ਹਿਮਾਂਸ਼ੂ ਸੂਦ

ਫ਼ਤਹਿਗੜ੍ਹ ਸਾਹਿਬ, 27 ਸਤੰਬਰ

InterServer Web Hosting and VPS

ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਅੱਜ ਇਥੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਭਰਵਾਂ ਹੁੰਗਾਰਾ ਮਿਲਿਆ। ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਪਿੰਡ ਦਾਦੂਮਾਜਰਾ ਵਿਚ ਵੀ ਨੌਜਵਾਨਾਂ ਨੇ ਇਕਠੇ ਹੋ ਕੇ ਕੇਦਰ ਸਰਕਾਰ ਖਿਲਾਫ਼ ਪ੍ਰਦਰਸਨ ਕੀਤਾ ਅਤੇ ਆਵਾਜਾਈ ਰੋਕੀ।

ਰੂਪਨਗਰ (ਬਹਾਦਰਜੀਤ ਸਿੰਘ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ‘ਭਾਰਤ ਬੰਦ’ ਦੇ ਸੱਦੇ ਨੂੰ ਅੱਜ ਰੂਪਨਗਰ ਜ਼ਿਲ੍ਹੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਕਿਸਾਨਾਂ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਨੇੜੇ ਰੇਲਵੇ ਫਾਟਕ ਉੱਤੇ ਧਰਨਾ ਦਿੱਤਾ ਗਿਆ। ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੱਦੇ ਤਹਿਤ ਰੂਪਨਗਰ ਦੇ ਡੀਸੀ ਦਫ਼ਤਰ ਕਰਚਮਾਰੀਆਂ ਵੱਲੋਂ ਕਿਸਾਨਾਂ ਦਾ ਪੂਰਨ ਸਮਰਥਨ ਦਿੱਤਾ ਗਿਆ।

ਖਰੜ (ਸ਼ਸ਼ੀ ਪਾਲ ਜੈਨ): ‘ਭਾਰਤ ਬੰਦ’ ਨੂੰ ਅੱਜ ਖਰੜ ਵਿੱਚ ਪੂਰਾ ਹੁੰਗਾਰਾ ਮਿਲਿਆ। ਬੰਦ ਦੌਰਾਨ ਜਿਥੇ ਦੇਸੂਮਾਜਰਾ, ਲਾਂਡਰਾ, ਖ਼ਾਨਪੁਰ, ਸੋਹਾੜਾ ਆਦਿ ਥਾਵਾਂ ’ਤੇ ਚੱਕਾ ਜਾਮ ਰਿਹਾ ਉਥੇ ਹੀ ਖਰੜ ਗਾਂਧੀ ਬਜ਼ਾਰ, ਆਰੀਆ ਰੋਡ, ਲਾਡਰਾਂ ਰੋਡ ਆਦਿ ਪੂਰਨ ਤੌਰ ’ਤੇ ਬੰਦ ਰਹੇ।

ਚਮਕੌਰ ਸਾਹਿਬ (ਸੰਜੀਵ ਬੱਬੀ): ਇਲਾਕੇ ਦੇ ਦੁਕਾਨਦਾਰਾਂ ਵੱਲੋਂ ਅੱਜ ਦੁਕਾਨਾਂ ਬੰਦ ਰੱਖ ਕੇ ਜਿੱਥੇ ਕਿਸਾਨਾਂ ਦਾ ਸਾਥ ਦਿੱਤਾ ਗਿਆ, ਉੱਥੇ ਹੀ ਕਿਸਾਨਾਂ ਵੱਲੋਂ ਨਹਿਰ ਪੁੱਲ ’ਤੇ ਰੋਸ ਧਰਨਾ ਦੇ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਲਾਲੜੂ (ਸਰਬਜੀਤ ਸਿੰਘ ਭੱਟੀ): ਭਾਰਤ ਬੰਦ ਮੌਕੇ ਅੱਜ ਟੌਲ ਪਲਾਜ਼ਾ ਦੱਪਰ, ਆਈ.ਟੀ.ਆਈ ਚੋਂਕ ਲਾਲੜੂ, ਬੱਸ ਅੱਡਾ ਹੰਡੇਸਰਾ, ਜੜੌਤ ਚੌਂਕ ਵਿੱਚ ਕਿਸਾਨਾਂ, ਦੁਕਾਨਦਾਰਾਂ, ਮਜ਼ਦੂਰ ਅਤੇ ਮੁਲਾਜ਼ਮ ਜੱਥੇਬੰਦੀਆਂ ਸਮੇਤ ਪੰਜਾਬ, ਚੰਡੀਗੜ੍ਹ ਯੂਨੀਅਨ ਆਫ ਜਨਰਲਲਿਸਟ ਨੇ ‘ਬੰਦ’ ਨੂੰ ਕਾਮਯਾਬ ਬਣਾਉਣ ਵਿੱਚ ਪੂਰਨ ਯੋਗਦਾਨ ਦਿੱਤਾ।

ਮੋਰਿੰਡਾ (ਸੰਜੀਵ ਤੇਜਪਾਲ): ‘ਭਾਰਤ ਬੰਦ’ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਿਆ ਅਤੇ ਮੋਰਿੰਡਾ ਦੇ ਬਾਜ਼ਾਰ ਤੇ ਆਸ-ਪਾਸ ਦੇ ਇਲਾਕੇ ਮੁਕੰਮਲ ਬੰਦ ਰਹੇ। ਮੋਰਿੰਡਾ ਇਲਾਕੇ ਦੇ ਕਿਸਾਨਾਂ ਵਲੋਂ ਪੰਜਕੋਹਾ ਪੈਲੇਸ ਮੋਰਿੰਡਾ ਨਜ਼ਦੀਕ ਚੰਡੀਗੜ੍ਹ-ਲੁਧਿਆਣਾ ਮੁੱਖ ਮਾਰਗ ’ਤੇ ਜਾਮ ਲਗਾਇਆ ਗਿਆ। ਇਸ ਮੌਕੇ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ।

ਨੂਰਪੁਰ ਬੇਦੀ (ਬਲਵਿੰਦਰ ਰੈਤ): ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਐਲਾਨੇ ਭਾਰਤ ਬੰਦ ਦੇ ਸੱਦੇ ’ਤੇ ਅੱਜ ਨੂਰਪੁਰ ਬੇਦੀ ਖੇਤਰ ’ਚ ਪੈਂਦੇ ਸਮੁੱਚੇ ਪਿੰਡਾਂ ’ਚ ਬਾਜ਼ਾਰ ਤੇ ਹੋਰ ਕਾਰੋਬਾਰ ਬੰਦ ਰਹੇ ਜਦਕਿ ਆਵਾਜਾਈ ਨਾ ਹੋਣ ਕਰ ਕੇ ਸੜਕਾਂ ਵੀ ਸੁੰਨ-ਸਾਨ ਰਹੀਆਂ। ਇਸਤੋਂ ਇਲਾਵਾ ਨੂਰਪੁਰਬੇਦੀ ਵਿਖੇ ਕਿਸਾਨ ਸੰਗਠਨਾਂ ਨੇ ਰੂਪਨਗਰ-ਨੂਰਪੁਰ ਬੇਦੀ ਮੁੱਖ ਮਾਰਗ ਸਮੁੱਚਾ ਦਿਨ ਚੱਕਾਜਾਮ ਕਰ ਕੇ ਰੱਖਿਆ।

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਭਾਰਤ ਬੰਦ ਮੌਕੇ ਅੱਜ ਪਿੰਡ ਮੁੱਲਾਂਪੁਰ ਗ਼ਰੀਬਦਾਸ-ਚੰਡੀਗੜ੍ਹ ਬੈਰੀਅਰ, ਮਾਜਰਾ, ਉਮੈਕਸ ਨਿਊ ਚੰਡੀਗੜ੍ਹ ਅਤੇ ਨਵਾਂ ਗਾਓਂ’ ਵਿਖੇ ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਅਦਾਕਾਰ ਯੋਗਰਾਜ ਸਿੰਘ, ਗੁਰਦਰਸ਼ਨ ਸਿੰਘ, ਅਮਨ ਸਿੰਘ, ਸੋਨੀਆ ਮਾਨ, ਜੋਰਾ ਸਿੰਘ, ਬਾਬਾ ਸਾਧੂ ਸਿੰਘ, ਮਨਜੀਤ ਸਿੰਘ, ਜੈ ਸਿੰਘ, ਮਲਕੀਤ ਸਿੰਘ ਆਦਿ ਬੁਲਾਰਿਆਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ

ਕੁਰਾਲੀ (ਮੇਹਰ ਸਿੰਘ): ਭਾਰਤ ਬੰਦ ਨੂੰ ਕੁਰਾਲੀ ਅਤੇ ਬਲਾਕ ਮਾਜਰੀ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਕਈ ਥਾਵਾਂ ‘ਤੇ ਚੱਕਾ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤੇ ਗਏ।

ਘਨੌਲੀ (ਜਗਮੋਹਨ ਸਿੰਘ): ‘ਭਾਰਤ ਬੰਦ’ ਨੂੰ ਘਨੌਲੀ ਭਰਤਗੜ੍ਹ ਖੇਤਰ ਵਿੱਚ ਭਰਵਾਂ ਹੁੰਗਾਰਾ ‌ਮਿਲਿਆ। ਦੋਵੇਂ ਮੁੱਖ ਕਸਬਿਆਂ ਦੇ ਬਾਜ਼ਾਰਾਂ ਦੀਆਂ ਸਮੁੱਚੀਆਂ ਦੁਕਾਨਾਂ ਬੰਦ ਰਹੀਆਂ। ਭਰਤਗੜ੍ਹ ਵਿਖੇ ਲੋਕਾਂ ਨੇ ਕੌਮੀ ਮਾਰਗ ਰੋਕ ਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਹੋਇਆਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ।

ਖਮਾਣੋਂ (ਜਗਜੀਤ ਕੁਮਾਰ): ‘ਭਾਰਤ ਬੰਦ’ ਨੂੰ ਖਮਾਣੋਂ ਸ਼ਹਿਰ ਵਿਚ ਪੂਰਨ ਹੁੰਗਾਰਾ ਮਿਲਿਆ। ਦੁਕਾਨਦਾਰਾਂ ਵਲੋਂ ਦੁਕ‍ਾਨਾਂ ਬੰਦ ਰੱਖੀਆਂ ਗਈਆਂ ਅਤੇ ਮੁੱਖ ਮਾਰਗ ’ਤੇ ਆਵਾਜਾਈ ਬੰਦ ਕੀਤੀ ਗਈ।

ਬਨੂੜ ਵਿੱਚ ਦੁਕਾਨਾਂ, ਬਾਜ਼ਾਰ, ਸਕੂਲ, ਫੈਕਟਰੀਆਂ ਅਤੇ ਹੋਰ ਅਦਾਰੇ ਰਹੇ ਬੰਦ

ਬਨੂੜ (ਕਰਮਜੀਤ ਸਿੰਘ ਚਿੱਲਾ): ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਨੂੰ ਅੱਜ ਬਨੂੜ ਖੇਤਰ ਵਿੱਚ ਬੇਮਿਸਾਲ ਹੁੰਗਾਰਾ ਮਿਲਿਆ। ਬਨੂੜ ਸ਼ਹਿਰ ਅਤੇ ਇਸਦੇ ਨਾਲ ਲੱਗਦੇ ਕਸਬਿਆਂ ਮਾਣਕਪੁਰ, ਖੇੜਾ ਗੱਜੂ, ਜਾਂਸਲਾ, ਦੈੜੀ, ਸਨੇਟਾ ਆਦਿ ਵਿੱਚ ਸਮੁੱਚੇ ਬਾਜ਼ਾਰ ਬੰਦ ਰਹੇ। ਸਰਕਾਰੀ ਸਕੂਲਾਂ ਅਤੇ ਹੋਰ ਅਦਾਰਿਆਂ ਵਿੱਚ ਵੀ ਕਰਮਚਾਰੀ ਨਹੀਂ ਪਹੁੰਚ ਸਕੇ। ਸਮੁੱਚੇ ਪ੍ਰਾਈਵੇਟ ਸਕੂਲ, ਬੈਂਕ, ਫੈਕਟਰੀਆਂ ਅਤੇ ਹੋਰ ਅਦਾਰੇ ਵੀ ਮੁਕੰਮਲ ਬੰਦ ਰਹੇ। ਬਨੂੜ ਖੇਤਰ ਦੇ ਦਸ ਕਿਲੋਮੀਟਰ ਦੇ ਘੇਰੇ ਵਿੱਚ ਕਿਸਾਨਾਂ ਨੇ ਛੇ ਥਾਂਵਾਂ ਉੱਤੇ ਕੌਮੀ ਮਾਰਗਾਂ ਤੇ ਜਾਮ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਬਨੂੜ ਬੈਰੀਅਰ ’ਤੇ ਧਰਨੇ ਨੂੰ ਕਿਸਾਨ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਸੱਤਪਾਲ ਸਿੰਘ ਰਾਜੋਮਾਜਰਾ, ਮੋਹਨ ਸਿੰਘ ਸੋਢੀ, ਗੁਰਜੰਟ ਸਿੰਘ ਬੜ੍ਹੀ, ਪ੍ਰੇਮ ਸਿੰਘ ਘੜਾਮਾਂ, ਕੁਲਵਿੰਦਰ ਸਿੰਘ ਭੋਲਾ, ਬਾਬਾ ਦਿਲਬਾਗ ਸਿੰਘ ਬਾਗਾ, ਬਸਪਾ ਆਗੂ ਜਗਜੀਤ ਸਿੰਘ ਛੜਬੜ੍ਹ, ਜਾਗੀਰ ਸਿੰਘ ਹੰਸਾਲਾ, ਬਾਬਾ ਗੁਰਦੇਵ ਸਿੰਘ, ਸੋਨੀ ਸੰਧੂ ਨੇ ਸੰਬੋਧਨ ਕੀਤਾ। ਅਜ਼ੀਜ਼ਪੁਰ ਟੌਲ ਪਲਾਜ਼ੇ ’ਤੇ ਲਗਾਏ ਜਾਮ ਨੂੰ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ ਨੇ ਸੰਬੋਧਨ ਕੀਤਾ। ਪਿੰਡ ਮੋਟੇਮਾਜਰਾ ਵਿਖੇ ਨਿਰਮਲ ਸਿੰਘ ਦੀ ਅਗਵਾਈ ਹੇਠ ਜਾਮ ਲੱਗਿਆ। ਦੈੜੀ ਦੇ ਏਅਰਪੋਰਟ ਚੌਕ ਉੱਤੇ ਸ਼ੇਰ ਸਿੰਘ ਦੈੜੀ, ਟਹਿਲ ਸਿੰਘ ਮਾਣਕਪੁਰ, ਜਾਮ ਲਾਇਆ ਗਿਆ।

ਜ਼ੀਰਕਪੁਰ ਤੇ ਡੇਰਾਬੱਸੀ ’ਚ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ

ਪਿੰਡ ਭਾਂਖਰਪੁਰ ਵਿੱਚ ਕਿਸਾਨਾਂ ਦੇ ਨਾਲ ਧਰਨੇ ’ਤੇ ਬੈਠਾ ਬੱਚਾ। -ਫੋਟੋ: ਰੂਬਲ

ਜ਼ੀਰਕਪੁਰ/ ਡੇਰਾਬੱਸੀ (ਹਰਜੀਤ ਸਿੰਘ): ‘ਭਾਰਤ ਬੰਦ’ ਦਾ ਅੱਜ ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਪੂਰਨ ਅਸਰ ਦੇਖਣ ਨੂੰ ਮਿਲਿਆ। ਦੋਵੇਂ ਕਸਬੇ ਮੁਕੰਮਲ ਬੰਦ ਰਹੇ। ਸੜਕਾਂ ’ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ ਅਤੇ ਸੰਨਾਟਾ ਪੱਸਰਿਆ ਰਿਹਾ। ਪ੍ਰਦਰਸ਼ਨਕਾਰੀਆਂ ਵੱਲੋਂ ਐਮਰਜੈਂਸੀ ਸੇਵਾਵਾਂ ਜਿਨ੍ਹਾਂ ਵਿੱਚ ਐਂਬੂਲੈਂਸਾਂ ਅਤੇ ਹੋਰ ਪਾਸੇ ਜਾਣ ਵਾਲੇ ਲੋਕਾਂ ਦੇ ਨਿਕਲਣ ਲਈ ਵੱਖਰੇ ਪ੍ਰਬੰਧ ਕੀਤੇ ਹੋਏ ਸਨ, ਪਰ ਪੰਜਾਬ ਵਿੱਚ ਬਾਹਰੋਂ ਆਉਣ ਵਾਲੇ ਲੋਕ ਲਿੰਕ ਸੜਕਾਂ ’ਤੇ ਖੱਜਲ ਹੁੰਦੇ ਨਜ਼ਰ ਆਏ। ਕਿਸਾਨਾਂ ਵੱਲੋਂ ਡੇਰਾਬੱਸੀ ਬਰਵਾਲਾ ਚੌਂਕ, ਪਿੰਡ ਭਾਂਖਰਪੁਰ ਟਰੈਫਿਕ ਲਾਈਟ, ਮੈਕ ਡੌਨਲਡ ਚੌਂਕ, ਸਿੰਘਪੁਰਾ ਚੌਂਕ, ਹਵਾਈ ਅੱਡੇ ਦੀ ਟਰੈਫਿਕ ਲਾਈਟਾਂ, ਪਟਿਆਲਾ ਚੌਂਕ, ਕੋਹਿਨੂਰ ਢਾਬੇ ਤੇ ਲੋਹਗੜ੍ਹ ਪਿੰਡ ਨੂੰ ਜਾਂਦੀ ਸੜਕ, ਨਾਭਾ ਸਾਹਿਬ ਹਾਈ ਗਰਾਊਂਡ ਮੋੜ, ਪੁਰਾਣੀ ਕਾਲਕਾ ਰੋਡ, ਪਿੰਡ ਸਨੌਲੀ ਦੇ ਨੇੜੇ, ਮੈਟਰੋ ਪਲਾਜ਼ਾ ਕੋਲ ਟਰੈਕਟਰ ਟਰਾਲੀਆਂ ਅਤੇ ਟਰੱਕ ਖੜ੍ਹ ਕਰ ਕੇ ਆਵਾਜਾਈ ਨੂੰ ਬੰਦ ਰੱਖਿਆ ਗਿਆ।

ਜਾਮ ਵਿਚ ਬੱਚਿਆਂ ਸਣੇ ਫਸੇ ਪਰਿਵਾਰਾਂ ਨੂੰ ਪੁਲੀਸ ਨੇ ਖੁਆਇਆ ਖਾਣਾ

ਡੀਐੱਸਪੀ ਰਘਬੀਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਬੱਚਿਆਂ ਤੇ ਔਰਤਾਂ ਨੂੰ ਖਾਣ-ਪੀਣ ਦਾ ਸਾਮਾਨ ਦਿੰਦੀ ਹੋਈ।

ਫ਼ਤਹਿਗੜ੍ਹ ਸਾਹਿਬ (ਅਜੈ ਮਲਹੋਤਰਾ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕੀਤੇ ਗਏ ਅੱਜ ਦੇ ਬੰਦ ਨੂੰ ਜਿੱਥੇ ਇੱਕ ਪਾਸੇ ਆਮ ਲੋਕਾਂ ਦਾ ਭਰਵਾਂ ਸਮਰਥਨ ਮਿਲਦਾ ਨਜ਼ਰ ਆਇਆ ਉੱਥੇ ਹੀ ਇਸ ਬੰਦ ਤੋਂ ਅਣਜਾਨ ਹੋਰ ਸੂਬਿਆਂ ਤੋਂ ਆਉਣ ਵਾਲੇ ਮੁਸਾਫਿਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਰਹਿੰਦ ਜੀਟੀ ਰੋਡ ’ਤੇ ਲੱਗੇ ਜਾਮ ਦੌਰਾਨ ਡੀਐੱਸਪੀ ਰਘਬੀਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਦੇਖਿਆ ਕਿ ਹੋਰ ਸੂਬਿਆਂ ਨਾਲ ਸਬੰਧਤ ਦੋ-ਤਿੰਨ ਪਰਿਵਾਰ ਜਿਨਾਂ ਨਾਲ ਬੱਚੇ ਅਤੇ ਔਰਤਾਂ ਵੀ ਸਨ, ਜਾਮ ਵਿਚ ਭੁੱਖੇ- ਪਿਆਸੇ ਬੇਵੱਸ ਖੜ੍ਹੇ ਹਨ। ਡੀਐੱਸਪੀ ਵੱਲੋਂ ਪਹਿਲਾਂ ਉਨ੍ਹਾਂ ਨੂੰ ਛਾਂ ਵਿਚ ਬਿਠਾਉਣ ਦਾ ਇੰਤਜ਼ਾਮ ਕੀਤਾ ਗਿਆ ਤੇ ਫਿਰ ਇੱਕ ਬੰਦ ਪਈ ਦੁਕਾਨ ਖੁੱਲ੍ਹਵਾ ਕੇ ਡੀਐੱਸਪੀ ਰਘਬੀਰ ਸਿੰਘ ਅਤੇ ਸਾਥੀ ਪੁਲੀਸ ਮੁਲਾਜ਼ਮਾਂ ਨੇ ਆਪਣੀ ਜੇਬ ’ਚੋਂ ਪੈਸੇ ਖਰਚ ਕਰ ਕੇ ਉਨਾਂ ਨੂੰ ਖਾਣ-ਪੀਣ ਦੀ ਵਸਤਾਂ ਮੁਹੱਈਆ ਕਰਵਾਈਆਂ। ਉਕਤ ਪਰਿਵਾਰਾਂ ਨੇ ਪੁਲੀਸ ਦਾ ਧੰਨਵਾਦ ਕੀਤਾ।

Source link