ਪ੍ਰਿੰ. ਸਰਵਣ ਸਿੰਘ

ਜਾਬੀ ਖੇਡ ਸਾਹਿਤ ਬਾਰੇ ਛਪੀ ਪਹਿਲੀ ਪੋਥੀ ‘ਸ਼ਬਦਾਂ ਦੇ ਖਿਡਾਰੀ’ ਦੀ ਭੂਮਿਕਾ ਵਰਿਆਮ ਸਿੰਘ ਸੰਧੂ ਨੇ ਲਿਖੀ ਹੈ। ਇਸ ਪੁਸਤਕ ਵਿਚ ਵੰਨ-ਸਵੰਨੀਆਂ ਖੇਡ ਲਿਖਤਾਂ ਹਨ ਜੋ ਖੇਡ ਸਾਹਿਤ ਦੀਆਂ ਬਾਤਾਂ ਕਹੀਆਂ ਜਾ ਸਕਦੀਆਂ ਹਨ। ਬਾਤਾਂ ਪਾਉਣ ਵਾਲੇ ਹਨ ਬਲਵੰਤ ਗਾਰਗੀ, ਜਸਵੰਤ ਸਿੰਘ ਕੰਵਲ, ਡਾ. ਹਰਿਭਜਨ ਸਿੰਘ, ਬਲਬੀਰ ਸਿੰਘ ਕੰਵਲ, ਸੂਬਾ ਸਿੰਘ, ਪਾਸ਼, ਪਹਿਲਵਾਨ ਦਾਰਾ ਸਿੰਘ, ਪ੍ਰੋ. ਕਰਮ ਸਿੰਘ, ਸ਼ਮਸ਼ੇਰ ਸਿੰਘ ਸੰਧੂ, ਡਾ. ਜਸਪਾਲ ਸਿੰਘ ਤੇ ਦਰਜਨ ਕੁ ਹੋਰ ਖੇਡ ਲੇਖਕ। ਪੰਜਾਬੀ ਵਿਚ ਖੇਡਾਂ ਖਿਡਾਰੀਆਂ ਬਾਰੇ ਸਵਾ ਸੌ ਤੋਂ ਵੱਧ ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ। ਖੇਡ ਸਾਹਿਤ ਹੁਣ ਵੱਖਰੀ ਵਿਧਾ ਬਣ ਚੁੱਕਾ ਹੈ। ਇਸ ਬਾਰੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਲਿਖੇ ਜਾ ਰਹੇ ਹਨ। ਐੱਮਫਿੱਲ ਤੇ ਪੀਐੱਚਡੀ ਦੀਆਂ ਡਿਗਰੀਆਂ ਹੋ ਰਹੀਆਂ ਹਨ। ਪੰਜਾਬੀ ਖੇਡ ਅਦਬ ਵਿਚ ਨਾਮਵਰ ਖਿਡਾਰੀਆਂ ਦੀਆਂ ਜੀਵਨੀਆਂ, ਸਵੈ-ਜੀਵਨੀਆਂ, ਰੇਖਾ ਚਿੱਤਰ, ਕਹਾਣੀਆਂ, ਨਾਵਲ, ਖੇਡ ਇਤਿਹਾਸ, ਖੇਡ ਮੇਲੇ, ਖੇਡ ਮਸਲੇ, ਖੇਡ ਚਿੰਤਨ, ਖੇਡਾਂ ਦੀ ਜਾਣ ਪਛਾਣ, ਖੇਡ ਕਵਿਤਾਵਾਂ, ਗੀਤ, ਸਿ਼ਅਰ, ਦੋਹੇ, ਬੈਂਤ, ਖੇਡ ਸਾਹਿਤ ਦੇ ਅਧਿਐਨ ਬਾਰੇ ਖੋਜ ਨਿਬੰਧ, ਖੋਜ ਪ੍ਰਬੰਧ ਤੇ ਲੋਪ ਹੋ ਰਹੀਆਂ ਦੇਸੀ ਖੇਡਾਂ ਅਤੇ ਪ੍ਰਚਲਿਤ ਪੱਛਮੀ ਖੇਡਾਂ ਬਾਰੇ ਬਹੁਪੱਖੀ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਛਪ ਚੁੱਕੀਆਂ ਹਨ।

ਪ੍ਰਿੰਸੀਪਲ ਸਰਵਣ ਸਿੰਘ ਦੀ ਕਿਤਾਬ ਦਾ ਸਰਵਰਕ (ਖੱਬੇ) ਅਤੇ ਵਰਿਆਮ ਸਿੰਘ ਸੰਧੂ ਨਾਲ ਲੇਖਕ।

ਮੇਰੀਆਂ ਬਹੁਤੀਆਂ ਕਿਤਾਬਾਂ ਦੇ ਨਾਂ ਖੇਡਾਂ ਖਿਡਾਰੀਆਂ ਨਾਲ ਸੰਬੰਧਿਤ ਹਨ। ਖੇਡ ਸਾਹਿਤ ਦੀ ਇਸ ਨਵੇਕਲੀ ਪੁਸਤਕ ਦਾ ਨਾਂ ਵੀ ਉਹਨਾਂ ਨਾਲ ਮਿਲਦਾ ਜੁਲਦਾ ‘ਸ਼ਬਦਾਂ ਦੇ ਖਿਡਾਰੀ’ ਰੱਖ ਦਿੱਤਾ ਹੈ। ਧੰਨਵਾਦੀ ਹਾਂ ਖੇਡ ਲੇਖਕਾਂ ਅਤੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਸਵਰਾਜਬੀਰ ਦਾ ਜਿਨ੍ਹਾਂ ਮੈਨੂੰ ‘ਪੰਜਾਬੀ ਖੇਡ ਸਾਹਿਤ’ ਕਾਲਮ ਲਿਖਣ ਲਾਇਆ। ਉੁਹੀ ਕਾਲਮ ਇਹ ਸੰਗ੍ਰਹਿ ਤਿਆਰ ਕਰਨ ਵਿਚ ਸਹਾਈ ਹੋਇਆ ਹੈ। ਪੰਜਾਬੀ ਖੇਡ ਸਾਹਿਤ ਬਾਰੇ ਇਹ ਪਹਿਲੀ ਪੋਥੀ ਹੈ। ਉਮੀਦ ਹੈ ਇਸ ਦੇ ਅਗਲੇ ਭਾਗ ਵੀ ਛੇਤੀ ਹੀ ਪ੍ਰਕਾਸਿ਼ਤ ਹੋਣਗੇ।

ਵਰਿਆਮ ਸਿੰਘ ਸੰਧੂ ਲੰਮੀਆਂ ਕਹਾਣੀਆਂ ਦਾ ਨੈਸ਼ਨਲ ਚੈਂਪੀਅਨ ਹੈ। ਉਹਦੀ ਕਹਾਣੀ ‘ਚੌਥੀ ਕੂਟ’ ਭਾਰਤੀ ਭਾਸ਼ਾਵਾਂ ’ਚੋਂ ਚੋਟੀ ਦੀਆਂ ਬਾਰਾਂ ਕਹਾਣੀਆਂ ਦੇ ਅੰਗਰੇਜ਼ੀ ਕਹਾਣੀ ਸੰਗ੍ਰਹਿ ‘ਮੈਮੋਰੇਬਲ ਸਟੋਰੀਜ਼ ਆਫ਼ ਇੰਡੀਆ: ਟੈੱਲ ਮੀ ਏ ਲੌਂਗ ਸਟੋਰੀ’ ਵਿਚ ਪ੍ਰਕਾਸ਼ਤ ਕੀਤੀ ਗਈ ਹੈ। ਡਾ. ਅਤਰ ਸਿੰਘ ਨੇ ਕਦੇ ਦਹਿਸ਼ਤੀ ਦੌਰ ਦੀ ਸਾਹਿਤਕ ਰਚਨਾ ਬਾਰੇ ਲਿਖਿਆ ਸੀ, “ਪੰਜਾਬ ਜਿਸ ਘੋਰ ਸੰਕਟ ਵਿਚੋਂ ਲੰਘਿਆ ਹੈ, ਉਸ ਦੀ ਥਾਹ ਅਜੇ ਕਿਸੇ ਨੇ ਨਹੀਂ ਪਾਈ। ਇਸ ਖੇਤਰ ਵਿਚ ਵਰਿਆਮ ਸੰਧੂ ਦੀਆਂ ਦੋ ਕਹਾਣੀਆਂ ‘ਭੱਜੀਆਂ ਬਾਹੀਂ’ ਅਤੇ ‘ਮੈਂ ਹੁਣ ਠੀਕ ਠਾਕ ਹਾਂ’ ਪੰਜਾਬੀ ਕਹਾਣੀ ਦੀ ਵਡਮੁੱਲੀ ਪ੍ਰਾਪਤੀ ਹਨ। ਮੇਰੀ ਜਾਚੇ ਇਹ ਦੋਵੇਂ ਕਹਾਣੀਆਂ ਮਾਡਰਨ ਵਰਲਡ ਕਲਾਸਿਕਸ ਵਿਚ ਆਪਣਾ ਸਥਾਨ ਪ੍ਰਾਪਤ ਕਰਨ ਦੇ ਸਮਰੱਥ ਹਨ।”

ਪੇਸ਼ ਹੈ ਪੁਸਤਕ ‘ਸ਼ਬਦਾਂ ਦੇ ਖਿਡਾਰੀ’ ਦੀ ਵਰਿਆਮ ਸਿੰਘ ਸੰਧੂ ਦੀ ਲਿਖੀ ਭੂਮਿਕਾ:

ਚੇਤੇ ਦੀ ਲਿਸ਼ਕੋਰ

ਸਰਵਣ ਸਿੰਘ ਦੀ ਨਵੀਂ ਪੁਸਤਕ ‘ਸ਼ਬਦਾਂ ਦੇ ਖਿਡਾਰੀ’ ਬਾਰੇ ਕੁਝ ਸ਼ਬਦ ਲਿਖਣ ਲੱਗਿਆਂ ਗੱਲ ਤਾਂ ਸਰਵਣ ਸਿੰਘ ਤੋਂ ਹੀ ਸ਼ੁਰੂ ਤੇ ਓਸੇ ਤੇ ਹੀ ਖ਼ਤਮ ਹੋਣੀ ਹੈ, ਕਿਉਂਕਿ, ਸ਼ਬਦਾਂ ਦਾ ਸਭ ਤੋਂ ਵੱਡਾ ਖਿਡਾਰੀ ਤਾਂ ਉਹ ਆਪ ਹੈ। ਪੰਜਾਬੀ ਵਾਰਤਕ ਦਾ ਉੱਚਾ ਬੁਰਜ। ਅਨੇਕਾਂ ਖੇਡ ਲੇਖਕਾਂ ਦਾ ਚਾਨਣ ਮੁਨਾਰਾ। ਅਸਲ ਵਿਚ ਸਰਵਣ ਸਿੰਘ ਪੰਜਾਬੀ ਖੇਡ ਸਾਹਿਤ ਦਾ ਸ਼ਹਿਨਸ਼ਾਹ ਹੈ। ਲਿਖਣ ਨੂੰ ਤਾਂ ਉਹਨੇ ਕਹਾਣੀਆਂ ਵੀ ਲਿਖੀਆਂ ਨੇ, ਜੀਵਨੀਆਂ ਲਿਖੀਆਂ ਨੇ, ਰੇਖਾ ਚਿਤਰ ਲਿਖੇ ਨੇ, ਸਵੈ-ਜੀਵਨੀ ਲਿਖੀ ਹੈ, ਸਫ਼ਰਨਾਮੇਂ ਲਿਖੇ ਹਨ, ਹਾਸ-ਵਿਅੰਗ ਲਿਖਿਆ ਹੈ, ਖੇਡ ਪੱਤਰਕਾਰੀ ਤੇ ਖੇਡ ਕੁਮੈਂਟਰੀ ਕੀਤੀ ਹੈ ਅਤੇ ਇਹਨਾਂ ਸਭਨਾਂ ਖੇਤਰਾਂ ਵਿਚ ਹੀ ਕਮਾਲ ਕੀਤਾ ਹੈ ਪਰ ਖੇਡ-ਲੇਖਣ ਦੇ ਖੇਤਰ ਵਿਚ ਤਾਂ ਉਹਨੇ ਅਜਿਹੀਆਂ ਮੱਲਾਂ ਮਾਰੀਆਂ ਨੇ ਕਿ ਅੱਧੀ ਸਦੀ ਤੋਂ ਉਹਦਾ ਮਾਊਂਟ-ਐਵਰੈਸਟੀ ਝੰਡਾ ਸਭਨਾਂ ਤੋਂ ਉੱਚਾ ਅਸਮਾਨੀ ਝੁੱਲ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਬਾਰੇ ਸ਼ਾਹ ਮੁਹੰਮਦ ਨੇ ਲਿਖਿਆ ਸੀ, ‘ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਇਆ।’ ਸਰਵਣ ਸਿੰਘ ਬਾਰੇ ਇਹ ਬੰਦ ਬਦਲਣਾ ਪਊ। ‘ਪਚਾਸ ਬਰਸਾਂ’ ਤਾਂ ਉਹਦਾ ਰਾਜ ਚੱਲ ਹੀ ਗਿਆ ਹੈ ਪਰ ਅਸੀਂ ਦੁਆ-ਗੋ ਹਾਂ ਕਿ ਉਹਦਾ ਰਾਜ ਘੱਟੋ-ਘੱਟ ਤੀਹ ਵਰ੍ਹੇ ਤਾਂ ਹੋਰ ਚੱਲੇ ਹੀ। ਉਂਜ ਤੀਹ ਵਰ੍ਹਿਆਂ ਤੋਂ ਬਾਅਦ ਵੀ ਪੰਜਾਬੀ ਖੇਡ ਸਾਹਿਤ ਦੇ ਇਤਿਹਾਸ ਵਿਚ ਉਹਦਾ ਰਾਜ ਇੰਜ ਹੀ ਚੱਲਦਾ ਰਹਿਣਾ ਏਂ ਕਿਉਂਕਿ ਪੰਜਾਬੀ ਦੇ ਖੇਡ ਸਾਹਿਤ ਵਿਚ ਏਡਾ ਬੁਲੰਦ ਮੁਕਾਮ ਸ਼ਾਇਦ ਹੀ ਕਿਸੇ ਹੋਰ ਲੇਖਕ ਨੂੰ ਪ੍ਰਾਪਤ ਹੋ ਸਕੇ। ਉਹਨੇ ਪੰਜਾਬ ਦੇ ਖਿਡਾਰੀਆਂ ਬਾਰੇ ਲਿਖ ਕੇ ਉਹਨਾਂ ਨੂੰ ਅਮਰ ਕਰ ਦਿੱਤਾ ਤੇ ਉਹਦੀਆਂ ਲਿਖਤਾਂ ਨੇ ਬਦਲੇ ਵਿਚ ਉਹਨੂੰ ਅਮਰ-ਪਦ ਪ੍ਰਦਾਨ ਕਰ ਦੇਣਾ ਹੈ।

ਮੈਂ 1965-66 ਤੋਂ ਉਹਦੀ ਲਿਖਤ ਦਾ ਆਸ਼ਕ ਹਾਂ। ਉਹਨੇ ਉਦੋਂ ਕੁ ਹੀ ‘ਆਰਸੀ’ ਵਿਚ ਖਿਡਾਰੀਆਂ ਦੇ ਰੇਖਾ ਚਿਤਰ ਲਿਖਣੇ ਸ਼ੁਰੂ ਕੀਤੇ ਸਨ ਤੇ ਅਸੀਂ ਮਹੀਨੇ ਦੀਆਂ ਪਹਿਲੀਆਂ ਤਰੀਕਾਂ ਵਿਚ ‘ਆਰਸੀ’ ਦਾ ਪਰਚਾ ਖਰੀਦਣ ਲਈ, ਕਿਰਾਇਆ ਖ਼ਰਚ ਕੇ, ਵੀਹ ਮੀਲ ਦੂਰ ਅੰਬਰਸਰ ਜਾਂਦੇ ਸਾਂ। ਉਸ ਤੋਂ ਪਹਿਲਾਂ ਮੈਂ ਕੇਵਲ ਬਲਬੀਰ ਸਿੰਘ ਕੰਵਲ ਦੀ ਭਲਵਾਨਾਂ ਬਾਰੇ ਲਿਖੀ ਕਿਤਾਬ ਹੀ ਪੜ੍ਹੀ ਸੀ। ਬਹੁਤ ਸਾਰੇ ਹੋਰਨਾਂ ਲੇਖਕਾਂ ਨੇ ਵੀ ਖੇਡਾਂ ਤੇ ਖਿਡਾਰੀਆਂ ਬਾਰੇ ਕਿਤਾਬਾਂ ਲਿਖੀਆਂ ਨੇ ਪਰ ਸਰਵਣ ਸਿੰਘ ਦਾ ਕੋਈ ਸਾਨੀ ਨਹੀਂ। ਗੁਣ ਅਤੇ ਗਿਣਤੀ ਵਿਚ ਉਹਨੇ ਪੰਜਾਬੀ ਖੇਡ ਸਾਹਿਤ ਨੂੰ ਏਨੀਆਂ ਮਾਣਮੱਤੀਆਂ ਤੇ ਏਨੀਆਂ ਰੱਜੀਆਂ-ਪੁੱਜੀਆਂ ਲਿਖਤਾਂ ਦਿੱਤੀਆਂ ਕਿ ਪੰਜਾਬੀ ਖੇਡ ਸਾਹਿਤ ਨੂੰ ਰੰਗਭਾਗ ਲੱਗਣ ਲਾ ਦਿੱਤੇ।

ਸਰਵਣ ਸਿੰਘ ਆਪਣੇ ਪਾਠਕਾਂ ਨੂੰ ਖੇਡਾਂ ਵਿਖਾਉਣਾ ਤੇ ਖਿਡਾਉਣਾ ਜਾਣਦਾ ਸੀ। ਉਹਦੀ ਵਾਰਤਕ ਵਿਚ ਲੋਹੜੇ ਦਾ ਹੁਸਨ ਤੇ ਗ਼ਜ਼ਬ ਦਾ ਜ਼ੋਰ ਸੀ। ਉਹ ਪਹਿਲੇ ਫ਼ਿਕਰੇ ਤੋਂ ਪੈਂਦੀ ਸੱਟੇ ਹੀ ਪੜ੍ਹਨ ਵਾਲੇ ਨੂੰ ਐਸਾ ਜਕੜਦਾ ਕਿ ਪਾਠਕ ਕਿਸੇ ਹੋਰ ਪਾਸੇ ਸੋਚਣ ਜਾਂ ਜਾਣ ਦੀ ਤਾਕਤ ਗਵਾ ਬਹਿੰਦਾ। ਪਹਿਲੇ ਪੈਰੇ ਵਿਚ ਹੀ ਸਰਵਣ ਸਿੰਘ ਕਲਮ ਦੀ ਇੱਕੋ ਅੜੇਸ ਨਾਲ ਖਿਡਾਰੀ ਬਾਰੇ ਜਾਣਕਾਰੀ ਦਾ ਭਰਿਆ ਭਰਾਇਆ ਗੱਡਾ ਉਲੱਦ ਸੁੱਟਦਾ। ਇਸ ਗੱਡੇ ਤੋਂ ‘ਬੋਰੀਆਂ’ ਦੀ ਥਾਂ ਸੋਨਰੰਗੇ ਸ਼ਬਦਾਂ ਦੀਆਂ ਮੁਹਰਾਂ ਡਿੱਗਦੀਆਂ। ਉਹ ਖਿਡਾਰੀ ਦੇ ਕੱਦ-ਕਾਠ, ਭਾਰ, ਰੰਗ-ਰੂਪ, ਖੇਡੇ ਟੂਰਨਾਮੈਂਟਾਂ, ਬਣਾਏ ਰੀਕਾਰਡਾਂ, ਘੁੰਮੇਂ ਦੇਸ਼ਾਂ, ਜਿੱਤਾਂ-ਹਾਰਾਂ, ਰੁਚੀਆਂ ਤੇ ਸਵਾਦਾਂ ਦੀਆਂ ਗਿਣਤੀਆਂ-ਮਿਣਤੀਆਂ, ਪ੍ਰਾਪਤੀਆਂ, ਤਮਗ਼ਿਆਂ ਅਤੇ ਹੋਰ ਜੁੜਵੇਂ ਵੇਰਵਿਆਂ ਦੀ ਝੜੀ ਲਾ ਦਿੰਦਾ। ਉਹਦੇ ਫ਼ਿਕਰਿਆਂ ਦੀ ਲਿਸ਼ਕ ਵਿਚ ਖਿਡਾਰੀ ਦਾ ਮਾਣਮੱਤਾ ਆਪਾ ਹੱਸਦਾ ਮੁਸਕਰਾਉਂਦਾ ਸਾਡੀਆਂ ਅੱਖਾਂ ਚੋਂ ਲੰਘ ਕੇ ਸਮੂਲਚਾ ਸਾਡੇ ਮਨ ਮਸਤਕ ਵਿਚ ਆਣ ਬਹਿੰਦਾ। ਖਿਡਾਰੀ ਦੀਆਂ ਰਗ਼ਾਂ ਵਿਚ ਦੌੜ ਰਿਹਾ ਗਰਮ ਖੂਨ ਪਾਠਕਾਂ ਦੀਆਂ ਰਗ਼ਾਂ ਵਿਚ ਉਬਾਲੇ ਲੈਣ ਲੱਗਦਾ। ਉਹ ਖਿਡਾਰੀ ਨਾਲ ਜੁੜੇ ਸਾਰੇ ਜੀਵਨ-ਵੇਰਵੇ ਅਜਿਹੀ ਸੁਹਜੀਲੀ-ਜੜਤ ਵਿਚ ਪੇਸ਼ ਕਰਦਾ ਕਿ ਖਿਡਾਰੀ ਦਾ ਪਿਛੋਕੜ, ਉਹਦੀ ਮਾਨਸਿਕਤਾ ਤੇ ਉਹਦਾ ਵਿਹਾਰ ਸਜਿੰਦ ਰੂਪ ਵਿਚ ਉਭਰ ਕੇ ਸਾਹਮਣੇ ਆ ਜਾਂਦਾ।

ਉਹ ਨਹਾਇਤ ਉਮਦਾ ਕਾਰਾਗਰੀ ਨਾਲ ਸ਼ਬਦਾਂ ਤੇ ਵਾਕਾਂ ਨੂੰ ਸੰਜੋਦਾ-ਬੀੜਦਾ ਕਿ ਖਿਡਾਰੀ ਸਾਮਰਤੱਖ ਜ਼ਿੰਦਗੀ ਤੇ ਖੇਡ ਦੇ ਮੈਦਾਨ ਵਿਚ ਕਾਰਜਸ਼ੀਲ ਹੋਇਆ ਦਿਸਣ ਲੱਗਦਾ। ਖੇਡ ਜਾਂ ਖਿਡਾਰੀ ਮੈਦਾਨ ਵਿਚ ਜਿੱਤਣ ਲਈ ਸਿਖ਼ਰਲਾ ਜ਼ੋਰ ਲਾਉਂਦੇ ਤਾਂ ਪੜ੍ਹਨ ਵਾਲੇ ਦੀਆਂ ਭਵਾਂ ਤਣ ਜਾਂਦੀਆਂ, ਮੱਥੇ ਦੇ ਵੱਟ ਕਸੇ ਜਾਂਦੇ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ, ਜਿਸਮ ਉਤਸੁਕਤਾ ਵਿਚ ਸੂਤਿਆ ਜਾਂਦਾ। ਸਰਵਣ ਸਿੰਘ ਪਾਠਕ ਨੂੰ ਮੈਦਾਨ ਵਿਚ ਭਜਾਈ ਸਾਹੋ ਸਾਹ ਕਰ ਦਿੰਦਾ। ਗੋਲ ਹੁੰਦਾ ਜਾਂ ਕਿਸੇ ਈਵੈਂਟ ਵਿਚ ਖਿਡਾਰੀ ਜਿੱਤ ਜਾਂਦਾ ਤਾਂ ਅਜਿਹੇ ਸਿਖ਼ਰਲੇ ਪਲਾਂ ਨੂੰ ਉਹ ਅਜਿਹੀ ਪਰਵੀਨਤਾ ਨਾਲ ਪੇਸ਼ ਕਰਦਾ ਕਿ ਪਾਠਕ ਦਾ ਬਾਹਵਾਂ ਉੱਚੀਆਂ ਕਰਕੇ ਬਦੋ ਬਦੀ ਲਲਕਾਰਾ ਮਾਰਨ ਨੂੰ ਜੀ ਕਰ ਆਉਂਦਾ। ਜੇ ਅਥਲੀਟ ਜਾਂ ਟੀਮ ਹਾਰ ਜਾਂਦੀ ਤਾਂ ਉਹ ਮੈਦਾਨ ਵਿਚ ਢੱਠੇ, ਹਾਰੇ, ਅੱਥਰੂ ਕੇਰਦੇ ਖਿਡਾਰੀਆਂ ਦਾ ਅਜਿਹਾ ਮਾਰਮਿਕ ਦ੍ਰਿਸ਼ ਬੰਨ੍ਹਦਾ ਕਿ ਲਿਖਤ ਪੜ੍ਹਨ ਤੋਂ ਬਾਅਦ ਵੀ ਪਾਠਕ ਕਈ ਚਿਰ ਉਸ ਹਾਰ ਦਾ ਦੁੱਖ, ਪੀੜ ਤੇ ਨਮੋਸ਼ੀ ਆਪਣੇ ਨਾਲ ਨਾਲ ਚੁੱਕੀ ਫਿਰਦਾ। ਉਹਦੇ ਏਸੇ ਲਿਖਣ-ਅੰਦਾਜ਼ ਨੂੰ ਡਾ. ਹਰਿਭਜਨ ਸਿੰਘ ਨੇ ‘ਅਥਲੈਟਿਕ ਸ਼ੈਲੀ’ ਨਾਲ ਤੁਲਨਾਇਆ ਸੀ ਤੇ ਸਰਵਣ ਸਿੰਘ ਨੂੰ ‘ਸ਼ਬਦਾਂ ਦਾ ਓਲਿੰਪੀਅਨ’ ਲਿਖਿਆ ਸੀ।

ਸਰਵਣ ਸਿੰਘ ਦੀ ਕਲਾ ਦਾ ਜਾਦੂ ਹੈ ਕਿ ਜਿਹੜੇ ਲੇਖਕ/ਆਲੋਚਕ ਖੇਡਾਂ ਬਾਰੇ ਲਿਖਣ ਵਾਲਿਆਂ ਨੂੰ ਸਾਹਿਤਕਾਰ ਮੰਨਣੋਂ ਇਨਕਾਰੀ ਸਨ, ਉਹਨਾਂ ਵਿਚੋਂ ਬਹੁਤ ਸਾਰੇ ਅੱਜ ‘ਖੇਡ ਸਾਹਿਤ’ ਨੂੰ ਸਾਹਿਤ ਦਾ ਮਾਣਮੱਤਾ ਅੰਗ ਸਮਝਣ ਲੱਗੇ ਨੇ। ਮੰਨਣ ਨੂੰ ਤਾਂ ਪਹਿਲਾਂ ਸਾਡੇ ਮਹਾਨ ਨਾਵਲਕਾਰ ਸੋਹਣ ਸਿੰਘ ਸੀਤਲ ਨੂੰ ਵੀ ‘ਵੱਡੇ ਆਲੋਚਕ’ ਨਾਵਲਕਾਰ ਮੰਨਣੋਂ ਇਨਕਾਰੀ ਸਨ ਪਰ ਆਖ਼ਰਕਾਰ ਉਹਨਾਂ ਨੂੰ ਵੀ ਸੀਤਲ ਨੂੰ ਵੱਡਾ ਨਾਵਲਕਾਰ ਮੰਨਣਾ ਹੀ ਪਿਆ। ਇਹੋ ਕੁਝ ਪਹਿਲਾਂ ਸਰਵਣ ਸਿੰਘ ਨਾਲ ਵੀ ਹੋਇਆ ਪਰ ਅੱਜ ਕੌਣ ਹੈ ਜੋ ਸਰਵਣ ਸਿੰਘ ਦੀ ਖੇਡ ਸਾਹਿਤ ਨੂੰ ਮਹਾਨ ਦੇਣ ਤੇ ਪੰਜਾਬੀ ਵਾਰਤਕ ਨੂੰ ਉਸ ਵੱਲੋਂ ਚਾੜ੍ਹੇ ਗੁਲਾਬੀ ਰੰਗ ਤੋਂ ਮੁਨਕਰ ਹੋ ਸਕੇ!

ਸਰਵਣ ਸਿੰਘ ਨੇ ਆਪ ਹੀ ਖੇਡਾਂ ਤੇ ਖਿਡਾਰੀਆਂ ਬਾਰੇ ਨਹੀਂ ਲਿਖਿਆ ਸਗੋਂ ਉਹ ਬਹੁਤ ਸਾਰੇ ਨਵੇਂ ਖੇਡ ਲੇਖਕਾਂ ਦਾ ਪ੍ਰੇਰਨਾ ਸਰੋਤ ਵੀ ਹੋ ਨਿੱਬੜਿਆ। ਸਰਵਣ ਸਿੰਘ ਨੂੰ ਮਿਲਦੇ ਮਾਣ-ਸਨਮਾਨ ਨੇ ਬਹੁਤ ਸਾਰੇ ਹੋਰ ਲੇਖਕਾਂ ਅੰਦਰ ਵੀ ਖੇਡ ਸਾਹਿਤ ਰਚਣ ਦੀ ਲਲ੍ਹਕ ਤੇ ਇੱਛਾ ਪੈਦਾ ਕਰ ਦਿੱਤੀ ਹੈ। ਜੇ ਉਹ ਕਰਤਾਰ ਭਲਵਾਨ ਹੁਰਾਂ ਨੂੰ ਇਸ ਗੱਲ ਲਈ ਜ਼ੋਰ ਨਾ ਪਾਉਂਦਾ ਕਿ ਉਹ ਆਪਣੀ ਜੀਵਨੀ ਉਸ (ਸਰਵਣ ਸਿੰਘ) ਕੋਲੋਂ ਨਹੀਂ ਸਗੋਂ ਮੇਰੇ (ਵਰਿਆਮ ਸਿੰਘ ਸੰਧੂ) ਕੋਲੋਂ ਲਿਖਵਾਉਣ ਤਾਂ ਸ਼ਾਇਦ ਮੈਂ ਇਹ ਜੀਵਨੀ ਲਿਖਦਾ ਹੀ ਨਾ। ਇੰਜ ਸਿੱਧੇ-ਅਸਿਧੇ ਤਰੀਕੇ ਨਾਲ ਮੇਰੇ ਕੋਲੋਂ ਕਰਤਾਰ ਦੀ ਜੀਵਨੀ ਲਿਖਾਉਣ ਦਾ ਪ੍ਰੇਰਕ ਵੀ ਸਰਵਣ ਸਿੰਘ ਹੀ ਹੈ।

ਸਰਵਣ ਸਿੰਘ ਦਰਿਆ ਦਿਲ ਬੰਦਾ ਹੈ। ਉਹ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਾਲੇ ਨਵੇਂ ਲੇਖਕਾਂ ਦੀ ਦਿਲ ਖੋਲ੍ਹ ਕੇ ਤਾਰੀਫ਼ ਕਰਦਾ ਹੈ। ਨਵੀਂ ਖੇਡ ਰਚਨਾ ਜਾਂ ਨਵੇਂ ਖੇਡ ਲੇਖਕ ਦੀ ਆਮਦ ਉਹਨੂੰ ਆਪਣੇ ਵਿਹੜੇ ਵਿਚ ਖੇਡਦੇ ਨਵੇਂ ਬਾਲ ਵਾਂਗ ਪਿਆਰੀ ਲੱਗਦੀ ਹੈ। ਉਹ ਉਹਨੂੰ ਲਡਿਆਉਂਦਾ ਹੈ, ਵਡਿਆਉਂਦਾ ਹੈ ਤੇ ਅੱਗੇ ਵਧਣ ਦੀ ਹਿੰਮਤ ਤੇ ਹੌਂਸਲਾ ਦਿੰਦਾ ਹੈ। ਦਾਲ਼ ਚੋਂ ਦਾਣਾ ਟੋਹਣ ਵਾਂਗ ਚੰਦ ਕੁ ਖੇਡ ਲੇਖਕਾਂ ਬਾਰੇ ਉਹਦੀਆਂ ਟਿੱਪਣੀਆਂ ਵਿਚੋ ਛਲਕਦੀ ਮੁਹੱਬਤ ਵੇਖੋ:

‘ਨਵਦੀਪ ਸਿੰਘ ਗਿੱਲ ਪੰਜਾਬੀ ਖੇਡ ਪੱਤਰਕਾਰੀ ਦਾ ਹੀਰਾ ਹੈ।’

‘ਪ੍ਰਿੰ. ਬਲਕਾਰ ਸਿੰਘ ਬਾਜਵਾ ਪੰਜਾਬੀ ਖੇਡ ਸਾਹਿਤ ਦਾ ਸ਼ਿੰਗਾਰ ਹੈ।’

‘ਬਲਬੀਰ ਸਿੰਘ ਕੰਵਲ ਖੋਜੀ ਲੇਖਕ ਹੈ। ‘ਬੱਲੇ ਬੱਲੇ’ ਉਹਦਾ ਤਕੀਆ ਕਲਾਮ। ਬੱਲੇ ਬੱਲੇ ਕਰੇ ਬਿਨਾ ਉਹਤੋਂ ਰਹਿ ਨਹੀਂ ਹੁੰਦਾ।’

ਸੱਚੀ ਗੱਲ ਤਾਂ ਇਹ ਹੈ ਕਿ ਸਰਵਣ ਸਿੰਘ ਖ਼ੁਦ ਪੰਜਾਬੀ ਖੇਡ ਸਾਹਿਤ ਦਾ ਹੀਰਾ ਹੈ, ਪੰਜਾਬੀ ਖੇਡ ਸਾਹਿਤ ਦਾ ਸ਼ਿੰਗਾਰ ਹੈ ਅਤੇ ਹੋਰਨਾ ਦੀ ‘ਬੱਲੇ! ਬੱਲੇ!’ ਕਰਨੋਂ ਉਹਤੋਂ ਰਹਿ ਨਹੀਂ ਹੁੰਦਾ। ਇਹੋ ਕਾਰਨ ਹੈ ਕਿ ਅੱਜ ਖੇਡ ਲੇਖਕਾਂ ਦਾ, ਉਹਦਾ ਵੱਡਾ ਬਾਗ਼-ਪਰਿਵਾਰ ਹੈ। ਸਰਵਣ ਸਿੰਘ ਆਪਣੀ ਵੱਡੀ ਟੀਮ ਦੇ ਅੱਗੇ-ਅੱਗੇ ਝੰਡਾ ਚੁੱਕੀ ਰਵਾਂ-ਚਾਲ ਚੱਲਦਾ ਜਾ ਰਿਹਾ ਹੈ। ਦਰਜਨਾਂ ਨਵੇਂ ਲੇਖਕ ਉਹਦੇ ਪਿੱਛੇ ਪਿੱਛੇ ਚੱਲਦੇ ਜਾ ਰਹੇ ਨੇ।

ਪੰਜਾਬੀ ਦੇ ਗਿਆਨ ਸਾਹਿਤ ਵਿਚ ‘ਖੇਡ ਸਾਹਿਤ’ ਦੀ ਨਵੀਂ ਵੰਨਗੀ ਦਾ ਸ਼ੁਮਾਰ ਸਰਵਣ ਸਿੰਘ ਦੀਆਂ ਲਿਖਤਾਂ ਦੀ ਬਦੌਲਤ ਹੀ ਹੋ ਸਕਿਆ ਹੈ। ਅੱਜ ਖੇਡ ਸਾਹਿਤ ਬਾਰੇ ਖੋਜ ਕਾਰਜ ਆਰੰਭ ਹੋ ਚੁੱਕੇ ਨੇ। ਐੱਮਫ਼ਿਲ਼ ਤੇ ਪੀਐੱਚਡੀ ਦੀਆਂ ਡਿਗਰੀਆਂ ਮਿਲਣ ਲੱਗੀਆਂ ਹਨ। ਪਾਠ-ਕ੍ਰਮਾਂ ਵਿਚ ਖੇਡ ਸਾਹਿਤ ਪੜ੍ਹਾਇਆ ਜਾਣ ਲੱਗਾ ਹੈ। ਖੇਡ ਸਾਹਿਤ ਵਿਚ ਉਹਦੇ ਬੁਲੰਦ ਰੁਤਬੇ ਵੱਲ ਵੇਖ ਕੇ ਬਹੁਤ ਸਾਰੇ ਨਵੇਂ ਲੇਖਕ ਵੀ ਖੇਡ-ਲੇਖਣ ਦੇ ਮੈਦਾਨ ਵਿਚ ਨਿੱਤਰੇ ਹਨ। ਸਰਵਣ ਸਿੰਘ ਇਹਨਾਂ ਲੇਖਕਾਂ ਦਾ ‘ਗੁਰੂ ਦ੍ਰੋਣਾਚਾਰੀਆ’ ਵੀ ਹੈ ਅਤੇ ਖੇਡ ਲੇਖਣੀ ਦੀ ਮੈਰਾਥਨ ਦੌੜ ਦਾ ‘ਭੀਸ਼ਮ ਪਿਤਾਮਾ’ ਵੀ।

ਸੋਭਾ ਸਿੰਘ ਨੇ ਇੱਕ ਵਾਰ ਨੌਜਵਾਨਾਂ ਦੀਆਂ ‘ਕਿਸਮਾਂ’ ਗਿਣਾਉਂਦਿਆਂ ਇੱਕ ਕਿਸਮ ‘ਨੋ (no) ਜਵਾਨਾਂ’ ਦੀ ਦੱਸੀ ਸੀ। ਇਹ ਅਜਿਹੇ ‘ਜਵਾਨ’ ਹੁੰਦੇ ਨੇ ਜਿਨ੍ਹਾਂ `ਤੇ ਕਦੀ ਜਵਾਨੀ ਆਉਂਦੀ ਹੀ ਨਹੀਂ। ਇਹ ਹਰ ਵੇਲੇ ਥੱਕੇ, ਉਦਾਸ, ਨਿਰਾਸ ਤੇ ਉਤਸ਼ਾਹਹੀਣ ਹੀ ਦਿਖਾਈ ਦਿੰਦੇ ਹਨ। ਕੁਝ ਵੀ ਨਵਾਂ ਕਰਨ ਜਾਂ ਸਿਰਜਣ ਦੀ ਉਹਨਾਂ ਵਿਚ ਨਾ ਸਮਰੱਥਾ ਹੁੰਦੀ ਹੈ ਨਾ ਚਾਹਤ ਤੇ ਨਾ ਊਰਜਾ। ਸੋ ਖੇਡਾਂ ਬਾਰੇ ਲਿਖੇ ਸਾਹਿਤ ਨੂੰ ਦੋਮ ਦਰਜੇ ਦਾ ਸਮਝਣ ਤੇ ਆਖਣ ਵਾਲੇ ਅਜਿਹੇ ਲੇਖਕ/ਆਲੋਚਕ ਜਾਂ ਪਾਠਕ ‘ਨੋਜਵਾਨਾਂ’ ਦੀ ਸ਼੍ਰੇਣੀ ਵਿਚ ਹੀ ਆਉਂਦੇ ਨੇ। ਜਿਨ੍ਹਾਂ ਵਿਚ ਜ਼ਿੰਦਗੀ ਜਿਊਣ ਦਾ ਚਾਅ, ਉਤਸ਼ਾਹ ਅਤੇ ਖੇੜਾ ਹੈ, ਉਹੋ ਹੀ ਖੇਡ ਸਾਹਿਤ ਦੇ ਕਦਰਦਾਨ ਹੋ ਸਕਦੇ ਨੇ।

ਸਰਵਣ ਸਿੰਘ ਤੇ ਉਹਦੀ ਟੀਮ ਦੀ ਬਦੌਲਤ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਾਲਿਆਂ ਦੀ ਕਦਰ ਪੈਣ ਲੱਗੀ ਹੈ। ਅੱਜ ਅਖ਼ਬਾਰਾਂ ਵਿਚ ‘ਖੇਡ ਸਾਹਿਤ’ ਨੂੰ ਮਾਣਯੋਗ ਥਾਂ ਮਿਲਣ ਲੱਗੀ ਹੈ। ਪੰਜਾਬੀ ਵਿਚ ਖੇਡ-ਪੱਤਰਕਾਰੀ ਸਰਵਣ ਸਿੰਘ ਵਰਗੇ ਲੇਖਕਾਂ ਦੀ ਬਦੌਲਤ ਹੋਂਦ ਵਿਚ ਆਈ। ਉਸ ਨੇ ਬਤੌਰ ਪੰਜਾਬੀ ਪੱਤਰਕਾਰ ਵਰਲਡ ਹਾਕੀ ਕੱਪ, ਏਸ਼ੀਅਨ ਖੇਡਾਂ ਤੇ ਓਲੰਪਿਕ ਖੇਡਾਂ ਦੀ ਰਿਪੋਰਟਿੰਗ ਕਰਨ ਦੀ ਪਿਰਤ ਪਾ ਕੇ ਇਸ ਖ਼ੇਤਰ ਵਿਚ ਵੀ ਨਵੀਆਂ ਪੈੜਾਂ ਪਾਈਆਂ। ਨਵਦੀਪ ਗਿੱਲ ਤੇ ਸੰਤੋਖ ਮੰਡੇਰ ਵਰਗਿਆਂ ਨੇ ਦੋਹਾ ਦੀਆਂ ਏਸ਼ਿਆਈ

ਖੇਡਾਂ ਤੇ ਨਵੀਂ ਦਿੱਲੀ ਦੀਆਂ ਕਾਮਨਵੈੱਲਥ ਖੇਡਾਂ ਤੋਂ ਲੈ ਕੇ ਬੀਜਿੰਗ ਦੀਆਂ ਓਲੰਪਿਕ ਖੇਡਾਂ ਤੱਕ ਦੀ ਕਵਰੇਜ ਕੀਤੀ ਹੈ। ਇਹ ਸਭ ਖੇਡ ਲੇਖਕ ਤੇ ਖੇਡ ਪੱਤਰਕਾਰ ਸਰਵਣ ਸਿੰਘ ਦੀ ਆਪਣੀ ਆਲ-ਔਲਾਦ ਹਨ।

ਸਰਵਣ ਸਿੰਘ ਦੀ ਪਹਿਲਕਦਮੀ ਸਕਦਾ ਪੰਜਾਬੀ ਅਖ਼ਬਾਰਾਂ ਵਿਚ ਖੇਡਾਂ ਤੇ ਖ਼ਿਡਾਰੀਆਂ ਲਈ ਵੱਖਰੇ ਕਾਲਮ ਛਪਣ ਲੱਗੇ ਹਨ। ਨਵੇਂ ਖੇਡ-ਸੰਕਲਪਾਂ ਤੇ ਖੇਡ-ਸ਼ਬਦਾਵਲੀ ਦੀ ਸਿਰਜਣਾ ਹੋਈ ਹੈ। ਖੇਡ-ਲੇਖਕ, ਖੇਡ-ਪੱਤਰਕਾਰ, ਖੇਡ-ਪਰਿਕਰਮਾ, ਖੇਡ-ਸਮਾਚਾਰ, ਖੇਡ-ਦਰਸ਼ਨ, ਖੇਡ-ਚਰਚਾ, ਖੇਡ-ਵਾਰਤਾ, ਖੇਡ-ਮੇਲੇ, ਖੇਡ-ਬੁਲਾਰੇ ਜਿਹੇ ਅਨੇਕਾਂ ਸ਼ਬਦ-ਜੁੱਟ ਹੋਂਦ ਵਿਚ ਆ ਚੁੱਕੇ ਨੇ। ਸਰਵਣ ਸਿੰਘ ਖ਼ੁਦ ਕਬੱਡੀ ਦਾ ਕੁਮੈਂਟੇਟਰ ਰਿਹਾ ਜਿਸ ਨੇ ਦਰਜਨਾਂ ਖੇਡ ਬੁਲਾਰਿਆਂ ਨੂੰ ਕਬੱਡੀ ਦੀ ਕਲਾਮਈ ਕੁਮੈਂਟਰੀ ਕਰਨ ਵੱਲ ਪ੍ਰੇਰਿਆ। ਉਸ ਨੇ ਖੇਡਾਂ ਨਾਲ ਜੁੜੀ ਸ਼ਬਦਾਵਲੀ ਨੂੰ ਆਪਣੀ ਗੱਲ ਕਹਿਣ ਦੇ ਅੰਦਾਜ਼ ਨਾਲ ਜੋੜ ਕੇ ਅਜਿਹਾ ਰੰਗ ਬੰਨ੍ਹਿਆ ਕਿ ਪੰਜਾਬੀ ਵਾਰਤਕ ਦਾ ਹੁਸਨ ਦੋਬਾਲਾ ਹੋ ਉੱਠਿਆ।

ਖੇਡਾਂ ਤੇ ਖਿਡਾਰੀਆਂ ਦਾ ਸਾਡੀ ਜ਼ਿੰਦਗੀ ਤੇ ਸਾਡੇ ਸਾਹਿਤ ਵਿਚ ਕਿੱਡਾ ਵੱਡਾ ਯੋਗਦਾਨ ਹੈ, ਉਸ ਦੀਆਂ ਅਨੇਕਾਂ ਮਿਸਾਲਾਂ ਸਾਡੇ ਸਿਰਜਣਾਤਮਕ ਸਾਹਿਤ ਵੀ ਮਿਲਦੀਆਂ ਹਨ। ਹਥਲੀ ਪੁਸਤਕ ਵਿਚ ਬਲਵੰਤ ਗਾਰਗੀ, ਜਸਵੰਤ ਸਿੰਘ ਕੰਵਲ, ਸੂਬਾ ਸਿੰਘ, ਪਾਸ਼ ਤੇ ਹੋਰ ਕਈਆਂ ਦਾ ਜ਼ਿਕਰ ਹੋਇਆ ਹੈ। ਇਹ ਸਾਰੇ ਲੇਖਕ ਸ਼ਬਦ ਦੇ ਸਹੀ ਅਰਥਾਂ ਵਿਚ ‘ਸ਼ਬਦਾਂ ਦੇ ਖਿਡਾਰੀ’ ਹਨ ਕਿਉਂਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀ ਓਹੋ ਲਿਖਤ ਹੀ ਪਰਵਾਨੀ ਜਾਵੇਗੀ ਜਿਸ ਵਿਚ ਸ਼ਬਦਾਂ ਦਾ ਹੁਸਨ ਡਲ੍ਹਕਾਂ ਮਾਰਦਾ ਦਿਖਾਈ ਦੇਵੇਗਾ। ਜੇ ਲੇਖਕ ਦੀ ਲਿਖਤ ਵਿਚ ਸ਼ਬਦਾਂ ਦਾ ਤੇਜ ਨਹੀਂ ਤਾਂ ਉਹ ਖੇਡ ਲੇਖਕ ਬਣਨ ਦੇ ਯੋਗ ਨਹੀਂ। ਸਰਵਣ ਸਿੰਘ ਨੇ ਇਸ ਪੁਸਤਕ ਵਿਚ ਸੱਚਮੁੱਚ ਅਜਿਹੀਆਂ ਲਿਖਤਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਦੇ ਲੇਖਕਾਂ ਨੇ ਆਪਣੇ ਆਪਣੇ ਅੰਦਾਜ਼ ਵਿਚ ਸ਼ਬਦਾਂ ਨਾਲ ਖੇਡਾਂ ਖੇਡੀਆਂ ਹਨ।

ਜਸਵੰਤ ਸਿੰਘ ਕੰਵਲ ਦੇ ਅਨੇਕਾਂ ਨਾਵਲਾਂ ਦੇ ਨਾਇਕ ਵਧੀਆ ਖਿਡਾਰੀ ਵੀ ਹਨ। ‘ਰਾਤ ਬਾਕੀ ਹੈ’ ਦਾ ਚਰਨ ਕਬੱਡੀ ਦਾ ਖਿਡਾਰੀ ਹੈ, ‘ਰੂਪਧਾਰਾ’ ਵਿਚ ਫ਼ਿਰੋਜ਼ਪੁਰ ਛਾਉਣੀ ਵਿਚ ਨਾਇਕ ਦੀ ਸ਼ਮੂਲੀਅਤ ਵਾਲੇ ਹਾਕੀ-ਮੈਚ ਦਾ ਜਾਨਦਾਰ ਚਿਤਰ ਪਾਠਕਾਂ ਦੇ ਮਨਾਂ ਵਿਚ ਉਕਰਿਆ ਹੋਇਆ ਹੈ। ਹਥਲੇ ਸੰਗ੍ਰਹਿ ਵਿਚ ਬਲਵੰਤ ਗਾਰਗੀ ਦੀ ਕਹਾਣੀ ‘ਸੌ ਮੀਲ ਦੀ ਦੌੜ’ ਤੇ ਸ਼ਮਸ਼ੇਰ ਸੰਧੂ ਦੀ ਕਹਾਣੀ ‘ਚੈਂਪੀਅਨ’ ਦੇ ਨਾਇਕ, ਖਿਡਾਰੀ ਹੀ ਹਨ। ਬਲਵੰਤ ਸਿੰਘ ਸੰਧੂ ਨੇ ਤਾਂ ਦਾਰਾ ਸਿੰਘ ਦੁਲਚੀਪੁਰੀਏ ਬਾਰੇ ‘ਗੁੰਮਨਾਮ ਚੈਂਪੀਅਨ’ ਨਾਂ ਦਾ ਨਾਵਲ ਹੀ ਲਿਖ ਦਿੱਤਾ ਹੈ। ਨਾਮਵਰ ਸ਼ਾਇਰ ਪਾਸ਼ ਨੇ ਮਿਲਖਾ ਸਿੰਘ ਦੀ ਕਮਾਲ ਦੀ ਜੀਵਨ ਗਾਥਾ ਲਿਖੀ ਹੈ ਜਿਸ ਦੀ ਵਾਰਤਕ ਏਨੀ ਸ਼ਾਨਦਾਰ ਹੈ ਕਿ ਪਾਠਕ ਮਿਲਖਾ ਸਿੰਘ ਨਾਲ ਸਾਹੋ-ਸਾਹ ਹੋਇਆ ਦੌੜਨ ਲੱਗਦਾ ਹੈ। ਗੁਰਮੇਲ ਮਡਾਹੜ ਨੇ ਖੇਡ-ਕਹਾਣੀਆਂ ਲਿਖੀਆਂ ਹਨ ਤੇ ਸੰਸਾਰ ਦੀਆਂ ਪ੍ਰਸਿੱਧ ਖੇਡ ਕਹਾਣੀਆਂ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ ਹੈ। ਮੈਂ ਖ਼ੁਦ ਕਰਤਾਰ ਪਹਿਲਵਾਨ ਬਾਰੇ ‘ਕੁਸ਼ਤੀ ਦਾ ਧਰੂ ਤਾਰਾ-ਕਰਤਾਰ ਸਿੰਘ’ ਪੁਸਤਕ ਲਿਖੀ ਹੈ।

ਖਿਡਾਰੀਆਂ ਦਾ ਸਾਡੇ ਸਮਾਜ ਵਿਚ ਕਿੰਨਾ ਮਾਣ-ਸਤਿਕਾਰ ਹੈ, ਸਿਰਜਣਤਾਮਕ ਸਾਹਿਤ ਵਿਚੋਂ ਇਸ ਦਾ ਹਵਾਲਾ ਦੇਣ ਲਈ ਮੈਨੂੰ ਆਪਣੀ ਕਹਾਣੀ ‘ਹੁਣ ਮੈਂ ਠੀਕ ਠਾਕ ਹਾਂ’ ਦਾ ਹਵਾਲਾ ਦੇਣ ਦਾ ਲਾਲਚ ਕਰਨਾ ਪੈ ਰਿਹਾ ਹੈ। ਪੰਜਾਬ ਵਿਚ ਦੋ-ਧਿਰੇ ਅਤਿਵਾਦ ਦੇ ਸਿਖ਼ਰਲੇ ਦਿਨ ਸਨ। ‘ਖਾੜਕੂ ਮੁੰਡੇ’ ਬਹਿਕ ਤੇ ਰਹਿੰਦੇ ਕਹਾਣੀ ਦੇ ਨਾਇਕ ਜੋਗਿੰਦਰ ਨੂੰ ਇਸ ਲਈ ਕਤਲ ਕਰਨ ਆਉਂਦੇ ਹਨ ਕਿ ਉਹਨੇ ‘ਸਿੰਘਾਂ ਦਾ’ ਕੁੱਤਾ ਮਾਰਨ ਦਾ ‘ਹੁਕਮ ਨਹੀਂ ਸੀ ਮੰਨਿਆ’, ਪਰ ਉਹਨਾਂ ਦਾ ਆਗੂ ਪਛਾਣ ਜਾਂਦਾ ਹੈ ਕਿ ਜੋਗਿੰਦਰ ਤਾਂ ਕਬੱਡੀ ਦਾ ਉਹ ਮੰਨਿਆ ਪ੍ਰਮੰਨਿਆ ਖਿਡਾਰੀ ਰਿਹਾ ਏ ਜਿਸ ਨੂੰ ਉਹਨੇ ਬਚਪਨ ਵਿਚ ਖੇਡਦੇ ਵੇਖਿਆ ਸੀ ਤੇ ਉਹ ਬਚਪਨ ਤੋਂ ਹੀ ਦਿਲੋਂ ਜੋਗਿੰਦਰ ਨੂੰ ਆਪਣਾ ਨਾਇਕ ਸਮਝਦਾ ਰਿਹਾ ਸੀ। ਆਪਣੇ ਨਾਇਕ ਨੂੰ ਸਾਹਮਣੇ ਵੇਖ ਕੇ ਉਸ ਅੰਦਰੋਂ ਆਦਰ ਤੇ ਮੋਹ ਦਾ ਉਛਾਲ ਆਉਂਦਾ ਹੈ ਕਿ ਉਹ ਉਹਦੀ ਜਾਨ ਬਖ਼ਸ਼ਣ ਲਈ ਮਜਬੂਰ ਹੋ ਜਾਂਦੇ ਹਨ। ਖੇਡ ਦੇ ਮੈਦਾਨ ਦਾ ਨਾਇਕ, ਵੇਲੇ ਦੇ ‘ਨਾਇਕ’ ਬਣੇ ਫਿਰਦੇ ਮੁੰਡਿਆਂ ਦੀ ਸੋਚ ਤੇ ਭਾਰੀ ਪੈ ਗਿਆ ਸੀ।

ਸ਼ਹੀਦਾਂ-ਸੂਰਮਿਆਂ ਤੋਂ ਪਿੱਛੋਂ ਅਸਲ ਵਿਚ ਖੇਡਾਂ ਦੇ ਨਾਇਕ ਹੀ ਵੱਡੇ ਪੱਧਰ ਤੇ ਪੰਜਾਬੀ ਮਾਨਸਿਕਤਾ ਵਿਚ ਵੱਸੇ ਨਾਇਕਤਵ ਦਾ ਹਿੱਸਾ ਹਨ। ਸਾਡੇ ਰਾਹ ਦਰਸਾਵੇ ਤੇ ਸਾਡੇ ਪ੍ਰੇਰਨਾ-ਸਰੋਤ ਹਨ।

ਗੰਭੀਰਤਾ ਨਾਲ ਵੇਖਿਆ ਜਾਵੇ ਤਾਂ ਸਾਡੇ ਸਿਰਜਣਾਤਮਕ ਸਾਹਿਤ (ਨਾਵਲ, ਨਾਟਕ, ਕਹਾਣੀ ਆਦਿ) ਵਿਚੋਂ ਬਹੁਤਾ ਸਾਹਿਤ ਜੀਵਨ ਵਿਚ ਵਿਆਪਕ ਉਦਾਸੀ ਤੇ ਨਿਰਾਸਾ ਨੂੰ ਜ਼ਬਾਨ ਦੇਣ ਵਾਲਾ ਹੈ। ਜ਼ਿੰਦਗੀ ਦੀ ਹਕੀਕਤ ਵੀ ਏਹੋ ਹੈ। ਹਾਲਾਤ ਹੀ ਅਜਿਹੇ ਹਨ ਕਿ ਦੁਖਾਂਤ ਬੰਦੇ ਦੀ ਜ਼ਿੰਦਗੀ ਦੀ ਹੋਣੀ ਹੋ ਨਿੱਬੜਦਾ ਹੈ। ਵਿਰੋਧੀ ਸਥਿਤੀਆਂ ਸਾਹਵੇਂ ਬੰਦੇ ਦੀ ਹਾਰ ਉਹਦਾ ਨਸੀਬਾ ਬਣ ਜਾਂਦੀ ਹੈ। ਜੇ ਕਿਤੇ ਸਿਰਜਣਾਤਮਕ ਸਾਹਿਤ ਵਿਚ ਪਾਤਰ ਦੇ ਸੁਪਨਿਆਂ ਦੀ ਜਿੱਤ ਦਾ ਬਿਰਤਾਂਤ ਸਿਰਜਿਆ ਦਿਖਾਈ ਵੀ ਦੇਵੇ ਤਾਂ ਉਸ ਰਚਨਾ ਤੇ ਹਕੀਕਤ ਤੋਂ ਦੂਰ ‘ਪ੍ਰਚਾਰ ਕਰਨ ਵਾਲੀ’ ਲਿਖਤ ਦਾ ਦੋਸ਼ ਲੱਗ ਜਾਂਦਾ ਹੈ ਪਰ ਸਰਵਣ ਸਿੰਘ ਤੇ ਉਸ ਦੇ ਪੈਰੋਕਾਰਾਂ ਦੀ ਬਦੌਲਤ ਪੰਜਾਬੀ ਵਾਰਤਕ ਨੂੰ ਨਵਾਂ ਤੇਜ ਤੇ ਨਵੀਂ ਊਰਜਾ ਮਿਲੀ ਹੈ। ‘ਖੇਡ ਸਾਹਿਤ’ ਰਾਹੀਂ ਸਿਰਜੀ ਗਈ ਵਾਰਤਕ ਵਿਚ ਖੇਡ-ਨਾਇਕ ਜਿੱਤਦੇ ਵੀ ਹਨ, ਹਾਰਦੇ ਵੀ ਹਨ ਪਰ ਇਹਨਾਂ ਲਿਖਤਾਂ ਨੂੰ ਪੜ੍ਹਦਿਆਂ ਪਾਠਕ ਉਦਾਸ ਜਾਂ ਨਿਰਾਸ ਨਹੀਂ ਹੁੰਦਾ। ਢੇਰੀ ਢਾਹ ਕੇ ਨਹੀਂ ਬਹਿੰਦਾ। ਉਹ ਖੇਡ-ਨਾਇਕ ਨਾਲ ਜੇ ਇੱਕ ਪਲ ਡਿੱਗਦਾ ਹੈ ਤਾਂ ਦੂਜੇ ਪਲ ਦੂਣੇ ਜ਼ੋਰ ਅਤੇ ਜੋਸ਼ ਨਾਲ ਨਵੀਂ ਲੜਾਈ ਲੜਨ ਲਈ ਮੁੜ ਉੱਠਦਾ ਵੀ ਹੈ। ਜੇ ਇੱਕ ਵਾਰ ਹਾਰ ਜਾਂਦਾ ਹੈ ਤਾਂ ਦੂਜੀ ਵਾਰ ਜਿੱਤਣ ਲਈ ਕਮਰਕੱਸੇ ਕਰ ਲੈਂਦਾ ਹੈ। ਪੰਜਾਬੀ ਦੇ ਸਿਰਜਣਾਤਮਕ ਸਾਹਿਤ ਦੇ ਸਮਾਨੰਤਰ ਖੇਡ-ਸਾਹਿਤ ਆਸ ਅਤੇ ਉਤਸ਼ਾਹ ਦਾ ਸਾਹਿਤ ਹੈ। ਇੰਜ ਖੇਡ-ਨਾਇਕ ਜ਼ਿੰਦਗੀ ਦੇ ਅਸਲ ਪ੍ਰੇਰਨਾ-ਸਰੋਤ ਬਣ ਕੇ ਨਾਇਕਤਵ ਦਾ ਨਵਾਂ ਆਭਾ-ਮੰਡਲ ਸਿਰਜਦੇ ਹਨ ਤੇ ਪਾਠਕ ਨੂੰ ਜ਼ਿੰਦਗੀ ਦੇ ਹੁਸਨ ਤੇ ਹਕੀਕਤ ਨਾਲ ਜੋੜੀ ਰੱਖਦੇ ਹਨ।

ਚੰਗਾ ਸਾਹਿਤ ਜਿੱਥੇ ਮਨੁੱਖ ਨੂੰ ਸਥਿਤੀਆਂ ਦੀ ਸਮਝ ਦਿੰਦਾ ਹੈ, ਪ੍ਰਤੀਕੂਲ ਹਾਲਾਤ ਨਾਲ ਲੜਨ ਦੀ ਪ੍ਰੇਰਨਾ ਦਿੰਦਾ ਹੈ, ਓਥੇ ਪਾਠਕ ਦਾ ਮਨੋਰੰਜਨ ਵੀ ਕਰਦਾ ਹੈ। ਖੇਡ-ਸਾਹਿਤ ਦੀ ਵਿਸ਼ੇਸਤਾ ਹੈ ਕਿ ਇਸ ਰਾਹੀਂ ਕੀਤਾ ਜਾਣ ਵਾਲਾ ਮਨੋਰੰਜਨ ਬੜਾ ਸਿਹਤਮੰਦ ਹੁੰਦਾ ਹੈ।

ਸਰਵਣ ਸਿੰਘ ਰੌਸ਼ਨੀ ਦਾ ਆਸ਼ਕ ਹੈ, ਕਾਲਖ਼ ਦਾ ਵਣਜਾਰਾ ਨਹੀਂ। ਉਹ ਕਲਮ ਦੀ ਬੁਰਸ਼-ਛੁਹ ਨਾਲ ਮਨਾਂ ਨੂੰ ਲਬੇੜਨ ਵਾਲਾ ਨਹੀਂ ਸਗੋਂ ਮਨਾਂ ਦੀ ਮੈਲ਼ ਧੋਣ ਵਾਲਾ ਲੇਖਕ ਹੈ। ਪਾਠਕ ਨੂੰ ਚਸਕਾ ਦੇਣ ਲਈ ਉਹ ਬਹੁਤ ਸਾਰੇ ਲੇਖਕਾਂ ਵਾਂਗ ਸ਼ਬਦਾਂ ਨੂੰ ਵਾਸ਼ਨਾ ਦੀ ਚਾਸ਼ਣੀ ਵਿਚ ਨਹੀਂ ਲਬੇੜਦਾ; ਸਸਤਾ ਤੇ ਸਤਹੀ ਮਨੋਰੰਜਨ ਕਰਨ ਲਈ ਕਾਮ-ਉਤੇਜਨਾ ਵਾਲੇ ਵਾਕ ਤੇ ਦ੍ਰਿਸ਼ ਨਹੀਂ ਸਿਰਜਦਾ। ‘ਬਿਮਾਰ’ ਦ੍ਰਿਸ਼ਟੀ ਦੀ ਥਾਂ ਉਸ ਨੇ ‘ਸਿਹਤਮੰਦ’ ਨਜ਼ਰ ਨਾਲ ਜੀਵਨ ਨੂੰ ਵੇਖਿਆ ਹੈ। ਉਹਦੀ ਇਸ ਨਜ਼ਰ ਤੇ ਕਲਮ ਦਾ ਕਮਾਲ ਹੀ ਹੈ ਕਿ ਉਸ ਤੋਂ ਪ੍ਰਭਾਵਤ ਹੋ ਕੇ ਦਰਜਨਾਂ ਨਵੇਂ ਖੇਡ ਲੇਖਕਾਂ ਦੀ ਹਸੰਦੜੀ-ਖਿਲੰਦੜੀ ਟੋਲੀ ਆਪਣੀਆਂ ਲਿਖਤਾਂ ਤੇ ਬੋਲਾਂ ਰਾਹੀਂ ਸਰਵਣ ਸਿੰਘ ਦੀ ਅਗਵਾਈ ਵਿਚ ਖੇੜੇ, ਖੁਸ਼ੀ, ਉਤਸ਼ਾਹ, ਉੱਦਮ ਤੇ ਚੜ੍ਹਦੀ ਕਲਾ ਦੇ ਗੀਤ ਗਾ ਰਹੀ ਹੈ ਜਦ ਕਿ ਪਿਛਲੇ ਕਈ ਸਾਲਾਂ ਤੋਂ ਸਾਡੇ ਲੇਖਕਾਂ ਦੀ ਇੱਕ ਟੋਲੀ ‘ਦੇਹ-ਵਾਦ’ ਅਤੇ ਮਨੁੱਖੀ ਅੰਦਰਲੇ ਨੂੰ ‘ਫੋਲਣ’ ਦੇ ਨਾਂ `ਤੇ ਕੇਵਲ ਕਾਮ-ਕ੍ਰਿਆਵਾਂ ਦੇ ਦ੍ਰਿਸ਼ ਸਿਰਜ ਰਹੀ ਹੈ; ਸਨਸਨੀ ਪੈਦਾ ਕਰਨ ਲਈ ਕਾਮ-ਲਿੱਬੜੇ ਵਾਕ, ਵਾਕ-ਅੰਸ਼, ਅਵੈਧ ਲਿੰਗ-ਸੰਬੰਧਾਂ ਤੇ ਲਿੰਗ-ਅੰਗਾਂ ਦਾ ਖੁੱਲ੍ਹਾ ਜ਼ਿਕਰ-ਜ਼ਕਾਰ ਕਰਨ ਨੂੰ ਵੱਡੀ ਸਾਹਿਤਕਾਰੀ ਸਮਝ ਰਹੀ ਹੈ। ਅੰਦਰਲੇ ਗੰਦ ਨੂੰ ਫਰੋਲ ਕੇ ‘ਬਾਹਰ ਸੁੱਟਣ’ ਦੀ ਥਾਂ ਪਾਠਕਾਂ ਦੀ ਰੂਹ ਅਤੇ ਮੂੰਹ-ਮੱਥੇ `ਤੇ ਮਲ਼ ਰਹੀ ਹੈ ਪਰ ਸਰਵਣ ਸਿੰਘ ਤੇ ਉਹਦੇ ਸਾਥੀ ਲੇਖਕ ‘ਕਾਗ’ ਨਹੀਂ ‘ਹੰਸ’ ਹਨ। ਉਹ ਕੂੜਾ ਤੇ ਗੰਦ ਨਹੀਂ ਫੋਲਦੇ।

ਸਰਵਣ ਸਿੰਘ ਬਾਰੇ ਮੈਂ ਕਦੀ ਲਿਖਿਆ ਸੀ, ਉਹਦੀ ਹੰਸ-ਬੁੱਧ ਮੋਤੀਆਂ ਦੀ ਮੁਤਲਾਸ਼ੀ ਹੈ। ਗਾਰਗੀ ਦੀ ਸ਼ੈਲੀ ਤੋਂ ਪ੍ਰਭਾਵਤ ਹੋ ਕੇ ਵੀ ਉਹ ਗਾਰਗੀ ਤੋਂ ਕਿਤੇ ਵੱਖਰਾ ਅਤੇ ਵਿੱਥ `ਤੇ ਖਲੋਤਾ ਹੈ; ਲਾਹੌਰ ਦੇ ਉੱਚੇ ਬੁਰਜ ਵਾਂਗ; ਜਿਸ ਦੇ ਹੇਠੋਂ ਸਿਰਜਣਾ ਦੇ ਭਰ-ਵਹਿੰਦੇ ਦਰਿਆ ਵਗਦੇ ਹਨ, ਜਿਨ੍ਹਾਂ ਦਾ ਪਾਣੀ ਰੂਹਾਂ ਨੂੰ ਸਿੰਜਦਾ, ਮਨਾਂ ਦੀਆਂ ਹਰਿਆਵਲਾਂ ਨੂੰ ਹੋਰ ਹਰੀਆਂ ਭਰੀਆਂ ਕਰਦਾ, ਆਸਾਂ-ਉਮੀਦਾਂ ਦੇ ਬੂਟਿਆਂ ਨੂੰ ਨਵੇਂ-ਨਵੇਂ ਫ਼ਲ-ਫੁੱਲ ਲਾਉਂਦਾ, ਜ਼ਿੰਦਗੀ ਦੀ ਫ਼ਸਲ ਨੂੰ ਲਹਿਲਹਾਉਣ ਲਾ ਦਿੰਦਾ ਹੈ।

ਸਰਵਣ ਸਿੰਘ ਨੇ ਖੋਜੀ-ਬਿਰਤੀ ਨਾਲ ਦਰਜਨਾਂ ਖੇਡ-ਲੇਖਕਾਂ ਅਤੇ ਖੇਡ-ਲਿਖਤਾਂ ਨੂੰ ਲੱਭ ਕੇ, ਉਹਨਾਂ `ਤੇ ਜੰਮੀ ਧੂੜ ਸਾਫ਼ ਕਰ ਕੇ ਉਹਨਾਂ ਨੂੰ ਮੁੜ ਤੋਂ ਸਾਡੇ ਚੇਤਿਆਂ ਵਿਚ ਲਿਸ਼ਕਣ ਲਾ ਦਿੱਤਾ ਹੈ। ਉਹਦਾ ਇਹ ਉੱਦਮ ਲਗਾਤਾਰ ਜਾਰੀ ਹੈ। ਪਹਿਲਾ ਪਰਾਗਾ ‘ਸ਼ਬਦਾਂ ਦੇ ਖਿਡਾਰੀ’ ਦੇ ਰੂਪ ਵਿਚ ਪਾਠਕਾਂ ਦੀ ਪਰ੍ਹੇ ਵਿਚ ਹਾਜ਼ਰ ਹੈ। ਦੂਜਾ ਤਿਆਰੀ ਅਧੀਨ ਹੈ। ਤੇ ਫਿਰ ਸ਼ਾਇਦ ਤੀਜਾ ਤੇ ਚੌਥਾ ਵੀ। ਅਜਿਹੇ ਮੁੱਲਵਾਨ ਯਤਨ ਦੀ ਬਦੌਲਤ ਪੰਜਾਬੀ ਵਿਚ ਹੁਣ ਤੱਕ ਲਿਖਿਆ ਸਮੁੱਚਾ ਖੇਡ ਸਾਹਿਤ ਸੰਖੇਪ ਤੇ ਸੰਕੇਤਕ ਝਲਕਾਰਿਆਂ ਦੀ ਸ਼ਕਲ ਵਿਚ ਸਾਡੇ ਸਾਹਮਣੇ ਸੰਗਠਤ ਰੂਪ ਵਿਚ ਦੀਦਾਰ ਦੇਣ ਲੱਗੇਗਾ। ਸਾਡੀ ਅਰਦਾਸ ਹੈ, ਸਰਵਣ ਸਿੰਘ ਦਾ ਇਹ ਉੱਦਮ ਜਾਰੀ ਰਹੇ ਤੇ ਉਹਦੀ ਕਲਮ ਦੀ ਦਰਿਆਈ ਰਵਾਨੀ ਹਮੇਸ਼ਾ ਰਵਾਂ ਰਹੇ।

ਸੰਪਰਕ: principalsarwansingh@gmail.com

Source link