕੇ ਸੂਲਾਂ ਦੇ ਨਾਲ

ਸੂਲ਼ੀ ਤੇ ਲਟਕ ਵੀ ਭਰਦੀ ਉਡਾਣ, ਏਹੋ ਤਾਂ ਬਗ਼ਾਵਤ ਹੈ।

ਸੰਪਰਕ: 96467-13135

* * *

ਗ਼ਜ਼ਲ

ਰਾਜਕੁਮਾਰ ਸਕੋਲੀਆ

ਅਜੇ ਬਹੁਤ ਦੂਰ ਹੈ ਸੁਫ਼ਨਿਆਂ ਦੀ ਉਹ ਸਵੇਰ।

ਭੁੱਖਾ ਨਾ ਰਹੇਗਾ ਜਦੋਂ ਕਿਸੇ ਮਾਂ ਦਾ ਸ਼ੇਰ।

ਚੜ੍ਹਿਆ ਕਰੇਗਾ ਜਦੋਂ ਸਭ ਦਾ ਸਾਂਝਾ ਸੂਰਜ,

ਉਸ ਦਿਨ ਵਿਚ ਅਜੇ ਜਾਪਦੀ ਹੈ ਬੜੀ ਦੇਰ।

ਮਿਲੇਗਾ ਜਦੋਂ ਸਭ ਨੂੰ ਰਹਿਣ ਲਈ ਆਪਣਾ ਘਰ,

ਜੀ ਪਵੇਗੀ ਜ਼ਿੰਦਗੀ ਹੱਸ ਕੇ ਇਕ ਵਾਰ ਫੇਰ।

ਤਨ ਢਕਣ ਨੂੰ ਕੱਪੜੇ ਮਿਲਣਗੇ ਜਦੋਂ ਸਭ ਨੂੰ,

ਵਿਦਿਆ ਚਾਨਣ ਖਿਲਾਰੇਗੀ ਜਦੋਂ ਸਭ ਦੇ ਚਾਰ-ਚੁਫ਼ੇਰ।

ਖਿੜ ਪਵੇਗਾ ਹਰ ਚਿਹਰਾ, ਮਹਿਕੇਗੀ ਫੁਲਵਾੜੀ,

ਮਿਟ ਜਾਵੇਗਾ ‘ਰਾਜ’ ਸਦੀਆਂ ਦਾ ਇਹ ਨ੍ਹੇਰ।

ਸੰਪਰਕ: 92563-23021

Source link