ਦਰਬਾਰਾ ਸਿੰਘ ਕਾਹਲੋਂ

ਅਕਸਰ ਇਤਿਹਾਸ, ਸਮਾਜ ਅਤੇ ਸਾਹਿਤ ਵਿਚ ਸਥਾਪਿਤ ਰਾਜਸ਼ਾਹੀਆਂ, ਜਗੀਰਦਾਰੂ ਪੀੜ੍ਹੀਆਂ, ਸੱਤਾਧਾਰੀ ਰਾਜਨੀਤੀਵਾਨ, ਉੱਚ ਅਫਰਸ਼ਾਹ ਪਰਿਵਾਰਾਂ ਨੂੰ ਬਹੁਤ ਵਧੀਆ ਸਲੀਕੇ, ਵਿਚਾਰਾਂ, ਆਦਤਾਂ ਵਾਲੇ ਭੱਦਰ ਲੋਕ ਗਰਦਾਨਿਆ ਜਾਂਦਾ ਹੈ ਪਰ ਜਿੰਨਾ ਮਾੜਾ ਵਿਹਾਰ ਇਨ੍ਹਾਂ ਨੇ ਇਤਿਹਾਸ, ਸਮਾਜ ਤੇ ਸਹਿਤ ਵਿਚ ਕੀਤਾ, ਉਸ ਦਾ ਕੋਈ ਹਿਸਾਬ ਨਹੀਂ ਅਤੇ ਇਹ ਕਿਸੇ ਬਦਬੂ ਤੋਂ ਘੱਟ ਨਹੀਂ ਹੁੰਦੇ। ਚਾਰ ਚੁਫੇਰੇ ਵਿਸ਼ਵ ਦੇ ਕੋਨੇ ਕੋਨੇ ਵਿਚ ਨਾਮੁਰਾਦ ਬਦਬੂ ਦੇ ਅਨੇਕ ਕਿੱਸੇ ਹਨ।

ਐਸੀ ਹੀ ਬਦਬੂ ਦੇ ਪੰਨਿਆਂ ਨਾਲ ਲਬਰੇਜ਼ ਯਾਦਾਂ ਦਾ ਟੋਕਰੇ ਵਿਚ ਪਰੋਸੇ ਕਿਰਦਾਰ ਵਿਸ਼ਵ ਪ੍ਰਸਿੱਧ ਬਰਤਾਨਵੀ ਰਾਜਸ਼ਾਹੀ ਦੇ ਛੋਟੇ ਚਿਰਾਗ 38 ਸਾਲ ਡਿਊਕ ਆਫ ਸਸੈਕਸ, ਪ੍ਰਿੰਸ ਹੈਰੀ ਅਤਿ ਬੇਬਾਕੀ ਨਾਲ ‘ਸਪੇਅਰ’ ਭਾਵ ‘ਪੰਜਵਾਂ ਟਾਇਰ’ ਦੇ ਕਿਤਾਬਚੇ ਦੇ ਰੂਪ ਵਿਚ ਪੇਸ਼ ਕਰ ਰਹੇ ਹਨ। ਇਹ ਕਿਤਾਬਚਾ ਇਕੋ ਵੇਲੇ ਕਈ ਭਾਸ਼ਾਵਾਂ ਵਿਚ ਮਸ਼ਹੂਰ ਪੈਂਗੁਇਨ ਰੈਂਡਮ ਹਾਊਸ ਨੇ 10 ਜਨਵਰੀ 2023 ਨੂੰ ਰਿਲੀਜ਼ ਕੀਤਾ ਹੈ। ਇਸ ਦੇ ਕੁਝ ਅੰਸ਼ ਜੋ ਪਹਿਲਾਂ ਲੀਕ ਹੋ ਗਏ, ਬ੍ਰਿਟੇਨ ਦੀ ਨਾਮਵਰ ਅਖਬਾਰ ‘ਗਾਰਡੀਅਨ’ ਨੇ ਛਾਪੇ ਹਨ ਜਿਸ ਪਿੱਛੋਂ ਪ੍ਰੈੱਸ ਵਿਚ ਇਨ੍ਹਾਂ ਸੰਬੰਧੀ ਤਹਿਲਕਾ ਮੱਚ ਗਿਆ। ਇਸ ਕਿਤਾਬਚੇ ਦੇ ਸਿਰਲੇਖ ਬਾਰੇ ਜ਼ਿਕਰ ਕਰਦਿਆਂ ਪ੍ਰਿੰਸ ਹੈਰੀ ਦਰਸਾਉਂਦੇ ਹਨ ਕਿ ਇਸ ਦਾ ਪਤਾ ਉਸ ਨੂੰ ਉਸ ਦੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਤੋਂ ਲੱਗਿਆ ਸੀ। ਜਿਸ ਦਿਨ ਉਹ ਪੈਦਾ ਹੋਇਆ, ਉਸ ਦੇ ਪਿਤਾ ਜੋ ਲੰਮਾ ਸਮਾਂ ਬ੍ਰਿਟਿਸ਼ ਤਾਜ ’ਤੇ ਬਿਰਾਜਮਾਨ ਰਹੀ ਮਹਾਰਾਣੀ ਐਲਿਜ਼ਬਥ ਦੀ ਮੌਤ ਤੋਂ ਬਾਅਦ ਬਾਦਸ਼ਾਹ ਚਾਰਲਸ ਵਜੋਂ ਬਿਰਾਜਮਾਨ ਹੋਇਆ, ਨੇ ਉਸ ਦੀ ਮਾਂ ਨੂੰ ਕਿਹਾ, “ਸ਼ਾਨਦਾਰ! ਤੂੰ ਮੈਨੂੰ ਉਤਰਾਧਿਕਾਰੀ ਅਤੇ ਸਪੇਅਰ (ਪੰਜਵਾਂ ਟਾਇਰ) ਦਿੱਤਾ, ਮੇਰਾ ਕਾਰਜ ਪੂਰਾ ਹੋ ਗਿਆ ਹੈ।”

ਦਰਅਸਲ ਪ੍ਰਿੰਸ ਹੈਰੀ ਤੋਂ ਉਸ ਦਾ ਵੱਡਾ ਭਰਾ ਜੋ ਡਿਊਕ ਆਫ ਵੇਲਜ਼ ਵਜੋਂ ਜਾਣਿਆ ਜਾਂਦਾ ਪ੍ਰਿੰਸ ਵਿਲੀਅਮ ਦੋ ਸਾਲ ਪਹਿਲਾਂ ਡਾਇਨਾ ਦੇ ਉਦਰ ਵਿਚੋਂ ਪੈਦਾ ਹੋਇਆ ਸੀ। ਉਹ ਰਾਜਸ਼ਾਹੀ ਦਾ ਪਹਿਲਾ ਉੱਤਰਾਧਿਕਾਰੀ ਸੀ। ਸ਼ਾਇਦ ਬਾਦਸ਼ਾਹ ਚਾਰਲਸ ਉਦੋਂ ਸੋਚਦਾ ਹੋਵੇਗਾ ਕਿ ਨਾ-ਖੁਦਾ ਜੇ ਵੱਡੇ ਸ਼ਹਿਜ਼ਾਦੇ ਨੂੰ ਕੋਈ ਅਬੀ-ਨਬੀ ਹੁੰਦੀ ਹੈ ਤਾਂ ਫਿਰ ਪੰਜਵੇਂ ਟਾਇਰ ਵਜੋਂ ਪੈਦਾ ਹੋਇਆ ਪ੍ਰਿੰਸ ਹੈਰੀ ਉਤਰਾਧਿਕਾਰੀ ਵਜੋਂ ਮੌਜੂਦ ਹੋਵੇਗਾ।

ਵਰਨਣਯੋਗ ਹੈ ਕਿ ਅਕਸਰ ਮੀਡੀਆ ਰਾਜਕੁਮਾਰੀ ਡਾਇਨਾ ਦੇ ਖੁੱਲ੍ਹੇ-ਡੁੱਲ੍ਹੇ, ਬਾਗੀਆਨਾ ਸੁਭਾਅ ਅਤੇ ਕੈਮਿਲਾ (ਹੁਣ ਬਾਦਸ਼ਾਹ ਚਾਰਲਸ ਦੀ ਪਤਨੀ) ਦੇ ਸ਼ਾਦੀ ਤੋਂ ਪਹਿਲਾਂ ਦੇ ਪ੍ਰੇਮ ਸਬੰਧ ਹੋਣ ਕਰ ਕੇ ਪੈਦਾ ਹੋਏ ਘਰੇਲੂ ਤਣਾਅ ਦੌਰਾਨ ਬੇਵਫਾਈਆਂ ਦੇ ਦੌਰ ਕਰ ਕੇ ਪ੍ਰਿੰਸ ਹੈਰੀ ਨੂੰ ਮੇਜਰ ਜੇਮਜ਼ ਹਿਊਇਟ ਦੀ ਔਲਾਦ ਦਰਸਾਉਂਦਾ ਰਿਹਾ ਹੈ। ਪ੍ਰਿੰਸ ਹੈਰੀ ਅਨੁਸਾਰ ਉਸ ਦਾ ਪਿਤਾ ਬਾਦਸ਼ਾਹ ਚਾਰਲਸ ਅਕਸਰ ਹਾਸੇ-ਮਜ਼ਾਕ ਜਾਂ ਤਨਜ਼ ਨਾਲੇ’ ਉਸ ਦਾ ਅਸਲੀ ਪਿਤਾ ਨਾ ਜਾਣੇ ਕੌਣ ਹੈ’, ਕਹਿੰਦਾ ਰਿਹਾ ਹੈ। ਇਸ ਸੰਬੰਧੀ ਪ੍ਰਿੰਸ ਹੈਰੀ ਸਚਾਈ ਭਰਿਆ ਭੇਤ ਆਪਣੇ ਕਿਤਾਬਚੇ ਵਿਚ ਖੋਲ੍ਹਦਾ ਹੈ ਕਿ ਹਕੀਕਤ ਇਹ ਹੈ, ਮੇਜਰ ਹਿਊਇਟ ਉਸ ਦੀ ਮਾਂ ਦੇ ਸੰਪਰਕ ਵਿਚ ਉਸ ਦੇ ਜਨਮ ਤੋਂ ਬਹੁਤ ਸਮਾਂ ਬਾਅਦ ਵਿਚ ਆਇਆ ਸੀ।

ਉਨ੍ਹਾਂ ਦੀ ਮਾਂ ਦੋਹਾਂ ਭਰਾਵਾਂ ਵਿਲੀਅਮ ਅਤੇ ਹੈਰੀ ਨੂੰ ਜੀਅ-ਜਾਨ ਨਾਲ ਚਾਹੁੰਦੀ ਸੀ। ਜਦੋਂ ਉਸ ਦੀ ਮੌਤ ਫਰਾਂਸ ਅੰਦਰ ਸੜਕ ਹਾਦਸੇ ਵਿਚ ਹੋਈ, ਉਸ ਸਮੇਂ ਉਸ ਨਾਲ ਫਿਲਮ ਨਿਰਮਾਤਾ ਡੋਡੀ ਫਾਇਦ ਵੀ ਸੀ ਜੋ ਨਾਲ ਹੀ ਮਾਰਿਆ ਗਿਆ। ਆਪਣੀ ਮਾਂ ਦੀ ਮੌਤ ਦੀ ਖਬਰ ਦਾ ਵਰਨਣ ਕਰਦੇ ਉਹ ਲਿਖਦਾ ਹੈ ਕਿ ਉਦੋਂ ਉਹ 12 ਸਾਲ ਦਾ ਸੀ। ਉਸ ਦਾ ਪਿਤਾ ਆਇਆ ਤੇ ਉਸ ਦੇ ਬਿਸਤਰੇ ’ਤੇ ਕਿਨਾਰੇ ਉੱਤੇ ਬੈਠ ਗਿਆ ਅਤੇ ਕਹਿਣ ਲਗਾ, “ਮੇਰੇ ਪਿਆਰੇ ਪੁੱਤਰ, ਮੰਮੀ (ਡਾਇਨਾ) ਦੀ ਕਾਰ ਦੁਰਘਟਨਾ-ਗ੍ਰਸਤ ਹੋ ਗਈ ਹੈ। ਕੁਝ ਪੇਚੀਦਗੀਆਂ ਦਰਪੇਸ਼ ਹਨ। ਮੰਮੀ ਬੁਰੀ ਤਰ੍ਹਾਂ ਜਖ਼ਮੀ ਹੋਈ ਹੈ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।”

“ਉਹ ਮੈਨੂੰ ਵਾਰ ਵਾਰ ‘ਪਿਆਰੇ ਪੁੱਤਰ’ ਨਾਲ ਮੁਖਾਤਬ ਹੋ ਰਿਹਾ ਸੀ। ਹੌਲੀ ਹੌਲੀ ਬੋਲ ਰਿਹਾ ਸੀ। ਇਸ ਤੋਂ ਮੈਨੂੰ ਪ੍ਰਭਾਵ ਮਹਿਸੂਸ ਹੋ ਰਿਹਾ ਸੀ ਕਿ ਉਹ ਸਦਮੇ ਵਿਚ ਹੈ”, ਪਰ ਉਸ ਨੇ ਮੈਨੂੰ ਗਲਵੱਕੜੀ ਵਿਚ ਲੈਣ ਦੀ ਜ਼ਹਿਮਤ ਨਾ ਕੀਤੀ। ਬੱਸ ਮੇਰੇ ਗੋਡੇ ’ਤੇ ਹੀ ਹੱਥ ਰੱਖ ਕੇ ਸੰਵੇਦਨਸ਼ੀਲਤਾ ਦਾ ਮੁਜ਼ਾਹਰਾ ਕਰਨਾ ਚਾਹਿਆ। ਜ਼ਾਹਿਰ ਹੈ ਕਿ ਪ੍ਰਿੰਸ ਚਾਰਲਸ ਸੁਹਿਰਦ ਪਤੀ ਵਜੋਂ ਆਹਤ ਨਹੀਂ ਸੀ ਮਹਿਸੂਸ ਕਰ ਰਿਹਾ।

ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ, ਦੋਵੇਂ ਭਰਾ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦਾ ਪਿਤਾ ਅਜੋਕੀ ਰਾਣੀ ਪਤਨੀ ਕੈਮਿਲਾ ਪਾਰਕਰ ਬਾਊਲਜ਼ (ਜੋ ਪਹਿਲਾਂ ਸ਼ਾਦੀਸ਼ੁਦਾ ਸੀ) ਨਾਲ ਸ਼ਾਦੀ ਨਾ ਕਰੇ। ਉਨ੍ਹਾਂ ਨੂੰ ਡਰ ਸੀ ਕਿ ਉਹ ਕਿਤੇ ‘ਮਾੜੀ ਮਤਰੇਈ ਮਾਂ’ ਨਾ ਸਾਬਤ ਹੋਵੇ ਲੇਕਿਨ ਉਨ੍ਹਾਂ ਨੂੰ ਆਪਣੇ ਪਿਤਾ ਦੀ ਖਾਹਿਸ਼ ਅੱਗੇ ‘ਮਰਦੀ ਨੇ ਅੱਕ ਚੱਬਿਆ’ ਵਜੋਂ ਝੁਕਣਾ ਪਿਆ ਅਤੇ ਪਰਿਵਾਰ ਵਿਚ ‘ਜੀ ਆਇਆਂ’ ਕਹਿਣਾ ਪਿਆ, ਤਸਲੀਮ ਕਰਨਾ ਪਿਆ।

ਰਜਵਾੜਿਆਂ, ਅਮੀਰ ਘਰਾਣਿਆਂ, ਅਫਸਰਸ਼ਾਹਾਂ ਅਤੇ ਪਰਿਵਾਰਵਾਦੀ ਰਾਜਨੀਤੀਵਾਨਾਂ ਦੇ ਸ਼ਹਿਜ਼ਾਦਿਆਂ ਵਾਂਗ ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਵੀ ਵਿਗੜੇ ਹੋਏ ਬੱਚੇ ਸਨ। ਪ੍ਰਿੰਸ ਹੈਰੀ ਨੇ ਮੰਨਿਆ ਕਿ 17 ਸਾਲ ਦੀ ਉਮਰ ਵਿਚ ਉਸ ਨੇ ਕੋਕੀਨ ਦਾ ਸੇਵਨ ਕਈ ਵਾਰ ਕੀਤਾ ਪਰ ਮਨਭਾਉਂਦੀ ਨਾ ਬਣਨ ਕਰ ਕੇ ਛੱਡ ਦਿੱਤੀ। ਗੁਸਲਖਾਨੇ ਵਿਚ ਅਕਸਰ, ਭੰਗ ਦੀ ਸਿਗਰਟ ਪੀਣ ਦਾ ਜ਼ਿਕਰ ਉਸ ਨੇ ਕੀਤਾ ਹੈ। ਸੰਨ 2005 ਵਿਚ ਉਸ ਦੇ ਭਰਾ ਵਿਲੀਅਮ ਅਤੇ ਉਸ ਦੀ ਪਤਨੀ ਕੈਥਰੀਨ ਮਿਡਲਟਨ ਨੇ ਨਾਜ਼ੀ ਵਰਦੀ ਪਹਿਨਣ ਲਈ ਉਕਸਾਇਆ। ਬਾਅਦ ਵਿਚ ਉਸ ਨੇ ਇਸ ਨੂੰ ਵੱਡੀ ਭੁੱਲ ਕਰਾਰ ਦਿੱਤਾ ਅਤੇ ਇਸ ਲਈ ਮੁਆਫੀ ਵੀ ਮੰਗੀ। ਉੱਤਰੀ ਧਰੁਵ ਦੀ ਯਾਤਰਾ ਸਮੇਂ ਉਹ ਆਪਣੇ ਅੰਦਰੂਨੀ ਅੰਗਾਂ ਸਮੇਤ ਫਰੌਸਟਬਾਈਟ ਦਾ ਸ਼ਿਕਾਰ ਹੋ ਗਿਆ। ਉਸ ਨੇ ਵਿਲੀਅਮ ਦੀ ਸ਼ਾਦੀ ਤੋਂ ਪਹਿਲਾਂ ਵਾਲੀ ਰਾਤ ਰਾਤ ਦੇ ਖਾਣੇ ਦੌਰਾਨ ਆਪਣੇ ਪਿਤਾ ਨਾਲ ਜ਼ਿਕਰ ਕੀਤਾ। ਉਸ ਦੇ ਪਿਤਾ ਨੇ ਹਮਦਰਦੀ ਤੇ ਦਿਲਚਸਪੀ ਦਿਖਾਈ। ਉਸ ਦੇ ਕੰਨ, ਗੱਲ੍ਹਾਂ ਠੰਢ ਨਾਲ ਬਲ ਰਹੀਆਂ ਸਨ ਪਰ ਉਹ ਆਪਣੇ ਅੰਦਰੂਨੀ ਅੰਗਾਂ ਪੀੜ ਦਾ ਜ਼ਿਕਰ ਨਾ ਕਰ ਸਕਿਆ।

ਵਿਸ਼ਵ ਦੇ ਹਰ ਖਿੱਤੇ, ਹਰ ਵਰਗ ਅਤੇ ਪਰਿਵਾਰਾਂ ਵਿਚ ਸਾਧਾਂ-ਸੰਤਾਂ, ਤਾਂਤ੍ਰਿਕਾਂ ਦਾ ਬੋਲਬਾਲਾ ਰਿਹਾ ਹੈ ਅਤੇ ਲਗਾਤਾਰ ਕਾਇਮ ਹੈ। ਇਸ ਦਾ ਜ਼ਿਕਰ ਪ੍ਰਿੰਸ ਹੈਰੀ ਵੀ ਕਰਦਾ ਹੈ ਕਿ ਉਹ ਗੈਬੀ ਸ਼ਕਤੀਆਂ ਹੋਣ ਦਾ ਦਾਅਵਾ ਕਰਨ ਵਾਲੀ ਔਰਤ ਨੂੰ ਮਿਲਿਆ। ਉਸ ਦਾ ਦਾਅਵਾ ਸੀ ਕਿ ਉਹ ਰਾਜਕੁਮਾਰੀ ਆਫ ਵੇਲਜ਼ ਡਾਇਨਾ ਦੀ ਰੂਹ ਨੂੰ ਮਹਿਸੂਸ ਕਰਦੀ ਹੈ। ਮੇਰੇ ਦੋਸਤਾਂ ਨੇ ਉਸ ਬਾਰੇ ਮੈਨੂੰ ਦਸਿਆ ਸੀ ਜਿਸ ਦਾ ਮੈਨੂੰ ਵਿਸ਼ਵਾਸ ਨਹੀਂ ਸੀ ਪਰ ਜਦੋਂ ਮੈਂ ਉਸ ਕੋਲ ਬੈਠਾ, ਮੈਨੂੰ ਉਸ ਦੁਆਲੇ ਪ੍ਰਤੱਖ ਊਰਜਾ ਦਾ ਚੱਕਰ ਮਹਿਸੂਸ ਹੋਇਆ।

ਅਫਗਾਨਿਸਤਾਨ ਦੀ ਜੰਗ ਵਿਚ ਉਸ ਨੇ ਹੈਲੀਕਾਪਟਰ ਦੇ ਪਾਇਲਟ ਵਜੋਂ ਸੇਵਾਵਾਂ ਦਿੰਦੇ 25 ਦੇ ਕਰੀਬ ਤਾਲਿਬਾਨ ਹਲਾਕ ਕੀਤੇ। ਅਜਿਹਾ 6 ਮਿਸ਼ਨਾਂ ਦੌਰਾਨ ਵਾਪਰਿਆ। ਉਹ ਇਸ ਕਾਰਜ ਨੂੰ ਸਹੀ ਮੰਨਦਾ ਹੈ ਕਿ ਤਾਲਿਬਾਨ ਉਸ ਦੇ ਸਹਿਯੋਗੀ ਫੌਜੀਆਂ ਨੂੰ ਮਾਰਨਾ ਚਾਹੁੰਦੇ ਸਨ ਪਰ ਇਸ ਦਾ ਨਾ ਤਾਂ ਉਸ ਨੂੰ ਮਾਣ ਹੈ ਅਤੇ ਨਾ ਹੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਭੈੜੇ ਲੋਕ ਮਾਰੇ ਗਏ, ਉਨ੍ਹਾਂ ਨੇ ਚੰਗੇ ਲੋਕਾਂ ਨੂੰ ਹੀ ਮਾਰਨਾ ਸੀ।

ਬਾਦਸ਼ਾਹਤਾਂ, ਅਮੀਰ, ਜਗੀਰਦਾਰ ਘਰਾਣੇ ਅੰਦਰੂਨੀ ਸਾਜਿ਼ਸ਼ਾਂ, ਸਕੈਂਡਲਾਂ ਅਤੇ ਅਜਿਹੇ ਹੋਰ ਕਾਰਨਾਮਿਆਂ ਨਾਲ ਬਦਨਾਮ ਹੈ। ਭਾਰਤ ਵਿਚ ਰਾਮ ਨੂੰ ਰਾਜ ਤਿਲਕ ਦੀ ਥਾਂ ਬਨਵਾਸ ਝੱਲਣਾ ਪਿਆ, ਅਲਤਮਸ਼ ਨੂੰ ਆਪਣੀ ਲੜਕੀ ਰਜ਼ੀਆ ਸੁਲਤਾਨਾ ਨੂੰ ਗੱਦੀ ਸੌਂਪਣੀ ਪਈ। ਮਹਾਰਾਜਾ ਰਣਜੀਤ ਸਿੰਘ ਦੇ ਉਤਰਾਧਿਕਾਰੀ 10 ਸਾਲ ਵਿਚ ਨੇਸਤਨਾਬੂਦ ਹੋ ਗਏ। ਇੰਦਰਾ ਗਾਂਧੀ ਨੇ ਚਹੇਤੇ ਉਤਰਾਧਿਕਾਰੀ ਸੰਜੇ ਗਾਂਧੀ ਦੀ ਹਵਾਈ ਹਾਦਸੇ ਵਿਚ ਮੌਤ ਬਾਅਦ ਉਸ ਦੀ ਪਤਨੀ ਮੇਨਕਾ ਗਾਂਧੀ ਅਤੇ ਪੁੱਤਰ ਵਰੁਣ ਗਾਂਧੀ ਨੂੰ ਘਰੋਂ ਕੱਢ ਦਿਤਾ ਗਿਆ। ਸੁਖਬੀਰ ਬਾਦਲ-ਮਨਪ੍ਰੀਤ ਬਾਦਲ ਦੀ ਜੰਗ ਸਮੇਂ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਜੋਕੇ ਯੁੱਗ ਵਿਚ ਪੁੱਤਰ ਨਹੀਂ, ਪਿਉ ਜੰਮੇ ਜਾਂਦੇ ਹਨ।

ਇਵੇਂ ਹੀ ਹੈਰੀ ਦੀ ਪਤਨੀ ਮੇਗਨ ਜੋ ਆਮ ਘਰ ਦੀ ਲੜਕੀ ਹੈ, ਲਈ ਹੈਰੀ ਦੇ ਵੱਡੇ ਭਰਾ ਪ੍ਰਿੰਸ ਵਿਲੀਅਮ ਨੇ ਭੱਦੀ ਸ਼ਬਦਵਾਲੀ ਹੀ ਨਹੀਂ ਵਰਤੀ ਬਲਕਿ ਉਸ ’ਤੇ ਹੱਥ ਵੀ ਚੁੱਕਿਆ ਜਿਸ ਨਾਲ ਫਰਸ਼ ’ਤੇ ਕੁੱਤੇ ਦੇ ਬਰਤਨ ’ਤੇ ਡਿੱਗ ਕੇ ਹੈਰੀ ਨੂੰ ਚੋਟ ਵੀ ਆਈ ਸੀ। ਭਰਾ ਨੇ ਉਸ ਨੂੰ ਲੜਨ ਲਈ ਵੀ ਉਕਸਾਇਆ ਪਰ ਉਹ ਸ਼ਾਂਤ ਰਿਹਾ। ਹਾਲਾਤ ਇਹ ਬਣੇ ਕਿ ਡਿਊਕ ਆਫ ਸਸੈਕਸ ਅਤੇ ਪਤਨੀ ਮੇਗਨ ਪਹਿਲਾਂ ਕੈਨੇਡਾ (ਬੀਸੀ) ਤੇ ਹੁਣ ਕੈਲੇਫੋਰਨੀਆਂ ਰਹਿਣ ਲਈ ਮਜਬੂਰ ਹੋਏ ਹਨ।

ਬਾਦਸ਼ਾਹ ਚਾਰਲਸ ਨੂੰ ਭਰੋਸਾ ਹੈ ਕਿ ਦੋਹਾਂ ਭਰਾਵਾਂ ਵਿਚਕਾਰ ਸੁਲ੍ਹਾ ਹੋ ਜਾਵੇਗੀ।

ਯਾਦਾਂ ਦੇ ਇਸ ਟੋਕਰੇ ‘ਪੰਜਵਾਂ ਟਾਇਰ’ ਵਿਚ ਹੋਰ ਵੀ ਅਨੇਕ ਦਿਲਚਸਪ ਅਤੇ ਸਨਸਨੀਖੇਜ਼ ਘਟਨਾਵਾਂ ਹਨ। ਦਰਅਸਲ ਐਸੇ ਰਾਜੇ-ਮਹਾਰਾਜਿਆਂ, ਤਾਨਾਸ਼ਾਹਾਂ, ਜਗੀਰਦਾਰਾਂ, ਸਰਮਾਏਦਾਰਾਂ, ਪਰਿਵਾਰਵਾਦੀ ਸੱਤਾਧਾਰੀਆਂ ਦੇ ਜੀਵਨ ਐਸੇ ਹੀ ਹੁੰਦੇ ਹਨ ਅਤੇ ਅਜਿਹੇ ਹੀ ਰਹਿਣਗੇ। ਦੁਖੀ ਅਤੇ ਬਾਗੀ ਉਤਰਾਧਿਕਾਰੀ ਯਾਦਾਂ ਦੇ ਅਜਿਹੇ ਬਦਬੂਦਾਰ ਟੋਕਰੇ ਲੋਕਾਂ ਨੂੰ ਪਰੋਸਦੇ ਰਹਿਣਗੇ।
ਸੰਪਰਕ: +1-289-829-2929

Source link