ਪੱਤਰ ਪ੍ਰੇਰਕ

ਮਾਨਸਾ/ਬੁਢਲਾਡਾ, 14 ਜਨਵਰੀ

ਇਥੇ ਬੁਢਲਾਡਾ-ਸੁਨਾਮ ਸੜਕ ’ਤੇ ਬੀਤੀ ਦੇਰ ਰਾਤ ਰਿਸ਼ਤੇਦਾਰੀ ਵਿਚ ਲੋਹੜੀ ਦਾ ਤਿਉਹਾਰ ਮਨਾ ਕੇ ਘਰ ਪਰਤ ਰਹੇ ਬੁਢਲਾਡਾ ਨਾਲ ਸਬੰਧਤ ਪਰਿਵਾਰ ਦੀ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿੱਚ ਕਾਰ ਸਵਾਰ ਪਤੀ-ਪਤਨੀ ਤੇ ਦੋ ਸਾਲਾ ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਪੁਲੀਸ ਨੇ ਲੋੜੀਂਦੀ ਕਾਰਵਾਈ ਤੇ ਪੋਸਟਮਾਰਟਮ ਉਪਰੰਤ ਲਾਸ਼ਾਂ ਪੀੜਤ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ।

ਜਾਣਕਾਰੀ ਅਨੁਸਾਰ ਗੋਪੀ ਸਿੰਘ (31) ਪੁੱਤਰ ਭਾਗ ਸਿੰਘ, ਉਸ ਦੀ ਪਤਨੀ ਗੀਤਾ ਰਾਣੀ (30) ਅਤੇ ਦੋ ਸਾਲ ਦੀ ਧੀ ਰੱਜੋ ਰਿਸ਼ਤੇਦਾਰੀ ਵਿਚ ਲੋਹੜੀ ਦਾ ਤਿਉਹਾਰ ਮਨਾਉਣ ਉਪਰੰਤ ਪਿੰਡ ਬੱਛੋਆਣਾ ਤੋਂ ਪਿੰਡ ਫਤਿਹਗੜ (ਸੰਗਰੂਰ) ਜਾ ਰਹੇ ਸੀ। ਪਿੰਡ ਦੋਦੜਾ ਨਜ਼ਦੀਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਤਿੰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਓਮ ਪ੍ਰਕਾਸ਼ ਨੇ ਦੱਸਿਆ ਕਿ ਗੋਪੀ ਪਸ਼ੂਆਂ ਦੀ ਰਾਖੀ ਦਾ ਕੰਮ ਕਰਦਾ ਸੀ ਤੇ ਉਸ ਦੇ ਪਰਿਵਾਰ ਵਿੱਚ ਚਾਰ ਧੀਆਂ ਅਤੇ ਇੱਕ ਪੁੱਤਰ ਹੈ। ਥਾਣਾ ਸਦਰ ਬੁਢਲਾਡਾ ਦੀ ਪੁਲੀਸ ਨੇ ਮੌਕੇ ’ਤੇ ਰਾਹਗੀਰਾਂ ਦੇ ਸਹਿਯੋਗ ਨਾਲ ਲਾਸ਼ਾਂ ਨੂੰ ਸਿਵਲ ਹਸਪਤਾਲ ਭਿਜਵਾਇਆ। ਪੁਲੀਸ ਨੇ ਓਮ ਪ੍ਰਕਾਸ਼ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਧਾਰਾ 174 ਅਧੀਨ ਲਾਸ਼ਾਂ ਪੋਸਟਮਾਰਟਮ ਉਪਰੰਤ ਪਰਿਵਾਰ ਨੰ ਸੌਂਪ ਦਿੱਤੀਆਂ ਹਨ।

Source link