ਪੱਤਰ ਪ੍ਰੇਰਕ

ਮੁੱਲਾਂਪੁਰ ਦਾਖਾ, 22 ਨਵੰਬਰ

ਲੁੱਟੀ ਹੋਈ ਗੱਡੀ ਨੂੰ ਮਾਲਖਾਨੇ ਵਿੱਚ ਜਮ੍ਹਾਂ ਕਰਵਾਉਣ ਦੀ ਥਾਂ ਸਕੂਟਰੀ ਦਾ ਫ਼ਰਜ਼ੀ ਨੰਬਰ ਲਾ ਕੇ ਕਈ ਸਾਲਾਂ ਤੱਕ ਚਲਾਉਣ ਦੇ ਕਥਿਤ ਦੋਸ਼ਾਂ ਵਿੱਚ ਘਿਰੇ ਸਾਬਕਾ ਪੁਲੀਸ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ। ਜਸਟਿਸ ਜਸਜੀਤ ਸਿੰਘ ਬੇਦੀ ਦੀ ਅਦਾਲਤ ਨੇ ਸਾਬਕਾ ਪੁਲੀਸ ਅਧਿਕਾਰੀ ਨੂੰ ਅੰਤ੍ਰਿਮ ਰਾਹਤ ਦਿੰਦੇ ਹੋਏ ਗ੍ਰਿਫ਼ਤਾਰੀ ਉੱਪਰ ਰੋਕ ਲਾ ਦਿੱਤੀ ਹੈ ਅਤੇ ਪੜਤਾਲ ’ਚ ਸ਼ਾਮਲ ਹੋਣ ਦਾ ਹੁਕਮ ਸੁਣਾਇਆ ਹੈ। ਪ੍ਰੇਮ ਸਿੰਘ ਭੰਗੂ ਨੇ ਅਦਾਲਤ ਸਾਹਮਣੇ ਦਲੀਲ ਦਿੱਤੀ ਸੀ ਕਿ ਸਬ-ਇੰਸਪੈਕਟਰ ਚਮਕੌਰ ਸਿੰਘ ਨੇ ਮਾਰਚ 2018 ਵਿੱਚ ਉਕਤ ਕਾਰ ਕਬਜ਼ੇ ਵਿੱਚ ਲਈ ਸੀ ਅਤੇ ਮਾਲਖ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਈ ਸੀ। ਉਹ ਸਤੰਬਰ 2019 ਤੱਕ ਥਾਣਾ ਦਾਖਾ ਵਿੱਚ ਹੀ ਮੁੱਖ ਅਫ਼ਸਰ ਵਜੋਂ ਤਾਇਨਾਤ ਵੀ ਰਿਹਾ ਹੈ। ਇਸ ਮਾਮਲੇ ਵਿੱਚ ਡਿਪਟੀ ਐਡਵੋਕੇਟ ਜਨਰਲ ਕੇਐੱਸ ਸਿੱਧੂ ਨੇ ਸਰਕਾਰ ਵੱਲੋਂ ਨੋਟਿਸ ਸਵੀਕਾਰ ਕੀਤਾ ਹੈ ਅਤੇ ਅਦਾਲਤ ਨੇ 24 ਜਨਵਰੀ ਤੱਕ ਜਵਾਬ ਤਲਬ ਕੀਤਾ ਹੈ।

ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਉੱਪਰ ਸਾਬਕਾ ਪੁਲੀਸ ਅਫ਼ਸਰ ਪਰਿਵਾਰ ਸਮੇਤ ਉਸੇ ਕਾਰ ਵਿੱਚ ਘੁੰਮਦਾ ਦਿਖਾਈ ਦਿੱਤਾ ਸੀ। ਜਦ ਕਿ ਹੁਣ ਇਸ ਦਾ ਸਾਰਾ ਬੋਝ ਥਾਣੇਦਾਰ ਚਮਕੌਰ ਸਿੰਘ ਉੱਪਰ ਪਾਏ ਜਾਣ ਦੀ ਚਰਚਾ ਹੈ। ਅਦਾਲਤ ਨੇ ਅਗਾਊਂ ਜ਼ਮਾਨਤ ਦੀਆਂ ਸ਼ਰਤਾਂ ਅਨੁਸਾਰ ਗਵਾਹਾਂ ਨੂੰ ਪ੍ਰਭਾਵਿਤ ਨਾ ਕਰਨ ਅਤੇ ਵਿਦੇਸ਼ ਜਾਣ ਉੱਪਰ ਪਾਬੰਦੀ ਲਾਈ ਹੈ ਅਤੇ ਪਾਸਪੋਰਟ ਜਮ੍ਹਾਂ ਕਰਾਉਣ ਦਾ ਵੀ ਹੁਕਮ ਦਿੱਤਾ ਹੈ। 

Source link