ਪੱਤਰ ਪ੍ਰੇਰਕ

ਮੋਰਿੰਡਾ, 23 ਜਨਵਰੀ

ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਮੋਰਿੰਡਾ ਵੱਲੋਂ ਕਰਵਾਇਆ 17ਵਾਂ ਅਮਰਦੀਪ ਯਾਦਗਾਰੀ ਹੈਂਡਬਾਲ ਟੂਰਨਾਮੈਂਟ ਸਮਾਪਤ ਹੋ ਗਿਆ। ਟੂਰਨਾਮੈਂਟ ਵਿੱਚ ਲੜਕੇ ਤੇ ਲੜਕੀਆਂ ਦੀਆਂ ਹੈਂਡਬਾਲ ਦੀਆਂ 14 ਟੀਮਾਂ ਨੇ ਭਾਗ ਲਿਆ। ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਇੰਡੀਅਨ ਏਅਰ ਫੋਰਸ ਦੀ ਟੀਮ ਨੇ 36 ਗੋਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਬੀ.ਐੱਸ.ਐੱਫ. ਦੀ ਟੀਮ ਨੇ 33 ਗੋਲ ਕਰ ਕੇ ਦੂਜਾ ਸਥਾਨ ਹਾਸਲ ਕੀਤਾ। ਏਅਰ ਫੋਰਸ ਦੀ ਟੀਮ ਨੇ 41 ਹਜ਼ਾਰ ਨਕਦ ਇਨਾਮ ਤੇ ਅਮਰਦੀਪ ਯਾਦਗਾਰੀ ਕੱਪ ਹਾਸਲ ਕੀਤਾ। ਦੂਜੇ ਸਥਾਨ ’ਤੇ ਰਹੀ ਬੀ.ਐੱਸ.ਐਫ. ਦੀ ਟੀਮ ਨੇ 31 ਹਜ਼ਾਰ ਰੁਪਏ ਨਕਦ ਇਨਾਮ ਤੇ ਰਨਰ ਅੱਪ ਟਰਾਫੀ ਪ੍ਰਾਪਤ ਕੀਤੀ।

ਇਸੇ ਤਰ੍ਹਾਂ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਹਿਮਾਚਲ ਪ੍ਰਦੇਸ਼ ਦੀ ਟੀਮ ਨੇ ਰੇਲਵੇ ਦੀ ਟੀਮ ਨੂੰ 8 ਗੋਲਾਂ ਨਾਲ ਹਰਾਇਆ, ਰੇਲਵੇ ਦੀ ਟੀਮ ਨੇ 27 ਗੋਲ ਕੀਤੇ ਤੇ ਹਿਮਾਚਲ ਪ੍ਰਦੇਸ਼ ਦੀ ਟੀਮ 35 ਗੋਲ ਕਰਕੇ ਜਿੱਤ ਹਾਸਲ ਕੀਤੀ। ਹਿਮਾਚਲ ਪ੍ਰਦੇਸ਼ ਦੀ ਟੀਮ ਨੇ 31 ਹਜ਼ਾਰ ਦੀ ਨਕਦ ਰਾਸ਼ੀ ਤੇ ਟਰਾਫੀ ਅਤੇ ਰੇਲਵੇ ਦੀ ਟੀਮ ਨੇ 21 ਹਜ਼ਾਰ ਦੀ ਨਕਦ ਰਾਸ਼ੀ ਤੇ ਰਨਰਅੱਪ ਦੀ ਟਰਾਫੀ ਹਾਸਲ ਕੀਤੀ। ਇਨਾਮਾਂ ਦੀ ਵੰਡ ਟੂਰਨਾਮੈਂਟ ਦੇ ਮੁੱਖ ਮਹਿਮਾਨ ਕਾਂਗਰਸ ਪਾਰਟੀ ਹਲਕਾ ਖਰੜ ਦੇ ਜ਼ਿਲ੍ਹਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਕੀਤੀ। ਕਲੱਬ ਵੱਲੋਂ ਸਾਰੀਆਂ ਟੀਮਾਂ ਦੇ ਕੋਚਾਂ ਨੂੰ ਵੀ ਨਕਦ ਇਨਾਮ ਦਿੱਤੇ ਗਏ। ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਵੱਲੋਂ ਹਰ ਸਾਲ ਹੈਂਡਬਾਲ ਦੇ ਪ੍ਰਸਿੱਧ ਖਿਡਾਰੀ ਚੌਧਰੀ ਅਮਰਦੀਪ ਦੀ ਯਾਦ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਹੈ।

Source link