ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ

ਸਿੱਖ ਇਤਿਹਾਸ, ਧਰਮ ਤੇ ਗੁਰੂ ਨਾਨਕ ਫਲਸਫ਼ਾ ਆਦਿ ਵਿਸ਼ਿਆਂ ਦੀਆਂ ਅੰਗਰੇਜ਼ੀ ਭਾਸ਼ਾ ਦੀਆਂ ਦਸ ਕਿਤਾਬਾਂ ਦੇ ਰਚੇਤਾ ਡਾ. ਅਰਵਿੰਦਰ ਸਿੰਘ ਲੁਧਿਆਣਾ ਦੀ ਪੁਸਤਕ ‘ਨੁਕਤਾ-ਏ-ਨਿਗਾਹ’ (ਕੀਮਤ: 250 ਰੁਪਏ; ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ) ਲਘੂ ਲੇਖਾਂ ਦੀ ਕਿਤਾਬ ਹੈ। ਇਸ ਵਿਚ ਜ਼ਿੰਦਗੀ ਨਾਲ ਜੁੜੇ ਵਿਭਿੰਨ ਵਿਸ਼ਿਆਂ ਦੇ 75 ਲਘੂ ਨਿਬੰਧ ਹਨ। ਇਹ ਲੇਖ ਜੀਵਨ ਮੁੱਲਾਂ ਨਾਲ ਸੰਬੰਧਤ ਵਾਰਤਕ ਰਚਨਾਵਾਂ ਹਨ। ਡਾ. ਸ.ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਪੁਸਤਕ ਦੇ ਲੇਖਾਂ ਬਾਰੇ ਭਾਵਪੂਰਤ ਵਿਚਾਰ ਭੂਮਿਕਾ ਵਿਚ ਅੰਕਿਤ ਕੀਤੇ ਹਨ। ਇਸ ਕਿਸਮ ਦੇ ਲੇਖ ਪੰਜਾਬੀ ਵਿਚ ਗਗਨ ਪਾਕਿਸਤਾਨੀ ਦੇ ‘ਜਿਗਰ ਪਾਰਿਆਂ’ ਦੇ ਰੂਪ ਵਿਚ ਪੜ੍ਹੇ ਗਏ ਸਨ। ਡਾ. ਕੁਲਬੀਰ ਸਿੰਘ ਕਾਂਗ ਦੇ ‘ਲਲਿਤ ਨਿਬੰਧ’ ਵੀ ਇਸ ਸ਼੍ਰੇਣੀ ਵਿਚ ਆਉਂਦੇ ਹਨ। ਕਿਤਾਬ ਦੇ ਲੇਖਾਂ ਦੀ ਸ਼ੈਲੀ ਨਿਵੇਕਲੀ ਕਿਸਮ ਦੀ ਹੈ। ਲੇਖ ਸਹਿਜ ਹਨ। ਅਧਿਆਤਮਕ ਪ੍ਰਸੰਗ ਹਨ। ਜ਼ਿੰਦਗੀ ਦੇ ਕਈ ਗਹਿਰੇ ਮੁੱਲਾਂ ਦੀ ਸੰਖੇਪ ਗੱਲ ਕਰਦੇ ਹਨ। ਕੁਦਰਤ ਵਿਚੋਂ ਕਈ ਦ੍ਰਿਸ਼ਟਾਂਤ ਲੈ ਕੇ ਲੇਖਾਂ ਨੂੰ ਪ੍ਰਭਾਵਸ਼ਾਲੀ ਰੂਪ ਦਿੱਤਾ ਗਿਆ ਹੈ। ਚੁਰਾਸੀ ਲੱਖ ਜੂਨਾਂ ਪਿੱਛੋਂ ਮਨੁੱਖੀ ਜੀਵਨ ਮਿਲਣ ਦਾ ਸੰਕਲਪ ਸਾਡੇ ਧਾਰਮਿਕ ਗ੍ਰੰਥਾਂ ਵਿਚ ਲਿਖਿਆ ਹੋਇਆ ਹੈ। ਧਾਰਮਿਕ ਸਥਾਨਾਂ ’ਤੇ ਵੀ ਸਾਡੇ ਧਾਰਮਿਕ ਆਗੂ ਇਸ ਦੀ ਚਰਚਾ ਕਰਦੇ ਹਨ। ਮਨੁੱਖ ਕਿੱਥੋਂ ਆਇਆ ਹੈ? ਕਿੱਥੇ ਜਾਣਾ ਹੈ? ਜਨਮ ਤੋਂ ਮੌਤ ਤਕ ਦਾ ਲੰਮਾ ਸਫ਼ਰ ਹੈ। ਇਸ ਦੌਰਾਨ ਜ਼ਿੰਦਗੀ ਕਿਵੇਂ ਜੀਵੀ ਜਾਵੇ? ਮਨੁੱਖ ਦੀ ਜ਼ਿੰਦਗੀ ਵਿਚ ਆਰਥਿਕਤਾ ਦਾ ਕੀ ਪ੍ਰਭਾਵ ਹੈ? ਮਨੁੱਖ ਦੂਸਰਿਆਂ ਨਾਲ ਕਿਵੇਂ ਵਿਵਹਾਰ ਕਰੇ। ਘਰ ਗ੍ਰਹਿਸਥੀ ਵਿਚ, ਰਿਸ਼ਤੇਦਾਰੀਆਂ ਵਿਚ, ਦੋਸਤਾਂ ਮਿੱਤਰਾਂ, ਦੁਸ਼ਮਣਾਂ, ਆਪਣਿਆਂ, ਬਿਗਾਨਿਆਂ ਨਾਲ ਮਨੁੱਖ ਕਿਵੇਂ ਵਰਤ ਵਿਹਾਰ ਕਰੇ। ਇਹ ਅਤੇ ਹੋਰ ਕਈ ਸਵਾਲ ਜਗਿਆਸੂ ਕਰਦੇ ਹਨ। ਜ਼ਿੰਦਗੀ ਦੀ ਕਿਤਾਬ ਪੜ੍ਹੇ ਗੁਰਮੁਖ ਜਨ, ਫ਼ਕੀਰ, ਮੁਰਸ਼ਦ, ਗੁਰੂਦੇਵ, ਬਜ਼ੁਰਗ ਇਨ੍ਹਾਂ ਸਵਾਲਾਂ ਦੇ ਜੁਆਬ ਆਪਣੇ ਮੁਰੀਦਾਂ ਨੂੰ ਦਿੰਦੇ ਹਨ। ਹਰੇਕ ਨਿਬੰਧ ਦਾ ਸਿਰਲੇਖ ਹੈ। ਕਈ ਨਿਬੰਧਾਂ ਵਿਚ ਉਰਦੂ ਫ਼ਾਰਸੀ ਦੇ ਲਫ਼ਜ਼ ਵਰਤੇ ਗਏ ਹਨ। ਸਿਰਲੇਖ ਵੀ ਉਰਦੂ ਜ਼ਬਾਨ ਦਾ ਹੈ।

ਕਿਤਾਬ ਵਿਚ ਦਰਜ ਇਹ ਸਾਰੇ ਨੁਕਤੇ ਜੀਵਨ ਸਚਾਈਆਂ ਨਾਲ ਭਰੇ ਹੋਏ ਹਨ। ਮਨੁੱਖ ਪੈਰ ਪੈਰ ’ਤੇ ਇਹ ਨੁਕਤੇ ਵਰਤਦਾ ਹੈ। ਚੋਰ, ਸਾਧ, ਕਰਮਸ਼ੀਲ ਵਿਅਕਤੀ, ਵਿਉਪਾਰੀ, ਅਧਿਆਪਕ, ਵਿਦਿਆਰਥੀ, ਸਿਆਸਤਦਾਨ, ਅਮੀਰ ਗ਼ਰੀਬ, ਧਾਰਮਿਕ ਆਗੂ ਹਰ ਇਕ ਲਈ ਇਹ ਪੁਸਤਕ ਕਈ ਸਵਾਲ ਖੜ੍ਹੇ ਕਰਦੀ ਹੈ। ਕੁਦਰਤ ਨਾਲ ਮਨੁੱਖ ਦਾ ਰਿਸ਼ਤਾ ਕੀ ਹੈ ਅਤੇ ਅਜੋਕੇ ਸਮੇਂ ਵਿਚ ਇਹ ਰਿਸ਼ਤਾ ਕਿਸ ਹੱਦ ਤਕ ਪਲੀਤ ਹੋ ਗਿਆ ਹੈ। ਇਸ ਬਾਰੇ ਗੁਰੂ ਜਨ ਜਗਿਆਸੂ ਦੀ ਮਨ ਦੀ ਪਿਆਸ ਬੁਝਾਉਣ ਦੀ ਕੋਸ਼ਿਸ਼ ਕਰਦੇ ਹਨ। ਗਿਆਨ ਕਿੱਥੋਂ ਮਿਲੇ? ਕਿਵੇਂ ਮਿਲੇ? ਫੁੱਲਾਂ ਤੋਂ ਕੀ ਸਿੱਖੀਏ? ਇਨ੍ਹਾਂ ਲੇਖਾਂ ਵਿਚ ਉੱਤਰ ਮਿਲਦਾ ਹੈ। ਜ਼ਿੰਦਗੀ ਦੇ ਲੰਮੇ ਵਰ੍ਹੇ ਕੋਈ ਅਰਥ ਨਹੀਂ ਰੱਖਦੇ। ਮਨੁੱਖਤਾ ਲਈ ਕੀਤੇ ਕੰਮ ਹੀ ਯਾਦਗਾਰੀ ਹਨ। ਪੁਸਤਕ ਦਾ ਪਾਠ ਕਰਨ ਵੇਲੇ ਇੰਜ ਲੱਗਦਾ ਹੈ ਜਿਵੇਂ ਪਾਠਕ ਕਿਸੇ ਧਾਰਮਿਕ ਦੀਵਾਨ ਵਿਚ ਬੈਠਾ ਕਥਾ ਸੁਣ ਰਿਹਾ ਹੋਵੇ। ਕਿਤਾਬ ਦੇ ਕਈ ਨੁਕਤੇ ਸਾਡੀ ਦੁਬਿਧਾ ਅਤੇ ਮਨ ਦੇ ਸ਼ੰਕੇ ਦੂਰ ਕਰਦੇ ਹਨ। ਕਈ ਕਥਨ ਅਟਲ ਸਚਾਈਆਂ ਹਨ। ਪੁਸਤਕ ਇਸ ਸੰਕਲਪ ਨੂੰ ਪੱਕਾ ਕਰਨ ਦਾ ਯਤਨ ਕਰਦੀ ਹੈ ਕਿ ਸੰਸਾਰ ਨੂੰ ਚਲਾਉਣ ਵਿਚ ਕਿਸੇ ਅਦ੍ਰਿਸ਼ਟ ਸ਼ਕਤੀ ਦਾ ਹੱਥ ਹੈ। ਇਸ ਦਾ ਜ਼ਿਕਰ ਪੁਸਤਕ ਵਿਚ ਥਾਂ ਥਾਂ ’ਤੇ ਹੈ। ਸੁਖ, ਦੁਖ, ਮਨ, ਬੁੱਧੀ, ਵਿਦਵਤਾ, ਹੰਕਾਰ, ਮੈਂ ਮੇਰੀ, ਖ਼ੁਆਬ, ਖ਼ੁਆਬਾਂ ਦੀ ਪੂਰਤੀ ਕਿਵੇਂ?, ਜ਼ਿੰਦਗੀ ਦੀਆਂ ਧੁੱਪਾਂ ਛਾਂਵਾਂ, ਦਾਨਿਸ਼ਮੰਦੀ, ਮੁਹਬੱਤ, ਇਖਲਾਕ ਆਦਿ ਵਿਸ਼ਿਆਂ ’ਤੇ ਡੂੰਘੀ ਝਾਤ ਪਾਈ ਗਈ ਹੈ। ਜ਼ਿੰਦਗੀ ਦੇ ਸੱਚ ਦੀ ਤਲਾਸ਼ ਕਰਦੇ ਜਗਿਆਸੂ ਪਾਠਕਾਂ ਲਈ ਇਹ ਕਿਤਾਬ ਲਾਹੇਵੰਦ ਹੈ।
ਸੰਪਰਕ: 098148-56160

Source link