ਭੋਲਾ ਸਿੰਘ ਸ਼ਮੀਰੀਆ

ਲੋਕ ਬੋਲੀਆਂ ਜ਼ਿੰਦਗੀ ਦੇ ਸਾਰੇ ਰੰਗਾਂ ਦੀ ਤਰਜ਼ਮਾਨੀ ਕਰਦੀਆਂ ਹਨ। ਇਹ ਹਾਸੇ-ਠੱਠੇ, ਦੁਖ-ਸੁਖ, ਤਾਅਨੇ-ਮਿਹਣੇ, ਨਹੋਰੇ, ਮਰੋੜੇ, ਅਸ਼ਲੀਲਤਾ ਅਤੇ ਵਰਜਿਤ ਰਿਸ਼ਤਿਆਂ ਨਾਲ ਸੰਵਾਦ ਰਚਾਉਂਦੀਆਂ ਅੱਗੇ ਵਧਦੀਆਂ ਹਨ। ਕੁਝ ਬੋਲੀਆਂ ਅਸ਼ਲੀਲਤਾ ਦੇ ਪ੍ਰਭਾਵ ਹੇਠ ਆਉਣ ਕਰਕੇ ਗਿੱਧੇ ਦੀ ਮੁੱਖ ਧਾਰਾ ਤੋਂ ਵੱਖ ਹੁੰਦੀਆਂ ਗਈਆਂ ਅਤੇ ਇਨ੍ਹਾਂ ਵੱਖ ਹੋਈਆਂ ਬੋਲੀਆਂ ਨੇ ਆਪਣਾ ਨਵਾਂ ਰੂਪ ਅਖ਼ਤਿਆਰ ਕਰ ਲਿਆ। ਸਿੱਟੇ ਵਜੋਂ ਬੋਲੀਆਂ ਵਾਲੀਆਂ ਨਵੀਆਂ ਟੋਲੀਆਂ ਹੋਂਦ ਵਿੱਚ ਆਈਆਂ। ਬੇਸ਼ੱਕ ਗਿੱਧੇ ਵਿੱਚ ਪੈਣ ਵਾਲੀਆਂ ਬੋਲੀਆਂ ਸਰਬਸਾਂਝੀਆਂ ਭਾਵਨਾਵਾਂ ਵਾਲੀਆਂ ਹੁੰਦੀਆਂ ਹਨ, ਪਰ ਗਿੱਧੇ ਤੋਂ ਵੱਖ ਹੋਈ ਮਰਦਾਵੀਂ ਟੋਲੀ ਵਿੱਚ ਅਸ਼ਲੀਲਤਾ ਭਾਰੂ ਹੋਣ ਕਰਕੇ ਮਰਦ ਇਨ੍ਹਾਂ ਬੋਲੀਆਂ ਦੇ ਜ਼ਰੀਏ ਆਪਣੀਆਂ ਕਾਮੁਕ-ਤ੍ਰਿਪਤੀਆਂ ਦੀ ਪੂਰਤੀ ਕਰਦੇ ਵੀ ਦਿਖਾਈ ਦਿੰਦੇ ਹਨ। ਜਦੋਂ ਇਹ ਬੋਲੀਆਂ ਵਾਲੀਆਂ ਟੋਲੀਆਂ ਕੁਝ ਹੋਰ ਸੰਗਠਿਤ ਹੋਈਆਂ ਅਤੇ ਇਨ੍ਹਾਂ ਦੇ ਦਰਸ਼ਕਾਂ ਦਾ ਘੇਰਾ ਹੋਰ ਮੋਕਲਾ ਹੋਣਾ ਸ਼ੁਰੂ ਹੋਇਆ ਤਾਂ ਇਹ ਬੋਲੀਆਂ ਵੀ ਅਸ਼ਲੀਲਤਾ ਤੋਂ ਦੂਰੀ ਬਣਾਉਣ ਲੱਗੀਆਂ। ਫਿਰ ਇਹ ਟੋਲੀਆਂ ‘ਕਿੱਸਾ-ਕਾਵਿ’ ਵੱਲ ਰੁਚਿਤ ਹੋਣੀਆਂ ਸ਼ੁਰੂ ਹੋਈਆਂ।

ਕਿੱਸਿਆਂ ਨੂੰ ਪਿੰਗਲ ਦੇ ਮਾਪਦੰਡਾਂ ਜਾਂ ਕਿਸੇ ਕਿੱਸਾਕਾਰ ਦੇ ਸਵੈ-ਰਚਿਤ ਛੰਦਾਂ ਰਾਹੀਂ ਕਿਸੇ ਪ੍ਰੇਮ-ਕਹਾਣੀ ਨੂੰ ਰਸਮਈ ਜਾਂ ਵੈਰਾਗਮਈ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਕਿੱਸੇ ਛੰਦਾਂਬੰਦੀ ਦੇ ਨੇਮਾਂ ਵਿੱਚ ਬੱਝੇ ਹੋਣ ਕਰਕੇ ਉਨ੍ਹਾਂ ਨੂੰ ਗਾਉਣਾ ਵੀ ਉਸੇ ਭਾਵਨਾ ਨਾਲ ਪੈਂਦਾ ਹੈ। ਪੰਜਾਬੀਆਂ ਦਾ ਕਿੱਸਿਆਂ ਵਿਚਲੀਆਂ ਪ੍ਰੀਤ-ਕਹਾਣੀਆਂ ਨਾਲ ਗਹਿਰਾ ਨਾਤਾ ਹੈ। ਕਿੱਸਿਆਂ ਨੂੰ ਪੜ੍ਹ ਭਾਵੇਂ ਹਰ ਕੋਈ ਲੈਂਦਾ ਹੈ, ਪਰ ਕਿੱਸਿਆਂ ਨੂੰ ਗਾ ਕੇ ਸੁਣਾਉਣਾ ਹਰ ਇੱਕ ਦੇ ਵਸ ਦਾ ਰੋਗ ਨਹੀਂ ਹੁੰਦਾ। ਕਿੱਸੇ ਦੇ ਵਜੂਦ ਨਾਲ ਉਹੀ ਵਿਅਕਤੀ ਇਨਸਾਫ਼ ਕਰ ਸਕਦਾ ਹੈ ਜਿਸ ਨੂੰ ਛੰਦਾਬੰਦੀ ਦੇ ਦਾਅ-ਪੇਚਾਂ ਦਾ ਇਲਮ ਹੁੰਦਾ ਹੈ। ਸਮਾਂ ਪਾ ਕੇ ਇਹ ਲੋਕ ਬੋਲੀਆਂ ਕਿੱਸਿਆਂ ਦੇ ਬਦਲ ਵਜੋਂ ਲੋਕਾਂ ਦੀ ਕਚਹਿਰੀ ਵਿੱਚ ਆ ਖੜ੍ਹੀਆਂ ਹੋਈਆਂ। ਕਿੱਸਾ-ਕਾਵਿ ਦੇ ਮੁਕਾਬਲੇ ਲੋਕ ਬੋਲੀਆਂ ਦੀ ਪੇਸ਼ਕਾਰੀ ਕਰਨੀ ਸੌਖੀ, ਸਪੱਸ਼ਟ ਤੇ ਰਸਦਾਰ ਹੋਣ ਕਰਕੇ ਇਹ ਪਿਰਤ ਲੰਬੀਆਂ ਬੋਲੀਆਂ ਦੇ ਰੂਪ ਵਿੱਚ ਵੀ ਪ੍ਰਚੱਲਿਤ ਹੋਈ। ਮੌਜੂਦਾ ਸਮੇਂ ਵਿੱਚ ਪ੍ਰਚੱਲਿਤ ਮਲਵਈ ਗਿੱਧਾ ਇਨ੍ਹਾਂ ਬੋਲੀਆਂ ਵਿੱਚੋਂ ਹੀ ਨੇਮਬੱਧ ਹੁੰਦਾ ਹੋਇਆ ਰੂਪਮਾਨ ਹੋਇਆ ਹੈ। ਬੋਲੀਆਂ ਵਿਚਲਾ ਪੁਰਾਤਨ ਕਿੱਸਾ-ਕਾਵਿ ਜਾਂ ਲੜੀ ਦੀਆਂ ਬੋਲੀਆਂ ਵਾਲਾ ਸਾਹਿਤ ਸਾਂਭਣ ਬਾਝੋਂ ਸਮੇਂ ਦੀ ਧੂੜ ਵਿੱਚ ਗੁਆਚ ਚੁੱਕਾ ਹੈ। ਹਾਂ, ਕੁਝ ਕੁ ਸੂਝਵਾਨ ਸ਼ਖ਼ਸੀਅਤਾਂ ਜ਼ਰੂਰ ਇਨ੍ਹਾਂ ਲੜੀ ਵਾਲੀਆਂ ਬੋਲੀਆਂ ਦੇ ਕਿੱਸਿਆਂ ਜਾਂ ਸਾਹਿਤ ਨੂੰ ਸਾਂਭਣ ਲਈ ਯਤਨਸ਼ੀਲ ਹਨ ਜਾਂ ਇਨ੍ਹਾਂ ਦੇ ਗੁਆਚਣ ’ਤੇ ਹਾਅ ਦਾ ਨਾਅਰਾ ਮਾਰਦੇ ਜ਼ਰੂਰ ਦਿਖਾਈ ਦਿੰਦੇ ਹਨ। ਜਿਨ੍ਹਾਂ ਵਿੱਚ ਪ੍ਰੋ. ਹਰਨੇਕ ਸਿੰਘ, ਸ. ਗੁਰਦਿੱਤਾ ਸਿੰਘ, ਸ.ਗੁਰਨਾਮ ਸਿੰਘ ਸਿੱਧੂ ਮੱਲ ਕਾ, ਸ.ਅਮਰਜੀਤ ਸਿੰਘ ਸਿੱਧੂ ਦਿਆਲਪੁਰਾ ਭਾਈ ਕਾ ਅਤੇ ਕੁਝ ਸ਼ਖ਼ਸੀਅਤਾਂ ਜਗਰਾਉਂ ਦੇ ਇਲਾਕੇ ਨਾਲ ਸਬੰਧਿਤ ਹਨ ਆਦਿ ਦੇ ਨਾਂ ਲਏ ਜਾ ਸਕਦੇ ਹਨ।

ਸਮੇਂ ਦੀ ਧੂੜ ਵਿੱਚ ਇਹ ਸਾਹਿਤ ਹੀ ਨਹੀਂ ਗੁਆਚਿਆ ਸਗੋਂ ਇਨ੍ਹਾਂ ਦੇ ਰਚਣਹਾਰੇ ਵੀ ਗੁਆਚ ਰਹੇ ਹਨ। ਇਨ੍ਹਾਂ ਰਚਣਹਾਰਿਆਂ ਵਿੱਚ ਕਰਤਾਰ ਸਿੰਘ ਲੋਪੋ, ਛੱਜੂ ਸਿੰਘ, ਚੰਦ ਸਿੰਘ ਮਰ੍ਹਾਜ ਵਾਲਾ ਅਤੇ ਗੁਰਨਾਮ ਸਿੰਘ ਆਦਿ ਵਰਣਨਯੋੋਗ ਹਨ, ਜਿਨ੍ਹਾਂ ਨੇ ਕਿੱਸਿਆਂ ਵਿਚਲੀਆਂ ਪ੍ਰੀਤ-ਕਹਾਣੀਆਂ, ਭਗਤਾਂ ਜਾਂ ਸੂਰਬੀਰ ਯੋਧਿਆਂ ਦੇ ਕਾਰਨਾਮਿਆਂ ਨੂੰ ਬੋਲੀਆਂ ਰਾਹੀਂ ‘ਲੜੀ ਦੀਆਂ ਬੋਲੀਆਂ’ ਦੇ ਰੂਪ ਵਿੱਚ ਕਲਮਬੱਧ ਕੀਤਾ ਹੈ। ਇਨ੍ਹਾਂ ਕਿੱਸਾਮਈ ਜਾਂ ਲੰਬੀਆਂ ਬੋਲੀਆਂ ਵਿੱਚ ਬੋਲੀ ਦੇ ਰਚਣਹਾਰੇ ਭਾਵੇਂ ਆਪਣਾ ਨਾਂ, ਪਿੰਡ ਅਤੇ ਇਲਾਕੇ ਦਾ ਜ਼ਿਕਰ ਕਰਕੇ ਬੋਲੀਆਂ ਦੇ ਪਿੜ ਵਿੱਚ ਆਪਣੀ ਸਦੀਵੀ ਛਾਪ ਤਾਂ ਛੱਡ ਜਾਂਦੇ ਹਨ, ਪਰ ਬੋਲੀਆਂ ਪਾਉਣ ਵਾਲੇ ਆਪਣੀ ਸੁਵਿਧਾ ਮੁਤਾਬਿਕ ਸਮੇਂ ਤੇ ਸਥਾਨ ਦੇ ਅਨੁਸਾਰ ਬੋਲੀਆਂ ਦੇ ਰੂਪ ਨੂੰ ਬਦਲ ਕੇ ਉਨ੍ਹਾਂ ਬੋਲੀਆਂ ਨੂੰ ਲੋਕ-ਬੋਲੀਆਂ ਵਿੱਚ ਪ੍ਰਵਰਤਿਤ ਕਰ ਦਿੰਦੇ ਹਨ। ਇਸ ਤਰ੍ਹਾਂ ਬੋਲੀਆਂ ਦੇੇ ਰਚਨਹਾਰਿਆਂ ਨੇ ਕਿਸੇ ਨਾ ਕਿਸੇ ਪ੍ਰੀਤ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬੋਲੀਆਂ ਦੇ ਰੂਪ ਵਿੱਚ ਕਲਮਬੱਧ ਕਰਕੇ ‘ਚਿੱਠਾ-ਕਲਚਰ’ ਸਰੋਤਿਆਂ ਦੇ ਸਨਮੁੱਖ ਕੀਤਾ ਹੈ। ਇਨ੍ਹਾਂ ਨੂੰ ਆਮ ਬੋਲੀ ਵਿੱਚ ‘ਲੜੀ ਦੀਆਂ ਬੋਲੀਆਂ’ ਵੀ ਕਿਹਾ ਜਾਂਦਾ ਹੈ। ਬੋਲੀਕਾਰ ਕਿੱਸੇ ਦੀ ਲੜੀ ਨੂੰ ਅੱਗੇ ਤੋਰਦਿਆਂ ਉਸ ਵਿੱਚ ਸਮਾਜਿਕ ਸਰੋਕਾਰ, ਮਰਿਆਦਾ ਅਤੇ ਲੋਕ-ਤੱਥਾਂ ਨੂੰ ਫਿੱਟ ਕਰਕੇ ਬੋਲੀ ਨੂੰ ਰਸਦਾਰ ਤੇ ਵਜ਼ਨਦਾਰ ਬਣਾਉਂਦਾ ਹੈ। ਬੋਲੀਆਂ ਪਾਉਣ ਵਾਲੀ ਟੋਲੀ ਇੱਕ ਕਤਾਰ ਵਿੱਚ ਜਾਂ ਹਲਕੀ ਜਿਹੀ ਅਰਧ ਚਾਪ ਦੇ ਰੂਪ ਵਿੱਚ ਖੜ੍ਹਦੀ ਹੈ। ਟੋਲੀ ਦਾ ਮੁਖੀਆ ਇੱਕ ਸਿਰੇ ’ਤੇ ਖੜ੍ਹਦਾ ਹੈ। ਕਤਾਰ ਦੇ ਦੂਜੇ ਸਿਰੇ ’ਤੇ ‘ਬੱਲੇ-ਬੱਲੇ ਜਾਂ ਸ਼ਾਵਾ-ਸ਼ਾਵਾ’ ਕਹਿਣ ਵਾਲੇ ਤਿੰਨ ਜਣੇ ਖੜ੍ਹਦੇ ਹਨ। ਬੋਲੀਕਾਰ ਬੋਲੀ ਸ਼ੁਰੂ ਕਰਦਾ ਹੈ। ਬੋਲੀ ਦੀ ਡੇਢ ਸਤਰ ਬੋਲਣ ਤੋਂ ਬਾਅਦ ਬੋਲੀਕਾਰ ਆਪਣੀ ਆਵਾਜ਼ ਨੂੰ ਇਉਂ ਲਮਕਾਉਂਦਾ ਹੈ ਜਿਵੇਂ ਅੱਗੋਂ ਕਿਸੇ ਹੁੰਗਾਰੇ ਦੀ ਉਡੀਕ ਕਰਦਾ ਹੋਵੇ। ਫਿਰ ਅੱਗੋਂ ‘ਬੱਲੇ ਜਾਂ ਸ਼ਾਵਾ’ ਦੇ ਹੁੰਗਾਰੇ ਨੂੰ ਕਬੂਲਣ ਤੋਂ ਬਾਅਦ ਫਿਰ ਬੋਲੀ ਨੂੰ ਉੱਥੋਂ ਹੀ ਸ਼ੁਰੂ ਕਰਦਾ ਹੈ, ਜਿੱਥੋਂ ਬੋਲੀ ਪਹਿਲਾਂ ਛੱਡੀ ਹੁੰਦੀ ਹੈ। ਇਸ ਤਰ੍ਹਾਂ ਦੇ ਵਾਰ-ਵਾਰ ਦੁਹਰਾਉ ਨਾਲ ਬੋਲੀਕਾਰ ਅੰਤ ਨੂੰ ਤੋੜੇ ਵਾਲੀ ਲਾਈਨ ਤੋਂ ਪਹਿਲਾਂ ਧੀਮੀ ਰਫ਼ਤਾਰ ਫੜਦਾ ਹੋਇਆ ਤੋੜੇ ਵਾਲੀ ਲਾਈਨ ਨੂੰ ਡੇਢ ਵਾਰ ਦੁਹਰਾਉਂਦਾ ਹੈ। ਜਿਵੇਂ ਹੇਠ ਲਿਖੇ ਤੋੜੇ ਨੂੰ ਬੋਲੀਕਾਰ ਬੋਲਦਾ ਹੈ:

ਦੋ ਲਾਲਾਂ ਦਾ ਜੋੜਾ, ਨੇਤਰ ਬੇਗੋ ਦੇ।

ਇਸ ਸਤਰ ਨੂੰ ਡੇਢ ਵਾਰ ਬੋਲਣ ਤੋਂ ਬਾਅਦ ਉਸ ਦੀ ਟੋਲੀ ਦੇ ਦੂਜੇ ਸਿਰੇ ’ਤੇ ਖੜ੍ਹੇ ਤਿੰਨ ਜਣੇ ‘ਸ਼ਾਵਾ-ਸ਼ਾਵਾ-ਸ਼ਾਵਾ ਨੇਤਰ ਬੇਗੋ ਦੇ’ ਕਹਿਣਗੇ ਅਤੇ ਫਿਰ ਬੋਲੀਕਾਰ ਅਤੇ ਉਸ ਦੇ ਦੂਜੇ ਸਾਥੀ ਫਿਰ ਉਹੀ ਦੁਹਰਾਉਣਗੇ, ‘ਦੋ ਲਾਲਾਂ ਦਾ ਜੋੜਾ, ਨੇਤਰ ਬੇਗੋ ਦੇ।’ ਇਸ ਤਰ੍ਹਾਂ ਤੋੜੇ ਦੇ ਵਾਰ-ਵਾਰ ਆਦਾਨ-ਪ੍ਰਦਾਨ ਨਾਲ ਲੈ-ਬੱਧ ਹੋਇਆ ਜਾਂਦਾ ਹੈ। ਮਲਵਈ ਗਿੱਧੇ ਵਾਂਗ ਇਨ੍ਹਾਂ ਸਾਰਿਆਂ ਕੋਲ ਸਾਜ਼ ਨਹੀਂ ਹੁੰਦੇ। ਵੱਧ ਤੋਂ ਵੱਧ ਇੱਕ ਜਣੇ ਕੋਲ ਗਿੜ੍ਹਦਾ ਜਾਂ ਢੋਲਕੀ ਹੁੰਦੀ ਹੈ। ਫਿਰ ਇਸ ਗਿੜ੍ਹਦੇ ਜਾਂ ਢੋਲਕੀ ਦੀ ਤਾਲ ਦੇ ਨਾਲ ਹੱਥਾਂ ਨਾਲ ਵਜਾਈ ਤਾੜੀ ਦੇ ਤਾਲ ਨੂੰ ਮਿਲਾਉਂਦੇ ਹਨ। ਇਸ ਤਰ੍ਹਾਂ ਇਹ ਲੜੀ ਵਾਲੀਆਂ ਬੋਲੀਆਂ ਦੀ ਗਤੀ ਲੰਮਾ ਸਮਾਂ ਚੱਲਦੀ ਹੋਈ ਕਿਸੇ ਨਾ ਕਿਸੇ ਪ੍ਰੀਤ ਕਹਾਣੀ ਦਾ ਕਾਵਿ-ਮਈ ਵਰਣਨ ਕਰਦੀ ਜਾਂਦੀ ਹੈ। ਬੋਲੀਕਾਰ ਬੋਲੀ ਤੋਂ ਪਹਿਲਾਂ ਹਰ ਦ੍ਰਿਸ਼ ਨੂੰ ਸੰਖੇਪ ਰੂਪ ਵਿੱਚ ਬੋਲ ਕੇ ਦੱਸਦਾ ਹੈ। ਇਸ ਤਰ੍ਹਾਂ ਨਾਲ ਲਗਾਤਾਰ ਬੋਲੀ ਪਾਉਣ ਨੂੰ ਕੁਝ ਆਰਾਮ ਵੀ ਮਿਲ ਜਾਂਦਾ ਹੈ ਤੇ ਅਣਜਾਣ ਦਰਸ਼ਕਾਂ ਨੂੰ ਸਮਝ ਵੀ ਜਲਦੀ ਆ ਜਾਂਦੀ ਹੈ।

ਬੋਲੀਕਾਰ ਕਿੱਸੇ ਦੇ ਕਿਸੇ ਦ੍ਰਿਸ਼ ਦੀ ਪੇਸ਼ਕਾਰੀ ਨੂੰ ਆਪਣੀਆਂ ਸਰੀਰਕ ਅਦਾਵਾਂ ਨਾਲ ਦਰਸ਼ਕਾਂ ਦੀਆਂ ਅੱਖਾਂ ਦੇ ਸਾਹਮਣੇ ਇੱਕ ਨਕਸ਼ੇ ਦੇ ਰੂਪ ਵਿੱਚ ਪੇਸ਼ ਕਰ ਦਿੰਦਾ ਹੈ। ਦਰਸ਼ਕ ਬੋਲੀ ਨਾਲ ਜੁੜ ਕੇ ਘਟਨਾ ਵਾਲੀ ਥਾਂ ਦੇ ਸਨਮੁੱਖ ਜਾ ਖੜ੍ਹਦੇ ਹਨ। ਜਿਵੇਂ ਕਿੱਸਾ ‘ਮਿਰਜ਼ਾ-ਸਾਹਿਬਾਂ’ ਵਿੱਚ ਕਲਾਕਾਰ ਮਿਰਜ਼ੇ ਦੇ ਜੰਡ ਹੇਠਾਂ ਮਾਰੇ ਜਾਣ ਦੀ ਘਟਨਾ ਨੂੰ ਇਉਂ ਪੇਸ਼ ਕਰਦੇ ਹਨ ਜਿਵੇਂ ਦਰਸ਼ਕ ਉਸ ਦ੍ਰਿਸ਼ ਨੂੰ ਕੋਲ ਖੜ੍ਹਕੇ ਦੇਖ ਰਹੇ ਹੋਣ:

ਦੂਰੋਂ ਦੇਖਿਆਂ ਸਾਹਿਬਾਂ ਜੱਟੀ ਨੇ, ਆਉਂਦਾ ਖਾਨ ਸ਼ਮੀਰਾ।

ਸੱਜੇ ਪਾਸਿਉਂ ਦੇਖੇ ਚੰਦੜ, ਖੱਬਿਉਂ ਧਰਮ ਦਾ ਵੀਰਾ।

ਚੁੱਕੀ ਆਉਂਦੇ ਨੇਜ਼ੇ ਬਰਛੀਆਂ, ਕਰਮੂ ਅਤੇ ਜੰਗੀਰਾ।

ਹੱਥ ਬੰਨ੍ਹ ਮਿੰਨਤਾਂ ਕਰਦੀ ਸਾਹਿਬਾਂ, ਹਾੜ੍ਹੇ ਖਾਨ ਸ਼ਮੀਰਾ।

ਪਹਿਲਾਂ ਮਿਰਜ਼ੇ ਤੋਂ, ਮੈਨੂੰ ਮਾਰ ਦੇ ਵੀਰਾ।

ਦਰਸ਼ਕਾਂ ਵਿੱਚ ਰੌਚਿਕਤਾ ਬਣਾਈ ਰੱਖਣ ਲਈ ਬੋਲੀਕਾਰ ਕਿੱਸੇ ਦੀ ਲੜੀ ਦੇ ਨਾਲ ਕੁਝ ਹਕੀਕੀ ਰੰਗ ਵੀ ਆਪਣੀ ਸ਼ਾਇਰੀ ਦੇ ਰਾਹੀਂ ਦਰਸ਼ਕਾਂ ਦੇ ਸਨਮੁਖ ਕਰਦਾ ਹੈ। ਲੋਕ-ਤੱਥ ਜਾਂ ਵਿਸ਼ਵ ਪੱਧਰੀ ਕੋਈ ਸਚਾਈ ਜਦੋਂ ਸਰੋਤਿਆਂ ਦੇ ਸਾਹਮਣੇ ਪਰੋਸੀ ਜਾਂਦੀ ਹੈ ਤਾਂ ਸਰੋਤੇ ਵੀ ‘ਵਾਹ-ਵਾਹ’ ਕਰ ਉੱਠਦੇ ਹਨ। ਉਹ ਕਾਵਿ ਰੂਪੀ ਕਥਾ ਵੀ ਕਹਿੰਦਾ ਜਾਂਦਾ ਹੈ ਅਤੇ ਆਪਣੀ ਵਿਦਵਤਾ ਦੇ ਰੰਗ ਵੀ ਬਿਖੇਰਦਾ ਜਾਂਦਾ ਹੈ:

ਕੀ ਬੰਦਿਆ ਮੁਨਿਆਦਾਂ ਤੇਰੀਆਂ

ਕਾਹਤੋਂ ਹੱਕ ਜਮਾਇਆ।

ਤੋੜ ਦੇਵੇ ਹੰਕਾਰ ਉਹ ਪ੍ਰਭੂ

ਜਦ ਤੋੜਨ ’ਤੇ ਆਇਆ।

ਘਰੋਂ ਤੁਰਦਿਆਂ ਮਿਰਜ਼ੇ ਨੂੰ ਸੀ

ਘਰਦਿਆਂ ਨੇ ਸਮਝਾਇਆ।

ਮਿਰਜ਼ਾ ਆਖੇ ਕਰਦੂੰ ਛੀੜਾਂ

ਜਦ ਮੈਂ ਤੀਰ ਚਲਾਇਆ।

ਖਰਲਾਂ ਦਾ ਹੰਕਾਰੀ ਮਿਰਜ਼ਾ

ਵਾਹਣਾਂ ਵਿੱਚ ਰਲਾਇਆ।

ਕਦੋਂ ਕਿਸੇ ਦੀ, ਕਿੱਥੇ ਆ ਜੇ

ਪ੍ਰਭੂ ਭੇਦ ਛੁਪਾਇਆ।

ਮੌਤ ਨਿਮਾਣੀ ਦਾ

ਭੇਤ ਕਿਸੇ ਨਾ ਪਾਇਆ।

ਬੋਲੀਕਾਰ ਆਪਣੀ ਕਾਵਿ-ਕਲਾ ਨਾਲ ਕਹਾਣੀ ਨੂੰ ਅੱਗੇ ਤੋਰਦਾ ਹੋਇਆ ਕਿੱਸੇ ਦੇ ਪ੍ਰਮੁੱਖ ਪਾਤਰਾਂ ਦੀ ਪਾਤਰ-ਉਸਾਰੀ ਵੀ ਕਰਦਾ ਜਾਂਦਾ ਹੈ। ਕਿੱਸੇ ਵਿਚਲੇ ਨਾਇਕਾਂ ਦੇ ਸੁਹੱਪਣ ਨੂੰ ਆਪਣੇ ਸ਼ਬਦਾਂ ਦੀ ਸਾਬਣ ਨਾਲ ਹੋਰ ਨਿਖਾਰਦਾ ਹੋਇਆ ਕਹਾਣੀ ਨੂੰ ਦਰਸ਼ਕਾਂ ਦੇ ਹੋਰ ਨੇੜੇ ਕਰ ਦਿੰਦਾ ਹੈ। ਕਿੱਸਾ ‘ਇੰਦਰ-ਬੇਗੋ’ ਵਿੱਚ ਬੋਲੀਕਾਰ ਬੇਗੋ ਦੇ ਜਿਸਮ ਦੀ ਤਾਰੀਫ਼ ਕਰਦਾ ਹੋਇਆ ਕਹਾਣੀ ਨੂੰ ਦਿਲਚਸਪ ਤੇ ਰੌਚਿਕ ਬਣਾਉਂਦਾ ਹੈ:

ਦਿਨ ਚੜ੍ਹਦੇ ਦੀ ਲਾਲੀ ਵਰਗਾ, ਬੇਗੋ ਨਾਰ ਦਾ ਝਾਕਾ।

ਨੈਣ ਸ਼ਰਬਤੀ ਖੂੰਨੀ ਓਹਦੇ, ਲਾ ਲੈਣ ਜਦੋਂ ਨਾਕਾ।

ਕੀ ਮਜ਼ਾਲ ਕੋਈ ਲੰਘਜੇ ਸੁੱਕਾ, ਜਾਣੇ ਕੁਲ ਇਲਾਕਾ।

ਇੰਦਰ ਬਾਣੀਆਂ ਬੇਗੋ ਦੇਖ ਕੇ, ਨਵਾਂ ਕਰ ਗਿਆ ਵਾਕਾ।

ਹੱਟ ਨੂੰ ਲਾਂਬੂ ਲਾ ਕੇ ਓਸਨੇ, ਨਵਾਂ ਸਿਰਜਤਾ ਸਾਕਾ।

ਬੇਗੋ ਮਾਰ ਗਈ, ਸਿਖਰ ਦੁਪਹਿਰੇ ਡਾਕਾ।

‘ਹੀਰ-ਰਾਂਝੇ’ ਦੀ ਪ੍ਰੀਤ-ਕਹਾਣੀ ਪੰਜਾਬੀਆਂ ਦੇ ਰੋਮ-ਰੋਮ ਵਿੱਚ ਰਚੀ ਹੋਈ ਪ੍ਰੀਤ ਕਹਾਣੀ ਹੈ। ਵਾਰਿਸ਼ ਸ਼ਾਹ ਦੀ ਕਲਾ-ਕ੍ਰਿਤ ਨੇ ਇਸ ਨੂੰ ਪੂਜਣਯੋਗ ਦਸਤਾਵੇਜ਼ ਬਣਾ ਦਿੱਤਾ ਹੈ। ਵਿਦਵਾਨ ਪ੍ਰੋ. ਕਰਮ ਸਿੰਘ ਵਾਰਿਸ਼ ਸ਼ਾਹ ਦੀ ਹੀਰ ਨੂੰ ਇੱਕ ਗ੍ਰੰਥ ਦਾ ਰੂਪ ਮੰਨਦੇ ਹਨ। ਬੋਲੀਆਂ ਰਾਹੀਂ ਹੀਰ ਦਾ ਕਿੱਸਾ ਲੋਕ ਸੁਆਦ ਲੈ-ਲੈ ਕੇ ਸੁਣਦੇ ਹਨ। ਲੋਕਾਂ ਦੀ ਮਾਨਸਿਕਤਾ ਨਾਲ ਜੁੜਿਆ ਹੋਣ ਕਰਕੇ ਬੋਲੀਕਾਰ ਵੀ ਹੀਰ ਦੀਆਂ ਬੋਲੀਆਂ ’ਤੇ ਪੂਰਾ ਤਾਣ ਲਾ ਦਿੰਦੇ ਹਨ। ਜਦੋਂ ਹੀਰ ਖੇੜਿਆਂ ਦੇ ਚਲੀ ਜਾਂਦੀ ਹੈ ਤਾਂ ਰਾਂਝਾ, ਹੀਰ ਨੂੰ ਪਾਉਣ ਖਾਤਰ ਥਾਂ-ਥਾਂ ਭਟਕਦਾ ਹੈ। ਅੰਤ ਉਹ ਗੋਰਖ ਦੇ ਟਿੱਲੇ ’ਤੇ ਆਉਂਦਾ ਹੈ ਅਤੇ ਗੋਰਖ ਤੋਂ ‘ਯੋਗ’ ਦੀ ਮੰਗ ਕਰਦਾ ਹੈ। ਉਸ ਸਮੇਂ ਦੇ ਦ੍ਰਿਸ਼ ਨੂੰ ਇੱਕ ਬੋਲੀਕਾਰ ਆਪਣੀ ਬੋਲੀ ਵਿੱਚ ਇਉਂ ਸਮੇਟਦਾ ਹੈ:

ਓ ਗੋਰਖ ਮੂਹਰੇ ਰਾਂਝਾ ਕਰਦਾ, ਹੱਥ ਜੋੜ ਅਰਦਾਸਾ।

ਪਾ ਦੇ ਖੈਰ ਫਕੀਰਾ ਮੈਨੂੰ, ਦਰ-ਦਰ ਫਿਰਾਂ ਪਿਆਸਾ।

ਕੰਨ ਪਾੜ ਕੇ ਪਾ ਦੇ ਮੁੰਦਰਾਂ, ਹੱਥ ਫੜਾ ਦੇ ਕਾਸਾ।

ਚਿੱਪੀ, ਚਿਮਟਾ ਲੈ ਕੇ ਤੇਰੀ, ਖੂਬ ਸੁਣਾਊਂ ਗਾਥਾ।

ਮੈਥੋਂ ਨਾ ਹੁਣ ਜਾਵੇ ਪੂਰਿਆ, ਹੀਰ ਜੱਟੀ ਦਾ ਘਾਟਾ।

ਵਿਰ-ਵਿਰ ਕਰਦੇ ਨੂੰ, ਹੀਰ ਬਖਸ਼ ਦੇ ਨਾਥਾ।

ਇਸੇ ਬੋਲੀ ਦਾ ਮੋੜ ਦਿੰਦਾ ਹੋਇਆ ਬੋਲੀਕਾਰ ਗੋਰਖ ਦੇ ਮੂੰਹੋਂ ਕੁਝ ਬਚਨ ਉਚਾਰਦਾ ਹੈ। ਗੋਰਖ ਰਾਂਝੇ ਨੂੰ ਮੱਤ ਦਿੰਦਾ ਹੈ ਕਿ ਯੋਗ ਵਰਗੀ ਕਠੋਰ ਤਪੱਸਿਆ ਜੱਟਾਂ ਦੇ ਪੁੱਤਾਂ ਤੋਂ ਨਹੀਂ ਹੋ ਸਕਦੀ। ਅੰਤ ਜੱਟ ਦੀ ਅੜੀ ਦੇ ਮੂਹਰੇ ਗੋਰਖ ਵੀ ਹੱਥ ਖੜ੍ਹੇ ਕਰ ਜਾਂਦਾ ਹੈ ਅਤੇ ਉਸ ਨੂੰ ਥਾਪੜਾ ਦੇ ਕੇ ਹੀਰ ਬਖ਼ਸ਼ ਦਿੰਦਾ ਹੈ। ਇੱਕ ਬੋਲੀ ਇਸ ਹਾਲਾਤ ਦੀ ਤਰਜ਼ਮਾਨੀ ਇਉਂ ਕਰਦੀ ਹੈ:

ਗੋਰਖ ਆਖੇ ਸਾਨੂੰ ਚੋਬਰਾ, ਖੋਲ੍ਹ ਸੁਣਾ ਦੇ ਵਿਥਿਆ।

ਕਾਹਤੋਂ ਆਇਐਂ ਯੋਗ ਲੈਣ ਤੂੰ, ਕੀ ਮਨ ਦੇ ਵਿੱਚ ਮਿਥਿਆ।

ਏਸ ਟਿੱਲੇ ’ਤੇ ਕਦੇ ਨਾ ਕੋਈ, ਕੱਚਾ-ਪਿੱਲਾ ਟਿਕਿਆ।

ਮਿੰਨਤਾਂ ਤਰਲੇ ਕਰਕੇ ਜੱਟ ਨੇ, ਕਰਲੀ ਪਾਸ ਪ੍ਰੀਖਿਆ।

ਟਿੱਲੇ ਉਤੋਂ ਹੋਇਆ ਰਵਾਨਾ, ਲੈ ਗੋਰਖ ਤੋਂ ਸਿਖਿਆ।

ਪੱਤੇ ਤੋੜ ਗਿਆ, ਲੈ ਕੇ ਹੀਰ ਦੀ ਭਿਖਿਆ।

ਇਸ ਤਰ੍ਹਾਂ ਕਿੱਸੇ ਦੀ ਲੜੀ ਨੂੰ ਪੂਰਾ ਕਰਦਿਆਂ ਤਿੰਨ ਚਾਰ ਦਿਨ ਲੱਗ ਜਾਂਦੇ ਸਨ। ਇਹ ਮਹਿਫ਼ਲ ਹਰ ਰੋਜ਼ ਲਗਭਗ ਰਾਤ ਦੇ ਵਕਤ ਹੀ ਜੁੜਦੀ ਸੀ ਕਿਉਂਕਿ ਦਿਨ ਦੇ ਵਕਤ ਲੋਕ ਖੇਤਾਂ ਵਿੱਚ ਕੰਮ ਕਰਦੇ ਸਨ। ਰਾਤ ਨੂੰ ਵਿਹਲੇ ਹੋ ਕੇ ਕਿਸੇ ਦੇ ਘਰ ਜਾਂ ਸਾਂਝੀ ਥਾਂ ’ਤੇ ਇਕੱਠੇ ਹੋ ਕੇ ਜੁੜਦੇ। ਜਦੋਂ ਕੋਈ ਕਿੱਸਾ ਪੂਰਾ ਹੋ ਜਾਂਦਾ ਤਾਂ ਆਖਰੀ ਬੋਲੀ ਵਿੱਚ ਬੋਲੀਕਾਰ ਸਭ ਦਾ ਧੰਨਵਾਦ ਕਰਦਾ ਹੋਇਆ ਕਿੱਸੇ ਵਿੱਚ ਜੋ ਕੁਝ ਸੁਣਾਇਆ ਹੁੰਦਾ ਸੀ ਉਸ ਦੀ ਸੰਖੇਪ ਜਾਣਕਾਰੀ ਦਿੰਦਾ ਹੋਇਆ ਸਭ ਤੋਂ ਮੁਆਫ਼ੀ ਮੰਗਦਾ ਹੈ। ਜਿਸ ਘਰੇ ਇਹ ਮਹਿਫ਼ਲ ਜੁੜਦੀ ਸੀ ਉੁਸ ਦਾ ਵੀ ਵਿਸ਼ੇਸ਼ ਧੰਨਵਾਦ ਕਰਦੇ ਸਨ।

ਸੰਪਰਕ: 95010-12199

Source link