ਦਿਪਾਂਜਨ ਘੋਸ਼

ਪੌਦੇ ਕੁਦਰਤ ਦੀ ਦੁਰਬਲ ਰਚਨਾ ਹੈ। ਦਰਅਸਲ ਜੀਵਨ ਦੇ ਸਭ ਪਸਾਰਾਂ ਪੱਖੋਂ ਇਹ ਹਕੀਕਤ ਹੈ। ਉਨ੍ਹਾਂ ਦੀ ਗਤੀਹੀਣਤਾ ਦੀ ਗੱਲ ਹੋਵੇ ਜਾਂ ਆਪਣੀ ਚੁੱਪ ਤੋੜਨ ਦੀ ਅਸਮਰਥਤਾ ਹੋਵੇ ਜਾਂ ਸਵੈ-ਰੱਖਿਆ ਵਿਕਸਤ ਕਰਨ ਦੀ ਘਾਟ ਹੋਵੇ, ਸਭ ਵੰਨਗੀਆਂ ਦੇ ਸਜੀਵਾਂ ਚੋਂ ਪੌਦੇ ਆਪਣੇ ਸਮਰੂਪ ਪ੍ਰਾਣੀਆਂ ਨਾਲੋਂ ਕਿਤੇ ਪਿੱਛੇ ਹਨ। ਇੱਕ ਤਾਜਾ ਖੋਜ ਮੁਤਾਬਕ, ਬਨਸਪਤੀ ਵਿਗਿਆਨ ਦੀ ਇੱਕ ਨਵੀਂ ਸ਼ਾਖਾ ਜਿਸ ਨੂੰ ਬਨਸਪਤੀ ਨਾੜੀ-ਤੰਤਰ ਜੀਵ ਵਿਗਿਆਨ (Neurobiology) ਕਿਹਾ ਜਾਂਦਾ ਹੈ, ਨੇ ਲੱਭਿਆ ਹੈ ਕਿ ਪੌਦੇ ਬੁੱਧੀਮਾਨ ਅਤੇ ਸੰਵੇਦਨਸ਼ੀਲ ਵੀ ਹੁੰਦੇ ਹਨ।

ਸਾਡੇ ਵਿਚੋਂ ਬਹੁਤਿਆਂ ਨੂੰ ਇਹ ਕਥਨ ਨਾ ਮੰਨਣਯੋਗ ਵੀ ਲੱਗ ਸਕਦਾ ਹੈ ਜਾਂ ਝੱਲ-ਵਲੱਲਾ ਵੀ ਪਰ ਇਟਲੀ ਦੇ ਫਲੋਰੈਂਸ ਸ਼ਹਿਰ ਵਿਚ ਬਣੀ ਬਨਸਪਤੀ ਨਾੜੀ-ਤੰਤਰ ਜੀਵ ਵਿਗਿਆਨ ਦੀ ਕੌਮਾਂਤਰੀ ਪ੍ਰਯੋਗਸ਼ਾਲਾ ਦੇ ਬਨਸਪਤੀ ਨਾੜੀ-ਤੰਤਰ ਜੀਵ ਵਿਗਿਆਨੀ ਸਟੈਫੋਨੋ ਮੈਨਕਿਊਸੋ ਦਾ ਤਰਕ ਹੈ ਕਿ ਪੌਦੇ ਨਾ ਸਿਰਫ਼ ਬੁੱਧੀਮਾਨ ਅਤੇ ਸੰਵੇਦਨਸ਼ੀਲ ਹੁੰਦੇ ਹਨ ਸਗੋਂ ਸਾਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ, ਖਾਸਕਰ ਚਲ ਰਹੇ ‘ਛੇਵੀਂ ਸਮੂਹਿਕ ਤਬਾਹੀ’ ਦੇ ਦੌਰ ਅੰਦਰ।

ਸਾਨੂੰ ਪਤਾ ਹੈ ਕਿ ਮਾਨਵ ਜਾਤੀ ਤੋਂ ਇਲਾਵਾ ਚਿੰਪਾਂਜੀ, ਊਦਬਲਾਅ, ਡੌਲਫਿਨ ਤੇ ਹਾਥੀ ਵੀ ਸੋਚਵਾਨ, ਸੰਵੇਦਨਸ਼ੀਲ ਅਤੇ ਆਪਣੀ ਹੋਂਦ ਬਾਰੇ ਸੁਚੇਤ ਪ੍ਰਾਣੀ ਹਨ। ਹਾਲੀਆ ਦਹਾਕਿਆਂ ਦੀਆਂ ਖੋਜਾਂ ਨੇ ਦਰਸਾਇਆ ਹੈ ਕਿ ਹੋਰ ਵੀ ਕਈ ਪ੍ਰਾਣੀ ਇਸ ਸੂਚੀ ਵਿਚ ਸ਼ਾਮਲ ਹਨ। ਮਿਸਾਲ ਦੇ ਤੌਰ ਤੇ ਆਕਟੋਪਸ ਸੰਦਾਂ ਦੀ ਵਰਤੋਂ ਕਰ ਸਕਦੇ ਹਨ, ਵ੍ਹੇਲ ਮੱਛੀਆਂ ਗਾਣਾ ਗਾ ਸਕਦੀਆਂ ਹਨ, ਸ਼ਹਿਦ ਦੀਆਂ ਮੱਖੀਆਂ ਗਿਣਤੀ ਕਰ ਸਕਦੀਆਂ ਹਨ, ਪੈਂਗੁਅਨ ਹਿਸਾਬ-ਕਿਤਾਬ ਲਾ ਸਕਦੇ ਹਨ, ਕਾਂ ਜਟਿਲ ਤਰਕ ਦੀ ਵਰਤੋਂ ਕਰਦੇ ਹਨ, ਬਿਹੜੇ ਆਲ੍ਹਣਾ ਬਣਾਉਣ ਵਿਚ ਇੰਜਨੀਅਰਿੰਗ-ਕਾਬਲੀਅਤ ਦਾ ਇਜ਼ਹਾਰ ਕਰਦੇ ਹਨ, ਭਰਿੰਡਾਂ ਚਿਹਰੇ ਪਛਾਣ ਸਕਦੀਆਂ ਹਨ ਅਤੇ ਮੱਛੀਆਂ ਸੰਗੀਤ ਦੀਆਂ ਵੰਨਗੀਆਂ ਵਿਚ ਫਰਕ ਕਰ ਸਕਦੀਆਂ ਹਨ। ਇਨ੍ਹਾਂ ਮਿਸਾਲਾਂ ਵਿਚ ਇੱਕ ਗੱਲ ਸਾਂਝੀ ਹੈ ਕਿ ਉਚੇਰੀ ਜਾਤੀ ਦੇ ਸਾਰੇ ਪ੍ਰਾਣੀਆਂ ਅੰਦਰ ਦਿਮਾਗ ਮੌਜੂਦ ਹੁੰਦਾ ਹੈ ਪਰ ਪੌਦੇ, ਬਗੈਰ ਦਿਮਾਗ ਦੇ, ਕਿਵੇਂ ਸਮੱਸਿਆਵਾਂ ਨੂੰ ਹੱਲ ਕਰਦੇ ਹਨ, ਕਿਵੇਂ ਅਕਲਮੰਦੀ ਨਾਲ ਵਿਹਾਰ ਕਰਦੇ ਹਨ ਜਾਂ ਕਿਵੇਂ ਕਿਸੇ ਉਤੇਜਨਾ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹਨ?

ਮਹਾਨ ਕੁਦਰਤ ਵਿਗਿਆਨੀ ਚਾਰਲਸ ਡਾਰਵਿਨ ਜਿਸ ਨੇ ਆਪਣੀ ਜਿ਼ੰਦਗੀ ਦਾ ਬਹੁਤਾ ਸਮਾਂ ਪੌਦਿਆਂ ਦਾ ਬਾਰੀਕੀ ਨਾਲ ਅਧਿਐਨ ਕਰਨ ਵਿਚ ਲਾਇਆ, ਉਨ੍ਹਾਂ ਸਭ ਤੋਂ ਪਹਿਲੇ ਵਿਗਿਆਨੀਆਂ ਵਿਚੋਂ ਇੱਕ ਸੀ ਜਿਨ੍ਹਾਂ ਨੇ ਆਮ ਪ੍ਰਚਲਤ ਧਾਰਨਾ ਨੂੰ ਰੱਦ ਕੀਤਾ ਅਤੇ ਇਹ ਮੰਨਿਆ ਕਿ ਪੌਦੇ ਸੰਵੇਦਨਾ ’ਤੇ ਪ੍ਰਤੀਕਿਰਿਆ ਕਰਦੇ ਹਨ। ਉਨ੍ਹਾਂ ਇਹ ਨਿਰੀਖਣ ਵੀ ਕੀਤਾ ਕਿ ਪੌਦੇ ਦੀ ਮੂਲ ਜੜ੍ਹ (ਜੜ੍ਹ ਦਾ ਸਿਰਾ) ਕਿਸੇ ਨਿਮਨ ਸ਼੍ਰੇਣੀ ਪ੍ਰਾਣੀ ਦੇ ਦਿਮਾਗ ਵਾਂਗ ਹੀ ਕੰਮ ਕਰਦੀ ਹੈ।

ਪੌਦਿਆਂ ਦਾ ‘ਸਰਬ ਰੋਗ ਔਖਧੀ’ ਲੱਛਣ

ਹਰ ਵਕਤ ਪੌਦੇ ਵੀ ਪ੍ਰਾਣੀਆਂ ਵਰਗੀਆਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ, ਭਾਵੇਂ ਉਨ੍ਹਾਂ ਪ੍ਰਤੀ ਪੌਦਿਆਂ ਦੀ ਪਹੁੰਚ ਪ੍ਰਾਣੀਆਂ ਨਾਲੋਂ ਕਾਫੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ। ਪੌਦਿਆਂ ਨੂੰ ਆਪਣੀ ਖੁਰਾਕ ਤੇ ਊਰਜਾ ਦੀ ਭਾਲ ਕਰਨੀ ਪੈਂਦੀ ਹੈ, ਪ੍ਰਜਨਣ ਵੀ ਕਰਨਾ ਹੁੰਦਾ ਹੈ ਅਤੇ ਹਮਲਾਵਰ ਸ਼ਿਕਾਰੀਆਂ ਤੋਂ ਵੀ ਬਚਾਉਣਾ ਹੁੰਦਾ ਹੈ। ਸਮੱਸਿਆਵਾਂ ਹੱਲ ਕਰਨ ਦੀ ਕਾਬਲੀਅਤ ਹੀ ਬੁੱਧੀ ਕਹਾਉਂਦੀ ਹੈ ਤੇ ਪੌਦੇ ਆਪਣੀਆਂ ਸਮੱਸਿਆਵਾਂ ਹੱਲ ਕਰਨ ਵਿਚ ਹੈਰਤਅੰਗੇਜ਼ ਮਾਹਿਰ ਹੁੰਦੇ ਹਨ। ਪੌਦਿਆਂ ਦਾ ਸਭ ਤੋਂ ਹੇਠਲਾ ਹਿੱਸਾ ਸਭ ਤੋਂ ਸੂਝ ਵਾਲਾ ਤੇ ਸੂਖਮ ਹੁੰਦਾ ਹੋਵੇਗਾ। ਵਿਗਿਆਨੀਆਂ ਨੇ ਇਹ ਲੱਭਿਆ ਹੈ ਕਿ ਪੌਦਿਆਂ ਦੀਆਂ ਜੜ੍ਹਾਂ ਜ਼ਮੀਨ ਵਿਚ ਐਵੇਂ ਹੀ ਅਟਕਲਪੱਚੂ ਰਾਹੀਂ ਇਧਰ-ਉਧਰ ਨਹੀਂ ਭਟਕਦੀਆਂ ਸਗੋਂ ਪਾਣੀ ਦੀ ਭਾਲ ਵਿਚ ਸਭ ਤੋਂ ਉਤਮ ਰਾਹ ਖੋਜਦੀਆਂ ਹਨ, ਸ਼ਰੀਕੇਬਾਜੀ ਤੋਂ ਬਚਦੀਆਂ ਹਨ ਅਤੇ ਖਣਿਜ ਭੰਡਾਰ ਕਰਦੀਆਂ ਹਨ। ਆਪਣੀਆਂ ਊਰਜੀ ਲੋੜਾਂ ਦੇ ਹੱਲ ਲਈ ਧੁੱਪ ਵਾਲੇ ਪੌਦੇ ਜਿਹੜੇ ਤੇਜ਼ ਸੂਰਜੀ ਰੋਸ਼ਨੀ ਸਹਿ ਸਕਦੇ ਹਨ, ਸੂਰਜ ਵੱਲ ਮੁੜ ਜਾਂਦੇ ਹਨ ਜਾਂ ਵਧੇਰੇ ਸੂਤ ਲਗਦੇ ਆਪਣੀਆਂ ਟਾਹਣੀਆਂ ਰੋਸ਼ਨੀ ਵੱਲ ਮੋੜ ਲੈਂਦੇ ਹਨ। ਛਾਂਦਾਰ ਪੌਦੇ ਛਾਂਦਾਰ ਖੇਤਰਾਂ ਵਿਚ ਵੀ ਰੋਸ਼ਨੀ ਭਾਲ ਕੇ ਵਧਣ ਦੇ ਸਮਰੱਥ ਹੁੰਦੇ ਹਨ ਅਤੇ ਕਈ ਤਾਂ ਦਿਨੇ ਪੂਰੀ ਰੋਸ਼ਨੀ ਗ੍ਰਹਿਣ ਕਰਨ ਲਈ ਆਪਣੇ ਪੱਤੇ ਵੀ ਉਲਟਾ ਲੈਂਦੇ ਹਨ।

ਕੁਝ ਪੌਦੇ ਪੋਸ਼ਣ ਅਤੇ ਊਰਜਾ ਲੈਣ ਖਾਤਰ ਵੱਖਰਾ ਢੰਗ ਅਪਣਾਉਂਦੇ ਹਨ: ਉਹ ਪ੍ਰਾਣੀਆਂ ਦਾ ਸ਼ਿਕਾਰ ਕਰਦੇ ਹਨ, ਕੀੜੇ-ਮਕੌੜਿਆਂ ਤੋਂ ਲੈਕੇ ਚੂਹਿਆਂ ਤੇ ਪੰਛੀਆਂ ਤੱਕ ਦਾ ਵੀ। ਇਸ ਕਾਰਜ ਨੂੰ ਪੂਰਾ ਕਰਨ ਲਈ ਇਨ੍ਹਾਂ ਪੌਦਿਆਂ ਨੇ ਆਪਣੇ ਸ਼ਿਕਾਰ ਨੂੰ ਫੜਨ, ਫੜ ਕੇ ਕਾਬੂ ਵਿਚ ਰੱਖਣ ਤੇ ਨਿਗਲਣ ਲਈ ਭਰਮਾਊ-ਫੰਧੇ ਤੇ ਝਟਪਟ ਪ੍ਰਤੀਕਿਰਿਆਵਾਂ ਵਿਕਸਤ ਕੀਤੀਆਂ ਹੋਈਆਂ ਹਨ। ਇਨ੍ਹਾਂ ਕੀਟਾਹਾਰੀ ਪੌਦਿਆਂ ਦੀਆਂ ਘੱਟੋ-ਘੱਟ 600 ਪ੍ਰਜਾਤੀਆਂ ਮਿਲਦੀਆਂ ਹਨ। ‘ਵੀਨਸ ਫਲਾਈ ਟਰੈਪ’ ਨਾਂ ਦਾ ਪੌਦਾ ਇਨ੍ਹਾਂ ਕੀਟਾਹਾਰੀ ਪੌਦਿਆਂ ਵਿਚੋਂ ਸਭ ਤੋਂ ਵਧੇਰੇ ਵਿਕਸਤ ਹੈ। ਜਿਸ ਜੁਗਤ ਰਾਹੀਂ ਫੰਧੇ ਦੇ ਮੂੰਹ ਬੰਦ ਹੁੰਦੇ ਹਨ, ਉਸ ਅੰਦਰ ਲਚਕ, ਫੁਰਤੀ ਤੇ ਫੈਲਣ ਵਿਚਕਾਰ ਜਟਿਲ ਅੰਤਰ-ਕਿਰਿਆ ਹੁੰਦੀ ਹੈ। ਫੰਧਾ ਉਦੋਂ ਹੀ ਬੰਦ ਹੁੰਦਾ ਹੈ ਜਦ ਪ੍ਰੇਰਕ-ਲੂੰ ਦੋ ਵਾਰ ਉਤੇਜਿਤ ਹੁੰਦਾ ਹੈ। ਅਜਿਹਾ ਧੂੜ ਵੱਲੋਂ ਅਤੇ ਹਵਾ ਰਾਹੀਂ ਲਿਆਂਦੇ ਹੋਰ ਪਦਾਰਥਾਂ ਵੱਲੋਂ ਉਸ ਜੁਗਤ ਨੂੰ ਕਿਰਿਆਸ਼ੀਲ ਹੋਣ ਤੋਂ ਬਚਾਉਣ ਲਈ ਹੁੰਦਾ ਹੈ।

ਆਪਣੇ ਕੁਦਰਤੀ ਸੁਭਾਅ ਪੱਖੋਂ ਪੌਦੇ ਆਪਣੇ ਵੈਰੀਆਂ ’ਤੇ ਹਮਲਾ ਨਹੀਂ ਕਰਦੇ ਪਰ ਜੇ ਵੈਰੀ ਹਮਲਾ ਕਰਦਾ ਹੈ ਤਾਂ ਉਹ ਆਪਣਾ ਬਚਾਅ ਕਰ ਸਕਦੇ ਹਨ। ਪੌਦੇ ਪ੍ਰਾਣੀਆਂ ਤੋਂ ਸਿੱਧੇ ਤੌਰ ’ਤੇ ਆਪਣਾ ਬਚਾਉ ਕਰਨ ਦੇ ਸਮਰਥ ਨਹੀਂ ਹੁੰਦੇ, ਫਿਰ ਵੀ ਉਨ੍ਹਾਂ ਨੇ ਸ਼ਿਕਾਰੀਆਂ ਤੋਂ ਆਪਣੀ ਹਿਫਾਜ਼ਤ ਕਰਨ ਲਈ ਲਾਜਵਾਬ ਕਿਸਮ ਦੇ ਜ਼ਹਿਰੀਲੇ ਰਸਾਇਣ ਵਿਕਸਤ ਕੀਤੇ ਹੋਏ ਹਨ। ਜਦ ਕੋਈ ਕੀਟ ਉਨ੍ਹਾਂ ’ਤੇ ਹਮਲਾ ਕਰਦਾ ਹੈ ਤਾਂ ਬਹੁਤ ਸਾਰੇ ਪੌਦੇ ਵਿਲੱਖਣ ਰਸਾਇਣ ਛੱਡਦੇ ਹਨ ਜਿਹੜਾ ਕੀਟ ਦੇ ਪਾਚਨ ਤੇ ਪ੍ਰਜਨਣ ਵਿਚ ਵਿਘਨ ਪਾ ਦਿੰਦਾ ਹੈ ਜਾਂ ਕੀਟ ਨੂੰ ਮਾਰ ਦਿੰਦਾ ਹੈ। ਮਿਸਾਲ ਦੇ ਤੌਰ ’ਤੇ ਟਮਾਟਰ ਅਕਸਰ ਹੀ ਕੀਟਾਂ, ਸੂਖਮ ਜੀਵਾਂ ਵਰਗੇ ਅਣਗਿਣਤ ਵੈਰੀਆਂ ਦੇ ਹਮਲੇ ਦੀ ਮਾਰ ਹੇਠ ਆਉਂਦੇ ਹਨ ਪਰ ਉਨ੍ਹਾਂ ਅੰਦਰ ਬੇਹੱਦ ਕਾਰਗਰ ਸੁਰੱਖਿਆ ਤੰਤਰ ਹੁੰਦਾ ਹੈ ਜਿਹੜਾ ਲੱਖਾਂ ਸਾਲਾਂ ਦੌਰਾਨ ਵਿਕਸਤ ਹੋਇਆ ਹੈ। ਜਦ ਕੋਈ ਟਮਾਟਰ ਕਿਸੇ ਪੌਦੇ-ਖਾਣੀ ਸੁੰਡੀ ਦੇ ਹਮਲੇ ਦਾ ਸ਼ਿਕਾਰ ਹੁੰਦਾ ਹੈ ਤੇ ਜ਼ਖ਼ਮੀ ਹੋ ਜਾਂਦਾ ਹੈ ਤਾਂ ਜ਼ਖ਼ਮ ਵਾਲੀ ਜਗ੍ਹਾ ’ਤੇ ‘ਸਿਸਟੇਮਿਨ’ ਨਾਂ ਦਾ ਥੋੜ੍ਹਾ ਜਿਹਾ ਪੈਪਟਾਈਡ (ਪ੍ਰੋਟੀਨ) ਨਿਕਲਦਾ ਹੈ। ਸਿਸਟੇਮਿਨ ਨਿਸ਼ਾਨਾ ਸੇਧਤ ਸੈੱਲ ’ਤੇ ਕਿਰਿਆ ਕਰਦਾ ਹੈ ਜਿਹੜਾ ਕਿਸੇ ਰੇਡੀਓ ਦੇ ਐਂਟੀਨੇ ਵਾਂਗ ਕੰਮ ਕਰਦਾ ਹੈ।

ਸਿਸਟੇਮਿਨ ਸੰਕੇਤ ਨੂੰ ਫਰਜ਼ੀ ‘ਸੰਕੇਤ ਸੰਚਾਰਨ ਮਾਰਗ’ ਰਾਹੀਂ ਫੁਲਾਇਆ ਜਾਂਦਾ ਹੈ। ਆਖਿ਼ਰ ਵਿਚ ਬਚਾਉ ਲਈ ਨਿਰਧਾਰਤ ਜੀਨ ਸਰਗਰਮ ਹੋ ਜਾਂਦੇ ਹਨ। ਇਨ੍ਹਾਂ ਜੀਨਾਂ ਉਪਰ ਉਨ੍ਹਾਂ ਪ੍ਰੋਟੀਨਾਂ ਦੇ ਕੋਡ ਹੁੰਦੇ ਹਨ ਜਿਹੜੇ ਕੀਟਾਂ ਦੀਆਂ ਅੰਤੜੀਆਂ ਵਿਚਲੇ ਪਾਚਕ ਰਸਾਂ ਨੂੰ ਰੋਕ ਲੈਂਦੇ ਹਨ। ਇਸ ਨਾਲ ਹਮਲਾਵਰ ਸੁੰਡੀਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਉਹ ਭੁੱਖੀਆਂ ਮਰਨ ਲਗਦੀਆਂ ਹਨ ਜਾਂ ਉਹ ਹੋਰ ਪੌਦਿਆਂ ਵੱਲ ਖਿਸਕ ਜਾਂਦੀਆਂ ਹਨ। ਅਜਿਹੇ ਨਿਰੀਖਣ ਦਰਸਾਉਂਦੇ ਹਨ ਕਿ ਭਾਵੇਂ ਪ੍ਰਾਣੀਆਂ ਵਾਂਗ ਤਾਂ ਨਹੀਂ ਪਰ ਪੌਦੇ ਵੀ ਆਪਣੀ ਸਵੈ-ਰਾਖੀ ਲਈ ਸਮਰੱਥਾ ਜੁਟਾਉਣ ਵਾਂਗ ਹੀ ਬਦਲਾ ਲੈਣ ਦਾ ਝੁਕਾਉ ਵੀ ਰੱਖਦੇ ਹਨ, ਭਾਵੇਂ ਇਹ ਝੁਕਾਉ ਕਿੰਨਾ ਹੀ ਮਾਮੂਲੀ ਕਿਉਂ ਨਾ ਹੋਵੇ।

ਉਤਰੀ ਅਮਰੀਕਾ ਦਾ ਇੱਕ ਰੁੱਖ ‘ਬਰਸੇਰਾ’ ਜਾਨਵਰਾਂ ਨੂੰ ਅਨੋਖੇ ਢੰਗ ਰਾਹੀਂ ਪਰ੍ਹੇ ਭਜਾਉਂਦਾ ਹੈ। ਜਦ ਕੋਈ ਸ਼ਾਕਾਹਾਰੀ ਪ੍ਰਾਣੀ ਇਸ ਦੇ ਪੱਤੇ ਚੱਬਦਾ ਹੈ ਤਾਂ ਪ੍ਰਾਣੀ ਦੇ ਚਿਹਰੇ ਉਪਰ ਚਿਪਚਿਪੇ ਕੌੜੇ ਤਰਲ ਦੀ ਫੁਹਾਰ ਪੈਂਦੀ ਹੈ। ਸਿੱਟੇ ਵਜੋਂ ਹਮਲਾਵਰ ਪ੍ਰਾਣੀ ਬੁਖਲਾ ਜਾਂਦਾ ਹੈ ਤੇ ਭੱਜ ਜਾਂਦਾ ਹੈ। ਅਜਿਹੀ ਕਿਰਿਆ ਨੂੰ ‘ਪਿਚਕਾਰੀ ਬੰਦੂਕ ਜੁਗਤ’ ਕਿਹਾ ਜਾਂਦਾ ਹੈ। ਫੁਹਾਰ ਪਦਾਰਥ ਅਸਲ ਵਿਚ ‘ਟਰਪੀਨ’ ਹੈ। ਇਸ ਪਦਾਰਥ ਦਾ ਨਿਰਮਾਣ ਤਣਿਆਂ ਅਤੇ ਟਾਹਣੀਆਂ ਵਿਚ ਹੁੰਦਾ ਹੈ। ਫਿਰ ਇਹ ਰਾਲ ਨਾਲੀਆਂ ਰਾਹੀਂ ਪੱਤਿਆਂ ਨੂੰ ਸੌਂਪ ਦਿੱਤਾ ਜਾਂਦਾ ਹੈ। ਇਹ ਨਾਲੀਆਂ, ਨਪੀੜੇ ਹੋਏ ਰੇਸ਼ਿਆਂ ਦੇ ਜਾਲ ਵਾਂਗ ਪੱਤਿਆਂ ਵਿਚ ਮੌਜੂਦ ਹੁੰਦੀਆਂ ਹਨ। ਇਹ ਵਿਲੱਖਣ ਫੁਹਾਰ 15 ਸੈਂਟੀਮੀਟਰ ਦੀ ਦੂਰੀ ਤੱਕ ਲਗਾਤਾਰ 3-4 ਸਕਿੰਟਾਂ ਤੱਕ ਮਾਰ ਕਰ ਸਕਦੀ ਹੈ। ਇਸ ਪੱਖੋਂ ਪੌਦੇ ਜੁਗਾੜੀ ਅਤੇ ਕਿਰਸੀ ਵੀ ਹੁੰਦੇ ਹਨ।

ਖ਼ਾਮੋਸ਼ ਸੰਵਾਦਕ

ਪੌਦੇ ਹੈਰਤਅੰਗੇਜ਼ ਸੰਵਾਦਕ ਹੁੰਦੇ ਹਨ ਅਤੇ ਵੱਖ ਵੱਖ ਢੰਗਾਂ ਰਾਹੀਂ ਸੰਵਾਦ ਰਚਾ ਸਕਦੇ ਹਨ। ਸਭ ਤੋਂ ਵੱਧ ਜਾਣਿਆ ਜਾਂਦਾ ਜ਼ਰੀਆ ਹੈ ਰਸਾਇਣਕ ਸੰਕੇਤ। ਜੇ ਕਿਸੇ ਕੀਟ ਵੱਲੋਂ ਪੌਦੇ ਦੇ ਇਕੱਲੇ ਪੱਤੇ ਉਪਰ ਹੀ ਹਮਲਾ ਕੀਤਾ ਜਾਂਦਾ ਹੈ ਤਾਂ ਕੁਝ ਸਕਿੰਟਾਂ ਦੇ ਅੰਦਰ ਅੰਦਰ ਹੀ ਜ਼ਖ਼ਮੀ ਪੱਤੇ ਵੱਲੋਂ ਪੌਦੇ ਦੇ ਬਾਕੀ ਸੁਰੱਖਿਅਤ ਹਿੱਸਿਆਂ ਨੂੰ ਰਸਾਇਣਕ ਸੰਕੇਤ ਭੇਜ ਦਿੱਤਾ ਜਾਂਦਾ ਹੈ। ਸਮੁੱਚੇ ਪੌਦੇ ਨੂੰ ਬਚਾਉ ਲਈ ਲੋੜੀਂਦਾ ਕਾਫੀ ਸਮਾਂ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਪੌਦੇ ਬਿਜਲਈ ਸੰਕੇਤਾਂ ਅਤੇ ਤਰੰਗਾਂ ਰਾਹੀਂ ਵੀ ਸੰਦੇਸ਼ ਪਹੁੰਚਾਉਂਦੇ ਹਨ। ਕਈ ਪੌਦੇ ਤਾਂ ਆਪਣੀ ਪ੍ਰਜਾਤੀ ਦੇ ਦੂਜੇ ਪੌਦਿਆਂ ਨੂੰ ਸਿਰ ’ਤੇ ਮੰਡਰਾ ਰਹੇ ਖ਼ਤਰੇ ਤੋਂ ਵੀ ਸੁਚੇਤ ਕਰ ਦਿੰਦੇ ਹਨ। ਕਿੱਕਰ ਦੇ ਰੁੱਖ ਆਪਣਾ ਬਚਾਉ ਕਰਨ ਲਈ ‘ਟੈਨਿਨ’ ਨਾਂ ਦਾ ਰਸਾਇਣ ਪੈਦਾ ਕਰਦੇ ਹਨ ਜਦ ਜਾਨਵਰ ਉਨ੍ਹਾਂ ਨੂੰ ਚਰਨ ਲਗਦੇ ਹਨ। ਹਵਾ ਵਿਚ ਫੈਲੀ ਟੈਨਿਨ ਦੀ ਸੁਗੰਧ ਨੂੰ ਕਿੱਕਰ ਦੇ ਦੂਜੇ ਰੁੱਖ ਫੜ ਲੈਂਦੇ ਹਨ ਅਤੇ ਉਹ ਆਪਣੇ ਨੇੜੇ ਫਿਰਦੇ ਜਾਨਵਰਾਂ ਤੋਂ ਬਚਣ ਲਈ ਖੁਦ ਟੈਨਿਨ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੰਦੇ ਹਨ।

ਤਾਜਾ ਖੋਜਾਂ ਨੇ ਦਰਸਾਇਆ ਹੈ ਕਿ ‘ਪੀਲੀ ਸੋਨ ਬੂਟੀ’ ਵਰਗੇ ਪੌਦੇ ਆਪਣੇ ਨੇੜਲੇ ਵੰਸ਼ ਨੂੰ ਪਛਾਣ ਲੈਂਦੇ ਹਨ; ਤੇ ਆਪਣੇ ਮੂਲ ਦੇ ਪੌਦਿਆਂ ਨਾਲੋਂ ਦੂਸਰੇ ਮੂਲ ਦੇ ਪੌਦਿਆਂ ਪ੍ਰਤੀ ਵੱਖਰੀ ਤਰ੍ਹਾਂ ਪ੍ਰਤੀਕਰਮ ਕਰਦੇ ਹਨ। ਆਪਣੇ ਨੇੜਲੇ ਸਬੰਧੀਆਂ ਦਰਮਿਆਨ ਰਹਿੰਦੇ ਪੌਦੇ ਆਪਣੀਆਂ ਜੜ੍ਹਾਂ ਤੇ ਪੱਤਿਆਂ ’ਚ ਖੁਰਾਕ ਦਾ ਭੰਡਾਰ ਨਹੀਂ ਵਧਾਉਂਦੇ ਸਗੋਂ ਉਹ ਆਪਣੇ ਤਣਿਆਂ ਨੂੰ ਲੰਮਾ ਕਰ ਕੇ ਅਤੇ ਟਾਹਣੀਆਂ ਫੇਲਾ ਕੇ ਆਪਣਾ ਆਕਾਰ ਬਦਲ ਲੈਂਦੇ ਹਨ। ਪੌਦਿਆਂ ਵੱਲੋਂ ਇਹ ਆਪਣੇ ਨੇੜਲੇ ਸਬੰਧੀਆਂ ਉਪਰ ਛਾਂ ਕਰੇ ਬਿਨਾ ਲੋੜੀਂਦੇ ਪੋਸ਼ਕ ਸ੍ਰੋਤ ਗ੍ਰਹਿਣ ਕਰ ਕੇ ਆਪਣੇ ਵੰਸ਼ ਨਾਲ ਸਹਿਯੋਗ ਕਰਨ ਦੀ ਮਿਸਾਲ ਜਾਪਦੀ ਹੈ।

ਇੱਥੇ ਕੋਈ ਵੀ ਇਹ ਸੁਆਲ ਖੜ੍ਹਾ ਕਰ ਸਕਦਾ ਹੈ ਕਿ ਕਿਉਂ ਕੁਝ ਪੌਦਿਆਂ ਦੀ ਗੰਧ ਇੰਨੀ ਚੰਗੀ ਹੁੰਦੀ ਹੈ ਤੇ ਕੁਝ ਦੀ ਬੜੀ ਭੈੜੀ ਹੁੰਦੀ ਹੈ। ਚਮੇਲੀ ਜਾਂ ਗੁਲਾਬ ਦੀ ਭਿੰਨੀ ਭਿੰਨੀ ਖੁਸ਼ਬੂ ਜਾਂ ਕੁਝ ਘੱਟ ਲੁਭਾਵਣੀ ਜਿਵੇਂ ‘ਰਾਫਲੇਸ਼ੀਆ’ ਜਾਂ ‘ਅਮੋਰਫੋਫੈਲਸ’ ਦੇ ਫੁੱਲਾਂ ਵੱਲੋਂ ਪੈਦਾ ਕੀਤੀ ਗਲੇ-ਸੜੇ ਮਾਸ ਦੀ ਦੁਰਗੰਧ ਵਰਗੀ, ਪਰਾਗ ਵਾਹਕਾਂ ਲਈ ਸੰਦੇਸ਼ ਹੁੰਦਾ ਹੈ। ਦਰਅਸਲ, ਪੌਦੇ ਆਪਣੇ ਗੁਆਂਢੀ ਪੌਦਿਆਂ ਜਾਂ ਕੀੜੇ-ਮਕੌੜਿਆਂ ਤੇ ਹੋਰ ਪ੍ਰਾਣੀਆਂ ਨਾਲ ਢੇਰ ਸਾਰੀ ਸੂਚਨਾ ਸਾਂਝੀ ਕਰਦੇ ਹਨ। ਪੌਦੇ ਆਪਣੇ ਪ੍ਰਜਨਣ ਲਈ ਪ੍ਰਾਣੀਆਂ ਦਾ ਵੀ ਲਾਹਾ ਲੈਂਦੇ ਹਨ।

ਬਹੁਤ ਸਾਰੇ ਪੌਦੇ, ਪਰਾਗ ਵਾਹਕਾਂ ਨੂੰ ਰਿਝਾਉਣ-ਭਰਮਾਉਣ ਲਈ ਜਟਿਲ ਦਾਅਪੇਚ ਵਰਤਦੇ ਹਨ ਜਾਂ ਸਿੱਧੇ ਛਲ ਰਾਹੀਂ ਜਾਂ ਲਾਲਚ ਦਾ ਸੰਦੇਸ਼ ਦੇ ਕੇ ਖਾਧ ਪਦਾਰਥ ਜਾਂ ਲੁਭਾਵਣੇ ਰੰਗ ਬਿਖੇਰਦੇ ਹਨ। ਨਵੀਂ ਖੋਜ ਦਰਸਾਉਂਦੀ ਹੈ ਕਿ ਕੁਝ ਪੌਦੇ ਭਿੰਨ ਭਿੰਨ ਪਰਾਗ ਵਾਹਕਾਂ ਵਿਚ ਫਰਕ ਵੀ ਕਰਦੇ ਹਨ ਅਤੇ ਉਨ੍ਹਾਂ ਵਿਚੋਂ ਸਭ ਤੋਂ ਬਿਹਤਰ ਲਈ ਹੀ ਪਰਾਗ ਕਣ ਪੈਦਾ ਕਰਦੇ ਹਨ। ‘ਆਰਕਿਡ’ (ਰੰਗ-ਬਿਰੰਗੇ ਫੁੱਲਾਂ ਵਾਲੇ ਪੌਦੇ) ਜਿਨ੍ਹਾਂ ਅੰਦਰ ਆਪਣੇ ਪਰਾਗ ਕਣ ਬਿਖੇਰਨ ਖ਼ਾਤਰ ਕੀਟਾਂ ਨੂੰ ਖਿੱਚਣ ਲਈ ਸ਼ਹਿਦ-ਰਸ ਨਹੀਂ ਹੁੰਦਾ, ਕੀਟਾਂ ਨੂੰ ਵੇਧੇਰੇ ਸੁੰਦਰ ਫੁਲਾਂ ਦੀ ਖੁਸ਼ਬੂ ਰਾਹੀਂ ਭਰਮਾਉਂਦੇ ਹਨ ਜਾਂ ਸੰਭਾਵੀ ਸੰਭੋਗੀ ਸਾਥੀ ਦਾ ਸਾਂਗ ਧਾਰਦੇ ਹਨ।

‘ਡੈਡਰੋਬੀਅਮ ਸਾਈਨੈਸ’ ਪ੍ਰਜਾਤੀ ਦਾ ਆਰਕਿਡ (ਜਿਹੜਾ ਚੀਨੀ ਟਾਪੂ ਹੈਨਾਨ ਵਿਚ ਮਿਲਦਾ ਹੈ) ਦਾ ਫੁੱਲ ਅਜਿਹਾ ਵਾਸ਼ਪਸ਼ੀਲ ਜੈਵਿਕ ਰਸਾਇਣ ਜਾਂ ‘ਮਧੂਮੱਖੀ ਫੈਰੋਮੋਨ’ ਰਸ ਛੱਡ ਕੇ ਪਰਾਗ ਵਾਹਕ ਦੋ-ਰੰਗੇ ਭੂੰਡਾਂ ਨੂੰ ਮੂਰਖ ਬਣਾਉਂਦਾ ਹੈ ਜਿਸ ਰਸਾਇਣ ਨੂੰ ਮਧੂਮੱਖੀਆਂ ਚਿਤਾਵਨੀ ਦੇਣ ਲਈ ਵਰਤਦੀਆਂ ਹਨ। ਇਹ ਖੋਜ ਇਸ ਗੁੱਥੀ ਨੂੰ ਸੁਲਝਾਉਂਦੀ ਹੈ ਕਿ ਕਿਉਂ ਇਹ ਭੂੰਡ ਜੋ ਆਪਣੇ ਲਾਰਵੇ ਦੀ ਖੁਰਾਕ ਲਈ ਮਧੂਮੱਖੀਆਂ ਦਾ ਸ਼ਿਕਾਰ ਕਰਦੇ ਹਨ, ਉਨ੍ਹਾਂ ਫੁੱਲਾਂ ਉਪਰ ਮੰਡਰਾਉਂਦੇ ਨਜਰ ਆਉਂਦੇ ਹਨ ਜਿਨ੍ਹਾਂ ਅੰਦਰ ਕੋਈ ਸ਼ਹਿਦ-ਰਸ ਨਹੀਂ ਹੁੰਦਾ। ਜਿਹੜਾ ਰਸਾਇਣ ਇਹ ਆਰਕਿਡ ਪੌਦੇ ਪੈਦਾ ਕਰਦੇ ਹਨ, ਉਹ ਰਸਾਇਣ ਕੀਟ ਸੰਸਾਰ ਅੰਦਰ ਵੀ ਮਿਲਣਾ ਦੁਰਲੱਭ ਹੈ। ਇਸ ਰਸਾਇਣ ਦਾ ਕਦੇ ਵੀ, ਕਿਸੇ ਵੀ ਹੋਰ ਪੌਦੇ ਅੰਦਰ ਮਿਲਣ ਦਾ ਵਰਣਨ ਨਹੀਂ ਮਿਲਦਾ।

ਕੁਝ ਕੁ ਬੁੱਧੀਮਾਨੀ ਵੀ

ਬਹੁਤ ਪਹਿਲਾਂ ਮਹਾਨ ਭਾਰਤੀ ਜੈਵਿਕ ਭੌਤਿਕ ਵਿਗਿਆਨੀ ਸਰ ਜਗਦੀਸ਼ ਚੰਦਰ ਬੋਸ ਨੇ ਦਰਸਾਇਆ ਸੀ ਕਿ ਪੌਦੇ ਵੀ ਆਪਣੇ ਤਰੀਕੇ ਨਾਲ ਮਹਿਸੂਸ ਕਰਨ ਦੇ ਸਮਰੱਥ ਹੁੰਦੇ ਹਨ। ਅੱਜ ਅਸੀਂ ਜਾਣਦੇ ਹਾਂ ਕਿ ਪੌਦੇ ਚੰਗੇ-ਮਾੜੇ ਦੀ ਪਛਾਣ ਕਰ ਸਕਦੇ ਹਨ ਤੇ ਉਹ ਆਪਣੀ ਪਸੰਦ ਤੇ ਨਾਪਸੰਦਗੀ ਵਿਚ ਨਿਖੇੜਾ ਕਰਨ ਦੀ ਸੂਝ ਵੀ ਰੱਖਦੇ ਹਨ। ਪੌਦੇ ਦੀ ਹਰ ਪਸੰਦ ਆਪਣੀ ਗਿਣਤੀ ਮਿਣਤੀ ’ਤੇ ਆਧਾਰਿਤ ਹੁੰਦੀ ਹੈ। ਇਸ ਤੋਂ ਵੀ ਅੱਗੇ ਪੌਦੇ ਗੰਧ ਨੂੰ ਵੀ ਫੜ ਸਕਦੇ ਹਨ, ਆਪਣੀਆਂ ਜੜ੍ਹਾਂ ਰਾਹੀਂ ਜ਼ਮੀਨ ਅੰਦਰਲੀ ਅੜਚਨ ਭਾਂਪ ਸਕਦੇ ਹਨ ਜਾਂ ਥਰਥਰਾਹਟ ਨੂੰ ਵੀ ਸੁਣ ਸਕਦੇ ਹਨ। ਪੌਦੇ ਸੌਣ ਅਤੇ ਖੇਡਣ ਦੇ ਸਮਰੂਪ ਵਿਹਾਰ ਵੀ ਕਰਦੇ ਹਨ। ਮਨੁੱਖ ਅੰਦਰ ਪੰਜ ਮੂਲ ਗਿਆਨ ਇੰਦਰੀਆਂ ਹੁੰਦੀਆਂ ਹਨ ਪਰ ਵਿਗਿਆਨੀਆਂ ਨੇ ਖੋਜਿਆ ਹੈ ਕਿ ਪੌਦਿਆਂ ਅੰਦਰ 20 ਭਿੰਨ ਭਿੰਨ ਗਿਆਨ ਇੰਦਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਆਪਣੇ ਚੌਗਿਰਦੇ ਦੇ ਜਟਿਲ ਹਾਲਾਤ ਦਾ ਨਿਰੀਖਣ ਕਰਨ ਲਈ ਵਰਤਦੇ ਹਨ। ਮੈਨਕਿਊਸੋ ਦੇ ਵਿਚਾਰ ਅਨੁਸਾਰ ਪੌਦਿਆਂ ਅੰਦਰ ਨਾ ਸਿਰਫ ਸਾਡੇ ਵਰਗੀਆਂ ਪੰਜ ਗਿਆਨ ਇੰਦਰੀਆਂ ਹੀ ਹੁੰਦੀਆਂ ਹਨ ਸਗੋਂ ਉਨ੍ਹਾਂ ਅੰਦਰ ਵਾਧੂ ਗਿਆਨ ਇੰਦਰੀਆਂ ਵੀ ਹੁੰਦੀਆਂ ਹਨ ਜਿਹੜੀਆਂ ਨਮੀ ਮਾਪਣ ਜਾਂ ਗੁਰੂਤਾ ਖਿੱਚ ਦਾ ਪਤਾ ਲਾਉਣ ਅਤੇ ਬਿਜਲਈ-ਚੁੰਬਕੀ ਖੇਤਰਾਂ ਨੂੰ ਭਾਂਪਣ ਵਰਗੇ ਕਾਰਜ ਵੀ ਕਰ ਸਕਦੀਆਂ ਹਨ।

ਬੋਸ ਨੇ ਪੌਦਿਆਂ ਦੀ ਨਾੜੀ-ਤੰਤਰ ਕਾਰਜ ਵਿਧੀ, ਭਾਵ ਪੌਦਿਆਂ ਦੀ ਆਪਣੇ ਚੌਗਿਰਦੇ ਨੂੰ ਪਛਾਣਨ ’ਤੇ ਪ੍ਰਤੀਕਰਮ ਕਰਨ ਦੀ ਸਮਰੱਥਾ ਦੀ ਵਿਆਖਿਆ ਵੀ ਕੀਤੀ ਸੀ। ਅਜੇ ਤੱਕ ਭਾਵੇਂ ਇਹ ਸਿੱਧਾ ਨਹੀਂ ਹੋਇਆ ਕਿ ਪੌਦਿਆਂ ਅੰਦਰ ਕਿਸੇ ਕਿਸਮ ਦਾ ਨਾੜੀ-ਤੰਤਰ ਮੌਜੂਦ ਹੁੰਦਾ ਹੈ ਪਰ ਇਹ ਹਕੀਕਤ ਹੈ ਕਿ ਪੌਦੇ ਕਿਸੇ ਵੀ ਹੋਰ ਸਜੀਵ ਪਦਾਰਥਾਂ ਵਾਂਗ ਹੀ ਭਿੰਨ ਭਿੰਨ ਉਤੇਜਨਾਵਾਂ ਪ੍ਰਤੀ ਆਪਣੀਆਂ ਸਰੀਰਕ ਗਤੀਵਿਧੀਆਂ ਰਾਹੀਂ ਪ੍ਰਤੀਕਿਰਿਆ ਕਰਦੇ ਹਨ। ਇਸੇ ਕਰਕੇ ਕੁਝ ਵਿਗਿਆਨੀ ਇਹ ਸਾਬਤ ਕਰਨ ਲਈ ਉਤਸੁਕ ਹਨ ਕਿ ਪੌਦਿਆਂ ਅੰਦਰ ਵੀ ਦਿਮਾਗ ਹੋ ਸਕਦਾ ਹੈ ਜਿਹੜਾ ਉਨ੍ਹਾਂ ਨੂੰ ਪ੍ਰਤੀਕਿਰਿਆ ਕਰਨ ਲਈ ਪ੍ਰੇਰਦਾ ਹੈ। ਮੈਨਕਿਊਸੋ ਨੂੰ ਉਭਰਵਾਂ ਪ੍ਰਮਾਣ ਮਿਲਿਆ ਕਿ ਪੌਦਿਆਂ ਦੀ ਬੁੱਧੀ ਦੀ ਕੁੰਜੀ ਉਸ ਦੀ ਮੂਲ ਜੜ੍ਹ ਜਾਂ ਜੜ੍ਹ ਦੀ ਟੀਸੀ ਅੰਦਰ ਮੌਜੂਦ ਹੁੰਦੀ ਹੈ। ਮੈਨਕਿਉਸੋ ਅਤੇ ਉਸ ਦੇ ਸਹਿ ਕਰਮੀਆਂ ਨੇ ਪੌਦਿਆਂ ਦੇ ਇਸ ਹਿੱਸੇ ਵਿਚੋਂ ਛੱਡੇ ਗਏ ਉਹੋ ਜਿਹੇ ਹੀ ਸੰਕੇਤ ਰਿਕਾਰਡ ਕੀਤੇ ਜਿਹੋ ਜਿਹੇ ਪ੍ਰਾਣੀਆਂ ਦੇ ਦਿਮਾਗ ਵਿਚੋਂ ਨਿਊਰਾਨਾਂ ਵੱਲੋਂ ਦਿੱਤੇ ਜਾਂਦੇ ਹਨ। ਇੱਕੋ ਹੀ ਜੜ੍ਹ-ਟੀਸੀ ਸ਼ਾਇਦ ਬਹੁਤ ਕੁਝ ਨਾ ਕਰ ਸਕਦੀ ਹੋਵੇ ਪਰ ਇੱਕੋ ਹੀ ਜੜ੍ਹ ਦੀ ਥਾਂ ਬਹੁਤੇ ਪੌਦਿਆਂ ਦੀਆਂ ਲੱਖਾਂ ਹੀ ਨਿੱਕੀਆਂ ਨਿੱਕੀਆਂ ਜੜ੍ਹਾਂ ਹੁੰਦੀਆਂ ਹਨ ਤੇ ਹਰ ਇੱਕ ਦੀ ਆਪੋ-ਆਪਣੀ ਮੂਲ ਜੜ੍ਹ ਹੁੰਦੀ ਹੈ। ਇਹ ਪ੍ਰਤੱਖ ਹੋ ਗਿਆ ਹੈ ਕਿ ਮੋਟੇ ਤੌਰ ’ਤੇ ਡਾਰਵਿਨ ਹਮੇਸ਼ਾ ਸਹੀ ਸੀ।

ਇਉਂ ਇੱਕੋ ਹੀ ਸ਼ਕਤੀਸ਼ਾਲੀ ਦਿਮਾਗ ਦੀ ਜਗ੍ਹਾ ਪੌਦਿਆਂ ਅੰਦਰ ਹਿਸਾਬ ਕਿਤਾਬ ਲਾਉਣ ਵਾਲੇ ਲੱਖਾਂ ਹੀ ਨੰਨ੍ਹੇ ਢਾਂਚੇ ਹੁੰਦੇ ਹਨ ਜਿਹੜੇ ਇਕੱਠੇ ਮਿਲ ਕੇ ਇੱਕੋ ਹੀ ਜਟਿਲ ‘ਨੈੱਟਵਰਕ’ ਦਾ ਕੰਮ ਕਰਦੇ ਹਨ। ਇਕੱਲੇ ਪੌਦੇ ਨੂੰ ਬਸਤੀ ਵਾਂਗ ਸਮਝਣਾ ਜ਼ਿਆਦਾ ਬਿਹਤਰ ਹੋਵੇਗਾ। ਇਸੇ ਕਰ ਕੇ ਪੌਦੇ ਦੇ ਕਿਸੇ ਇੱਕ ਪੱਤੇ ਜਾਂ ਇੱਕ ਜੜ੍ਹ ਦੇ ਵਿਨਾਸ਼ ਦੇ ਬਾਵਜੂਦ ਪੌਦਾ ਮਰਦਾ ਨਹੀਂ। ਇਸ ਕ੍ਰਮ-ਵਿਕਾਸ ਚੋਣ ਦੀ ਇਹ ਤਾਕਤ ਹੀ ਹੈ ਜਿਹੜੀ ਪੌਦੇ ਨੂੰ ਆਪਣੇ 90 ਫੀਸਦੀ ਜਾਂ ਇਸ ਤੋਂ ਵੀ ਵਧੇਰੇ ਜੈਵਿਕ ਬਾਲਣ ਦੇ ਵਿਨਾਸ਼ ਤੋਂ ਬਾਅਦ ਵੀ ਜਿਉਂਦਾ ਰੱਖਦੀ ਹੈ। ਇਸ ਪ੍ਰਸੰਗ ਵਿਚ ਮੈਨਕਿਊਸੋ ਦਾ ਵਿਚਾਰ ਹੈ, “ਪੌਦੇ ਵੱਡੀ ਗਿਣਤੀ ਵਿਚ ਮੂਲ ਗਣਕਾਂ ਨਾਲ ਬਣੇ ਹੋਏ ਹੁੰਦੇ ਹਨ ਜਿਹੜੇ ਇੱਕ ਨੈੱਟਵਰਕ ਦੀਆਂ ਗ੍ਰੰਥੀਆਂ ਵਜੋਂ ਅੰਤਰ ਕਿਰਿਆ ਕਰਦੇ ਹਨ। ਜੇ ਪੌਦਿਆਂ ਦਾ ਇੱਕੋ-ਇੱਕ ਹੀ ਦਿਮਾਗ ਹੁੰਦਾ ਤਾਂ ਪੌਦਿਆਂ ਨੂੰ ਮਾਰਨਾ ਬਹੁਤ ਆਸਾਨ ਹੁੰਦਾ। ਇੱਕੋ ਇਕੱਲਾ ਅੰਗ ਜਾਂ ਕੇਂਦਰੀ ਕਾਰਜ ਵਿਵਸਥਾ ਨਾ ਹੋਣ ਦੇ ਕਾਰਨ ਹੀ ਸ਼ਾਇਦ ਪੌਦੇ ਆਪਣੀ ਕਿਰਿਆਸ਼ੀਲਤਾ ਗੁਆਏ ਬਗੈਰ ਬਾਹਰੀ ਹਮਲੇ ਨੂੰ ਸਹਿਣ ਕਰਨ ਦੇ ਸਮਰੱਥ ਹੁੰਦੇ ਹਨ। ਇਸੇ ਕਰ ਕੇ ਪੌਦਿਆਂ ਅੰਦਰ ਦਿਮਾਗ ਨਹੀਂ ਹੁੰਦਾ; ਇਸ ਕਰ ਕੇ ਨਹੀਂ ਕਿ ਉਹ ਬੁੱਧੀਮਾਨ ਨਹੀਂ ਹੁੰਦੇ ਸਗੋਂ ਇਸ ਕਰ ਕੇ ਕਿ ਉਹ ਇਸ ਨਾਲ ਦੁਰਬਲ-ਨਿਤਾਣੇ ਹੋ ਜਾਣੇ ਸਨ।”

ਪੌਦਿਆਂ ਦੇ ਅਧਿਕਾਰ

ਅਰਸਤੂ ਦੇ ਯੁੱਗ ਤੋਂ ਹੀ ਅਸੀਂ ਭਲੀਭਾਂਤ ਜਾਣੂ ਹਾਂ ਕਿ ਪੌਦੇ ਸਜੀਵ ਪਦਾਰਥ ਹੀ ਹਨ। ਡਾਰਵਿਨ ਤੋਂ ਲੈ ਕੇ ਬੋਸ ਤੱਕ ਦੀਆਂ ਲਿਖਤਾਂ ਅਤੇ ਉਸ ਤੋਂ ਬਾਅਦ ਦੇ ਪ੍ਰਮਾਣਾਂ ਦੇ ਆਧਾਰ ’ਤੇ ਅਣੂ ਜੀਵ ਵਿਗਿਆਨ ਦੇ ਤਾਜ਼ਾ ਰੁਝਾਨ ਇਹ ਸਾਬਤ ਕਰਨ ਲਈ ਉਤਸੁਕ ਹਨ ਕਿ ਪੌਦੇ ਆਪਣੀ ਵਿਲੱਖਣ ਸੰਵੇਦਨਾ ਰੱਖਦੇ ਹਨ। ਉਹ ਹੋਰ ਜੀਵਾਂ ਵਾਂਗ ਕਿਸੇ ਵੀ ਉਤੇਜਨਾ ਨੂੰ ਮਹਿਸੂਸ ਕਰਦੇ ਹਨ ਜਾਂ ਆਪਣੀ ਦਰਦ ਪ੍ਰਤੀਕਿਰਿਆ ਨੂੰ ਵੀ ਪ੍ਰਸਾਰਿਤ ਕਰਦੇ ਹਨ। ਇਥੋਂ ਤੱਕ ਕਿ ਉਹ ਪਰਉਪਕਾਰ ਵੀ ਦਿਖਾਉਂਦੇ ਹਨ, ਹਮਦਰਦੀ ਤੇ ਨਿਰਸੁਆਰਥ ਦੀ ਭਾਵਨਾ ਜਿਸ ਦਾ ਉਹ ਹੋਰਨਾਂ ਪੌਦਿਆਂ ਦੇ ਜਿਊਂਦੇ ਰਹਿਣ ਅਤੇ ਦੁਸ਼ਵਾਰੀਆਂ ਨਾਲ ਸਿੱਝਣ ਵਿਚ ਮਦਦ ਵਜੋਂ ਇਜ਼ਹਾਰ ਕਰਦੇ ਹਨ। ਫਿਰ ਪੌਦੇ ਅਧਿਕਾਰਾਂ ਤੋਂ ਕਿਉਂ ਵਾਂਝੇ ਰਹਿਣ? ਸਵਿਟਜ਼ਰਲੈਂਡ ਸਰਕਾਰ ਨੇ ਸਭ ਤੋਂ ਪਹਿਲਾਂ 2008 ਵਿਚ ‘ਪੌਦਿਆਂ ਦੇ ਅਧਿਕਾਰਾਂ ਦਾ ਕਾਨੂੰਨ’ ਪਾਸ ਕੀਤਾ। ਇਸ ਕਾਨੂੰਨ ਦਾ ਤੱਤਸਾਰ ਇਹ ਹੈ ਕਿ ਪੌਦਿਆਂ ਦੇ ਵੀ, ਆਪਣੀ ਸੁਰੱਖਿਆ ਦੇ ਨੈਤਿਕ ਤੇ ਕਾਨੂੰਨੀ ਅਧਿਕਾਰ ਹਨ, ਤੇ ਸਵਿਸ ਨਾਗਰਿਕਾਂ ਨੂੰ ਪੌਦਿਆਂ ਨਾਲ ਵਾਜਿਬ ਵਿਹਾਰ ਕਰਨਾ ਹੋਵੇਗਾ। ਇਸ ਦਾ ਆਮ ਨਾਗਰਿਕ ਲਈ ਕੀ ਅਰਥ ਹੈ? ਜਦ ਸਾਨੂੰ ਵਧ ਰਹੇ ਸੰਕਟ ਬਾਰੇ ਸੋਚ ਵਿਚਾਰ ਕਰਨ ਲਈ ਕਿਹਾ ਜਾਂਦਾ ਹੈ ਜਿਹੜਾ ਪੌਦਿਆਂ ਲਈ ਖ਼ਤਰਾ ਬਣਿਆ ਹੋਇਆ ਹੈ ਤਾਂ ਅਸੀਂ ਇਸ ਬਾਰੇ ਬੇਲਾਗ ਰਹਿਣ ਨੂੰ ਤਰਜੀਹ ਦਿੰਦੇ ਹਾਂ ਪਰ ਸਵਾਲ ਇਹ ਹੈ ਕਿ ਕੀ ਸਾਨੂੰ ਉਨ੍ਹਾਂ ਮੂਕ ਪ੍ਰਾਣੀਆਂ ਪ੍ਰਤੀ ਕੋਈ ਸਰੋਕਾਰ ਨਹੀਂ ਰੱਖਣਾ ਬਣਦਾ ਜਿਨ੍ਹਾਂ ਨੇ ਬਨਸਪਤੀ-ਪ੍ਰਾਣੀ ਸਾਂਝ ਬਣਨ ਦੇ ਪਹਿਲੇ ਹੀ ਦਿਨ ਤੋਂ ਕੁਦਰਤੀ ਤੇ ਮਾਨਵ-ਨਿਰਮਤ ਖ਼ਤਰਿਆਂ ਦਾ ਸਾਹਮਣਾ ਕਰਦੇ ਹੋਏ ਖ਼ੁਦ ਨੂੰ ਜਿਊਂਦੇ ਰੱਖਿਆ ਹੈ? ਇੱਕ ਮੁੱਦਾ ਹੋਰ ਵੀ ਹੈ। ਹੁਣ ਜਦ ਸਾਨੂੰ ਇਹ ਪਤਾ ਹੈ ਕਿ ਪੌਦਿਆਂ ਅੰਦਰ ਵੀ ਭਾਵਨਾਵਾਂ ਹੁੰਦੀਆਂ ਹਨ ਤੇ ਉਹ ਪ੍ਰਾਣੀਆਂ ਵਾਂਗ ਬੁੱਧੀ ਵੀ ਰੱਖਦੇ ਹਨ ਤਾਂ ਕੀ ਇਹ ਕਹਿਣਾ ਵਾਜਿਬ ਹੋਵੇਗਾ ਕਿ ਪ੍ਰਾਣੀਆਂ ਦੀ ਬੇਵਜ੍ਹਾ ਹੱਤਿਆ ਕਰਨ ਤੋਂ ਬਚਣ ਲਈ ਸ਼ਾਕਾਹਾਰ ਅਪਣਾਇਆ ਜਾਵੇ? ਕੀ ਇਹ ਕਰੂਰਤਾ ਨਹੀਂ ਹੈ, ਜਦਕਿ ਅਸੀਂ ਇਸ ’ਤੇ ਸਹਿਮਤ ਹਾਂ ਕਿ ਪੌਦੇ, ਪ੍ਰਾਣੀ ਜਗਤ ਦਾ ਹੀ ਸਮਰੂਪ ਹੈ?

ਜੇ ਅਸੀਂ ਇਨ੍ਹਾਂ ਸਾਰੀਆਂ ਵਿਚਾਰ-ਚਰਚਾਵਾਂ ਨੂੰ ਪਾਸੇ ਵੀ ਰੱਖ ਦੇਈਏ ਕਿ ਕੀ ਪੌਦਿਆਂ ਅੰਦਰ ਬੁੱਧੀ ਜਾਂ ਸੰਵੇਦਨਾ ਹੁੰਦੀ ਹੈ ਜਾਂ ਮਨੁੱਖਾਂ ਵਾਂਗ ਆਪਣੀ ਹੋਂਦ ਕਾਇਮ ਰੱਖਣ ਲਈ ਕੀ ਉਨ੍ਹਾਂ ਦੇ ਵੀ ਕੋਈ ਅਧਿਕਾਰ ਹੋਣੇ ਚਾਹੀਦੇ ਹਨ, ਫਿਰ ਵੀ ਅਸੀਂ ਇਸ ਸਹਿਜ ਹਕੀਕਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਜੇ ਪੌਦਿਆਂ ਦੀ ਹੋਂਦ ਮਿਟ ਗਈ ਤਾਂ ਸਾਡੀ ਹੋਂਦ ਵੀ ਨਾਲ ਹੀ ਮਿਟ ਜਾਵੇਗੀ। (ਸਰੋਤ: ਵਿਗਿਆਨ ਪਤ੍ਰਿਕਾ)

ਅਨੁਵਾਦ: ਯਸ਼ ਪਾਲ

ਸੰਪਰਕ: 98145-35005

Source link