ਗੁਰਸੇਵਕ ਸਿੰਘ ਪ੍ਰੀਤ

ਸ੍ਰੀ ਮੁਕਤਸਰ ਸਾਹਿਬ, 23 ਮਈ

ਜੰਗ ਕਾਰਨ ਯੂਕਰੇਨ ਤੋਂ ਆਪਣੀ ਡਾਕਟਰੀ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਜਾਨ ਬਚਾਅ ਕੇ ਘਰਾਂ ਨੂੰ ਪਰਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਜੇ ਖ਼ਤਮ ਨਹੀਂ ਹੋਈਆਂ| ਹੁਣ ਇਨ੍ਹਾਂ ਵਿਦਿਆਰਥੀਆਂ ਮੂਹਰੇ ਵੱਡੀ ਚਿੰਤਾ ਆਪਣੀ ਪੜ੍ਹਾਈ ਪੂਰੀ ਕਰਨ ਦੀ ਹੈ| ਭਾਵੇਂ ਯੂਕਰੇਨ ਦੀਆਂ ਯੂਨੀਵਰਸਿਟੀਆਂ ਨੇ ਆਨਲਾਈਨ ਪੜ੍ਹਾਈ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਇਹ ਸਿਰਫ਼ ਜੁਲਾਈ ਤੱਕ ਹੀ ਹੈ| ਉਸ ਤੋਂ ਬਾਅਦ ਅਗਲੀ ਪੜ੍ਹਾਈ ਵਾਸਤੇ ਕੋਈ ਦਿਸ਼ਾ-ਨਿਰਦੇਸ਼ ਨਹੀਂ ਹਨ| ਵਿਦਿਆਰਥੀਆਂ ਦੇ ਮਾਪਿਆਂ ਰਣਜੀਤ ਸਿੰਘ ਥਾਂਦੇਵਾਲਾ, ਕੁਲਦੀਪ ਸਿੰਘ ਜੌੜਾ, ਗੁਰਤੇਜ ਸਿੰਘ ਢਿੱਲੋਂ, ਗੁਰਮਖ ਸਿੰਘ ਤੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਬੱਚੇ ਭਾਰੀ ਮਾਨਸਿਕ ਪ੍ਰੇਸ਼ਾਨੀ ਵਿੱਚ ਹਨ| ਉਨ੍ਹਾਂ ਨੂੰ ਬੱਚਿਆਂ ਦੇ ਭਵਿੱਖ ਦੀ ਚਿੰਤਾ ਵੱਢ-ਵੱਢ ਖਾਂਦੀ ਹੈ| ਉਨ੍ਹਾਂ ਦੱਸਿਆ ਕਿ ਮੁੱਖ ਸਮੱਸਿਆ ਇਹ ਹੈ ਕਿ ਯੂਕਰੇਨ ਵਿੱਚ ਜੰਗ ਅਜੇ ਵੀ ਜਾਰੀ ਹੈ| ਇਸ ਲਈ ਉੱਥੇ ਜਾ ਕੇ ਪੜ੍ਹਨਾ ਸੰਭਵ ਨਹੀਂ ਹੈ| ਉਨ੍ਹਾਂ ਦੱਸਿਆ ਕਿ ਪੱਛਮੀ ਬੰਗਾਲ, ਕਰਨਾਟਕ, ਤਾਮਿਲਨਾਡੂ ਤੇ ਹਰਿਆਣਾ ਆਦਿ ਦੀਆਂ ਸਰਕਾਰਾਂ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੀ ਬਾਕੀ ਰਹਿੰਦੀ ਪੜ੍ਹਾਈ ਭਾਰਤ ਵਿਚ ਹੀ ਕਰਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੀਆਂ ਹਨ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਪ੍ਰਬੰਧ ਭਾਰਤ ਵਿੱਚ ਹੀ ਕਰੇ| ਪੰਜਾਬ ਦੇ ਹਜ਼ਾਰ ਤੋਂ ਵੱਧ ਵਿਦਿਆਰਥੀ ਯੂਕਰੇਨ ਤੋਂ ਪਰਤੇ ਹਨ ਜਿਨ੍ਹਾਂ ਦੀ ਪੜ੍ਹਾਈ ਅੱਧਵਾਟੇ ਰਹਿ ਗਈ ਹੈ| ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਮਿਲ ਕੇ ਆਪਣੀ ਸਮੱਸਿਆ ਦੇ ਹੱਲ ਲਈ ਅਪੀਲ ਕਰਨਗੇ|

Source link