ਪ੍ਰਿੰ. ਸਰਵਣ ਸਿੰਘ

ਮੁਹੰਮਦ ਅਲੀ ਬਾਰੇ ਲਿਖਣਾ ਲਫਜ਼ਾਂ ਨਾਲ ਘੁਲ਼ਣਾ ਹੈ। ਮੁੱਕੇਬਾਜ਼ੀ ਨਾਲ ਲਫਜ਼ਾਂ ਦੀ ਲੀਲ੍ਹਾ ਵਿਖਾਉਣੀ ਹੈ। ਉਹ ਵੀਹ ਵਰ੍ਹੇ ਵਿਸ਼ਵ ਦਾ ਸਭ ਤੋਂ ਤਕੜਾ ਮੁੱਕੇਬਾਜ਼ ਮੰਨਿਆ ਜਾਂਦਾ ਰਿਹਾ। ਕਿੰਗ ਮਾਰਟਨ ਲੂਥਰ ਨੇ ਉਸ ਨੂੰ ਕਾਲੇ ਲੋਕਾਂ ਦਾ ਮਹਾਨ ਘੁਲਾਟੀਆ ਕਹਿ ਕੇ ਵਡਿਆਇਆ ਸੀ। ਉਹਦੇ ਇੱਕ-ਇੱਕ ਭੇੜ ਦਾ ਮੁੱਲ ਕਰੋੜਾਂ ਰੁਪਈਆਂ ਤੱਕ ਪੈਂਦਾ ਰਿਹਾ। ਉਹਦੇ ਬਾਰੇ ਸੈਂਕੜੇ ਕਲਮਾਂ ਨੇ ਲੱਖਾਂ ਲਫ਼ਜ਼ ਲਿਖੇ ਅਤੇ ਅਖ਼ਬਾਰਾਂ ਵਿੱਚ ਮੁਹੰਮਦ ਅਲੀ ਦੇ ਨਾਂ ਦੀਆਂ ਹਜ਼ਾਰਾਂ ਸੁਰਖ਼ੀਆਂ ਲੱਗੀਆਂ। ਜਦੋਂ ਉਹਦਾ ਮੁੱਕੇਬਾਜ਼ੀ ਦਾ ਮੁਕਾਬਲਾ ਹੁੰਦਾ ਤਾਂ ਦੁਨੀਆ ਦੀਆਂ ਅਰਬਾਂ ਅੱਖਾਂ ਟੀਵੀ ’ਤੇ ਉਹਦੇ ਮੁੱਕਿਆਂ ਦੇ ਜਲਵੇ ਵੇਖਦੀਆਂ। ਬੌਕਸਿੰਗ ਦਾ ਉਹ ਬਾਦਸ਼ਾਹ ਹੀ ਨਹੀਂ, ਸ਼ਹਿਨਸ਼ਾਹ ਸੀ।

ਉਂਜ ਵੀ ਉਹ ਅਲੋਕਾਰ ਵਿਅਕਤੀ ਸੀ। ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ, ਇੱਥੋਂ ਤੱਕ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕਰਵਾਏ। ਉਹ ਵਰ੍ਹਿਆਂ-ਬੱਧੀ ਮੁੱਕੇਬਾਜ਼ੀ ਦੇ ਅਖਾੜਿਆਂ ਦਾ ਸ਼ਿੰਗਾਰ ਰਿਹਾ। ਉਹਦੀ ਕਮਾਈ ਕਰੋੜਾਂ ਡਾਲਰਾਂ ਤੱਕ ਅਪੜੀ। ਉਹਨੇ ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦਾ ਵਿਸ਼ਵ ਵਿਜੇਤਾ ਹੋਣ ਦਾ ਖ਼ਿਤਾਬ ਜਿੱਤਿਆ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਤੇ ਨੌਂ ਬੱਚਿਆਂ ਦਾ ਬਾਪ ਬਣਿਆ। ਉਹਦੀ ਧੀ ਲੈਲਾ ਨੇ ਮੁੱਕੇਬਾਜ਼ੀ ਵਿੱਚ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ। ਚੁਤਾਲੀ ਸਾਲਾਂ ਦੀ ਉਮਰ ਵਿੱਚ ਉਹਨੇ ਅਠਾਈ ਸਾਲਾਂ ਦੀ ਯੋਲੰਡਾ ਨਾਲ ਚੌਥਾ ਵਿਆਹ ਕਰਵਾਇਆ। ਆਖ਼ਰ ਉਹ ਪਾਰਕਿਨਸਨ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਕੇ 74 ਸਾਲ ਦੀ ਉਮਰ ਵਿੱਚ ਅੱਲ੍ਹਾ ਨੂੰ ਪਿਆਰਾ ਹੋ ਗਿਆ।

ਮਰਨ ਤੋਂ ਪਹਿਲਾਂ ਖ਼ਬਰਾਂ ਨਿਕਲੀਆਂ ਸਨ ਕਿ ਮੁਹੰਮਦ ਅਲੀ ਨੂੰ ਕੋਈ ਗੁੱਝੀ ਬਿਮਾਰੀ ਵਿੱਚੇ ਵਿੱਚ ਖਾ ਰਹੀ ਹੈ। ਉਹਦੇ ਹੱਥ ਕੰਬਦੇ ਸਨ ਤੇ ਆਵਾਜ਼ ਥਥਲਾਉਂਦੀ ਸੀ। ਲੋਕਾਂ ਨੇ ਸਮਝਿਆ ਸ਼ਾਇਦ ਸਿਰ ’ਚ ਖਾਧੇ ਸੈਂਕੜੇ ਹਜ਼ਾਰਾਂ ਮੁੱਕਿਆਂ ਦਾ ਕੋਈ ਵਿਗਾੜ ਹੋਵੇ। ਡਾਕਟਰਾਂ ਨੇ ਉਹਦੀ ਬਿਮਾਰੀ ਦਾ ਨਾਂ ਪਾਰਕਿਨਸਨ ਸਿੰਡੋਰਮ ਦੱਸਿਆ ਸੀ। ਪਰ ਡਾ. ਰਾਜਕੋ ਮੈਡਨੀਕਾ ਨੇ ਬਿਮਾਰੀ ਲੱਭੀ ਕਿ ਕਿਸੇ ਜ਼ਹਿਰੀਲੀ ਦਵਾਈ ਦਾ ਲਹੂ ’ਚ ਰਚਿਆ ਭੈੜਾ ਪ੍ਰਭਾਵ ਸੀ। ਫਿਰ ਉਸ ਦੇ ਲਹੂ ਦੀ ਸਫ਼ਾਈ ਕੀਤੀ ਜਾਣ ਲੱਗੀ ਜਿਸ ਉੱਤੇ ਪੰਜ ਛੇ ਘੰਟਿਆਂ ਦਾ ਵਕਤ ਲੱਗਣ ਲੱਗਾ। ਆਖ਼ਰ ਹੋਣੀ ਲੈ ਬੈਠੀ।

ਮੁਹੰਮਦ ਅਲੀ ਦਾ ਮੁੱਢਲਾ ਨਾਂ ਕੈਸੀਅਸ ਕਲੇਅ ਸੀ। ਉਹਦਾ ਜਨਮ ਅਮਰੀਕਾ ਵਿੱਚ ਲੂਈਸਵਿਲੇ ਦੇ ਹਸਪਤਾਲ ਵਿੱਚ 17 ਜਨਵਰੀ 1942 ਨੂੰ ਸ਼ਾਮ ਦੇ 6.35 ਵਜੇ ਹੋਇਆ ਸੀ। ਉਹ ਮਾਪਿਆਂ ਦਾ ਪਹਿਲਾ ਬੱਚਾ ਸੀ। ਤਿੰਨ ਸਾਲ ਦੀ ਉਮਰ ਵਿੱਚ ਉਹ ਪੰਜਾਂ ਸਾਲਾਂ ਦਾ ਲੱਗਦਾ ਸੀ ਜਿਸ ਕਰਕੇ ਮਾਂ ਨੂੰ ਬੱਸ ਚੜ੍ਹਨ ਲਈ ਉਹਦੀ ਟਿਕਟ ਲੈਣੀ ਪੈਂਦੀ ਸੀ। ਉਹ ਤਿੰਨ-ਚਾਰ ਬੱਚਿਆਂ ਜਿੰਨੀ ਖੁਰਾਕ ਖਾ ਜਾਂਦਾ ਸੀ। ਇੱਕ ਵਾਰ ਗੋਦੀ ਵਿੱਚ ਦੁੱਧ ਚੁੰਘਦੇ ਨੇ ਮਾਂ ਦੇ ਅਜਿਹਾ ਘਸੁੰਨ ਮਾਰਿਆ ਕਿ ਉਹਦਾ ਦੰਦ ਹਿਲਾ ਦਿੱਤਾ ਜੋ ਬਾਅਦ ਵਿੱਚ ਕਢਾਉਣਾ ਪਿਆ। ਗੀ-ਗੀ ਉਹਦੇ ਪਹਿਲੇ ਬੋਲ ਸਨ ਜਿਨ੍ਹਾਂ ਦੇ ਅਰਥ ਬਾਅਦ ਵਿੱਚ ਕਿਸੇ ਨੇ ‘ਗੋਲਡਨ ਗਲੱਵਜ਼’ ਕੱਢੇ ਤੇ ਕਿਸੇ ਨੇ ‘ਗਿਫਟ ਆਫ਼ ਗਾਡ’।

ਉਹ ਬਾਰਾਂ ਸਾਲਾਂ ਦਾ ਸੀ ਜਦੋਂ ਉਹਦਾ ਸਾਈਕਲ ਚੋਰੀ ਹੋ ਗਿਆ। ਪੁਲੀਸ ਕੋਲ ਰਿਪੋਰਟ ਦਰਜ ਕਰਾਉਣ ਗਿਆ ਤਾਂ ਉੱਥੇ ਬੌਕਸਿੰਗ ਦਾ ਇੱਕ ਕੋਚ ਮਿਲ ਗਿਆ। ਉਸ ਨੇ ਕੈਸੀਅਸ ਕਲੇਅ ਨੂੰ ਕਿਹਾ, “ਜੇ ਤੂੰ ਮੁੱਕੇਬਾਜ਼ੀ ਸਿੱਖ ਲਵੇਂ ਤਾਂ ਤੇਰੇ ਘਸੁੰਨਾਂ ਤੋਂ ਡਰਦਾ ਕੋਈ ਵੀ ਬੰਦਾ ਤੇਰੇ ਸਾਮਾਨ ਦੀ ਚੋਰੀ ਨਹੀਂ ਕਰ ਸਕੇਗਾ।” ਉਹ ਉਹਤੋਂ ਮੁੱਕੇਬਾਜ਼ੀ ਸਿੱਖਣ ਲੱਗ ਪਿਆ।

ਉਹ ਦਰਮਿਆਨਾ ਵਿਦਿਆਰਥੀ ਸੀ, ਪਰ ਕਿਹਾ ਕਰਦਾ ਸੀ: ਮੈਂ ਮਹਾਨ ਬਣਾਂਗਾ! ਚੜ੍ਹਦੀ ਉਮਰੇ ਉਹ ਆਪਣਾ ਨਾਂ ਰੇਡੀਓ ਤੋਂ ਸੁਣਨਾ ਚਾਹੁੰਦਾ ਸੀ। ਛਪਿਆ ਵੇਖਣਾ ਚਾਹੁੰਦਾ ਸੀ, ਉਘੜਵਾਂ ਤੇ ਲਿਸ਼ਕਵਾਂ: ਕੈਸੀਅਸ ਕਲੇਅ। ਰੋਮ ਦੀਆਂ ਓਲੰਪਿਕ ਖੇਡਾਂ-1960 ਦੇ ਟਰਾਇਲਾਂ ਲਈ ਉਹਨੂੰ ਸਾਂਫਰਾਂਸਿਸਕੋ ਸੱਦਿਆ ਗਿਆ। ਉਹ ਹਵਾਈ ਜਹਾਜ਼ ’ਤੇ ਚੜ੍ਹਨੋਂ ਡਰਦਾ ਸੀ। ਉਹਦੇ ਕੋਚ ਜੋਅ ਮਾਰਟਿਨ ਨੇ ਉਹਨੂੰ ਜਹਾਜ਼ ’ਤੇ ਚੜ੍ਹਨ ਲਈ ਮਸੀਂ ਮਨਾਇਆ। ਸਾਂਫਰਾਂਸਿਸਕੋ ਵਿੱਚ ਉਹ ਟਰਾਇਲਾਂ ’ਚ ਸਫਲ ਰਿਹਾ ਤਾਂ ਉਸ ਨੇ ਮੁੜਵੀਂ ਹਵਾਈ ਟਿਕਟ ਹਵਾ ’ਚ ਚਲਾ ਮਾਰੀ ਤੇ ਰੇਲ ਗੱਡੀ ਉਤੇ ਚੜ੍ਹ ਕੇ ਲੂਈਸਵਿਲੇ ਮੁੜਿਆ। ਸਤਾਰਾਂ ਸਾਲ ਦੀ ਉਮਰ ’ਚ ਰੋਮ ਦੀਆਂ ਓਲੰਪਿਕ ਖੇਡਾਂ ’ਚੋਂ ਉਸ ਨੇ ਸੋਨੇ ਦਾ ਤਮਗ਼ਾ ਜਿੱਤਿਆ ਤਾਂ ਉਹਦੀ ਧੰਨ-ਧੰਨ ਹੋ ਗਈ। ਯੂਰਪ ਦੀਆਂ ਗੋਰੀਆਂ ਨੇ ਸਾਂਵਲੇ ਚੈਂਪੀਅਨ ਦੇ ਚੁੰਮਣ ਲਏ ਤੇ ਉਹਦਾ ਨਾਂ ਮੁੱਕੇਬਾਜ਼ੀ ਦੇ ਚੜ੍ਹਦੇ ਸੂਰਜ ਵਜੋਂ ਰੌਸ਼ਨ ਹੋ ਗਿਆ।

ਮੁਹੰਮਦ ਅਲੀ ਦੇ ਪੈਰਾਂ ਵਿੱਚ ਤੇਜ਼ੀ ਸੀ ਤੇ ਮੁੱਕੇ ਵਿੱਚ ਵਦਾਨ ਦੀ ਸੱਟ। ਉਹ ਤਿਤਲੀ ਵਾਂਗ ਮੰਡਰਾਉਂਦਾ ਤੇ ਮੱਖੀ ਵਾਂਗ ਡੰਗ ਮਾਰਦਾ ਸੀ। ਉਹ ਬੜਬੋਲਾ ਵੀ ਬਹੁਤ ਸੀ ਜਿਸ ਕਰਕੇ ਉਸ ਨੂੰ ਲੂਈਸਵਿਲੇ ਦਾ ‘ਲਿੱਪ’ ਕਿਹਾ ਜਾਂਦਾ ਸੀ। ਉਹਦਾ ਪਹਿਲਾ ਪ੍ਰੋਫੈਸ਼ਨਲ ਮੁਕਾਬਲਾ ਇੰਗਲੈਂਡ ਦੇ ਹੈਨਰੀ ਕੂਪਰ ਨਾਲ ਹੋਇਆ। ਕੂਪਰ ਨੂੰ ਹਰਾ ਕੇ ਉਹ ਵਿਸ਼ਵ ਚੈਂਪੀਅਨ ਸੋਨੀ ਲਿਸਟਨ ਨਾਲ ਲੜਨ ਲਈ ਚੁਣੌਤੀ ਦੇਣ ਲੱਗਾ। ਸੋਨੀ ਲਿਸਟਨ ਪੱਚੀ ਭੈਣ ਭਾਈਆਂ ਵਿੱਚ ਸਭ ਤੋਂ ਛੋਟਾ ਸੀ ਜਿਵੇਂ ਉੱਡਣ ਪਰੀ ਵਿਲਮਾ ਰੁਡੋਲਫ ਉੱਨੀ ਭੈਣ ਭਰਾਵਾਂ ਵਿੱਚ ਸਭ ਤੋਂ ਨਿੱਕੀ ਸੀ। ਬਚਪਨ ਵਿੱਚ ਉਸ ਨੂੰ ਪੋਲੀਓ ਹੋ ਗਿਆ ਸੀ। ਹੈਰਾਨੀ ਹੁੰਦੀ ਹੈ ਕਿ ਏਡੇ ਵੱਡੇ ਟੱਬਰਾਂ ਵਿੱਚ ਇਹ ਬੱਚੇ ਕਿਵੇਂ ਪਲਦੇ ਰਹੇ ਤੇ ਵਿਸ਼ਵ ਚੈਂਪੀਅਨ ਬਣਦੇ ਰਹੇ!

ਸੋਨੀ ਲਿਸਟਨ ਨਿੱਕਾ ਹੁੰਦਾ ਹੀ ਮਾੜ ਧਾੜ ਕਰਨ ਲੱਗ ਪਿਆ ਸੀ ਜਿਸ ਕਰਕੇ ਜੇਲ੍ਹ ਚਲਾ ਗਿਆ ਸੀ। ਜੇਲ੍ਹ ਵਿੱਚ ਹੀ ਉਸ ਨੇ ਮੁੱਕੇਬਾਜ਼ੀ ਸਿੱਖੀ। 25 ਫਰਵਰੀ 1964 ਨੂੰ ਕੈਸੀਅਸ ਕਲੇਅ ਨੇ ਸੋਨੀ ਲਿਸਟਨ ਨੂੰ ਹਰਾ ਕੇ ਵਿਸ਼ਵ ਗੁਰਜ ਜਿੱਤੀ ਤੇ ਮਹਾਨ ਮੁੱਕੇਬਾਜ਼ ਅਖਵਾਇਆ। ਉਸ ਤੋਂ ਦੋ ਹਫ਼ਤੇ ਪਿੱਛੋਂ ਉਹ ਇਸਲਾਮ ਦੇ ਪ੍ਰਭਾਵ ਹੇਠ ਆ ਗਿਆ ਤੇ ਮੁਸਲਮਾਨ ਸਜ ਗਿਆ। ਉਸ ਦਾ ਇਸਲਾਮੀ ਨਾਂ ਮੁਹੰਮਦ ਅਲੀ ਰੱਖਿਆ ਗਿਆ। ਇਸਲਾਮ ਜਗਤ ਨੇ ਫਿਰ ਉਸ ਦਾ ਰੱਜ ਕੇ ਪ੍ਰਚਾਰ ਕੀਤਾ। ਮਿਸਰ ਦੇ ਰਾਸ਼ਟਰਪਤੀ ਨਾਸਰ ਵਰਗੇ ਕੈਰੋ ਦੇ ਹਵਾਈ ਅੱਡੇ ਉਤੇ ਉਹਦੀ ਉਡੀਕ ਕਰਦੇ ਰਹੇ। ਮੁਸਲਿਮ ਜਗਤ ਹੁੱਬ ਕੇ ਕਹਿੰਦਾ: ਅਲੀ ਸਾਡਾ ਹੈ! ਮੁਸਲਮਾਨ ਬਣ ਕੇ ਮੁਹੰਮਦ ਅਲੀ ਨੇ ਸੋਂਜੀ ਨਾਲ ਸ਼ਾਦੀ ਕਰ ਲਈ। ਸੋਂਜੀ ਨੂੰ ਮੁਸਲਿਮ ਪਰਦੇਦਾਰੀ ਪਸੰਦ ਨਹੀਂ ਸੀ। ਉਹ ਲੰਡੇ ਕੱਪੜਿਆਂ ’ਚ ਵਿਚਰਦੀ ਅਤੇ ਨੱਚਣ ਗਾਉਣ ਵਿੱਚ ਦਿਲਚਸਪੀ ਰੱਖਦੀ ਸੀ। ਕੁਝ ਮਹੀਨਿਆਂ ਪਿੱਛੋਂ ਹੀ ਉਨ੍ਹਾਂ ਦਾ ਤਲਾਕ ਹੋ ਗਿਆ। ਜੱਜ ਨੇ ਸੋਂਜੀ ਲਈ ਦਸ ਸਾਲ ਤੱਕ ਦਾ ਖਰਚਾ ਬੰਨ੍ਹ ਦਿੱਤਾ।

ਉੱਧਰ ਵੀਅਤਨਾਮ ਦੀ ਜੰਗ ਛਿੜੀ ਹੋਈ ਸੀ। ਅਮਰੀਕਾ ਦੇ ਕਾਨੂੰਨ ਅਨੁਸਾਰ ਮੁਹੰਮਦ ਅਲੀ ਨੂੰ ਵੀ ਕੁਝ ਸਮੇਂ ਲਈ ਜੰਗ ਵਿੱਚ ਭੇਜਣ ਦਾ ਹੁਕਮ ਹੋਇਆ ਤਾਂ ਉਹਨੇ ਜੰਗ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ, “ਮੈਂ ਬੰਦੂਕ ਨਹੀਂ ਫੜਨੀ।” ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੇ ਉਹਦੀ ਨਾਬਰੀ ਦੀ ਹਮਾਇਤ ਕੀਤੀ। ਕਈਆਂ ਨੇ ਉਹਨੂੰ ਕਾਨੂੰਨ ਤੋੜਨ ਵਾਲਾ ਵੀ ਕਿਹਾ। ਉਹਦੇ ਵਿਰੁੱਧ ਮੁਕੱਦਮਾ ਚੱਲਿਆ ਅਤੇ ਅਦਾਲਤ ਨੇ ਉਸ ਨੂੰ ਪੰਜ ਸਾਲ ਦੀ ਕੈਦ ਸੁਣਾਈ ਤੇ ਦਸ ਹਜ਼ਾਰ ਡਾਲਰ ਜੁਰਮਾਨਾ ਕੀਤਾ। ਇਸ ਸਜ਼ਾ ਨੇ ਸਿਖਰ ਦੀ ਜੁਆਨੀ ਵਿੱਚ ਅਲੀ ਨੂੰ ਪੰਜ ਸਾਲ ਬੌਕਸਿੰਗ ਦੇ ਰਿੰਗ ਤੋਂ ਪਾਸੇ ਰੱਖਿਆ।

ਉਹ ਰਿਹਾਅ ਹੋਇਆ ਤਾਂ ਉਸ ਨੇ ਫਿਰ ਮੁੱਕੇਬਾਜ਼ੀ ਸ਼ੁਰੂ ਕਰ ਲਈ। ਉਸ ਨੇ ਆਲਮੀ ਚੈਂਪੀਅਨ ਜੋਅ ਫਰੇਜ਼ੀਅਰ ਨੂੰ ਹਰਾ ਕੇ ਦੁਬਾਰਾ ਵਿਸ਼ਵ ਤਾਜ ਜਿੱਤਿਆ। ਤੀਜੀ ਵਾਰ ਉਹਨੇ ਜਾਰਜ ਫੋਰਮੈਨ ਨੂੰ ਹਰਾ ਕੇ ਵਿਸ਼ਵ ਗੁਰਜ ਜਿੱਤੀ। ਉਦੋਂ ਤੱਕ ਉਹੀ ਇੱਕੋ ਇੱਕ ਮੁੱਕੇਬਾਜ਼ ਸੀ ਜਿਸ ਨੇ ਤਿੰਨ ਵਾਰ ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਵਿਸ਼ੇਸ਼ ਗੱਲ ਇਹ ਸੀ ਕਿ ਉਹ ਤਿੰਨੇ ਵਾਰ ਵਿਸ਼ਵ ਗੁਰਜ ਖੁਹਾਉਣ ਪਿੱਛੋਂ ਜਿੱਤਦਾ ਰਿਹਾ ਸੀ। ਆਖ਼ਰ ਲਿਓਨ ਸਪਿੰਕਸ ਨੇ ਜੂਨ 1977 ਵਿੱਚ ਉਹਨੂੰ ਹਰਾ ਕੇ ਮੁੱਕੇਬਾਜ਼ੀ ਤੋਂ ਰਿਟਾਇਰ ਹੋਣ ਲਈ ਮਜਬੂਰ ਕੀਤਾ।

ਮੁਹੰਮਦ ਅਲੀ ਨੇ ਮੁੱਕੇਬਾਜ਼ੀ ਦੇ ਨਾਲ-ਨਾਲ ਮਾੜੀ ਮੋਟੀ ਸ਼ਾਇਰੀ ਵੀ ਕੀਤੀ ਤੇ ਇਸਲਾਮ ਬਾਰੇ ਲੈਕਚਰ ਵੀ ਕੀਤੇ। 1980 ਵਿੱਚ ਮਾਸਕੋ ਦੀਆਂ ਓਲੰਪਿਕ ਖੇਡਾਂ ਦੇ ਬਾਈਕਾਟ ਲਈ ਅਮਰੀਕਾ ਸਰਕਾਰ ਨੇ ਉਹਨੂੰ ਆਪਣਾ ਬੁਲਾਰਾ ਬਣਾ ਕੇ ਅਫ਼ਰੀਕਾ ਦੇ ਮੁਸਲਮਾਨੀ ਮੁਲਕਾਂ ਵਿੱਚ ਭੇਜਿਆ, ਪਰ ਉਹ ਆਪਣੇ ਮਿਸ਼ਨ ਵਿੱਚ ਫੇਲ੍ਹ ਹੋਇਆ। ਉਹ ਇਸਲਾਮ ਦੇ ਪ੍ਰਚਾਰ ਲਈ ਪੜ੍ਹਨ ਸਮੱਗਰੀ ਉਤੇ ਆਪਣੇ ਦਸਤਖ਼ਤ ਕਰ ਕੇ ਲੋਕਾਂ ਵਿੱਚ ਵੰਡਦਾ ਰਿਹਾ। ਉਸ ਨੇ ਆਪਣੇ ਚਾਹੁਣ ਵਾਲਿਆਂ ਵਿੱਚ ਇਸਲਾਮੀ ਨਿਸ਼ਾਨੀਆਂ ਵੀ ਵੰਡੀਆਂ। ਉਹ ਆਪਣੇ ਗੋਲ ਭਰਵੇਂ ਚਿਹਰੇ, ਗੰਭੀਰ ਮੁਦਰਾ ਤੇ ਧੀਮੀ ਆਵਾਜ਼ ਵਿੱਚ ਅੱਲ੍ਹਾ ਨੂੰ ਯਾਦ ਕਰਦਾ ਰਿਹਾ।

ਸਰਗਰਮ ਮੁੱਕੇਬਾਜ਼ੀ ਤੋਂ ਰਿਟਾਇਰ ਹੋਣ ਪਿੱਛੋਂ ਉਸ ਨੂੰ ਇੱਕ ਵਾਰ ਮੁੜ ਮੁੱਕੇਬਾਜ਼ੀ ਦਾ ਫਤੂਰ ਕੁੱਦ ਪਿਆ ਸੀ। ਉਸ ਨੇ ਮਸ਼ਹੂਰ ਮੁੱਕੇਬਾਜ਼ ਲੈਰੀ ਹੋਮਜ਼ ਨੂੰ ਲਲਕਾਰਿਆ। 2 ਅਕਤੂਬਰ 1980 ਦੀ ਰਾਤ ਨੂੰ ਵਿਸ਼ਵ ਚੈਂਪੀਅਨ ਲੈਰੀ ਹੋਮਜ਼ ਨੇ ਮੁਹੰਮਦ ਅਲੀ ਉਤੇ ਮੁੱਕਿਆਂ ਦੀ ਉਹ ਬੁਛਾੜ ਕੀਤੀ ਕਿ ਅਲੀ ਦੇ ਤੌਰ ਉੱਡੇ ਰਹੇ। ਕੇਵਲ ਸੱਤਵੇਂ ਗੇੜ ਵਿੱਚ ਅਲੀ ਨੇ ਕੁਝ ਜੌਹਰ ਵਿਖਾਏ, ਪਰ ਪਹਿਲਾਂ ਵਾਲੀ ਗੱਲ ਨਾ ਬਣੀ। ਅਗਲੇ ਤਿੰਨ ਗੇੜਾਂ ਵਿੱਚ ਲੈਰੀ ਹੋਮਜ਼ ਨੇ ਮੁਹੰਮਦ ਅਲੀ ਦਾ ਮਲੀਆਮੇਟ ਕਰ ਦਿੱਤਾ। ਦਸਵੇਂ ਗੇੜ ਪਿੱਛੋਂ ਉਹ ਦਮ ਲੈਣ ਬੈਠਾ ਤੇ ਗਿਆਰਵੇਂ ਗੇੜ ਲਈ ਉੱਠ ਨਾ ਸਕਿਆ। ਇੰਜ ਇਤਿਹਾਸ ਦੇ ਸਭ ਤੋਂ ਤਕੜੇ ਮੁੱਕੇਬਾਜ਼ ਦੀ ਹਾਰ ਨਾਕ ਆਊਟ ਦੀ ਨਮੋਸ਼ੀ ਨਾਲ ਹੋਈ ਜੋ ਕਿਸੇ ਦੇ ਖਿਆਲ ਵਿੱਚ ਵੀ ਨਹੀਂ ਸੀ।

ਵੇਖਣ ਵਾਲੇ ਦੱਸਦੇ ਸਨ ਕਿ ਹਾਰ ਜਾਣ ਪਿੱਛੋਂ ਉਹ ਕਈ ਮਿੰਟ ਸਟੂਲ ਤੋਂ ਉੱਠ ਨਹੀਂ ਸੀ ਸਕਿਆ। ਉਹਦਾ ਚਿਹਰਾ ਲੱਥ ਗਿਆ ਸੀ ਤੇ ਭਵੰਤਰੀਆਂ ਨਜ਼ਰਾਂ ਇੰਜ ਵੇਖਦੀਆਂ ਸਨ ਜਿਵੇਂ ਕਿਸੇ ਡਰਾਉਣੇ ਸੁਪਨੇ ਵਿੱਚੋਂ ਜਾਗਿਆ ਹੋਵੇ। ਪਰ ਅਗਲੇ ਦਿਨ ਉਸ ਨੇ ਫਿਰ ਬੜ੍ਹਕ ਮਾਰੀ ਜਿਵੇਂ ਉਹ ਹਾਰਨ ਪਿੱਛੋਂ ਹਮੇਸ਼ਾਂ ਮਾਰਿਆ ਕਰਦਾ ਸੀ, “ਮੁਹੰਮਦ ਅਲੀ ਨੂੰ ਮਰ ਮੁੱਕ ਗਿਆ ਨਾ ਸਮਝੋ। ਮੈਂ ਇੱਕ ਵਾਰ ਫਿਰ ਅਖਾੜੇ ’ਚ ਉਤਰਾਂਗਾ ਤੇ ਸਾਬਤ ਕਰ ਦਿਆਂਗਾ ਕਿ ਅਲੀ ਸੱਚਮੁੱਚ ਮਹਾਨ ਹੈ!”

ਪਰ ਇਹ ਸਿਰਫ਼ ਬੜ੍ਹਕ ਹੀ ਸੀ। ਉਹਦੀ ਮੁੱਕੇਬਾਜ਼ੀ ਦੇ ਦਿਨ ਮੁੱਕ ਚੁੱਕੇ ਸਨ, ਪਰ ਬੜ੍ਹਕਾਂ ਨਹੀਂ ਸਨ ਮੁੱਕੀਆਂ। ਉਹ ਪਾਰਕਿਨਸਨ ਦਾ ਮਰੀਜ਼ ਬਣ ਗਿਆ ਸੀ ਤੇ ਹਰ ਵੇਲੇ ਕੰਬਦੇ ਰਹਿਣਾ ਉਹਦੇ ਭਾਗ ਬਣ ਗਏ ਸਨ। 1996 ਵਿੱਚ ਅਟਲਾਂਟਾ ਦੀਆਂ ਓਲੰਪਿਕ ਖੇਡਾਂ ਸਮੇਂ ਉਸ ਨੇ ਕੰਬਦੇ ਹੱਥਾਂ ਨਾਲ ਖੇਡਾਂ ਦੀ ਜੋਤ ਜਗਾਈ ਸੀ ਜਿੱਥੇ ਉਹਦੇ ਦਰਸ਼ਨ ਕੁਲ ਦੁਨੀਆ ਨੇ ਇੱਕ ਵਾਰ ਫਿਰ ਕੀਤੇ ਸਨ। ਪਰ ਉਹ ਪਹਿਲਾਂ ਵਾਲਾ ਮੁਹੰਮਦ ਅਲੀ ਨਹੀਂ ਸੀ ਲੱਗਦਾ। ਉਹ ਪਾਰਕਿਨਸਨ ਦੀ ਬਿਮਾਰੀ ਨਾਲ ਕਈ ਵਰ੍ਹੇ ਜੂਝਦਾ ਰਿਹਾ। ਫਿਰ ਉਸ ਨੂੰ ਨਮੂਨੀਆ ਹੋਇਆ ਤਾਂ ਹਸਪਤਾਲ ਦਾਖਲ ਹੋਣਾ ਪਿਆ। ਸਾਹ ਲੈਣ ਦੀ ਤਕਲੀਫ਼ ਹੋਈ ਤਾਂ ਫਿਰ ਹਸਪਤਾਲ। ਬਿਮਾਰੀਆਂ ਨੇ ਉਹਨੂੰ ਸਾਹ ਨਾ ਆਉਣ ਦਿੱਤਾ। ਆਖ਼ਰ 3 ਜੂਨ 2016 ਨੂੰ ਐਰੀਜੋਨਾ ਸਟੇਟ ਦੇ ਸ਼ਹਿਰ ਫੀਨੈਕਸ ਦੇ ਇੱਕ ਹਸਪਤਾਲ ਵਿੱਚ ਉਹਨੇ ਆਖ਼ਰੀ ਸਾਹ ਲਿਆ। ਸਾਧੂ ਦਯਾ ਸਿੰਘ ਨੇ ‘ਜ਼ਿੰਦਗੀ ਬਿਲਾਸ’ ਦੇ ਕਿੱਸੇ ਵਿੱਚ ਸੱਚ ਹੀ ਕਿਹਾ ਹੈ:

…ਕੋਈ ਰੋਜ਼ ਤੂੰ ਸੜਕ ’ਤੇ ਸੈਰ ਕਰ ਲੈ, ਬੱਘੀ ਵਿੱਚ ਤਬੇਲੇ ਦੇ ਖੜ੍ਹੀ ਰਹਿਣੀ

ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ, ਗੁੱਡੀ ਸਦਾ ਨਾ ਜੱਗ ’ਤੇ ਚੜ੍ਹੀ ਰਹਿਣੀ।
ਈ-ਮੇਲ: principalsarwansingh@gmail.com

Source link