ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 13 ਦਸੰਬਰ
ਇਥੋਂ ਦੀ ਇਕ ਅਦਾਲਤ ਨੇ ਅੱਜ ਦੂਜੀ ਵਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਮੁਕਤਸਰ ਪੁਲੀਸ ਨੂੰ ਤਿੰਨ ਰੋਜ਼ਾ ਰਿਮਾਂਡ ਦਿੱਤਾ ਹੈ। ਮੁਕਤਸਰ ਪੁਲੀਸ ਨੇ ਫਿਰੌਤੀ ਦੀ ਸ਼ਿਕਾਇਤ ਸਬੰਧੀ ਪਿਛਲੇ ਸਾਲ 22 ਮਾਰਚ ਨੂੰ ਦਰਜ ਹੋਏ ਇੱਕ ਮਾਮਲੇ ਸਬੰਧੀ ਬਿਸ਼ਨੋਈ ਪਾਸੋਂ ਪੁੱਛ-ਪੜਤਾਲ ਕਰਨੀ ਹੈ। ਇਸ ਕੇਸ ਦੇ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਨੂੰ ਵੱਖ-ਵੱਖ ਫੋਨ ਨੰਬਰਾਂ ਤੋਂ ਕਾਲਾਂ ਆਈਆਂ ਸਨ ਅਤੇ ਉਸ ਪਾਸੋਂ 30 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਫਿਰੌਤੀ ਨਾ ਦੇਣ ’ਤੇ ਉਸ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਸ਼ਿਕਾਇਤਕਰਤਾ ਅਨੁਸਾਰ ਫੋਨ ਕਰਨ ਵਾਲਾ ਖੁਦ ਨੂੰ ਲਾਰੈਂਸ ਬਿਸ਼ਨੋਈ ਦੱਸ ਰਿਹਾ ਸੀ। ਇਸ ਤੋਂ ਬਾਅਦ ਪੁਲੀਸ ਨੇ ਬਿਸ਼ਨੋਈ ਖ਼ਿਲਾਫ਼ ਧਾਰਾ 387 ਅਤੇ 506 ਅਧੀਨ ਕੇਸ ਦਰਜ ਕੀਤਾ ਸੀ। ਇਸ ਸਬੰਧੀ ਮੁਕਤਸਰ ਪੁਲੀਸ ਨੂੰ ਅਦਾਲਤ ਨੇ ਪਹਿਲਾਂ ਵੀ ਛੇ ਦਿਨਾਂ ਦਾ ਰਿਮਾਂਡ ਦਿੱਤਾ ਸੀ। ਰਿਮਾਂਡ ਪੂਰਾ ਹੋਣ ਤੋਂ ਬਾਅਦ ਪੁਲੀਸ ਨੇ ਅੱਜ ਉਸ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਤੇ ਹੋਰ ਪੁਲੀਸ ਰਿਮਾਂਡ ਦੀ ਮੰਗ ਕੀਤੀ।
ਪੁਲੀਸ ਨੇ ਲਾਰੈਂਸ ਬਿਸ਼ਨੋਈ ਦੀ ਆਮਦ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਸਨ। ਉਸ ਨੂੰ ਸਵੇਰੇ ਸੱਤ ਵਜੇ ਕੋਰਟ ਕੰਪਲੈਕਸ ਵਿੱਚ ਲਿਆਂਦਾ ਗਿਆ। ਇਸ ਮੌਕੇ ਐੱਸਐੱਸਪੀ ਸਣੇ ਹੋਰ ਅਧਿਕਾਰੀ ਵੀ ਅਦਾਲਤ ਵਿੱਚ ਮੌਜੂਦ ਸਨ। ਇਸ ਮੌਕੇ ਪੁਲੀਸ ਨੇ ਅਦਾਲਤੀ ਕੰਪਲੈਕਸ ਦੇ ਆਲੇ-ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ। ਗੈਂਗਸਟਰ ਦੀ ਆਮਦ ਕਾਰਨ ਅਦਾਲਤੀ ਕੰਪਲੈਕਸ ਵਿੱਚ ਆਮ ਲੋਕਾਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਜਿਸ ਕਰਕੇ ਕੰਮਕਾਰ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।