ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 29 ਜਨਵਰੀ

ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਣ ਮਗਰੋਂ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਤੇ ਠੰਢੀਆਂ ਹਵਾਵਾਂ ਚੱਲਣ ਨਾਲ ਪੰਜਾਬ ਤੇ ਹਰਿਆਣਾ ’ਚ ਪਾਰਾ ਆਮ ਨਾਲੋਂ 5 ਤੋਂ 7 ਡਿਗਰੀ ਹੇਠਾਂ ਆ ਗਿਆ ਹੈ। ਅੱਜ ਸਵੇਰ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਸਾਰਾ ਦਿਨ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅੱਜ ਕਿਣ-ਮਿਣ ਜਾਰੀ ਰਹੀ ਹੈ। ਮੌਸਮ ਵਿਭਾਗ ਵੱਲੋਂ ਭਲਕੇ 30 ਜਨਵਰੀ ਨੂੰ ਸੂਬੇ ਵਿੱਚ ਮੀਂਹ ਪੈਣ ਤੇ ਠੰਢੀਆਂ ਹਵਾਵਾਂ ਚੱਲਣ ਅਤੇ 31 ਜਨਵਰੀ ਨੂੰ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਪਟਿਆਲਾ ਤੇ ਫ਼ਤਿਹਗੜ੍ਹ ਸਾਹਿਬ ਵਿੱਚ 3-3 ਐੱਮਐੱਮ ਅਤੇ ਅੰਮ੍ਰਿਤਸਰ, ਜਲੰਧਰ ਤੇ ਚੰਡੀਗੜ੍ਹ ’ਚ ਇਕ-ਇਕ ਐੱਮਐੱਮ ਮੀਂਹ ਪਿਆ। ਇਸ ਤੋਂ ਇਲਾਵਾ ਲੁਧਿਆਣਾ, ਮੋਗਾ, ਰੋਪੜ, ਮੁਹਾਲੀ ਤੇ ਹੋਰ ਕਈ ਖੇਤਰਾਂ ਵਿੱਚ ਹਲਕੀ ਬੂੰਦਾ-ਬਾਂਦੀ ਹੁੰਦੀ ਰਹੀ ਹੈ। ਦੂਜੇ ਪਾਸੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਭ ਤੋਂ ਵੱਧ 5 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਸੋਨੀਪਤ ’ਚ 3.5 ਐੱਮਐੱਮ, ਮੇਵਾਤ ’ਚ 2.5 ਐੱਮਐੱਮ, ਝੱਜਰ ਤੇ ਰੋਹਤਕ ’ਚ 2-2 ਐੱਮਐੱਮ, ਕੈਥਲ ਤੇ ਕਰਨਾਲ ’ਚ 1.5-1.5 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਕਾਰਨ ਠੰਢ ਵਧ ਸਕਦੀ ਹੈ। ਪੰਜਾਬ ’ਚ ਅੱਜ ਦਿਨ ਵੇਲੇ ਜਲੰਧਰ ਸਭ ਤੋਂ ਠੰਢਾ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 14.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ ਵਿੱਚ 16.8 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 18.4 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 16.2 ਡਿਗਰੀ ਸੈਲਸੀਅਸ, ਪਟਿਆਲਾ ’ਚ 15.3 ਡਿਗਰੀ ਸੈਲਸੀਅਸ, ਗੁਰਦਾਸਪੁਰ ’ਚ 15 ਡਿਗਰੀ ਸੈਲਸੀਅਸ, ਨਵਾਂ ਸ਼ਹਿਰ ਵਿੱਚ 19.2 ਡਿਗਰੀ ਸੈਲਸੀਅਸ, ਬਰਨਾਲਾ ’ਚ 15.2 ਡਿਗਰੀ ਸੈਲਸੀਅਸ, ਫਰੀਦਕੋਟ ’ਚ 16.7 ਡਿਗਰੀ ਸੈਲਸੀਅਸ, ਫਤਿਹਗੜ੍ਹ ਸਾਹਿਬ ’ਚ 15.5 ਡਿਗਰੀ ਸੈਲਸੀਅਸ, ਫਿਰੋਜ਼ਪੁਰ ’ਚ 15.2 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ’ਚ 16.7 ਡਿਗਰੀ ਸੈਲਸੀਅਸ, ਮੋਗਾ ’ਚ 15 ਡਿਗਰੀ ਸੈਲਸੀਅਸ, ਮੁਹਾਲੀ ’ਚ 17 ਡਿਗਰੀ ਸੈਲਸੀਅਸ, ਮੁਕਤਸਰ ’ਚ 15 ਡਿਗਰੀ ਸੈਲਸੀਅਸ, ਰੋਪੜ ’ਚ 16.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ।

ਤੇਜ਼ ਹਵਾਵਾਂ ਨੇ ਸਬਜ਼ੀਆਂ ਲਈ ਪਾਏ ਪੌਲੀਥੀਨ ਉਡਾਏ

ਪਿੰਡ ਭੈਣੀਬਾਘਾ ਵਿੱਚ ਅਗੇਤੀ ਸ਼ਿਮਲਾ ਮਿਰਚ ’ਤੇ ਪਾਏ ਹੋਏ ਪੌਲੀਥੀਨ ਨੂੰ ਤੇਜ਼ ਹਵਾਵਾਂ ਤੋਂ ਬਚਾਉਂਦੇ ਹੋਏ ਕਿਸਾਨ।


ਮਾਨਸਾ (ਪੱਤਰ ਪ੍ਰੇਰਕ): ਮਾਲਵਾ ਖੇਤਰ ਵਿੱਚ ਸਾਰਾ ਪੋਹ ਅਤੇ ਅੱਧਾ ਮਾਘ ਲੰਘਣ ਦੇ ਬਾਵਜੂਦ ਭਰਵਾਂ ਮੀਂਹ ਨਹੀਂ ਪਿਆ ਹੈ। ਇਸ ਵੇਲੇ ਹਾੜੀ ਦੀਆਂ ਸਾਰੀਆਂ ਫ਼ਸਲਾਂ ਮੀਂਹ ਮੰਗ ਰਹੀਆਂ ਹਨ। ਅੱਜ ਚੱਲੀਆਂ ਤੇਜ਼ ਹਵਾਵਾਂ ਨੇ ਅਗੇਤੀਆਂ ਸਬਜ਼ੀਆਂ ਸ਼ਿਮਲਾ ਮਿਰਚ ਸਮੇਤ ਖਰਬੂਜ਼ਿਆਂ ’ਤੇ ਪਾਏ ਹੋਏ ਪੌਲੀਥੀਨ ਉਖਾੜ ਦਿੱਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਪੱਛਮੀ ਗੜਬੜੀ ਦੇ ਪਹਾੜੀ ਖੇਤਰਾਂ ’ਚ ਪੁੱਜਣ ਕਾਰਨ ਅਗਲੇ 36 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਤੇ ਰਾਜਸਥਾਨ ’ਚ ਕਈ ਥਾਈਂ ਦਰਮਿਆਨੇ ਮੀਂਹ ਤੇ ਕਿਤੇ ਕਿਤੇ ਗੜੇਮਾਰੀ ਦੀ ਸੰਭਾਵਨਾ ਹੈ। ਉਧਰ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਦੱਸਿਆ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਸੰਭਾਲ ਲਈ ਲਗਾਤਾਰ ਪਾਣੀ ਤੇ ਯੂਰੀਆ ਖਾਦ ਦੀ ਰਹਿੰਦੀ ਖੁਰਾਕ ਦਾ ਛਿੱਟਾ ਦੇ ਦੇਣਾ ਚਾਹੀਦਾ ਹੈ।

Source link