ਗਗਨਦੀਪ ਅਰੋੜਾ/ਪਾਲ ਸਿੰਘ ਨੌਲੀ

ਲੁਧਿਆਣਾ/ਜਲੰਧਰ, 24 ਨਵੰਬਰ

ਆਮਦਨ ਕਰ ਵਿਭਾਗ ਨੇ ਅੱਜ ਲੁਧਿਆਣਾ ਅਤੇ ਜਲੰਧਰ ’ਚ ਜਿਊਲਰਜ਼ ਦੇ ਸ਼ੋਅਰੂਮਾਂ ’ਤੇ ਛਾਪੇ ਮਾਰੇ। ਲੁਧਿਆਣਾ ’ਚ ਆਮਦਨ ਕਰ ਵਿਭਾਗ ਦੀ ਟੀਮ ਨੇ ਤੜਕੇ ਹੀ ਘੁਮਾਰ ਮੰਡੀ ਸਥਿਤ ਸਰਦਾਰ ਜਿਊਲਰਜ਼, ਮਾਲ ਰੋਡ ਸਥਿਤ ਨਿੱਕਾਮਲ ਜਿਊਲਰਜ਼, ਸਿਵਲ ਲਾਈਨ ਸਥਿਤ ਮਨੀ ਰਾਮ ਬਲਵੰਤ ਰਾਏ ਦੇ ਦਫ਼ਤਰਾਂ ’ਤੇ ਛਾਪੇ ਮਾਰੇ। ਜਲੰਧਰ ’ਚ ਨਿੱਕਾਮਲ ਜਿਊਲਰਜ਼ ਦੇ ਸ਼ੋਅਰੂਮ ਵਿੱਚੋਂ ਟੀਮ ਨੇ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਕਾਰੋਬਾਰੀਆਂ ਦੇ ਰਿਕਾਰਡ ਅਤੇ ਸਟਾਕ ਦੀ ਜਾਂਚ ਵੀ ਕੀਤੀ। ਉਨ੍ਹਾਂ ਕਈ ਕਾਗਜ਼ਾਂ ਨੂੰ ਜਾਂਚ ਲਈ ਕਬਜ਼ੇ ’ਚ ਲਿਆ ਹੈ। ਅਧਿਕਾਰੀਆਂ ਮੁਤਾਬਕ ਛਾਪੇ ਮਾਰਨ ’ਚ ਲੁਧਿਆਣਾ ਤੋਂ ਇਲਾਵਾ ਜਲੰਧਰ, ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਦੌਰਾਨ ਪੁਲੀਸ ਦਾ ਸਖ਼ਤ ਪਹਿਰਾ ਲਾਇਆ ਗਿਆ ਸੀ। ਕਿਸੇ ਨੂੰ ਛਾਪੇ ਵਾਲੀ ਥਾਂ ’ਤੇ ਆਉਣ-ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਕਾਰੋਬਾਰੀਆਂ ਦੇ ਸਟਾਫ਼ ਤੋਂ ਵੀ ਪੁੱਛ-ਪੜਤਾਲ ਕੀਤੀ ਗਈ। ਪਿਛਲੇ ਕੁਝ ਸਾਲਾਂ ਦੌਰਾਨ ਸੰਪਤੀ ਦੀ ਖਰੀਦੋ-ਫਰੋਖਤ ਦਾ ਬਿਊਰਾ ਵੀ ਇਕੱਠਾ ਕੀਤਾ ਗਿਆ ਹੈ। ਜਾਂਚ ਦੌਰਾਨ ਕਈ ਕੱਚੀਆਂ ਪਰਚੀਆਂ ਕਬਜ਼ੇ ’ਚ ਲਈਆਂ ਗਈਆਂ ਹਨ। ਕਾਰੋਬਾਰੀਆਂ ਦੇ ਬੈਕ ਖਾਤੇ, ਲਾਕਰਾਂ ਅਤੇ ਕੰਪਿਊਟਰਾਂ ਦੀ ਜਾਂਚ ਵੀ ਕੀਤੀ ਗਈ। ਵਿਭਾਗ ਨੂੰ ਛਾਪੇ ਮਗਰੋਂ ਅਣ-ਐਲਾਨੀ ਜਾਇਦਾਦ ਮਿਲਣ ਦੀ ਆਸ ਹੈ। 

Source link