ਜਸਦੇਵ ਸਿੰਘ ਲਲਤੋਂ

ਜਸਦੇਵ ਸਿੰਘ ਲਲਤੋਂ

ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਨਿੱਕੀ ਉਮਰੇ ਹੀ ਦੇਸ਼ ਨੂੰ ਵਿਦੇਸ਼ੀ ਹਾਕਮਾਂ ਤੋਂ ਆਜ਼ਾਦ ਕਰਵਾਉਣ ਖ਼ਾਤਰ ਫਾਂਸੀ ਦਾ ਰੱਸਾ ਚੁੰਮਿਆ। ਉਸ ਦੇ ਕਾਬਿਲ ਆਗੂਆਂ ਵਾਲੇ ਗੁਣਾਂ ਕਾਰਨ ਹੀ ਗ਼ਦਰ ਪਾਰਟੀ ਦੇ ਪ੍ਰਧਾਨ ਸੋਹਣ ਸਿੰਘ ਭਕਨਾ ਉਸ ਨੂੰ ਬਾਲਾ ਜਰਨੈਲ ਆਖਦੇ ਸਨ।

ਹਿੰਦੋਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਯੁਗਨਾਇਕ ਹੋ ਨਿਬੜਿਆ ਜੋ ਦੂਰਅੰਦੇਸ਼ੀ, ਜ਼ਿੰਦਾਦਿਲੀ, ਆਪਾਵਾਰੂ, ਨਿੱਤ ਨਵੀਂ ਪਹਿਲ-ਕਦਮੀ ਕਰਨ ਵਾਲੇ ਕਰਮਯੋਗੀ ਸਮੇਤ ਕਾਬਿਲ ਆਗੂਆਂ ਵਾਲੇ ਹੋਰ ਗੁਣਾਂ ਦਾ ਧਾਰਨੀ ਸੀ। ਉਸ ਨੂੰ ਗ਼ਦਰ ਪਾਰਟੀ ਦੇ ਪ੍ਰਧਾਨ ਸੋਹਣ ਸਿੰਘ ਭਕਨਾ ਨੇ ‘ਬਾਲਾ ਜਰਨੈਲ’ ਕਰਾਰ ਦਿੱਤਾ।

ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਮਾਤਾ ਸਾਹਿਬ ਕੌਰ ਅਤੇ ਪਿਤਾ ਸ. ਮੰਗਲ ਸਿੰਘ ਦੇ ਘਰ ਹੋਇਆ। ਮੁੱਢਲੀ ਵਿੱਦਿਆ ਲਈ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਦਾਖ਼ਲ ਕਰਵਾਇਆ ਗਿਆ। ਉਸ ਦੇ ਪਿਤਾ ਇਕਲੌਤੇ ਪੁੱਤਰ ਨੂੰ ਪੰਜ ਸਾਲ ਦਾ ਅਤੇ ਮਾਤਾ ਜੀ 12 ਸਾਲ ਦਾ ਛੱਡ ਕੇ ਸਦਾ ਲਈ ਵਿਛੋੜਾ ਦੇ ਗਏ। ਕਰਤਾਰ ਸਿੰਘ ਦੀ ਪਾਲਣਾ ਅਤੇ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਦਾਦਾ ਸ. ਬਦਨ ਸਿੰਘ ਦੇ ਸਿਰ ਆ ਪਈ। ਉੱਚ ਵਿਦਿਆ ਲਈ ਉਸ ਨੂੰ ਲੁਧਿਆਣਾ ਦੇ ਮਿਸ਼ਨ ਸਕੂਲ ਅਤੇ ਬਾਅਦ ’ਚ ਚਾਚਾ ਬਖਸ਼ੀਸ਼ ਸਿੰਘ ਪਾਸ 1910 ’ਚ ਰੈਵਨਸ਼ਾਅ ਕਾਲਜੀਏਟ ਸਕੂਲ ਕਟਕ (ਉੜੀਸਾ) ’ਚ ਨੌਵੀਂ ਜਮਾਤ ’ਚ ਦਾਖ਼ਲ ਕਰਵਾਇਆ ਗਿਆ ਜਿੱਥੋਂ ਉਸ ਨੇ 1912 ’ਚ ਮੈਟ੍ਰਿਕ ਪਾਸ ਕੀਤੀ। ਸਕੂਲ ਦੇ ਮੁਖੀ ਬੇਨੀ ਮਾਧਵ ਦਾਸ ਦੇ ਦੇਸ਼ ਭਗਤੀ ਵਾਲੇ ਵਿਚਾਰਾਂ ਦਾ ਉਸ ’ਤੇ ਕਾਫ਼ੀ ਡੂੰਘਾ ਅਸਰ ਪਿਆ। ਇਸ ਪਿੱਛੋਂ ਉਹ ਕਾਲਜ ਵਿੰਗ ’ਚ ਪੜ੍ਹਣ ਲੱਗਾ। ਸਕੂਲ ਸਮੇਂ ਤੋਂ ਹੀ ਕਰਤਾਰ ਸਿੰਘ ਨੂੰ ਬੇਹੱਦ ਹੁਸ਼ਿਆਰ, ਹੋਣਹਾਰ ਤੇ ਯੋਗ ਹੋਣ ਕਰਕੇ ‘ਅਫਲਾਤੂ’, ਬਹੁਤ ਹੀ ਤੇਜ਼ ਤੇ ਫੁਰਤੀਲਾ ਹੋਣ ਕਰਕੇ ‘ਉੱਡਣਾ ਸੱਪ’ ਆਦਿ ਮਖੌਲੀਆ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ। ਇਲੈਕਟ੍ਰੀਕਲ ਇੰਜਨੀਅਰਿੰਗ ਦੀ ਪੜ੍ਹਾਈ ਬਰਕਲੇ ਯੂਨੀਵਰਸਿਟੀ ਤੋਂ ਕਰਨ ਲਈ ਜੁਲਾਈ 1912 ’ਚ ਉਹ ਅਮਰੀਕਾ ਪਹੁੰਚ ਗਿਆ। ਰਸਾਇਣ ਵਿੱਦਿਆ ਦੀ ਡਿਗਰੀ ’ਚ ਦਾਖ਼ਲਾ ਲੈ ਲਿਆ। ਅਮਰੀਕੀਆਂ ਦੇ ਆਜ਼ਾਦੀ ਦੇ ਰੰਗ-ਢੰਗ ਦੇਖ ਕੇ ਅਤੇ ਹਿੰਦੋਸਤਾਨੀਆਂ ਨੂੰ ‘ਕੁੱਤੇ’, ‘ਗ਼ੁਲਾਮ ਭੇਡਾਂ’, ‘ਕਾਲੇ ਕੁੱਲੀ’ ਆਦਿ ਵਿਸ਼ੇਸ਼ਣਾਂ ਨਾਲ ਪੁਕਾਰਦੇ ਸੁਣ ਕੇ ਅਣਖੀਲੇ ਕਰਤਾਰ ਸਿੰਘ ਅੰਦਰ ਦੇਸ਼ ਭਗਤੀ ਅਤੇ ਆਜ਼ਾਦੀ ਦਾ ਬੀਜ ਬੀਜਿਆ ਗਿਆ। ਲਾਲਾ ਹਰਦਿਆਲ, ਭਾਈ ਪਰਮਾਨੰਦ ਲਾਹੌਰ, ਜਤਿੰਦਰ ਲਹਿਰੀ ਬੰਗਾਲੀ ਵਰਗੇ ਇਨਕਲਾਬੀ ਰਾਜਨੀਤਿਕ ਚੇਤਨਾ ਦੀ ਚੰਗਿਆੜੀ ਮਘਾਉਣ ਲਈ ਪਹਿਲਾਂ ਹੀ ਉੱਥੇ ਜੁਟੇ ਹੋਏ ਸਨ। ਹੋਰਨਾਂ ਵਿਦਿਆਰਥੀਆਂ ਦੇ ਨਾਲ ਨਾਲ ਕਰਤਾਰ ਸਿੰਘ ਵੀ ਇਨ੍ਹਾਂ ਦੇ ਸੰਪਰਕ ਵਿਚ ਆ ਗਿਆ। ਉਹ ਇਨਕਲਾਬੀਆਂ ਦੀਆਂ ਮੀਟਿੰਗਾਂ ’ਚ ਜਾਣ ਲੱਗਾ। ਉਸ ਦਾ ਪੱਕਾ ਵਿਸ਼ਵਾਸ ਬਣ ਗਿਆ ਕਿ ਦੇਸ਼ ਨੂੰ ਵਿਦੇਸ਼ੀ ਹਾਕਮਾਂ ਤੋਂ ਸਿਰਫ਼ ਹਥਿਆਰਬੰਦ ਸੰਘਰਸ਼ ਰਾਹੀਂ ਮੁਕਤ ਕਰਵਾਇਆ ਜਾ ਸਕਦਾ ਹੈ। ਤੀਖਣ ਬੁੱਧੀ ਦੇ ਮਾਲਕ ਸਰਾਭਾ ਨੇ ਮਹਾਨ ਇਨਕਲਾਬੀਆਂ ਦੀਆਂ ਲਿਖਤਾਂ ਪੜ੍ਹੀਆਂ।

ਦਸੰਬਰ 1912 (ਜਾਂ ਜਨਵਰੀ 1913) ’ਚ ਭਾਰਤੀਆਂ ਦੀ ਅਸਟੋਰੀਆ (ਔਰੇਗਨ) ਵਿਖੇ ਸਥਾਨਕ ਮੀਟਿੰਗ ’ਚ ਪਿੰਡ ਦੇ ਵੱਡੇ ਸਾਥੀ ਰੁਲੀਆ ਸਿੰਘ ਸਰਾਭਾ ਨਾਲ ਸ਼ਾਮਲ ਹੋਇਆ। ਇਸ ਮੀਟਿੰਗ ’ਚ ਕੇਸਰ ਸਿੰਘ ਠੱਠਗੜ੍ਹ ਨੂੰ ਪ੍ਰਧਾਨ, ਬਲਵੰਤ ਸਿੰਘ ਸੰਘਵਾਲ ਨੂੰ ਸਕੱਤਰ ਚੁਣਿਆ ਗਿਆ ਅਤੇ ਹਿੰਦੋਸਤਾਨ ਐਸੋਸੀਏਸ਼ਨ ਬਣਾਈ ਗਈ। ਇਸ ਮੀਟਿੰਗ ਨੂੰ ਕਰਤਾਰ ਸਿੰਘ ਸਰਾਭਾ ਨੇ ਵੀ ਸੰਬੋਧਨ ਕੀਤਾ। ਮਾਰਚ 1913 ’ਚ ਅਸਟੋਰੀਆ ਵਿਖੇ ਅਮਰੀਕਾ ਪੱਧਰੀ ਮੀਟਿੰਗ ਹੋਈ ਜਿਸ ਵਿਚ ਹਿੰਦੋਸਤਾਨ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ (ਗ਼ਦਰ ਪਾਰਟੀ) ਦੀ ਬਾਕਾਇਦਾ ਸਥਾਪਨਾ ਕੀਤੀ ਗਈ ਜਿਸ ਵਿਚ ਸੋਹਣ ਸਿੰਘ ਭਕਨਾ ਨੂੰ ਪ੍ਰਧਾਨ, ਲਾਲਾ ਹਰਦਿਆਲ ਨੂੰ ਸਕੱਤਰ ਚੁਣਿਆ ਅਤੇ ਹੋਰ ਅਹੁਦੇਦਾਰ ਚੁਣੇ ਗਏ। ਇਸ ਮੀਟਿੰਗ ਵਿਚ ਕਰਤਾਰ ਸਿੰਘ ਵੀ ਸ਼ਾਮਲ ਸੀ। ਰਸਮੀ ਤੌਰ ’ਤੇ ਜਥੇਬੰਦੀ ਦੀ ਸਥਾਪਨਾ ਦਾ ਐਲਾਨ 21 ਅਪਰੈਲ 1913 ਨੂੰ ਸਾਂ ਫਰਾਂਸਿਸਕੋ ਵਿਖੇ ਕੀਤਾ ਗਿਆ। ਜਥੇਬੰਦੀ ਨੇ ਹਿੰਦੋਸਤਾਨ ਵਿਚ ਗ਼ਦਰ (ਹਥਿਆਰਬੰਦ ਘੋਲ) ਰਾਹੀਂ ਅੰਗਰੇਜ਼ੀ ਹਕੂਮਤ ਦਾ ਫਸਤਾ ਵੱਢਣ ਤੇ ਨਵਾਂ ਕੌਮੀ ਜਮਹੂਰੀ ਰਾਜ ਪ੍ਰਬੰਧ ਕਰਨ ਦਾ ਮੁੱਖ ਟੀਚਾ ਮਿਥਿਆ। ਇਸ ਦੀ ਤਿਆਰੀ ਲਈ ‘ਗ਼ਦਰ’ ਅਖ਼ਬਾਰ ਕੱਢਣ ਅਤੇ ਧੁਰ ਹੇਠਾਂ ਤੱਕ ਜਥੇਬੰਦਕ ਢਾਂਚੇ ਦੀ ਉਸਾਰੀ ਦੇ ਫ਼ੈਸਲੇ ਕੀਤੇ ਗਏ। ਉਂਜ ‘ਗ਼ਦਰ’ ਅਖ਼ਬਾਰ ਕੱਢਣ ਦਾ ਫ਼ੈਸਲਾ ਲਾਗੂ ਕਰਨ ਵਿਚ ਕੁਝ ਮਹੀਨਿਆਂ ਦੀ ਦੇਰ ਹੋ ਗਈ ਸੀ। ਪਰ ਕਰਤਾਰ ਸਿੰਘ ਵੱਲੋਂ ਲਾਲਾ ਹਰਦਿਆਲ ਨੂੰ ਵਾਰ-ਵਾਰ ਵੱਡੇ ਉਤਸ਼ਾਹ ਅਤੇ ਜੋਸ਼ ਨਾਲ ਕੀਤੀ ਜਾਂਦੀ ਜ਼ੋਰਦਾਰ ਮੰਗ ਸਦਕਾ ਆਖ਼ਰ ਪਹਿਲੀ ਨਵੰਬਰ 1913 ਤੋਂ ਯੁਗਾਂਤਰ ਆਸ਼ਰਮ ਤੋਂ ਗ਼ਦਰ ਅਖ਼ਬਾਰ ਪ੍ਰਕਾਸ਼ਿਤ ਹੋਣ ਲੱਗਾ। ਲਾਲਾ ਹਰਦਿਆਲ ਨੂੰ ਸੰਪਾਦਕ ਅਤੇ ਕਰਤਾਰ ਸਿੰਘ ਸਰਾਭਾ ਤੇ ਰਘੂਬਰ ਦਿਆਲ ਗੁਪਤਾ ਨੂੰ ਉਪ ਸੰਪਾਦਕ ਲਗਾਇਆ ਗਿਆ। ਹਫ਼ਤਾਵਾਰੀ ਗ਼ਦਰ ਤੋਂ ਇਲਾਵਾ ਦੇਸ਼ ਵਾਸੀਆਂ ਦੇ ਖ਼ੂਨ ਨੂੰ ਖੌਲਣ ਲਾਉਣ ਵਾਲੇ ਗ਼ਦਰ ਕਾਵਿ ਦਾ ਪਰਚਾ ‘ਗ਼ਦਰ ਦੀ ਗੂੰਜ’ ਵੀ ਸਮੇਂ ਸਮੇਂ ਸਿਰ ਛਾਪਿਆ ਜਾਂਦਾ।  ਹੱਥ ਨਾਲ ਛਾਪੇ ਵਾਲੀ ਮਸ਼ੀਨ ਗੇੜ-ਗੇੜ ਹਜ਼ਾਰਾਂ ਅਖ਼ਬਾਰ ਛਾਪਣ ਤੇ ਵੱਖ-ਵੱਖ ਮੁਲਕਾਂ ’ਚ ਘੱਲਣਾ ਉਸ ਦੀ ਬੇਹੱਦ ਵੱਡੀ ਘਾਲਣਾ ਸੀ। ਜਦੋਂ ਮਸ਼ੀਨ ਗੇੜ-ਗੇੜ ਥੱਕ ਕੇ ਚੂਰ ਹੋ ਜਾਂਦਾ ਤਾਂ ਗਾਉਂਦਾ: ‘‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।’’ ਗ਼ਦਰ ਅਖ਼ਬਾਰ ਲਈ ਸਰਾਭਾ ਕਈ ਵਾਰ ਲੇਖ, ਕਵਿਤਾਵਾਂ ਆਪ ਲਿਖਦਾ ਅਤੇ ਬੇਨਾਮੀ ਤੌਰ ’ਤੇ ਪ੍ਰਕਾਸ਼ਿਤ ਕਰ ਦਿੰਦਾ। ਉਹ ਉਰਦੂ ਤੋਂ ਪੰਜਾਬੀ ’ਚ ਲਿਖਤਾਂ ਦਾ ਤਰਜਮਾ ਵੀ ਕਰਦਾ।

ਇਸ ਤੋਂ ਇਲਾਵਾ ਗ਼ਦਰ ਪਾਰਟੀ ਦੇ ਫ਼ੈਸਲੇ ਅਨੁਸਾਰ ਕਰਤਾਰ ਸਿੰਘ ਸਰਾਭਾ ਨੇ ਹਵਾਈ ਜਹਾਜ਼ ਉਡਾਉਣ ਤੇ ਮੁਰਮੰਤ ਕਰਨ ਦੀ ਸਫ਼ਲ ਸਿਖਲਾਈ ਵੀ ਲਈ ਤਾਂ ਜੋ ਹਿੰਦ ਜਾ ਕੇ ਗ਼ਦਰ ਲਈ ਹਵਾਈ ਸੈਨਾ ਬਣਾਈ ਤੇ ਇਸ ਦੀ ਨਿੱਗਰ ਵਰਤੋਂ ਕੀਤੀ ਜਾ ਸਕੇ।

ਪਾਰਟੀ ਦੇ ਗੁਪਤ ਕਮਿਸ਼ਨ ਦੀ ਹਦਾਇਤ ’ਤੇ ਕਰਤਾਰ ਸਿੰਘ ਨੇ 21 ਜੁਲਾਈ 1914 ਨੂੰ ਸਾਂ ਫਰਾਂਸਿਸਕੋ ਤੋਂ ਯੋਕੋਹਾਮਾ ਲਈ 100 ਪਿਸਤੌਲ ਅਤੇ ਹੋਰ ਕਾਫ਼ੀ ਗੋਲੀ ਸਿੱਕਾ ਅਜਿਹੇ ਗੁਪਤ ਢੰਗ ਨਾਲ ਜਹਾਜ਼ ’ਚ ਜਾ ਟਿਕਾਇਆ ਕਿ ਖ਼ੁਫ਼ੀਆ ਤੰਤਰ ਨੂੰ ਕੋਈ ਸ਼ੱਕ ਨਾ ਹੋਇਆ ਅਤੇ ਕਾਮਯਾਬੀ ਨਾਲ ਸੋਹਣ ਸਿੰਘ ਭਕਨਾ ਨੂੰ ਜਹਾਜ਼ ਚੜ੍ਹਾ ਦਿੱਤਾ। ‘ਗ਼ਦਰ’ ਨੇ 28 ਜੁਲਾਈ ਦੇ ਅੰਕ ਰਾਹੀਂ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਕਿ ਪਹਿਲੀ ਆਲਮੀ ਜੰਗ ਲੱਗ ਗਈ ਹੈ, ਤੁਸੀਂ ਆਪਣੀ ਆਜ਼ਾਦੀ ਦੀ ਜੰਗ ਲਈ ਤਿਆਰ ਹੋ ਜਾਓ। ਚਾਰ ਅਗਸਤ ਦੇ ਅੰਕ ਨੇ ‘ਐਲਾਨੇ ਜੰਗ’ ਦਾ ਫੁਰਮਾਨ ਜਾਰੀ ਕੀਤਾ। 11 ਅਗਸਤ ਦੇ ਅੰਕ ਨੇ ਕ੍ਰਾਂਤੀਕਾਰੀ ਸੱਦਾ ਛਾਪਿਆ:

ਗ਼ਦਰ ਲਈ ਲੋੜ ਹੈ- 

ਨਿਡਰ ਤੇ ਦਲੇਰ ਸਿਪਾਹੀਆਂ ਦੀ

ਤਨਖ਼ਾਹ-  ਮੌਤ

ਇਨਾਮ- ਸ਼ਹੀਦੀ ਤੇ ਆਜ਼ਾਦੀ

ਸਥਾਨ- ਹਿੰਦ ਦੇ ਮੈਦਾਨ ਵਿਚ

ਚਲੋ ਚਲੀਏ ਦੇਸ਼ ਨੂੰ ਯੁੱਧ ਕਰਨੇ, 

ਇਹੀ ਆਖਰੀ ਬਚਨ ਫਰਮਾਨ ਹੋ ਗਏ।

ਇਸ ਸੱਦੇ ਅਨੁਸਾਰ 6 ਹਜ਼ਾਰ ਤੋਂ ਵਧੇਰੇ ਗ਼ਦਰੀ ਯੋਧੇ ਵੱਖ ਵੱਖ ਜਹਾਜ਼ਾਂ ਰਾਹੀਂ ਹਿੰਦੋਸਤਾਨ ਪੁੱਜੇ। ਸਤੰਬਰ 1914 ’ਚ ਕਰਤਾਰ ਸਿੰਘ ਸਰਾਭਾ ਕੋਲੰਬੋ ਰਾਹੀਂ ਹੁੰਦਾ ਹੋਇਆ ਅਮਰੀਕਾ ਤੋਂ ਹਿੰਦੋਸਤਾਨ ਪੁੱਜਾ ਤੇ ਗੁਪਤਵਾਸ ਹੋ ਕੇ ਪੰਜਾਬ ’ਚ ਸ਼ਕਤੀਸ਼ਾਲੀ  ਗ਼ਦਰ ਪਾਰਟੀ ਦੀ ਜਥੇਬੰਦੀ ਦੀ ਉਸਾਰੀ ਅਤੇ ਹਥਿਆਰਬੰਦ ਗ਼ਦਰ ਦੀ ਤਿਆਰੀ ਲਈ ਦਿਨ-ਰਾਤ ਇਕ ਕਰਨ ਲੱਗਾ।

ਕਰਤਾਰ ਸਿੰਘ ਸਰਾਭਾ ਨੇ ਹਰ ਰੋਜ਼ 50-50 ਮੀਲ ਸਾਈਕਲ ਚਲਾ ਕੇ ਅਤੇ ਕਦੇ ਪੈਦਲ ਹੀ ਪਿੰਡਾਂ, ਸਕੂਲਾਂ ’ਚ ਗ਼ਦਰ ਦਾ ਪ੍ਰਚਾਰ ਅਤੇ ਲਾਮਬੰਦੀ ਕੀਤੀ। ਉਸ ਨੇ ਫਿਰੋਜ਼ਪੁਰ ਅਤੇ ਮੀਆਂਮੀਰ (ਲਾਹੌਰ) ਸਮੇਤ ਕਈ ਫ਼ੌਜੀ ਛਾਉਣੀਆਂ ਅੰਦਰ ਬੇਖ਼ੌਫ਼ ਤੇ ਦਲੇਰਾਨਾ ਵਿਧੀ ਨਾਲ ਫ਼ੌਜੀਆਂ ਨੂੰ ਗ਼ਦਰ ਲਈ ਤਿਆਰ ਕੀਤਾ। ਪਾਰਟੀ ਵਿਚਲੇ ਗ਼ਦਾਰ ਕਿਰਪਾਲ ਸਿੰਘ ਵੱਲੋਂ ਗ਼ਦਰ ਦੀ ਤਾਰੀਖ਼ ਅਤੇ ਯੋਜਨਾ ਪਹਿਲਾਂ 21 ਫਰਵਰੀ 1915 ਅਤੇ ਫਿਰ 19 ਫਰਵਰੀ 1915 ਬਾਰੇ ਅੰਗਰੇਜ਼ ਹਕੂਮਤ ਨੂੰ ਸੂਚਿਤ ਕਰਨ ਦੇ ਸਿੱਟੇ ਵਜੋਂ ਗ਼ਦਰ ਨੂੰ ਵੱਡੀ ਸੱਟ ਵੱਜੀ। ਪੂਰੇ ਪੰਜਾਬ ’ਚ ਗ਼ਦਰੀਆਂ ਦੀ ਫੜੋ-ਫੜੀ ਬਹੁਤ ਤੇਜ਼ ਹੋ ਗਈ। ਕਰਤਾਰ ਸਿੰਘ ਸਰਾਭਾ ਆਪਣੇ ਦੋ ਸਾਥੀਆਂ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘ ਨਾਲ ਫਰੰਟੀਅਰ ਮੇਲ ਚੜ੍ਹ ਕੇ ਅਫ਼ਗ਼ਾਨਿਸਤਾਨ ਦੇ ਕਬਾਇਲੀ ਇਲਾਕੇ ਨੂੰ ਜਾਣ ਲੱਗਿਆ। ਪਰ ਪਿਸ਼ਾਵਰ ਉਤਰ ਕੇ ਇਕ ਰਾਤ ਬਤੀਤ ਕਰ ਕੇ ਫ਼ੈਸਲਾ ਕੀਤਾ ਕਿ ‘‘ਬਣੀ ਸ਼ੇਰਾਂ ਸਿਰ ਜਾਣਾ ਕੀ ਭੱਜ ਕੇ।’’ ਉਹ ਗ਼ਦਰ ਦੀ ਤਿਆਰੀ ਹਿੰਦੋਸਤਾਨ ’ਚ ਹੀ ਰਹਿ ਕੇ ਕਰਨ ਲਈ ਮੁੜ ਆਏ। ਲਾਹੌਰ ਨੇੜੇ ਸਰਗੋਧਾ ਦੀ ਬਾਰ ਦੇ ਚੱਕ ਨੰਬਰ 5 ਤੋਂ ਰਾਜਿੰਦਰ ਸਿੰਘ ਪੈਨਸ਼ਨੀਏ ਦੇ ਘਰੋਂ ਰਾਜਿੰਦਰ ਸਿੰਘ ਅਤੇ ਰਿਸਾਲਦਾਰ ਗੰਡਾ ਸਿੰਘ ਗੰਡੀਵਿੰਡ ਦੀ ਗਦਾਰੀ ਅਤੇ ਮੁਖ਼ਬਰੀ ਦੇ ਸਿੱਟੇ ਵਜੋਂ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਸੁਰਸਿੰਘਵਾਲਾ ਦੋ ਮਾਰਚ 1915 ਨੂੰ ਇਕੱਠੇ ਫੜੇ ਗਏ ਅਤੇ ਸੈਂਟਰਲ ਜੇਲ੍ਹ ਲਾਹੌਰ ’ਚ ਡੱਕ ਦਿੱਤੇ ਗਏ।

ਲਾਹੌਰ ਸਾਜ਼ਿਸ਼ ਕੇਸ (ਪਹਿਲਾ) ਅਧੀਨ ਚੱਲੇ ਮੁਕੱਦਮੇ ਦੌਰਾਨ ਜੱਜ ਨੇ ਕਿਹਾ, ‘‘ਤੈਨੂੰ ਪਤਾ ਕਿ ਤੇਰੇ ਇਸ ਬਿਆਨ ਦਾ ਕੀ ਸਿੱਟਾ ਹੋ ਸਕਦਾ ਹੈ?’’ ਸਰਾਭਾ ਨੇ ਕਿਹਾ, ‘‘ਤੁਸੀਂ ਮੈਨੂੰ ਫਾਂਸੀ ਹੀ ਲਗਾ ਦਿਉਗੇ! ਹੋਰ ਕੀ? ਅਸੀਂ ਇਸ ਤੋਂ ਡਰਦੇ ਨਹੀਂ। ਮੈਂ ਉਮਰ ਕੈਦ ਨਾਲੋਂ ਫਾਂਸੀ ਲੱਗਣ ਨੂੰ ਤਰਜੀਹ ਦਿਆਂਗਾ ਤਾਂ ਜੋ ਛੇਤੀ ਦੁਬਾਰਾ ਜਨਮ ਲੈ ਕੇ, ਮੁੜ ਭਾਰਤ ਦੀ ਆਜ਼ਾਦੀ ਦੀ ਜੰਗ ’ਚ ਕੁੱਦ ਸਕਾਂ।’’ ਅਗਲੇ ਦਿਨ ਫਾਂਸੀ ਦੀ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਕਿਹਾ, ‘‘ਧੰਨਵਾਦ।’’  13 ਸਤੰਬਰ 1915 ਨੂੰ ਸਰਾਭਾ ਸਮੇਤ 24 ਸਾਥੀਆਂ ਫਾਂਸੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ। ਪਰ ਪਿੱਛੋਂ ਵਾਇਸਰਾਏ ਨੇ 17 ਦੀ ਸਜ਼ਾ ਬਦਲ ਕੇ ਉਮਰ ਕੈਦ ਕਾਲੇਪਾਣੀ ਅਤੇ ਜਾਇਦਾਦ ਜ਼ਬਤੀ ਕਰ ਦਿੱਤੀ। ਇਹ ਵਰਣਨਯੋਗ ਹੈ ਕਿ ਅਦਾਲਤ ’ਚ ਕਰਤਾਰ ਸਿੰਘ ਨੇ ਬਿਆਨ ਏਨੀ ਸਿਆਣਪ ਤੇ ਦੂਰਅੰਦੇਸ਼ੀ ਨਾਲ ਦਿੱਤੇ ਜਿਸ ਨਾਲ ਦੁਸ਼ਮਣ ਪਾਸ ਪਹਿਲਾਂ ਪ੍ਰਾਪਤ ਜਾਣਕਾਰੀ ਨੂੰ ਹੀ ਦੁਹਰਾਇਆ ਜਾਵੇ, ਵਾਅਦਾ-ਮੁਆਫ਼ ਗਦਾਰਾਂ ਨੂੰ ਫਸਾਇਆ ਜਾਵੇ, ਖ਼ਰੇ ਗ਼ਦਰੀ ਸਾਥੀਆਂ ਦੇ ਰੋਲ ਬਾਰੇ ਭੇਤਾਂ ਨੂੰ ਵੱਧ ਤੋਂ ਵੱਧ ਲੁਕੋ ਕੇ ਰੱਖਿਆ ਜਾਵੇ ਅਤੇ ਮੌਤ ਮੂਹਰੇ ਬੁਲੰਦ ਹੌਸਲੇ ਦਾ ਪ੍ਰਗਟਾਵਾ ਕੀਤਾ ਜਾਵੇ। ਫਾਂਸੀ ਤੋਂ ਪਹਿਲਾਂ ਸਰਾਭਾ ਦਾ ਭਾਰ ਪੰਜ ਕਿਲੋ ਵਧ ਗਿਆ ਸੀ। 16 ਨਵੰਬਰ 1915 ਨੂੰ 7 ਮਹਾਨ ਗਦਰੀ ਯੋਧੇ- ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰਸਿੰਘ (ਅੰਮ੍ਰਿਤਸਰ), ਹਰਨਾਮ ਸਿੰਘ ਸਿਆਲਕੋਟੀ, ਵਿਸ਼ਨੂੰ ਗਣੇਸ਼ ਪਿੰਗਲੇ (ਪੂਣੇ), ਬਖਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ (ਤਿੰਨੇ ਗਿੱਲਵਾਲੀ, ਅੰਮ੍ਰਿਤਸਰ) ਸੈਂਟਰਲ ਜੇਲ੍ਹ ਲਾਹੌਰ ਵਿਖੇ ਹੱਸ-ਹੱਸ ਕੇ ਫਾਂਸੀ ਚੜ੍ਹ ਗਏ ਤੇ ਸਦਾ ਲਈ ਅਮਰ ਹੋ ਗਏ।

ਸੰਪਰਕ: 96464-02470

Source link