ਪਾਲ ਸਿੰਘ ਨੌਲੀ
ਜਲੰਧਰ, 22 ਦਸੰਬਰ

ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਮੁੜ ਉਸੇ ਥਾਂ ’ਤੇ ਵਸਾਏ ਜਾਣ ਦੀ ਆਪਣੀ ਮੰਗ ’ਤੇ ਡਟਿਆ ਹੋਇਆ ਹੈ। ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਅੱਜ ਹੋਈ ਮੀਟਿੰਗ ਦੌਰਾਨ ਮੋਰਚੇ ਦੇ ਆਗੂ ਪੀੜਤਾਂ ਨੂੰ ਉਸੇ ਥਾਂ ਵਸਾਏ ਜਾਣ ਦੀ ਆਪਣੀ ਮੰਗ ’ਤੇ ਅੜੇ ਰਹੇ, ਜਦਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਗੱਲ ਮੰਨਣ ਤੋਂ ਆਪਣੀ ਅਸਮਰੱਥਾ ਜਤਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਲਤੀਫਪੁਰਾ ਤੋਂ ਉਜਾੜੇ ਲੋਕਾਂ ਨੂੰ ਮੁੜ ਉਥੇ ਵਸਾਉਣ ਅਤੇ ਮੁਆਵਜ਼ਾ ਦੇਣ ਦਾ ਫ਼ੈਸਲਾ ਨਾ ਲਿਆ ਗਿਆ ਤਾਂ ਪਹਿਲੀ ਜਨਵਰੀ ਨੂੰ ਪੀਏਪੀ ਚੌਕ ਵਿੱਚ 12 ਵਜੇ ਤੋਂ 2 ਵਜੇ ਤੱਕ ਕੌਮੀ ਮਾਰਗ ਜਾਮ ਕੀਤਾ ਜਾਵੇਗਾ। ਇਹ ਮੀਟਿੰਗ ਨਗਰ ਸੁਧਾਰ ਟੱਰਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਰਕਟ ਹਾਊਸ ਵਿੱਚ ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਕਮੇਟੀ ਦੇ ਆਗੂਆਂ ਨਾਲ ਕੀਤੀ, ਜੋ ਲਗਪਗ ਦੋ ਘੰਟੇ ਚੱਲੀ। ਮੀਟਿੰਗ ਦੌਰਾਨ ਸਰਕਾਰੀ ਧਿਰ ਪੀੜਤਾਂ ਨੂੰ ਬੀਬੀ ਭਾਨੀ ਕੰਪਲੈਕਸ ਦੇ ਫਲੈਟਾਂ ਵਿੱਚ ਵਸਾਉਣ ਦੀ ਪੇਸ਼ਕਸ਼ ’ਤੇ ਬਜ਼ਿੱਦ ਰਹੀ, ਜਦਕਿ ਮੋਰਚੇ ਦੇ ਆਗੂ ਪੀੜਤਾਂ ਨੂੰ ਲਤੀਫ਼ਪੁਰਾ ਵਿੱਚ ਹੀ ਵਸਾਉਣ ਦੀ ਆਪਣੀ ਮੰਗ ’ਤੇ ਡਟੇ ਰਹੇ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਅਤੇ ਇੰਪਰੂਵਮੈਂਟ ਚੇਅਰਮੈਨ ਵੱਲੋਂ ਮਸਲੇ ਦੇ ਹੱਲ ਲਈ ਸਰਕਾਰ ਤੱਕ ਮੰਗਾਂ ਨੂੰ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ। ਨਗਰ ਸੁਧਾਰ ਟੱਰਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਸਪੱਸ਼ਟ ਕੀਤਾ ਕਿ ਪੀੜਤਾਂ ਨੂੰ ਮੁੜ ਉਥੇ ਵਸਾਉਣਾ ਸੰਭਵ ਨਹੀਂ ਹੈ ਤੇ ਨਾ ਹੀ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਉਨ੍ਹਾਂ ਅਧਿਕਾਰੀਆਂ ਨਾਲ ਇਸ ਮਸਲੇ ’ਤੇ ਗੱਲ ਕਰਨ, ਜੋ ਫੈ਼ਸਲਾ ਲੈਣ ਦੇ ਸਮਰੱਥ ਹੋਣ।

ਮੋਰਚੇ ਦੇ ਆਗੂਆਂ ਵੱਲੋਂ ਅੱਜ 27 ਦਸੰਬਰ ਨੂੰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਐਲਾਨ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੌਕੇ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ। ਧਰਨਾਕਾਰੀਆਂ ਨੇ ਰੋਜ਼ ਵਾਂਗ ਅੱਜ ਵੀ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸ਼ਾਮ ਵੇਲੇ ਸੂਬਾ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਜ਼ਾਹਰ ਕੀਤਾ। ਇਸ ਮੌਕੇ ਮੋਹਨ ਸਿੰਘ ਫੌਜੀ ਜਮਸ਼ੇਰ ਤੇ ਚੰਨਣ ਸਿੰਘ ਬੁੱਟਰ ਨੇ ਵੀ ਸੰਬੋਧਨ ਕੀਤਾ। ਕਮੇਟੀ ਵੱਲੋਂ ਚੇਅਰਮੈਨ ਐੱਸਸੀ/ਐੱਸਟੀ ਕਮਿਸ਼ਨ ਤੋਂ ਮੰਗ ਕੀਤੀ ਗਈ ਹੈ ਕਿ ਉਹ ਲਤੀਫ਼ਪੁਰਾ ਦੇ ਐੱਸਸੀ ਪਰਿਵਾਰਾਂ ਸਮੇਤ ਉਜਾੜੇ ਗਏ ਘਰਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਤੁਰੰਤ ਕੇਸ ਦਰਜ ਕਰੇ। 

Source link