ਰੁੜਕੇਲਾ, 14 ਜਨਵਰੀ

ਸਪੇਨ ’ਤੇ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਨ ਤੋਂ ਬਾਅਦ ਭਾਰਤ ਭਲਕੇ ਐਤਵਾਰ ਨੂੰ ਇੱਥੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ ਵਿੱਚ ਇੰਗਲੈਂਡ ਨਾਲ ਭਿੜੇਗਾ। ਭਾਰਤ ਨੇ ਬੀਤੇ ਦਿਨ ਨਵੇਂ ਬਿਰਸਾ ਮੁੰਡਾ ਸਟੇਡੀਅਮ ’ਚ ਪੂਲ ਡੀ ਦੇ ਆਪਣੇ ਪਹਿਲੇ ਮੈਚ ’ਚ ਸਪੇਨ ਨੂੰ 2-0 ਨਾਲ ਹਰਾਇਆ। ਪਹਿਲਾ ਮੈਚ ਜਿੱਤਣ ਮਗਰੋਂ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਵੇਗੀ। ਉਧਰ ਇੰਗਲੈਂਡ ਵੀ ਭਾਰਤ ਨੂੰ ਸਖ਼ਤ ਚੁਣੌਤੀ ਦੇਣ ਦੀ ਕੋਸ਼ਿਸ਼ ਕਰੇਗਾ। ਭਾਰਤ ਦੀ ਇੰਗਲੈਂਡ ਖਿਲਾਫ ਜਿੱਤ ਕਾਫੀ ਅਹਿਮ ਹੈ। ਇਸ ਜਿੱਤ ਨਾਲ ਭਾਰਤ ਕੁਆਰਟਰ ਫਾਈਨਲ ਦੇ ਇੱਕ ਕਦਮ ਹੋਰ ਨੇੜੇ ਆ ਜਾਵੇਗਾ।

ਸਪੇਨ ਖ਼ਿਲਾਫ਼ ਭਾਰਤੀ ਟੀਮ ਦੀ ਇੱਕੋ-ਇੱਕ ਕਮਜ਼ੋਰੀ ਪੈਨਲਟੀ ਕਾਰਨਰ ਸੀ। ਆਪਣੇ ਪਹਿਲੇ ਮੈਚ ਵਿੱਚ ਭਾਰਤ ਨੂੰ ਪੰਜ ਪੈਨਲਟੀ ਕਾਰਨਰ ਮਿਲੇ ਪਰ ਟੀਮ ਇਨ੍ਹਾਂ ’ਚੋਂ ਇੱਕ ਨੂੰ ਵੀ ਗੋਲ ’ਚ ਬਦਲਣ ਵਿੱਚ ਕਾਮਯਾਬ ਨਹੀਂ ਹੋ ਸਕੀ। ਹਾਲ ਹੀ ਦੇ ਸਾਲਾਂ ਵਿੱਚ ਲਗਪਗ ਹਰ ਟੂਰਨਾਮੈਂਟ ਵਿੱਚ ਟੀਮ ਦਾ ਸਰਬੋਤਮ ਖਿਡਾਰੀ ਰਿਹਾ ਹਰਮਨਪ੍ਰੀਤ ਪੈਨਲਟੀ ਸਟਰੋਕ ਗੁਆਉਣ ਤੋਂ ਇਲਾਵਾ ਪੈਨਲਟੀ ਕਾਰਨਰ ਵੇਲੇ ਵੀ ਗੇਂਦ ਨੂੰ ਨਿਸ਼ਾਨੇ ’ਤੇ ਨਹੀਂ ਪਹੁੰਚਾ ਸਕਿਆ। ਉਸ ਨੇ ਆਪਣੀ ਇਹ ਗਲਤੀ ਮੰਨੀ ਹੈ ਅਤੇ ਇੰਗਲੈਂਡ ਖ਼ਿਲਾਫ਼ ਉਹ ਇਸ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੇਗਾ। ਭਾਰਤੀ ਖਿਡਾਰੀਆਂ ਨੂੰ ਖੇਡ ਦੌਰਾਨ ਅਨੁਸ਼ਾਸਨ ’ਤੇ ਵੀ ਧਿਆਨ ਦੇਣਾ ਪਵੇਗਾ ਕਿਉਂਕਿ ਸਪੇਨ ਖ਼ਿਲਾਫ਼ ਆਖਰੀ ਕੁਆਰਟਰ ’ਚ ਟੀਮ ਨੂੰ ਅਭਿਸ਼ੇਕ ਤੋਂ ਬਿਨਾਂ ਹੀ ਖੇਡਣਾ ਪਿਆ ਸੀ। ਉਸ ਨੂੰ ਰੈਫਰੀ ਨੇ ਫਾਊਲ ਲਈ ਪੀਲਾ ਕਾਰਡ ਦਿਖਾਇਆ ਸੀ। 

ਵਿਸ਼ਵ ਦਰਜਾਬੰਦੀ ਵਿੱਚ ਇੰਗਲੈਂਡ, ਭਾਰਤ ਤੋਂ ਇੱਕ ਸਥਾਨ ਉਪਰ ਪੰਜਵੇਂ ਸਥਾਨ ’ਤੇ ਹੈ ਪਰ ਬੀਤੇ ਸਾਲਾਂ ਵਿੱਚ ਦੋਵਾਂ ਟੀਮਾਂ ਵਿਚਾਲੇ ਪ੍ਰਦਰਸ਼ਨ ਵਿੱਚ ਬਹੁਤਾ ਫਰਕ ਨਹੀਂ ਹੈ। ਪਿਛਲੇ ਸਾਲ ਦੋਵਾਂ ਟੀਮਾਂ ਨੇ ਇੱਕ-ਦੂਜੇ ਖ਼ਿਲਾਫ਼ ਤਿੰਨ ਮੈਚ ਖੇਡੇ ਸਨ। ਰਾਸ਼ਟਰਮੰਡਲ ਖੇਡਾਂ ਵਿੱਚ ਦੋਵਾਂ ਵਿਚਾਲੇ ਮੈਚ 4-4 ਨਾਲ ਡਰਾਅ ਰਿਹਾ ਸੀ।  ਇਸੇ ਤਰ੍ਹਾਂ ਐੱਫਆਈਐਚ ਪ੍ਰੋ ਲੀਗ ਵਿੱਚ ਵੀ ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ 3-3 ਨਾਲ ਡਰਾਅ ਰਿਹਾ ਸੀ ਅਤੇ ਦੂਜਾ ਮੈਚ ਭਾਰਤ ਨੇ 4-3 ਨਾਲ ਜਿੱਤ ਲਿਆ ਸੀ।  -ਪੀਟੀਆਈ

Source link