ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 4 ਅਗਸਤ

ਪੰਜਾਬ ਵਿਚ ਚਮੜੀ ਰੋਗ (ਲੰਪੀ ਸਕਿੱਨ) ਕਰਕੇ ਹੁਣ ਤੱਕ 300 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਬਿਮਾਰ ਪਸ਼ੂਆਂ ਦਾ ਅੰਕੜਾ 11 ਹਜ਼ਾਰ ਤੱਕ ਪੁੱਜ ਗਿਆ ਹੈ ਜਿਸ ਕਾਰਨ ਪਸ਼ੂ ਪਾਲਕਾਂ ਵਿਚ ਘਬਰਾਹਟ ਪਾਈ ਜਾ ਰਹੀ ਹੈ ਅਤੇ ਇਨ੍ਹਾਂ ਹਾਲਾਤ ਵਿਚ ਕਿਸਾਨ ਵਹਿਮਾਂ-ਭਰਮਾਂ ਦਾ ਵੀ ਸ਼ਿਕਾਰ ਹੋ ਰਹੇ ਹਨ। ਕਈ ਕਿਸਾਨ ਆਪਣੇ ਪਸ਼ੂਆਂ ਦਾ ਦੇਸੀ ਇਲਾਜ ਵੀ ਕਰਵਾ ਰਹੇ ਹਨ।

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿਚ ਚਮੜੀ ਰੋਗ ਕਰਕੇ ਪਸ਼ੂ ਬਿਮਾਰ ਹੋ ਰਹੇ ਹਨ ਅਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਫ਼ਿਲਹਾਲ ਪਸ਼ੂ ਮੇਲੇ ਨਹੀਂ ਲੱਗਣਗੇ। ਉਨ੍ਹਾਂ ਕਿਹਾ ਕਿ ਜਿਉਂ ਹੀ ਬਿਮਾਰੀ ਨੂੰ ਠੱਲ੍ਹ ਪਏਗੀ, ਪਸ਼ੂ ਮੇਲੇ ਮੁੜ ਬਹਾਲ ਹੋ ਜਾਣਗੇ। ਵੇਰਵਿਆਂ ਅਨੁਸਾਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਬਿਮਾਰੀ ਨੇ ਜ਼ਿਆਦਾ ਪਸ਼ੂ ਲਪੇਟ ਵਿਚ ਲਏ ਹਨ। ਫ਼ਾਜ਼ਿਲਕਾ, ਮੁਕਤਸਰ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਵਿਚ ਪਸ਼ੂ ਇਸ ਬਿਮਾਰੀ ਨਾਲ ਜ਼ਿਆਦਾ ਮਰੇ ਹਨ। ਪਸ਼ੂ ਪਾਲਣ ਮਹਿਕਮੇ ਨੇ ਕੰਟਰੋਲ ਰੂਮ ਸਥਾਪਿਤ ਕਰਕੇ ਨੋਡਲ ਅਧਿਕਾਰੀ ਲਗਾ ਦਿੱਤੇ ਹਨ ਪਰ ਪਸ਼ੂ ਡਿਸਪੈਂਸਰੀਆਂ ਵਿਚ ਦਵਾਈ ਦੇ ਢੁਕਵੇਂ ਪ੍ਰਬੰਧ ਨਹੀਂ ਹਨ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ.ਸੁਭਾਸ਼ ਚੰਦਰ ਗੋਇਲ ਨੇ ਦੱਸਿਆ ਕਿ ਹੁਣ ਇਸ ਬਿਮਾਰੀ ਨੂੰ ਮੋੜਾ ਪੈ ਗਿਆ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਢੱਡੇ ਦੇ ਸਤਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਪਿੰਡ ਵਿਚ ਦਰਜਨਾਂ ਪਸ਼ੂ ਇਸ ਬਿਮਾਰੀ ਕਰਕੇ ਮਰ ਚੁੱਕੇ ਹਨ ਅਤੇ ਪਿੰਡ ਦੀ ਹੱਡਾਰੋੜੀ ਵਿਚ ਜਗ੍ਹਾ ਨਹੀਂ ਬਚੀ ਹੈ ਜਿਸ ਕਰਕੇ ਉਹ ਜੇਸੀਬੀ ਲਗਾ ਕੇ ਪਸ਼ੂਆਂ ਨੂੰ ਦੱਬ ਰਹੇ ਹਨ।

Source link