ਰਣਬੀਰ ਸਿੰਘ ਮਿੰਟੂ

ਚੇਤਨਪੁਰਾ, 4 ਅਗਸਤ

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਲ ਸਚੰਦਰ ਦੇ ਜੰਮਪਲ ਲਵਪ੍ਰੀਤ ਸਿੰਘ ਨੇ ਇੰਗਲੈਂਡ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਵੇਟਲਿਫਟਿੰਗ ਵਿੱਚ 109 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਲਵਪ੍ਰੀਤ ਨੇ ਸਨੈਚ ਵਿੱਚ 163 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 192 ਕਿਲੋਗ੍ਰਾਮ ਭਾਰ ਚੁੱਕਿਆ। ਉਸ ਨੇ ਕੁੱਲ 355 ਕਿਲੋਗ੍ਰਾਮ ਭਾਰ ਚੁੱਕ ਕੇ ਤੀਜਾ ਸਥਾਨ ਹਾਸਲ ਕੀਤਾ। ਕਾਂਸੀ ਦਾ ਤਗ਼ਮਾ ਜਿੱਤਣ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।

ਸਰਪੰਚ ਗੁਰਵੇਲ ਸਿੰਘ, ਜੁਗਰਾਜ ਸਿੱਧੂ, ਹਰਵਿੰਦਰ ਸਿੰਘ ਬੱਲ ਅਤੇ ਪੁਲੀਸ ਥਾਣਾ ਹਵਾਈ ਅੱਡਾ ਦੇ ਮੁਖੀ ਸੁਪਿੰੰਦਰ ਕੌਰ, ਲਵਪ੍ਰੀਤ ਸਿੰਘ ਦੇ ਘਰ ਪੁੱਜੇ ਤੇ ਪਿਤਾ ਕਿਰਪਾਲ ਸਿੰਘ ਤੇ ਮਾਂ ਸੁਖਵਿੰਦਰ ਕੌਰ ਨੂੰ ਵਧਾਈਆਂ ਦਿੱਤੀਆਂ। ਪਿੰਡ ਵਾਸੀਆਂ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਬਚਪਨ ਵਿੱਚ ਪਤਲਾ ਦਿਖਾਈ ਦਿੰਦਾ ਸੀ ਅਤੇ ਸ਼ਾਂਤ ਚਿੱਤ ਰਹਿੰਦਾ ਸੀ। ਲਵਪ੍ਰੀਤ ਦਾ ਸਾਰਾ ਬਚਪਨ ਕੱਚੇ ਘਰ ਵਿੱਚ ਬੀਤਿਆ। ਉਸ ਦੇ ਦਾਦਾ ਗੁਰਮੇਜ ਸਿੰਘ ਸਬਜ਼ੀ ਵੇਚਦੇ ਸਨ ਤੇ ਲਵਪ੍ਰੀਤ ਵੀ ਸਕੂਲੋਂ ਆਉਂਦੇ ਹੀ ਆਪਣੇ ਦਾਦੇ ਨਾਲ ਸਬਜ਼ੀ ਵੇਚਣ ਚਲਾ ਜਾਂਦਾ ਸੀ।

ਉਸ ਦੀ ਦਾਦੀ ਜਸਬੀਰ ਕੌਰ ਨੇ ਦੱਸਿਆ ਕਿ ਉਸ ਦੇ ਪੋਤੇ ਦੀ ਕਿਸਮਤ ਨੇ ਉਸ ਸਮੇਂ ਕਰਵਟ ਲਿਆ ਜਦੋਂ ਉਸ ਨੇ ਨੇਵੀ ਦਾ ਇਮਤਿਹਾਨ ਪਾਸ ਕੀਤਾ। ਲਵਪ੍ਰੀਤ ਦੀ ਮਾਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ਲਈ ਇੰਗਲੈਂਡ ਜਾਣ ਤੋਂ ਪਹਿਲਾਂ ਲਵਪ੍ਰੀਤ ਨੇ ਉਸ ਨੂੰ ਫੋਨ ਕਰਕ ੇ ਗੁਰੂਆਂ ਅੱਗੇ ਉਸ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਕਿਹਾ ਸੀ। ਉਹ ਸਖ਼ਤ ਮਿਹਨਤ ਤੋਂ ਬਾਅਦ ਇਸ ਮੁਕਾਮ ’ਤੇ ਪੁੱਜਿਆ ਹੈ।

Source link