ਜੋਗਿੰਦਰ ਸਿੰਘ ਮਾਨ
ਮਾਨਸਾ, 23 ਦਸੰਬਰ

ਮੁੱਖ ਅੰਸ਼

  • ਪੁਲੀਸ ਵੱਲੋਂ ਮੌਕ ਡਰਿੱਲ ਆਮ ਕਾਰਵਾਈ ਕਰਾਰ

ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸੰਭਾਵੀ ਖਤਰਾ ਦੇਖਦੇ ਹੋਏ ਮਾਨਸਾ ਪੁਲੀਸ ਨੇ ਅੱਜ ਉਨ੍ਹਾਂ ਦੇ ਪਿੰਡ ਮੌਕ ਡਰਿੱਲ ਕਰਵਾਈ ਜਿਸ ਕਾਰਨ ਪਿੰਡ ਮੂਸਾ ਦੀਆਂ ਸਾਰੀਆਂ ਸੜਕਾਂ ’ਤੇ ਪੁਲੀਸ ਸੁਰੱਖਿਆ ਵਧਾਉਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਇਸ ਮੌਕ ਡਰਿੱਲ ਦਾ ਭਾਵੇਂ ਬਹੁਤੇ ਪੁਲੀਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੀ ਨਹੀਂ ਸੀ ਪਤਾ, ਪਰ ਪਿੰਡ ਨੂੰ ਜਾਂਦੇ ਸਾਰੇ ਰਸਤਿਆਂ ’ਤੇ ਆਮ ਰਾਹਗੀਰਾਂ ਦੀ ਕੀਤੀ ਗਈ ਤਲਾਸ਼ੀ ਨੇ ਪਿੰਡ ਵਾਸੀਆਂ ’ਚ ਮੂਸੇਵਾਲਾ ਦੀ ਹਵੇਲੀ ’ਤੇ ਹਮਲਾ ਹੋਣ ਸਬੰਧੀ ਪੈਦਾ ਕੀਤੇ ਸ਼ੱਕ ਨੇ ਡਰ ਪੈਦਾ ਕਰ ਦਿੱਤਾ ਅਤੇ ਲੋਕ ਘਰਾਂ ਅੰਦਰ ਵੜ ਕੇ ਰਹਿ ਗਏ।

ਅੱਜ ਪਿੰਡ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਅਤੇ ਨੇੜੇ 150 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਅਤੇ ਪੁਲੀਸ ਨੇ ਇੱਕ ਨਿਗਰਾਨੀ ਟੀਮ ਦੇ ਨਾਲ ਇੱਕ ਐੱਲਐੱਮਜੀ ਫਿੱਟ ਵਾਹਨ ਵੀ ਹਵੇਲੀ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ, ਜੋ ਦੇਰ ਸ਼ਾਮ ਤੱਕ ਉੱਥੇ ਹੀ ਰਿਹਾ। ਸਿੱਧੂ ਮੂਸੇਵਾਲਾ ਦੇ 29 ਮਈ ਨੂੰ ਹੋਏ ਕਤਲ ਤੋਂ ਬਾਅਦ ਪਹਿਲੀ ਵਾਰ ਵੱਡੀ ਪੱਧਰ ’ਤੇ ਪੁਲੀਸ ਨੂੰ ਹਵੇਲੀ ਦੇ ਬਾਹਰ ਵੇਖਿਆ ਗਿਆ। ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਸਮੇਤ ਕਈ ਹੋਰ ਕੇਂਦਰੀ ਆਗੂਆਂ ਦੇ ਫੇਰੀ ਵੇਲੇ ਵੀ ਇੰਨੀ ਵੱਡੀ ਪੱਧਰ ’ਤੇ ਪੁਲੀਸ ਲੋਕਾਂ ਨੇ ਨਹੀਂ ਦੇਖੀ ਸੀ। ਇਸ ਘਟਨਾਕ੍ਰਮ ਕਾਰਨ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਿਨ੍ਹਾਂ ਨੂੰ ਸ਼ੱਕ ਸੀ ਕਿ ਪਰਿਵਾਰ ਦੀ ਸੁਰੱਖਿਆ ਨੂੰ ਕੋਈ ਖਤਰਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਗੈਂਗਸਟਰ ਗਰੁੱਪਾਂ ਤੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਖਤਰਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਬਿਸ਼ਨੋਈ ਗੈਂਗ ਨੇ ਕਥਿਤ ਤੌਰ ’ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਈ-ਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਬਠਿੰਡਾ ਰੇਂਜ ਦੇ ਆਈਜੀਪੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਸਕੂਲਾਂ, ਰੇਲਵੇ ਸਟੇਸ਼ਨਾਂ ਤੇ ਹੋਰ ਅਜਿਹੀਆਂ ਸੰਵੇਦਨਸ਼ੀਲ ਥਾਵਾਂ ਵਿੱਚ ਰੂਟੀਨ ਡਰਿੱਲ ਕੀਤੀ ਜਾ ਰਹੀ ਹੈ ਤੇ ਇਸੇ ਤਹਿਤ ਸਿੱਧੂ ਮੂਸੇਵਾਲਾ ਦੇ ਹਵੇਲੀ ਉਤੇ ਵੀ ਅਜਿਹੀ ਮੌਕ ਡਰਿੱਲ ਹੀ ਕੀਤੀ ਗਈ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਵਿਦੇਸ਼ ਗਏ

ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਬੀਤੀ ਰਾਤ ਵਿਦੇਸ਼ ਚਲੇ ਗਏ ਹਨ। ਉਨ੍ਹਾਂ ਨੂੰ ਪੰਜਾਬ ਪੁਲੀਸ ਦੀ ਇੱਕ ਟੀਮ ਹਵਾਈ ਅੱਡੇ ਤੱਕ ਛੱਡ ਕੇ ਆਈ ਹੈ। ਮੂਸੇਵਾਲਾ ਦੇ ਨੇੜਲੇ ਰਿਸ਼ਤੇਦਾਰਾਂ ਤੋਂ ਪਤਾ ਲੱਗਿਆ ਹੈ ਕਿ ਉਹ ਇੱਕ ਹਫ਼ਤੇ ਤੋਂ ਵੱਧ ਸਮਾਂ ਵਿਦੇਸ਼ ਠਹਿਰਨ ਤੋਂ ਬਾਅਦ ਵਾਪਸ ਆਉਣਗੇ। ਇਹ ਵੀ ਪਤਾ ਲੱਗਿਆ ਹੈ ਕਿ ਮੂਸੇਵਾਲਾ ਦੀ ਮਾਤਾ ਚਰਨ ਕੌਰ ਇਸ ਵਾਰ ਵਿਦੇਸ਼ ਨਹੀਂ ਗਏ ਹਨ।

Source link