ਸਰਬਜੀਤ ਸਿੰਘ ਗਿੱਲ/ਪਾਲ ਸਿੰਘ ਨੌਲੀ

ਫਿਲੌਰ/ਜਲੰਧਰ, 14 ਜਨਵਰੀ

ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਦੇ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ 76 ਸਾਲਾਂ ਦੇ ਸਨ। ਭਾਰਤ ਜੋੜੋ ਯਾਤਰਾ ਜਦੋਂ ਗੁਰਾਇਆ ਪਹੁੰਚੀ ਤਾਂ ਐੱਮਪੀ ਚੌਧਰੀ ਸੰਤੋਖ ਸਿੰਘ ਡਿੱਗ ਗਏ ਤਾਂ ਉਨ੍ਹਾਂ ਨੂੰ ਯਾਤਰਾ ਦੇ ਨਾਲ ਜਾ ਰਹੀ ਐਂਬੂਲੈਂਸ ਵਿੱਚ ਫਗਵਾੜਾ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ੍ਰੀ ਰਾਹੁਲ ਗਾਂਧੀ ਨੇ ਸਵੇਰੇ ਲੁਧਿਆਣਾ ਦੇ ਲਾਡੋਵਾਲ ਤੋਂ ਯਾਤਰਾ ਮੁੜ ਸ਼ੁਰੂ ਕੀਤੀ ਸੀ ਅਤੇ ਉਹ ਫਿਲੌਰ ਤੋਂ ਚੱਲੇ ਸਨ। ਥੋੜ੍ਹੀ ਦੇਰ ਬਾਅਦ ਜਦੋਂ ਯਾਤਰਾ ਗੁਰਾਇਆ ਵੱਲ ਜਾ ਰਹੀ ਸੀ ਤਾਂ ਚੌਧਰੀ ਡਿੱਗ ਗਏ। ਉਨ੍ਹਾਂ ਨੂੰ ਫਗਵਾੜਾ ਦੇ ਵਿਰਕ ਹਸਪਤਾਲ ਲਿਜਾਇਆ ਗਿਆ। ਡਾ. ਜਸਜੀਤ ਸਿੰਘ ਵਿਰਕ ਨੇ ਕਿਹਾ, ‘ਸੰਭਾਵਤ ਤੌਰ ’ਤੇ ਇਹ ਲੱਗਦਾ ਹੈ ਕਿ ਚੌਧਰੀ ਨੂੰ ਦਿਲ ਦਾ ਦੌਰਾ ਪਿਆ ਸੀ।’ ਸ੍ਰੀ ਰਾਹੁਲ ਗਾਂਧੀ ਨੇ ਯਾਤਰਾ ਅੱਧ ਵਿਚਾਲੇ ਛੱਡ ਦਿੱਤੀ ਹੈ। ਉਨ੍ਹਾਂ ਦੇ ਜਲੰਧਰ ਸਥਿਤ ਚੌਧਰੀ ਦੇ ਘਰ ਪਹੁੰਚਣ ਦੀ ਸੰਭਾਵਨਾ ਹੈ। ਯਾਤਰਾ ਅੱਜ ਸਵੇਰੇ ਪੰਜਾਬ ਦੇ ਦੋਆਬਾ ਖੇਤਰ ਵਿੱਚ ਦਾਖਲ ਹੋਈ। ਇਸ ਖਿਤੇ ਵਿੱਚ ਕਾਂਗਰਸ ਵਿਧਾਨ ਸਭਾ ਚੋਣਾਂ ਦੌਰਾਨ ਬਿਹਤਰ ਪ੍ਰਦਰਸ਼ਨ ਰਿਹਾ ਸੀ।

Source link